ਪ੍ਰਸ਼ਾਂਤ ਭੂਸ਼ਣ ਨੇ ਕਿਹਾ,‘ਪੰਜਾਬ ਇਸ ਲੋਕਤੰਤਰ ਦੀ ਮੁੜ ਬਹਾਲੀ ਵਿੱਚ ਮੁੱਖ ਭੂਮਿਕਾ ਨਿਭਾਏਗਾ’- ਅਹਿਮ ਖ਼ਬਰਾਂ

ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਖੇਤੀ ਕਾਨੂੰਨ ਕੇਂਦਰ ਸਰਕਾਰ ਵੱਲੋਂ ਧੱਕੇ ਨਾਲ ਲਾਗੂ ਕੀਤੇ ਗਏ ਹਨ। ਦੂਜੇ ਪਾਸੇ ਅਮਰੀਕਾ ਵਿੱਚ ਲਾਗ ਦੀਆਂ ਬੀਮਾਰੀਆਂ ਦੇ ਮਾਹਰ ਡਾ਼ ਫਾਊਚੀ ਨੇ ਵ੍ਹਾਈਟ ਹਾਊਸ ਦੀ ਵੱਡਾ ਇਕੱਠ ਕਰਨ ਪਿੱਛੇ ਆਲੋਚਨਾ ਕੀਤੀ

ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਦੇ ਸੰਬੋਧਨ ਦੀਆਂ ਪ੍ਰਮੁੱਖ ਗੱਲਾਂ-

ਸ਼ਾਹੀਨ ਬਾਗ਼ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਮੁਜ਼ਾਹਰਿਆਂ ਦੇ ਸੰਬੰਧ ਵਿੱਚ ਦਿੱਤੇ ਗਏ ਤਾਜ਼ਾ ਫ਼ੈਸਲੇ ਨੂੰ ਸੰਵਿਧਾਨ ਵਿਰੋਧੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਨਾਗਰਿਕਾਂ ਦਾ ਪ੍ਰੋਟੈਸਟ ਕਰਨ ਦਾ ਅਧਿਕਾਰ ਲੋਕਾਂ ਦੇ ਸੜਕਾਂ ਉੱਪਰ ਤੁਰਨ ਜਾਂ ਪਾਰਕਾਂ ਵਿੱਚ ਘੁੰਮਣ ਦੇ ਅਧਿਕਾਰ ਨਾਲੋਂ ਉੱਪਰ ਹੈ।

ਇਹ ਵੀ ਪੜ੍ਹੋ:

  • ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਅਮਿਤ ਸ਼ਾਹ ਅਤੇ ਭਾਜਪਾ ਦੇ ਹੋਰ ਆਗੂਆਂ ਉੱਪਰ ਚੋਣ ਜ਼ਾਬਤਾ ਲਾਗੂ ਹੀ ਨਹੀਂ ਕਰਦਾ। ਚੋਣਾਂ ਦੀਆਂ ਤਰੀਕਾਂ ਚੋਣ ਕਮਿਸ਼ਨ ਨਹੀਂ ਸਗੋਂ ਸਰਕਾਰ ਤੈਅ ਕਰ ਰਹੀ ਹੈ। ਚੋਣ ਕਮਿਸ਼ਨ ਤੋਂ ਪਹਿਲਾਂ ਭਾਜਪਾ ਦਾ ਆਈਟੀ ਸੈਲ ਦੱਸ ਦਿੰਦਾ ਹੈ ਕਿ ਫਲਾਂ ਤਰੀਕ ਨੂੰ ਚੋਣਾਂ ਹੋਣੀਆਂ ਹਨ।
  • ਉਨ੍ਹਾਂ ਨੇ ਕਿਹਾ ਕਿ ਜਿਊਣ ਦਾ ਅਧਿਕਾਰ ਸਿਰਫ਼ ਇਹ ਨਹੀਂ ਹੈ ਕਿ ਤੁਸੀਂ ਜਾਨਵਰ ਵਾਂਗ ਜ਼ਿੰਦਗੀ ਜਿਉਂਦੇ ਰਹੋਂ। ਸਗੋਂ ਇੱਕ ਸਤਿਕਾਰਯੋਗ ਜ਼ਿੰਦਗੀ ਜਿਉਣ ਲਈ ਜਿਹੜੀਆਂ ਬੁਨਿਆਦੀ ਸਹੂਲਤਾਂ ਸਰਕਾਰ ਮੁਹਈਆ ਕਰਵਾਏਗੀ। ਇਨ੍ਹਾਂ ਹੱਕਾਂ ਦੀ ਰਾਖੀ ਲਈ ਵੱਖ-ਵੱਖ ਸੰਸਥਾਵਾਂ ਬਣਾਈਆਂ ਗਈਆਂ।
  • ਸਰਕਾਰ ਦੇ ਫੈਸਲਿਆਂ ਬਾਰੇ ਜਾਨਣਾ ਅਤੇ ਵਿਰੋਧ ਕਰਨਾ ਨਾਗਰਿਕਾਂ ਦਾ ਹੱਕ ਹੈ ਪਰ ਅੱਜਕੱਲ੍ਹ ਦੇਸ਼ਧਰੋਹ ਦਾ ਮੁਕੱਦਮਾ ਬਣਾ ਦਿੱਤਾ ਜਾਂਦਾ ਹੈ। ਸਰਕਾਰ ਦੇ ਖ਼ਿਲਾਫ਼ ਬੋਲਣ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

  • ਇੱਕ ਲਿੰਚ ਮੌਬ ਸੜਕਾਂ ਤੇ ਘੁੰਮ ਰਿਹਾ ਹੈ ਅਤੇ ਦੂਜਾ ਲਿੰਚ ਮੌਬ ਸੋਸ਼ਲ ਮੀਡੀਆ ਉੱਪਰ ਛੱਡ ਦਿੱਤਾ ਗਿਆ ਹੈ। ਜਿਸ ਦਾ ਸੰਚਾਲਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪ ਕਰਦੇ ਹਨ। ਸਵਾਤੀ ਚਤੁਰਵੇਦੀ ਨੇ ਆਪਣੀ ਕਿਤਾਬ ਆਈ ਐੱਮ ਏ ਟਰੋਲ ਵਿੱਚ ਇਸ ਬਾਰੇ ਜ਼ਿਕਰ ਕੀਤਾ ਹੈ।
  • ਸੰਵਿਧਾਨ ਕਹਿੰਦਾ ਹੈ ਕਿ ਲੋਕਾਂ ਵਿੱਚ ਵਿਗਿਆਨਕ ਨਜ਼ਰੀਆ ਵਿਕਸਿਤ ਹੋਣਾ ਚਾਹੀਦਾ ਹੈ ਪਰ ਪ੍ਰਧਾਨ ਮੰਤਰੀ ਇਸ ਦੀਆਂ ਧੱਜੀਆਂ ਉਡਾਉਂਦੇ ਹਨ।
  • ਨਿਆਂਪਾਲਿਕਾ ਉੱਪਰ ਪਿਛਲੇ ਛੇ ਸਾਲਾਂ ਦੌਰਾਨ ਪੂਰੀ ਤਰ੍ਹਾਂ ਚਰਮਰਾ ਗਈ ਹੈ। ਇਹੀ ਗੱਲ ਜਦੋਂ ਮੈਂ ਬੋਲੀ ਤਾਂ ਮੇਰੇ ਖ਼ਿਲਾਫ਼ ਕੰਟੈਂਪਟ ਆਫ਼ ਕੋਰਟ ਦਾ ਮੁੱਕਦਮਾ ਚਲਾ ਦਿੱਤਾ ਗਿਆ। ਪਰ ਲੋਕ ਮੇਰੇ ਨਾਲ ਇਕੱਠੇ ਹੋ ਗਏ। ਸੁਪਰੀਮ ਕੋਰਟ ਦੀ ਲੋਕਤੰਤਰ ਵਿੱਚ ਭੂਮਿਕਾ ਦੀ ਸਮੀਖਿਆ ਹੋਈ।
  • ਪੰਜਾਬ ਇੱਕ ਉਹ ਸੂਬਾ ਹੈ ਅਤੇ ਸਿੱਖ ਉਹ ਕੌਮ ਹੈ ਜੋ ਅਨਿਆਂ ਦੇ ਖ਼ਿਲਾਫ਼ ਹਰ ਥਾਂ ਖੜ੍ਹੇ ਹੋ ਜਾਂਦੀ ਹੈ। ਇਹੀ ਪੰਜਾਬੀਆਂ ਦੀ ਖ਼ੂਬੀ ਹੈ ਕਿ ਇਹ ਡਰਦੇ ਨਹੀਂ ਹਨ।
  • ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬ ਇਸ ਲੋਕ ਤੰਤਰ ਦੀ ਬਹਾਲੀ ਵਿੱਚ ਇੱਕ ਅਹਿਮ ਰੋਲ ਅਦਾ ਕਰੇਗਾ।

ਪ੍ਰਸ਼ਾਂਤ ਭੂਸ਼ਣ ਬਾਰੇ ਇਹ ਖ਼ਬਰਾਂ ਵੀ ਪੜ੍ਹੋ:

ਕੋਰੋਨਾਵਾਇਰਸ: ਵ੍ਹਾਈਟ ਹਾਊਸ ਨੇ 'ਸੂਪਰ ਸਪਰੈਡਰ' ਇਕੱਠ ਕੀਤਾ- ਡਾ. ਫਾਊਚੀ

ਅਮਰੀਕਾ ਵਿੱਚ ਲਾਗ ਦੀਆਂ ਬਿਮਾਰੀਆਂ ਦੇ ਮਾਹਰ ਡਾ਼ ਫਾਊਚੀ ਨੇ ਵ੍ਹਾਈਟ ਹਾਊਸ ਦੀ ਪਿਛਲੇ ਮਹੀਨੇ ਰੱਖੇ ਇੱਕ ਇਕੱਠ ਲਈ ਆਲੋਚਨਾ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਵੱਲੋਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੇ ਅਹੁਦੇ ਲਈ ਉਮੀਦਵਾਰ ਦਾ ਨਾਮ ਐਲਾਨਣ ਲਈ ਕੀਤਾ ਗਿਆ ਇਕੱਠ ਇੱਕ 'ਸੂਪਰ ਸਪਰੈਡਰ' ਇਕੱਠ ਸੀ।

ਇਸ ਇਕੱਠ ਦੌਰਾਨ ਵ੍ਹਾਈਟ ਹਾਊਸ ਦੇ ਕਈ ਕਰਮਚਾਰੀ ਅਤੇ ਰਾਸ਼ਟਰਪਤੀ ਟਰੰਪ ਦੇ ਕਈ ਸਹਾਇਕਾਂ ਨੂੰ ਕੋਰੋਨਾਵਾਇਰਸ ਦੀ ਲਾਗ ਲੱਗ ਗਈ ਸੀ।

ਰਾਸ਼ਟਰਪਤੀ ਟਰੰਪ ਨੂੰ ਸੋਮਵਾਰ ਨੂੰ ਡਾਕਟਰਾਂ ਵੱਲੋਂ ਤਿੰਨ ਦਿਨ ਜ਼ੇਰੇ ਇਲਾਜ ਰੱਖਣ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਇਸ ਮਗਰੋਂ ਉਨ੍ਹਾਂ ਨੇ ਫੌਕਸ ਨਿਊਜ਼ ਨੂੰ ਦੱਸਿਆ ਕਿ ਉਹ 'ਤਕੜੇ ਤਾਂ ਨਹੀਂ ਮਹਿਸੂਸ ਕਰ ਰਹੇ ਪਰ ਉਨ੍ਹਾਂ ਨੂੰ ਸਾਹ ਲੈਣ ਵਿੱਚ ਕੋਈ ਦਿੱਕਤ ਨਹੀਂ ਹੋਈ।' ਉਮੀਦ ਕੀਤੀ ਜਾ ਰਹੀ ਹੈ ਕਿ ਉਹ ਆਉਣ ਵਾਲੇ ਸ਼ਨੀਵਾਰ ਨੂੰ ਵ੍ਹਾਈਟ ਹਾਊਸ ਵਿੱਚ ਇੱਕ ਇਕੱਠ 'ਚ ਵੀ ਸ਼ਾਮਲ ਹੋਣਗੇ।

ਡਾ਼ ਫਾਊਚੀ ਨੂੰ ਸੀਬੀਸੀ ਨਿਊਜ਼ ਵੱਲੋਂ ਵ੍ਹਾਈਟ ਹਾਊਸ ਵੱਲੋਂ ਵਾਇਰਸ ਤੋਂ ਸੁਰੱਖਿਆ ਲ਼ਈ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਉੱਪਰ ਜ਼ੋਰ ਦੇਣ ਵਰਗੀਆਂ ਸਾਵਧਾਨੀਆਂ ਦੀ ਥਾਂ ਟੈਸਟਿੰਗ ਉੱਪਰ ਨਿਰਭਰ ਕਰਨ ਬਾਰੇ ਪੁੱਛਿਆ ਗਿਆ ਸੀ।

"ਡੇਟਾ ਆਪ ਬੋਲਦਾ ਹੈ,- ਅਸੀਂ ਵ੍ਹਾਈਟ ਹਾਊਸ ਵਿੱਚ ਸੂਪਰ ਸਪਰੈਡਰ ਇਕੱਠ ਕੀਤਾ ਅਤੇ ਇਹ ਅਜਿਹੀ ਸਥਿਤੀ ਸੀ ਜਦੋਂ ਲੋਕ ਇਕੱਠੇ ਸਨ ਤੇ ਉਨ੍ਹਾਂ ਨੇ ਮਾਸਕ ਵੀ ਨਹੀਂ ਪਾਏ ਹੋਏ ਸਨ।"

ਡਾ਼ ਫਾਊਚੀ ਨੇ ਕਿਹਾ ਕਿ ਮਾਹਰ ਛੇ ਮਹੀਨੇ ਤੋਂ ਮਾਸਕ ਪਾਉਣ ਲਈ ਕਹਿ ਰਹੇ ਹਨ। ਉਨ੍ਹਾਂ ਨੇ ਰਾਸ਼ਟਰਪਤੀ ਟਰੰਪ ਵੱਲੋਂ ਆਪਣੇ ਇਲਾਜ ਦੌਰਾਨ ਦਿੱਤੀ ਗਈ ਤਜ਼ਰਬੇ ਅਧੀਨ ਕੋਰੋਨਾ ਵੈਕਸੀਨ ਨੂੰ 'ਕਿਉਰ' ਕਹਿਣ ਦੀ ਵੀ ਆਲੋਚਨਾ ਕੀਤੀ।

ਸ਼ਨੀਵਾਰ 26 ਸੰਤਬਰ ਨੂੰ ਵ੍ਹਾਈਟ ਹਾਊਸ ਵਿੱਚ ਰਾਸ਼ਟਰਪਤੀ ਵੱਲੋਂ ਸੁਪਰੀਮ ਕੋਰਟ ਦੇ ਜੱਜ ਲਈ ਜੱਜ ਐਮੀ ਕੋਨੀ ਬਾਰੇਟ ਦਾ ਨਾਮ ਐਲਾਨੇ ਜਾਣ ਲਈ ਇੱਕ ਇਕੱਠ ਕੀਤਾ ਗਿਆ ਜਿਸ ਤੋਂ ਬਾਅਦ ਇਕੱਠ ਵਿੱਚ ਸ਼ਾਮਲ ਕਈ ਜਣਿਆਂ ਦੀ ਕੋਰੋਨਾ ਰਿਪੋਰਟ ਪੌਜ਼ਿਟੀਵ ਆਈ ਹੈ।

ਕੋਰੋਨਾਵਾਇਰਸ ਕਾਰਨ ਰਾਜਧਨੀ ਵਾਸ਼ਿੰਗਟਨ ਵਿੱਚ ਜਨਤਕ ਇਕੱਠਾਂ ਦੀ ਮਨਾਹੀ ਹੈ ਪਰ ਵ੍ਹਾਈਟ ਹਾਊਸ ਵਰਗੀਆਂ ਥਾਵਾਂ ਨੂੰ ਇਸ ਪਾਬੰਦੀ ਤੋਂ ਬਾਹਰ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ:

ਵੀਡੀਓ: ਚੇ ਗਵੇਰਾ ਨੇ ਭਾਰਤੀਆਂ ਬਾਰੇ ਕੀ ਕਿਹਾ ਸੀ

ਵੀਡੀਓ: ਅਜ਼ਰਬਾਈਜ਼ਾਨ ਤੇ ਅਰਮੇਨੀਆ ਦੇ ਤਣਾਅ ਵਿੱਚ ਪੀੜਤ ਲੋਕਾਂ ਦੀ ਮਦਦ ਕਰ ਰਿਹਾ ਪੰਜਾਬੀ

ਵੀਡੀਓ: ਸੈਮ ਤੇ ਨਾਜ਼ ਨੇ ਵੀਡੀਓ ਬਣਾਉਣੇ ਕਿਵੇਂ ਸ਼ੁਰੂ ਕੀਤੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)