You’re viewing a text-only version of this website that uses less data. View the main version of the website including all images and videos.
ਤਾਲਿਬਾਨ ਨੇ ਕੰਧਾਰ 'ਤੇ ਕਬਜ਼ਾ ਕੀਤਾ, ਅਫ਼ਗਾਨਿਸਤਾਨ ’ਚ ਤਾਲਿਬਾਨ ਨੇ ਫੌਜੀ ਮਾਹਿਰਾਂ ਨੂੰ ਕਿਵੇਂ ਹੈਰਾਨ ਕੀਤਾ
ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਕੰਧਾਰ ਉੱਪਰ ਕਬਜ਼ਾ ਕਰ ਲਿਆ ਹੈ।
ਕੰਧਾਰ ਤਾਲਿਬਾਨ ਦਾ ਗੜ੍ਹ ਰਿਹਾ ਹੈ ਅਤੇ ਤਿਜਾਰਤੀ ਕੇਂਦਰ ਹੋਣ ਕਾਰਨ ਰਣਨੀਤਿਕ ਤੌਰ 'ਤੇ ਅਹਿਮ ਹੈ।
ਵੀਰਵਾਰ ਨੂੰ ਅਫ਼ਗਾਨਿਸਤਾਨ ਦੇ ਕਈ ਸ਼ਹਿਰ ਨਾਟਕੀ ਜਿੱਤਾਂ ਦੇ ਨਤੀਜੇ ਵਜੋਂ ਤਾਲਿਬਾਨ ਦੇ ਕਬਜ਼ੇ ਹੇਠ ਚਲੇ ਗਏ।
ਖ਼ਬਰ ਏਜੰਸੀ ਰੌਇਟਰਜ਼ ਨੇ ਇੱਕ ਸਥਾਨਕ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਹੈ ਕਿ“ਪਿਛਲੀ ਰਾਤ ਹੋਈਆਂ ਹਿੰਸਕ ਝੜਪਾਂ ਤੋਂ ਬਾਅਦ ਤਾਲਿਬਾਨ ਨੇ ਕੰਧਾਰ ਸ਼ਹਿਰ ’ਤੇ ਕਬਜ਼ਾ ਕਰ ਲਿਆ।”
ਅਮਰੀਕਾ ਨੇ ਕਿਹਾ ਹੈ ਕਿ ਉਹ ਆਪਣੀ ਅੰਬੈਸੀ ਵਿੱਚੋਂ ਕਰਮੀਆਂ ਨੂੰ ਕੱਢਣ ਲਈ ਤਿੰਨ ਹਜ਼ਾਰ ਫੌਜੀਆਂ ਨੂੰ ਵਾਪਸ ਅਫ਼ਗਨਿਸਤਾਨ ਭੇਜ ਰਿਹਾ ਹੈ।
ਬ੍ਰਿਟੇਨ ਨੇ ਕਿਹਾ ਹੈ ਕਿ ਫ਼ਸੇ ਬ੍ਰਿਟਿਸ਼ ਨਾਗਰਿਕਾਂ ਨੂੰ ਨਿਕਲਣ ਵਿੱਚ ਮਦਦ ਕਰਨ ਲਈ 600 ਫ਼ੌਜੀਆਂ ਨੂੰ ਆਰਜੀ ਤੌਰ 'ਤੇ ਤੈਨਾਤ ਕਰ ਰਿਹਾ ਹੈ।
ਇਹ ਵੀ ਪੜ੍ਹੋ:
ਅਫ਼ਗਾਨਿਸਤਾਨ ਵਿੱਚ ਬੀਤੇ 20 ਸਾਲਾਂ ਤੋਂ ਜੰਗ ਦੇ ਹਾਲਾਤ ਬਣੇ ਹੋਏ ਹਨ। 9/11 ਦੇ ਅਮਰੀਕਾ 'ਤੇ ਹੋਏ ਅੱਤਵਾਦੀ ਹਮਲੇ ਮਗਰੋਂ ਅਮਰੀਕਾ ਤੇ ਹੋਰ ਦੇਸਾਂ ਦੀਆਂ ਫੌਜਾਂ ਅਫ਼ਗਾਨਿਸਤਾਨ ਵਿੱਚ ਜੰਗ ਲੜ ਰਹੀਆਂ ਸਨ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਅਹੁਦਾ ਸਾਂਭਣ ਤੋਂ ਬਾਅਦ ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਦੇ ਹੁਕਮ ਦਿੱਤੇ ਸਨ ਜਿਸ ਮਗਰੋਂ ਸਾਰੀਆਂ ਵਿਦੇਸ਼ੀ ਫੌਜਾਂ ਵਾਪਸ ਚਲੀ ਗਈਆਂ ਹਨ।
ਵਿਦੇਸ਼ੀ ਫੌਜਾਂ ਦੀ ਵਾਪਸੀ ਮਗਰੋਂ ਤਾਲਿਬਾਨ ਲਗਾਤਾਰ ਆਪਣੇ ਇਲਾਕੇ ਵਿੱਚ ਵਾਧਾ ਕਰਦਾ ਜਾ ਰਿਹਾ ਹੈ।
ਵੀਰਵਾਰ ਨੂੰ ਕੁਝ ਘੰਟਿਆਂ ਦੌਰਾਨ ਹੀ ਕਈ ਅਹਿਮ ਸ਼ਹਿਰ ਜਿਵੇਂ ਕਿ- ਹੈਰਾਤ, ਗਜ਼ਨੀ ਅਤੇ ਕਲਾ-ਇ-ਨਵਾ ਵਰਗੇ ਸ਼ਹਿਰ ਤਾਲਿਬਾਨ ਦੇ ਕਬਜ਼ੇ ਹੇਠ ਆਏ ਹਨ।
ਤਾਲਿਬਾਨ ਦੇ ਬੁਲਾਰੇ ਨੇ ਐਲਾਨ ਕੀਤਾ ਕਿ ਕੰਧਾਰ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਗਿਆ ਹੈ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
ਸੂਤਰਾਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਦੱਖਣੀ ਸ਼ਹਿਰ ਲਸ਼ਕਰ ਗਾਹ (ਹੈਲਮੰਡ ਸੂਬੇ ਦੀ ਰਾਜਧਾਨੀ) ਨੂੰ ਵੀ ਤਾਲਿਬਾਨ ਨੇ ਜਿੱਤ ਲਿਆ ਹੈ, ਹਾਲਾਂਕਿ ਇਸ ਦੀ ਵੀ ਪੁਸ਼ਟੀ ਨਹੀਂ ਹੋ ਸਕੀ ਹੈ।
ਤਾਲਿਬਾਨ ਦਾ ਹੁਣ ਉੱਤਰੀ ਅਫ਼ਗਾਨਿਸਤਾਨ ਦੇ ਜ਼ਿਆਦਾਤਰ ਹਿੱਸੇ ਉੱਪਰ ਅਤੇ ਲਗਭਗ ਇੱਕ ਤਿਹਾਈ ਸੂਬਾਈ ਰਾਜਧਾਨੀਆਂ ਉੱਤੇ ਅਧਿਕਾਰ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ ਤਾਲਿਬਾਨ ਦਾ ਇਸੇ ਤੇਜ਼ ਗਤੀ ਨਾਲ ਰਾਜਧਾਨੀ ਕਾਬੁਲ ਵੱਲ ਵਧਣਾ ਜਾਰੀ ਰਹੇਗਾ। ਕਾਬੁਲ ਵਿੱਚੋਂ ਪਹਿਲਾਂ ਹੀ ਹਜ਼ਾਰਾਂ ਨਾਗਰਿਕ ਪਰਵਾਸ ਕਰ ਚੁੱਕੇ ਹਨ।
ਬੀਬੀਸੀ ਸਾਊਥ ਏਸ਼ੀਆ ਦੇ ਸੰਪਾਦਕ ਅਨਬਰਾਸਨ ਇਥੀਰਾਜਨ ਨੇ ਕਿਹਾ ਹੈ ਕਿ ਤਾਲਿਬਾਨ 'ਜਿਸ ਗਤੀ ਨਾਲ ਅੱਗੇ ਵਧ ਰਹੇ ਹਨ ਉਸ ਨੇ ਮਾਹਰ ਫ਼ੌਜੀ ਵਿਸ਼ਲੇਸ਼ਕਾਂ ਨੂੰ ਵੀ ਹੈਰਾਨ ਕੀਤਾ ਹੈ।'
ਭਾਰਤੀ ਵਿਦੇਸ਼ ਮੰਤਰਾਲਾ ਨੇ ਕੀ ਕਿਹਾ?
ਭਾਰਤੀ ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ, "ਭਾਰਤ ਅਫ਼ਗਾਨਿਸਤਾਨ ਵਿੱਚ ਬਣ ਰਹੀ ਸਥਿਤੀ ਉੱਪਰ ਨਿਗ੍ਹਾ ਰੱਖ ਰਿਹਾ ਹੈ।"
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਵਸਦੇ ਹਿੰਦੂ ਅਤੇ ਸਿੱਖ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾਣਗੇ।
ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਸਪਸ਼ਟ ਕੀਤਾ ਕਿ ਅਫ਼ਗਾਨਿਤਾਨ ਵਿੱਚ ਭਾਰਤੀ ਸਫ਼ਾਰਤਖਾਨੇ ਦੇ ਬੰਦ ਹੋਣ ਬਾਰੇ ਆ ਰਹੀਆਂ ਰਿਪੋਰਟਾਂ ਗ਼ਲਤ ਹਨ।
ਉਨ੍ਹਾਂ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਸਾਡਾ ਮਿਸ਼ਨ ਹਿੰਦੂ ਅਤੇ ਸਿੱਖ ਭਾਈਚਾਰਿਆਂ ਦੇ ਲਗਾਤਾਰ ਸੰਪਰਕ ਵਿੱਚ ਹੈ ਅਤੇ ਉਨ੍ਹਾਂ ਦੀ ਹਰ ਸੰਭਵ ਕੀਤੀ ਜਾਵੇਗੀ।
ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੀ ਪਕੜ ਵਧਦੀ ਜਾ ਰਹੀ ਹੈ ਅਤੇ ਉਹ ਰਾਜਧਾਨੀ ਕਾਬੁਲ ਨੂੰ ਘੇਰ ਰਹੇ ਹਨ ਜਿੱਥੇ ਕਿ ਭਾਰਤੀਆਂ ਦੀ ਸਭ ਤੋਂ ਜ਼ਿਆਦਾ ਵਸੋਂ ਹੈ।
ਤਾਲਿਬਾਨ ਦੇ ਕਬਜ਼ੇ 'ਚ 65 ਫੀਸਦੀ ਹਿੱਸੇ?
ਯੂਰਪੀ ਯੂਨੀਅਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਤਾਲਿਬਾਨ ਦੇ ਕਬਜ਼ੇ ਵਿੱਚ 65 ਫੀਸਦੀ ਅਫ਼ਗਾਸਿਤਾਨ ਹੈ ਅਤੇ 10 ਸੂਬਾਈ ਰਾਜਧਾਨੀਆਂ ਨੂੰ ਆਪਣੇ ਕਬਜ਼ੇ ਹੇਠ ਤਾਲਿਬਾਨ ਲੈ ਚੁੱਕਿਆ ਹੈ ਜਾਂ ਇਹ ਰਾਜਧਾਨੀਆਂ ਕੰਟਰੋਲ ਵਿੱਚ ਆਉਣ ਵਾਲੀਆਂ ਹਨ।
ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਾਲਿਬਾਨ ਅਫ਼ਗਾਸਿਤਾਨ 'ਚ ਤੇਜ਼ੀ ਨਾਲ ਸੱਤਾ ਉੱਤੇ ਕੰਟਰੋਲ ਵੱਲ ਵੱਧ ਰਿਹਾ ਹੈ।
31 ਅਗਸਤ ਨੂੰ ਅਫ਼ਗਾਨਿਸਤਾਨ 'ਚ ਅਮਰੀਕਾ ਦਾ ਫੌਜ ਮਿਸ਼ਨ 20 ਸਾਲਾਂ ਬਾਅਦ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ। ਬੁੱਧਵਾਰ ਨੂੰ ਤਾਲਿਬਾਨ ਨੇ ਉੱਤਰ-ਪੂਰਬੀ ਸੂਬੇ ਬਦਖਸਾਂ ਦੀ ਰਾਜਧਾਨੀ ਫ਼ੈਜ਼ਾਬਾਦ ਨੂੰ ਆਪਣੇ ਕਬਜ਼ੇ 'ਚ ਲਿਆ।
ਦੁਨੀਆਂ ਭਰ 'ਚ ਅਮਰੀਕੀ ਰਾਸ਼ਟਰਪਤੀ ਬਾਇਡਨ ਦੇ ਅਫ਼ਗਾਨਿਸਤਾਨ ਤੋਂ ਫੌਜ ਵਾਪਸੀ ਦੇ ਫ਼ੈਸਲੇ ਦੀ ਆਲੋਚਨਾ ਹੋ ਰਹੀ ਹੈ ਪਰ ਬਾਇਡਨ ਨੇ ਇਨ੍ਹਾਂ ਆਲੋਚਨਾਵਾਂ ਨੂੰ ਰੱਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ: