You’re viewing a text-only version of this website that uses less data. View the main version of the website including all images and videos.
ਭਾਰਤ-ਪਾਕਿਸਤਾਨ ਵੰਡ ਵੇਲੇ ਜਦੋਂ ਵਿਛੜੇ ਪ੍ਰੇਮੀ ਸ਼ਰਨਾਰਥੀਆਂ ਦੀ ਕਤਾਰ ’ਚ ਮਿਲੇ
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਇਸ ਤਸਵੀਰ ਵਿੱਚ ਇੱਕ ਕਢਾਈ ਵਾਲੀ ਜੈਕਟ ਅਤੇ ਇੱਕ ਭੂਰੇ ਰੰਗ ਦਾ ਚਮੜੇ ਦਾ ਬ੍ਰੀਫਕੇਸ ਦਿਖ ਰਿਹਾ ਹੈ। ਉਂਝ ਇਹ ਇੱਕ ਸਧਾਰਨ ਜੈਕਟ ਅਤੇ ਬ੍ਰੀਫਕੇਸ ਵਾਂਗ ਲੱਗ ਰਹੇ ਹੋਣਗੇ ਪਰ ਇਹ ਖਾਸ ਹਨ।
ਇਹ ਜੈਕਟ ਅਤੇ ਬ੍ਰੀਫਕੇਸ ਉਸ ਵਿਅਕਤੀ ਅਤੇ ਔਰਤ ਦੇ ਹਨ ਜੋ ਅਣਵੰਡੇ ਭਾਰਤ ਦੇ ਪੰਜਾਬ ਵਿੱਚ ਰਹਿੰਦੇ ਸਨ। ਦੋਹਾਂ ਦੀ ਮੁਲਾਕਾਤ ਉਨ੍ਹਾਂ ਦੇ ਮਾਪਿਆਂ ਨੇ ਕਰਵਾਈ ਸੀ।
ਜਦੋਂ 1947 ਵਿੱਚ ਦੇਸ ਵੰਡ ਵੇਲੇ ਭਾਰਤ ਅਤੇ ਪਾਕਿਸਤਾਨ ਦੋਹਾਂ ਪਾਸਿਆਂ ਵਿੱਚ ਹੀ ਹਿੰਸਾ ਭੜਕੀ ਹੋਈ ਸੀ ਤਾਂ ਦੋਹਾਂ ਦੀ ਮੰਗਣੀ ਹੋ ਚੁੱਕੀ ਸੀ।
ਇਸ ਵੰਡ ਦੌਰਾਨ ਤਕਰੀਬਨ 10 ਲੱਖ ਲੋਕ ਮਾਰੇ ਗਏ ਸਨ ਅਤੇ ਲੱਖਾਂ ਲੋਕ ਬੇਘਰ ਹੋ ਗਏ ਸਨ।
ਹਿੰਦੂ ਅਤੇ ਮੁਸਲਮਾਨ ਦੋਵੇਂ ਇੱਕ-ਦੂਜੇ ਦੇ ਖ਼ੂਨ ਦੇ ਪਿਆਸੇ ਹੋ ਗਏ ਸਨ।
ਇਹ ਵੀ ਪੜ੍ਹੋ:
ਲੱਖਾਂ ਲੋਕਾਂ ਦਾ ਆਪਣਾ ਦੇਸ ਛੱਡ ਕੇ ਚਲੇ ਜਾਣਾ ਮਨੁੱਖੀ ਇਤਿਹਾਸ ਦਾ ਸਭ ਤੋਂ ਵੱਡਾ ਦੁਖਾਂਤ ਸੀ।
ਅਜਿਹੇ ਮਾਹੌਲ ਵਿੱਚ ਆਪਣੀ ਜਾਨ ਬਚਾਉਣ ਲਈ ਘਰੋਂ ਨਿਕਲੇ ਇਨ੍ਹਾਂ ਦੋਹਾਂ ਲਈ ਇਹ ਜੈਕਟ ਅਤੇ ਬ੍ਰੀਫਕੇਸ ਇੱਕ ਅਨਮੋਲ ਵਿਰਾਸਤ ਵਾਂਗ ਸਨ।
ਵੰਡ ਦੌਰਾਨ ਕਿਵੇਂ ਹੋਈ ਦੋਹਾਂ ਦੀ ਮੁਲਾਕਾਤ
ਭਗਵਾਨ ਸਿੰਘ ਮੈਨੀ ਦੇ ਤਿੰਨ ਭਰਾ ਪਹਿਲਾਂ ਹੀ ਇਸ ਹਿੰਸਾ ਦਾ ਸ਼ਿਕਾਰ ਹੋ ਚੁੱਕੇ ਸਨ। ਇਸ ਲਈ ਭਗਵਾਨ ਸਿੰਘ ਨੇ ਆਪਣੇ ਸਾਰੇ ਸਰਟੀਫਿਕੇਟ ਅਤੇ ਜ਼ਮੀਨ ਦੇ ਕਾਗਜ਼ ਇਸ ਬ੍ਰੀਫ਼ਕੇਸ ਵਿੱਚ ਰੱਖੇ ਅਤੇ ਆਪਣੇ ਘਰ ਮੀਆਂਵਾਲੀ ਤੋਂ ਨਿਕਲ ਪਏ।
ਇੱਥੋਂ ਢਾਈ ਸੌ ਕਿਲੋਮੀਟਰ ਤੋਂ ਵੀ ਜ਼ਿਆਦਾ ਦੀ ਦੂਰੀ 'ਤੇ ਗੁਜਰਾਂਵਾਲਾ ਵਿਖੇ 22 ਸਾਲਾ ਪ੍ਰੀਤਮ ਕੌਰ ਆਪਣੇ ਪਰਿਵਾਰ ਨੂੰ ਛੱਡ ਕੇ ਅੰਮ੍ਰਿਤਸਰ ਜਾਣ ਵਾਲੀ ਇੱਕ ਟਰੇਨ ਵਿੱਚ ਸਵਾਰ ਹੋ ਗਈ ਸੀ।
ਉਨ੍ਹਾਂ ਦੀ ਗੋਦ ਵਿੱਚ ਉਨ੍ਹਾਂ ਦਾ ਦੋ ਸਾਲਾਂ ਦਾ ਭਰਾ ਸੀ। ਉਨ੍ਹਾਂ ਦੇ ਬੈਗ ਵਿੱਚ ਉਨ੍ਹਾਂ ਦੀ ਸਭ ਤੋਂ ਕੀਮਤੀ ਚੀਜ਼ ਉਨ੍ਹਾਂ ਦੀ ਫੁਲਕਾਰੀ ਜੈਕਟ ਸੀ।
ਇਹ ਜੈਕਟ ਉਨ੍ਹਾਂ ਦੇ ਚੰਗੇ ਦਿਨਾਂ ਦੀ ਨਿਸ਼ਾਨੀ ਸੀ।
ਇਹ ਇਤਫ਼ਾਕ ਹੀ ਕਹਾਂਗੇ ਕਿ ਅੰਮ੍ਰਿਤਸਰ ਵਿੱਚ ਲੱਗੇ ਰਫਿਊਜੀ ਕੈਂਪਾਂ ਵਿੱਚ ਇੱਕ ਵਾਰ ਫਿਰ ਭਗਵਾਨ ਸਿੰਘ ਅਤੇ ਪ੍ਰੀਤਮ ਕੌਰ ਦੀ ਮੁਲਾਕਾਤ ਹੋਈ।
ਸਰਹੱਦ ਦੇ ਦੂਜੇ ਪਾਸਿਓਂ ਆਏ ਡੇਢ ਕਰੋੜ ਸ਼ਰਨਾਰਥੀਆਂ ਵਿੱਚੋਂ ਇਨ੍ਹਾਂ ਦੋਹਾਂ ਦਾ ਮਿਲਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ।
ਦੋਵੇਂ ਉਸ ਸਮੇਂ ਮਿਲੇ ਸਨ ਜਦੋਂ ਦੋਵੇਂ ਰਫਿਊਜੀ ਕੈਂਪ ਵਿੱਚ ਖਾਣਾ ਲੈਣ ਲਈ ਕਤਾਰ ਵਿੱਚ ਲੱਗੇ ਸਨ।
ਭਗਵਾਨ ਸਿੰਘ ਮੈਨੀ ਦੀ ਨੂੰਹ ਕੂਕੀ ਮੈਨੀ ਦਾ ਕਹਿਣਾ ਹੈ, "ਦੋਹਾਂ ਨੇ ਹੀ ਆਪਣੇ ਨਾਲ ਬੀਤੇ ਮਾੜੇ ਸਮੇਂ ਬਾਰੇ ਇੱਕ- ਦੂਜੇ ਨੂੰ ਦੱਸਿਆ । ਉਹ ਆਪਣੀ ਕਿਸਮਤ 'ਤੇ ਹੈਰਾਨ ਸਨ ਕਿ ਉਹ ਇੱਕ ਵਾਰ ਫਿਰ ਮਿਲ ਗਏ ਸਨ। ਬਾਅਦ ਵਿੱਚ ਉਨ੍ਹਾਂ ਦੇ ਪਰਿਵਾਰ ਵੀ ਮਿਲ ਗਏ।"
ਉਨ੍ਹਾਂ ਦਾ ਵਿਆਹ ਮਾਰਚ 1948 ਵਿੱਚ ਹੋਇਆ। ਇਹ ਇੱਕ ਸਧਾਰਨ ਸਮਾਗਮ ਸੀ। ਦੋਹਾਂ ਦੇ ਪਰਿਵਾਰ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਸੰਘਰਸ਼ ਕਰ ਰਹੇ ਸਨ।
ਭਗਵਾਨ ਸਿੰਘ ਮੈਨੀ ਨੂੰ ਪੰਜਾਬ ਦੀ ਇੱਕ ਅਦਾਲਤ ਵਿੱਚ ਨੌਕਰੀ ਮਿਲੀ ਅਤੇ ਪ੍ਰੀਤਮ ਕੌਰ ਨਾਲ ਲੁਧਿਆਣਾ ਚਲੇ ਗਏ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਉਨ੍ਹਾਂ ਦੋਹਾਂ ਦੇ ਦੋ ਬੱਚੇ ਹਨ। ਦੋਵੇਂ ਬੱਚੇ ਪ੍ਰਬੰਧਕੀ ਅਧਿਕਾਰੀ ਹਨ। ਮੈਨੀ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਪ੍ਰੀਤਮ ਕੌਰ ਨੇ 2002 ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਸੀ।
ਕੂਕੀ ਮੈਨੀ ਕਹਿੰਦੀ ਹੈ, "ਇਹ ਜੈਕਟ ਅਤੇ ਬ੍ਰੀਫ਼ਕੇਸ ਉਨ੍ਹਾਂ ਦੀ ਦੁਖਦਾਈ ਜ਼ਿੰਦਗੀ ਦੇ ਗਵਾਹ ਹਨ, ਜਿਸ ਵਿੱਚ ਉਨ੍ਹਾਂ ਦੇ ਵਿਛੋੜੇ ਅਤੇ ਮਿਲਣ ਦੀ ਕਹਾਣੀ ਸ਼ਾਮਲ ਹੈ।"
ਵੰਡ ਦੀਆਂ ਨਿਸ਼ਾਨੀਆਂ ਦੀ ਸਾਂਭ-ਸੰਭਾਲ
ਇਹ ਕਹਾਣੀ ਅੰਮ੍ਰਿਤਸਰ ਦੇ ਅਜਾਇਬ ਘਰ ਵਿੱਚ ਵਿਰਾਸਤ ਵਜੋਂ ਸੁਰੱਖਿਅਤ ਹੈ।
ਇਹ ਅਜਾਇਬ ਘਰ ਵੰਡ ਦੀਆਂ ਨਿਸ਼ਾਨੀਆਂ ਨੂੰ ਸਾਂਭ ਕੇ ਰੱਖਣ ਲਈ ਸਮਰਪਿਤ ਕੀਤਾ ਗਿਆ ਹੈ। ਇਹ ਸ਼ਹਿਰ ਦੇ ਸ਼ਾਨਦਾਰ ਟਾਊਨ ਹਾਲ ਵਿੱਚ ਸਥਿਤ ਹੈ।
ਇਹ ਵੀ ਪੜ੍ਹੋ:
ਇੱਥੇ ਫੋਟੋਆਂ, ਪੱਤਰ, ਆਡੀਓ ਰਿਕਾਰਡਿੰਗਜ਼, ਸ਼ਰਨਾਰਥੀਆਂ ਦੇ ਸਮਾਨ, ਅਧਿਕਾਰਤ ਦਸਤਾਵੇਜ਼, ਨਕਸ਼ੇ ਅਤੇ ਅਖ਼ਬਾਰ ਦੀਆਂ ਕਲਿੱਪਿੰਗਸ ਹਨ।
ਵੰਡ ਵੇਲੇ ਦੋਹਾਂ ਪਾਸਿਆਂ ਤੋਂ ਟਰੇਨਾਂ ਖੂਨ ਅਤੇ ਲਾਸ਼ਾਂ ਨਾਲ ਭਰੀਆਂ ਹੁੰਦੀਆਂ ਸਨ। ਫੌਜ ਦੇ ਬਹੁਤ ਘੱਟ ਜਵਾਨ ਦੰਗਿਆਂ ਨੂੰ ਰੋਕਣ ਵਿੱਚ ਲੱਗੇ ਹੋਏ ਸਨ।
ਇਤਿਹਾਸਕਾਰ ਰਾਮਚੰਦਰ ਗੁਹਾ ਦਾ ਕਹਿਣਾ ਹੈ, "ਉਸ ਵੇਲੇ ਬਰਤਾਨਵੀਆਂ ਦੀ ਜਾਨ ਬਚਾਉਣਾ ਅੰਗਰੇਜ਼ਾਂ ਦੀ ਪਹਿਲੀ ਤਰਜੀਹ ਸੀ।"
ਇੰਝ ਲੱਗਦਾ ਸੀ ਪੂਰਾ ਦੇਸ ਸ਼ਰਨਾਰਥੀ ਕੈਂਪਾਂ ਦੇ ਟੈਂਟਾਂ ਨਾਲ ਘਿਰਿਆ ਪਿਆ ਹੋਵੇ। ਕਿਸਾਨ ਆਪਣੀ ਜ਼ਮੀਨ ਛੱਡ ਕੇ ਬੇਘਰ ਹੋ ਗਏ ਸੀ।
ਬਦਲੇ ਵਿੱਚ ਉਨ੍ਹਾਂ ਨੂੰ ਬਹੁਤ ਘੱਟ ਮੁਆਵਜ਼ਾ ਮਿਲਿਆ।
ਵੰਡ ਤੋਂ ਬਾਅਦ ਕਈ ਮਹੀਨਿਆਂ ਤੱਕ ਦੋਵਾਂ ਪਾਸਿਆਂ ਵੱਲ ਖ਼ੂਨ-ਖ਼ਰਾਬਾ ਹੁੰਦਾ ਰਿਹਾ।
ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਅਕਤੂਬਰ 1947 ਵਿੱਚ ਲਿਖਿਆ ਸੀ, "ਇੱਥੇ ਜ਼ਿੰਦਗੀ ਭਿਆਨਕ ਹੁੰਦੀ ਜਾ ਰਹੀ ਹੈ। ਹਰ ਚੀਜ਼ ਗੜਬੜ ਹੁੰਦੀ ਲੱਗਦੀ ਹੈ।"
ਅਜਿਹੇ ਵੇਲੇ ਭਗਵਾਨ ਸਿੰਘ ਮੈਨੀ ਅਤੇ ਪ੍ਰੀਤਮ ਕੌਰ ਵਰਗੀਆਂ ਕਹਾਣੀਆਂ ਜ਼ਿੰਦਗੀ ਦੀ ਉਮੀਦ ਨੂੰ ਜ਼ਿੰਦਾ ਰੱਖਣ ਵਿੱਚ ਕਾਮਯਾਬ ਰਹੀਆਂ।
ਉਮੀਦ ਹੈ ਕਿ ਅੰਮ੍ਰਿਤਸਰ ਵਿੱਚ ਖੁੱਲ੍ਹਿਆ ਇਹ ਮਿਊਜ਼ੀਅਮ ਲੋਕਾਂ ਨੂੰ ਲੇਖਕ ਸੁਨੀਲ ਖਿਲਨਾਨੀ ਦੇ ਲਿਖੇ ਸ਼ਬਦਾਂ ਦੀ ਯਾਦ ਦਿਵਾਏਗਾ।
ਉਨ੍ਹਾਂ ਨੇ ਵੰਡ ਦੇ ਇਸ ਮੰਜ਼ਰ ਵਿੱਚ ਲਿਖਿਆ ਸੀ, "ਭਾਰਤ ਦੇ ਦਿਲ ਦੀ ਇਹ ਨਾ ਸੁਣਾਈ ਜਾਨ ਵਾਲੀ ਉਦਾਸੀ ਹੈ।"
ਇਹ ਵੀ ਪੜ੍ਹੋ: