ਅਫ਼ਗਾਨਿਸਤਾਨ ’ਚ ਤਾਲਿਬਾਨ ਦੀ ਦਹਿਸ਼ਤ ਤੇ ਆਪਣਿਆਂ ਨੂੰ ਗੁਆਉਣ ਦਾ ਦੁਖ ਕਿਵੇਂ ਹੰਢਾ ਰਹੇ ਲੋਕ - ਬੀਬੀਸੀ ਪੱਤਰਕਾਰ ਦਾ ਅੱਖੀਂ ਡਿੱਠਾ ਹਾਲ

    • ਲੇਖਕ, ਯੋਗਿਤਾ ਲਿਮਾਏ
    • ਰੋਲ, ਬੀਬੀਸੀ ਪੱਤਰਕਾਰ

ਮੈਂ ਜਦੋਂ ਵੀ ਅਫ਼ਗ਼ਾਨਿਸਤਾਨ ਜਾਂਦੀ ਹਾਂ, ਮੇਰਾ ਹਮੇਸ਼ਾ ਨਿੱਘਾ ਸਵਾਗਤ ਕੀਤਾ ਜਾਂਦਾ ਹੈ। ਜਿਵੇਂ ਹੀ ਲੋਕਾਂ ਨੂੰ ਲੱਗਦਾ ਹੈ ਕਿ ਮੈਂ ਭਾਰਤੀ ਹਾਂ, ਉਹ ਮੈਨੂੰ ਆਪਣੀਆਂ ਦਿੱਲੀ ਦੀਆਂ ਯਾਤਰਾਵਾਂ ਬਾਰੇ ਦੱਸਦੇ ਹਨ ਅਤੇ ਇਹ ਵੀ ਦੱਸਦੇ ਹਨ ਕਿ ਉੱਥੇ ਉਨ੍ਹਾਂ ਨੂੰ ਕਿੰਨਾ ਚੰਗਾ ਲੱਗਿਆ।

ਉਹ ਸਰੋਜਿਨੀ ਨਗਰ ਅਤੇ ਲਾਜਪਤ ਨਗਰ ਦੇ ਬਾਜ਼ਾਰਾਂ ਤੋਂ ਖਰੀਦੀਆਂ ਗਈਆਂ ਵਸਤੂਆਂ ਬਾਰੇ ਵੀ ਬੜੇ ਚਾਅ ਨਾਲ ਗੱਲਾਂ ਕਰਦੇ ਹਨ।

ਅਕਸਰ ਉਹ ਟੁੱਟੀ-ਫੁੱਟੀ ਹਿੰਦੀ ਜਾਂ ਉਰਦੂ ਵਿੱਚ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਦੱਸਦੇ ਹਨ ਕਿ ਉਨ੍ਹਾਂ ਦੇ ਪਸੰਦੀਦਾ ਬਾਲੀਵੁੱਡ ਸਿਤਾਰੇ ਕਿਹੜੇ ਹਨ।

ਹਾਲ ਹੀ ਵਿੱਚ ਇੱਕ ਵਿਅਕਤੀ ਨੇ ਮੈਨੂੰ ਕਿਹਾ ਕਿ, ''ਭਾਰਤ ਅਫ਼ਗ਼ਾਨਿਸਤਾਨ ਦਾ ਸੱਚਾ ਮਿੱਤਰ ਹੈ।''

ਜਦੋਂ ਭਾਰਤ ਅਫ਼ਗ਼ਾਨਿਸਤਾਨ ਦੀ ਬਜਾਏ ਕਿਸੇ ਹੋਰ ਦੇਸ਼ ਦੇ ਖਿਲਾਫ ਕ੍ਰਿਕਟ ਖੇਡ ਰਿਹਾ ਹੋਵੇ ਤਾਂ ਮੈਂ ਅਫ਼ਗਾਨਾਂ ਨੂੰ ਭਾਰਤੀ ਟੀਮ ਦੇ ਲਈ ਖੁਸ਼ ਹੁੰਦੇ ਹੋਏ ਵੀ ਵੇਖਿਆ ਹੈ।

ਇਸ ਦੇ ਬਿਲਕੁਲ ਉਲਟ, ਦੇਸ਼ ਵਿੱਚ ਸਰਗਰਮ ਕੱਟੜਪੰਥੀ ਸਮੂਹਾਂ ਵੱਲੋਂ ਭਾਰਤੀ ਨਾਗਰਿਕਾਂ ਨੂੰ ਵੱਧ ਰਹੇ ਖ਼ਤਰੇ ਬਾਰੇ ਅਕਸਰ ਸੁਰੱਖਿਆ ਇਨਪੁਟ ਮਿਲਦੇ ਰਹਿੰਦੇ ਹਨ।

ਪਿਛਲੇ ਸਮੇਂ ਵਿੱਚ ਅਫ਼ਗ਼ਾਨ ਹਸਪਤਾਲਾਂ ਵਿੱਚ ਕੰਮ ਕਰ ਰਹੇ ਭਾਰਤੀ ਡਾਕਟਰਾਂ ਦੇ ਯੋਜਨਾਬੱਧ ਤਰੀਕੇ ਨਾਲ ਕਤਲ ਹੋਏ ਹਨ।

ਅਫ਼ਗਾਨਿਸਤਾਨ ਵਿੱਚ ਬੀਤੇ 20 ਸਾਲਾਂ ਤੋਂ ਜੰਗ ਦੇ ਹਾਲਾਤ ਬਣੇ ਹੋਏ ਹਨ। 9/11 ਦੇ ਅਮਰੀਕਾ 'ਤੇ ਹੋਏ ਅੱਤਵਾਦੀ ਹਮਲੇ ਮਗਰੋਂ ਅਮਰੀਕਾ ਤੇ ਹੋਰ ਦੇਸਾਂ ਦੀਆਂ ਫੌਜਾਂ ਅਫ਼ਗਾਨਿਸਤਾਨ ਵਿੱਚ ਜੰਗ ਲੜ ਰਹੀਆਂ ਸਨ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਅਹੁਦਾ ਸਾਂਭਣ ਤੋਂ ਬਾਅਦ ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਦੇ ਹੁਕਮ ਦਿੱਤੇ ਸਨ ਜਿਸ ਮਗਰੋਂ ਸਾਰੀਆਂ ਵਿਦੇਸ਼ੀ ਫੌਜਾਂ ਵਾਪਸ ਚਲੀ ਗਈਆਂ ਹਨ।

ਵਿਦੇਸ਼ੀ ਫੌਜਾਂ ਦੀ ਵਾਪਸੀ ਮਗਰੋਂ ਤਾਲਿਬਾਨ ਲਗਾਤਾਰ ਆਪਣੇ ਇਲਾਕੇ ਵਿੱਚ ਵਾਧਾ ਕਰਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਇੱਥੇ ਭਾਰਤੀ ਪੱਤਰਕਾਰ ਦਾਨਿਸ਼ ਸਿੱਦੀਕੀ ਦੇ ਹਾਲ ਹੀ ਵਿੱਚ ਹੋਏ ਕਤਲ ਨੇ, ਜਿਸ ਨੂੰ ਕਥਿਤ ਤੌਰ 'ਤੇ ਤਾਲਿਬਾਨ ਅੱਤਵਾਦੀਆਂ ਵੱਲੋਂ ਮਾਰਿਆ ਗਿਆ ਸੀ, ਉਹ ਵੀ ਉਦੋਂ ਜਦੋਂ ਕਿ ਉਹ ਅਫ਼ਗ਼ਾਨ ਰਾਸ਼ਟਰੀ ਬਲਾਂ ਨਾਲ ਸੀ, ਦੇਸ਼ ਤੋਂ ਰਿਪੋਰਟਿੰਗ ਕਰਨ ਦੇ ਖਤਰਿਆਂ ਨੂੰ ਬੇਰਹਿਮੀ ਨਾਲ ਯਾਦ ਕਰਵਾਇਆ।

ਉਨ੍ਹਾਂ ਦੀ ਹਿੰਮਤ ਅਤੇ ਹਮਦਰਦੀ ਉਨ੍ਹਾਂ ਦੇ ਕੰਮ ਵਿੱਚ ਝਲਕਦੀ ਸੀ ਅਤੇ ਉਹ ਬਹੁਤ ਪ੍ਰਸ਼ੰਸਾਯੋਗ ਸਹਿਯੋਗੀ ਸਨ।

ਉਨ੍ਹਾਂ ਦੀ ਮੌਤ ਤੋਂ ਦੋ ਹਫਤੇ ਪਹਿਲਾਂ, ਅਸੀਂ ਇਕੱਠੇ ਹੀ ਦਿੱਲੀ ਤੋਂ ਕਾਬੁਲ ਲਈ ਇੱਕੋ ਜਹਾਜ਼ ਵਿੱਚ ਉਡਾਨ ਭਰੀ ਸੀ।

ਏਅਰਪੋਰਟ 'ਤੇ ਆਪਣੇ ਬੈਗਾਂ ਦੇ ਆਉਣ ਦੀ ਉਡੀਕ ਕਰਦੇ ਹੋਏ ਅਸੀਂ ਅਫ਼ਗ਼ਾਨਿਸਤਾਨ ਲਈ ਉਨ੍ਹਾਂ ਦੇ ਪਿਆਰ ਬਾਰੇ ਗੱਲਬਾਤ ਕੀਤੀ।

ਫਿਰ ਪਾਰਕਿੰਗ ਵੱਲ ਜਾਂਦੇ ਹੋਏ, ਅਸੀਂ ਅਗਲੇ ਕੁਝ ਹਫਤਿਆਂ ਲਈ ਆਪਣੀਆਂ ਯੋਜਨਾਵਾਂ ਬਾਰੇ ਗੱਲਬਾਤ ਕੀਤੀ ਅਤੇ ਵੱਖ ਹੋਣ ਤੋਂ ਪਹਿਲਾਂ ਇੱਕ-ਦੂਜੇ ਨੂੰ 'ਸੁਰੱਖਿਅਤ ਰਹਿਣ' ਲਈ ਕਿਹਾ।

ਅਸੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇੱਕ-ਦੂਜੇ ਦੀਆਂ ਰਿਪੋਰਟਾਂ ਨੂੰ ਫੋਲੋ ਕੀਤਾ। ਉਹ ਦੱਖਣੀ ਅਫ਼ਗ਼ਾਨਿਸਤਾਨ ਵਿੱਚ ਕੰਧਾਰ ਤੋਂ ਅਤੇ ਮੈਂ ਉੱਤਰ ਵਿੱਚ ਕੁੰਡੁਜ਼ ਸ਼ਹਿਰ, ਜਿਨ੍ਹਾਂ ਨੂੰ ਤਾਲਿਬਾਨ ਨੇ ਘੇਰ ਲਿਆ, ਤੋਂ ਰਿਪੋਰਟ ਕਰ ਰਹੇ ਸੀ।

ਦਾਨਿਸ਼ ਦੀ ਮੌਤ ਦੀ ਖ਼ਬਰ ਨੇ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ। ਇਸ ਨੂੰ ਸੱਚ ਮੰਨਣਾ ਬਹੁਤ ਔਖਾ ਸੀ। ਪਰ ਇੱਕ ਵਾਰ ਜਦੋਂ ਮੈਂ ਸਦਮੇ ਤੋਂ ਉੱਭਰ ਗਈ, ਤਾਂ ਇਹ ਸਾਫ਼-ਸਾਫ਼ ਮਹਿਸੂਸ ਹੋ ਗਿਆ ਕਿ ਇਸ ਦੇਸ਼ ਵਿੱਚ ਸਾਡੇ ਜਿੰਨ੍ਹਾਂ ਸਾਥੀਆਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ ਉਨ੍ਹਾਂ ਲਈ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਸੁਰੱਖਿਅਤ ਰਹਿੰਦੇ ਹੋਏ, ਪੂਰੀ ਲਗਨ ਨਾਲ ਆਪਣੀ ਡਿਊਟੀ ਕਰਦੇ ਰਹੀਏ ਅਤੇ ਅਫ਼ਗ਼ਾਨਿਸਤਾਨ ਦੇ ਲੋਕਾਂ ਦੀਆਂ ਕਹਾਣੀਆਂ ਅਤੇ ਆਵਾਜ਼ ਨੂੰ ਸਭ ਦੇ ਸਾਹਮਣੇ ਲੈ ਕੇ ਆਉਂਦੇ ਰਹੀਏ।

ਉਹ ਦਹਾਕਿਆਂ ਤੋਂ ਹਿੰਸਾ ਦੇ ਇਸ ਪਰਛਾਵੇਂ ਵਿੱਚ ਰਹਿ ਰਹੇ ਹਨ, ਪਰ ਹੁਣ ਉਨ੍ਹਾਂ ਨੂੰ ਵਿਨਾਸ਼ਕਾਰੀ ਸਥਿਤੀਆਂ ਵਿੱਚ ਸੁੱਟ ਦਿੱਤਾ ਗਿਆ ਹੈ।

ਵਿਦੇਸ਼ੀ ਫੌਜਾਂ ਦੇ ਦੇਸ਼ ਛੱਡਣ ਦੇ ਨਾਲ, ਤਾਲਿਬਾਨ ਨੇ ਤੇਜ਼ੀ ਨਾਲ ਆਪਣੇ ਪੈਰ ਪਸਾਰੇ ਹਨ ਅਤੇ ਹੁਣ ਭਾਰੀ ਲੜਾਈ ਅਤੇ ਤਬਾਹੀ ਦਰਮਿਆਨ ਦੇਸ਼ ਦੇ ਲਗਭਗ ਅੱਧੇ ਖੇਤਰ ਨੂੰ ਆਪਣੇ ਕਬਜ਼ੇ ਵਿੱਚ ਕਰ ਚੁੱਕੇ ਹਨ।

ਕੁੰਡੁਜ਼ ਸ਼ਹਿਰ, ਜਿੱਥੇ ਮੈਂ ਕੁਝ ਹਫ਼ਤੇ ਪਹਿਲਾਂ ਸੀ, ਹੁਣ ਤਾਲਿਬਾਨ ਦੇ ਕਬਜ਼ੇ ਵਿੱਚ ਹੈ। ਇਹ ਸਮੂਹ ਹੁਣ ਸ਼ਹਿਰ ਦੇ ਏਅਰਪੋਰਟ ਨੂੰ ਛੱਡ ਕੇ ਬਾਕੀ ਸਭ ਕੰਟਰੋਲ ਕਰਦਾ ਹੈ।

ਇੱਥੋਂ ਤੱਕ ਕਿ ਜਦੋਂ ਅਸੀਂ ਉੱਥੇ ਸੀ, ਹਰ ਰੋਜ਼ ਦਿਨ ਅਤੇ ਰਾਤ ਨੂੰ ਘੰਟਿਆਂ ਤੱਕ ਮੋਰਟਾਰ ਅਤੇ ਗੋਲੀਬਾਰੀ ਦੀਆਂ ਅਵਾਜ਼ਾਂ ਸੁਣਦੇ ਸੀ। ਅਸੀਂ ਅਕਸਰ ਅਜਿਹੀਆਂ ਆਵਾਜ਼ਾਂ ਆਉਣ 'ਤੇ ਸਾਵਧਾਨ ਹੋ ਜਾਂਦੇ ਸੀ, ਪਰ ਅਸੀਂ ਦੇਖਿਆ ਕਿ ਸ਼ਹਿਰ ਦੇ ਲੋਕ ਇਸ ਦੇ ਆਦੀ ਹੋ ਚੁੱਕੇ ਸਨ ਅਤੇ ਮੁਸ਼ਕਿਲ ਨਾਲ ਕੋਈ ਪ੍ਰਤੀਕਿਰਿਆ ਦਿੰਦੇ ਸਨ।

ਹਿੰਸਾ ਤੋਂ ਭੱਜਣ ਵਾਲੇ 35 ਹਜ਼ਾਰ ਤੋਂ ਵੱਧ ਲੋਕਾਂ ਨੇ ਕੁੰਡੁਜ਼ ਸ਼ਹਿਰ ਵਿੱਚ ਸ਼ਰਨ ਲਈ ਸੀ। ਉਹ ਧੂੜ ਭਰੇ ਖੇਤਾਂ ਵਿੱਚ, 45 ਡਿਗਰੀ ਗਰਮੀ ਵਿੱਚ, ਜ਼ਮੀਨ 'ਚ ਬਾਂਸ ਦੇ ਡੰਡੇ ਗੱਡ ਕੇ ਅਤੇ ਉਨ੍ਹਾਂ ਵਿਚਕਾਰ ਫਸਾਏ ਹੋਏ ਕੱਪੜੇ ਦੇ ਟੁਕੜਿਆਂ ਨਾਲ ਬਣੇ ਅਸਥਾਈ ਤੰਬੂਆਂ ਵਿੱਚ ਰਹਿ ਰਹੇ ਸਨ।

ਉਨ੍ਹਾਂ ਕੋਲ ਭੋਜਨ ਬਹੁਤ ਘੱਟ ਸੀ ਅਤੇ ਸੈਂਕੜੇ ਲੋਕਾਂ ਨੂੰ ਪਾਣੀ ਦੀ ਸਪਲਾਈ ਕਰਨ ਲਈ ਮਹਿਜ਼ ਕੁਝ ਹੀ ਟੂਟੀਆਂ ਜਾਂ ਨਲਕੇ ਸਨ।

ਮੈਂ ਆਪਣੀ ਜ਼ਿੰਦਗੀ ਵਿੱਚ ਇੰਨੀ ਮਾੜੀ ਹਾਲਤ ਕਦੇ ਨਹੀਂ ਵੇਖੀ।

ਹੋਰ ਸ਼ਰਨਾਰਥੀ ਕੈਂਪਾਂ ਵਿੱਚ, ਮੈਂ ਗ੍ਰੀਸ ਅਤੇ ਬੰਗਲਾਦੇਸ਼ ਵਿੱਚ ਰਹੀ ਹਾਂ ਜਿੱਥੇ ਤੁਸੀਂ ਹਮੇਸ਼ਾ ਮਦਦਗਾਰ ਲੋਕਾਂ ਨੂੰ ਦੇਖੋਗੇ ਜੋ ਜ਼ਰੂਰਤਮੰਦਾਂ ਨੂੰ ਭੋਜਨ ਵੰਡਦੇ ਹਨ ਅਤੇ ਡਾਕਟਰੀ ਦੇਖਭਾਲ ਵੀ ਕਰਦੇ ਹਨ।

ਕੁੰਡੁਜ਼ ਵਿੱਚ, ਮੈਂ ਚਾਰ ਦਿਨਾਂ ਵਿੱਚ ਸਿਰਫ਼ ਇੱਕ ਵਾਰੀ ਭੋਜਨ ਦੀਆਂ ਵਸਤੂਆਂ ਵੰਡਦੇ ਹੋਏ ਦੇਖਿਆ।

ਹਾਲਾਂਕਿ ਸੰਯੁਕਤ ਰਾਸ਼ਟਰ ਅਤੇ ਹੋਰ ਗੈਰ ਸਰਕਾਰੀ ਸੰਗਠਨ ਜਿਵੇਂ 'ਸੇਵ ਦਿ ਚਿਲਡਰਨ' ਅਤੇ 'ਐਮਐਸਐਫ' ਕੁੰਡੁਜ਼ ਵਿੱਚ ਕੰਮ ਕਰ ਰਹੇ ਹਨ, ਇੱਥੋਂ ਦੀਆਂ ਜ਼ਰੂਰਤਾਂ ਸਪਲਾਈ ਨਾਲੋਂ ਕਿਤੇ ਜ਼ਿਆਦਾ ਹਨ।

ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਉਸ ਨੂੰ ਅਫ਼ਗ਼ਾਨਿਸਤਾਨ ਦੇ ਇੱਕ ਕਰੋੜ 80 ਲੱਖ ਲੋਕਾਂ ਨੂੰ ਤੁਰੰਤ ਜੀਵਨ ਰੱਖਿਅਕ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ, ਲੋੜੀਂਦੇ ਫੰਡਾਂ ਦਾ ਸਿਰਫ 40% ਹੀ ਪ੍ਰਾਪਤ ਹੋਇਆ ਹੈ।

ਜਦੋਂ ਅਸੀਂ ਕੁੰਡੁਜ਼ ਦੇ ਕੈਂਪ ਵਿੱਚ ਦਾਖ਼ਲ ਹੋਏ, ਮੈਂ ਲੋਕਾਂ ਨਾਲ ਘਿਰੀ ਹੋਈ ਸੀ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਔਰਤਾਂ ਸਨ। ਇੱਕ ਨੇ ਮੇਰਾ ਹੱਥ ਫੜਿਆ ਅਤੇ ਦੱਸਿਆ ਕਿ ਉਸ ਦੇ ਪਤੀ ਅਤੇ ਤਿੰਨ ਬੱਚਿਆਂ ਨੂੰ ਮਾਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:

ਦੂਸਰੀ ਔਰਤ ਨੇ ਇੱਕ ਮੁੜਿਆ ਤੇ ਫਟਿਆ ਹੋਇਆ ਕਾਗਜ਼ ਦਾ ਟੁਕੜਾ ਕੱਢਿਆ ਅਤੇ ਉਸਨੂੰ ਮੇਰੇ ਹੱਥ ਵਿੱਚ ਜ਼ੋਰ ਦੀ ਫੜਾ ਦਿੱਤਾ।

ਇਹ ਉਸ ਦੇ ਪੁੱਤਰ ਦਾ ਰਾਸ਼ਟਰੀ ਪਛਾਣ ਪੱਤਰ ਸੀ, ਜਿਸ ਨੂੰ ਮਾਰ ਦਿੱਤਾ ਗਿਆ ਸੀ।

ਉਨ੍ਹਾਂ ਦਾ ਨਾਮ ਬੇਨਾਫਸ਼ਾ ਸੀ ਅਤੇ ਉਨ੍ਹਾਂ ਮੈਨੂੰ ਦੱਸਿਆ ਕਿ ਉਨ੍ਹਾਂ ਦੀ ਉਮਰ 77 ਸਾਲਾਂ ਦੀ ਸੀ।

ਉਮਰ ਦੇ ਨਾਲ ਉਨ੍ਹਾਂ ਦੇ ਚਿਹਰੇ 'ਤੇ ਬਹੁਤ ਜ਼ਿਆਦਾ ਝੁਰੜੀਆਂ ਪੈ ਚੁੱਕੀਆਂ ਸਨ ਅਤੇ ਉਨ੍ਹਾਂ ਅੱਖਾਂ ਇੰਝ ਜਾਪਦੀਆਂ ਸਨ ਜਿਵੇਂ ਹੰਝੂਆਂ ਕਾਰਨ ਚਮਕ ਰਹੀਆਂ ਹੋਣ ਜਿਨ੍ਹਾਂ ਨੂੰ ਉਹ ਲਗਾਤਾਰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ।

ਕੁਝ ਮਿੰਟਾਂ ਤੱਕ ਗੱਲਬਾਤ ਕਰਨ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਤਿੰਨੇ ਪੁੱਤਰ ਲੜਾਈ ਵਿੱਚ ਮਾਰੇ ਗਏ ਸਨ।

ਉਨ੍ਹਾਂ ਕਿਹਾ, ''ਕਾਸ਼ ਮੈਂ ਵੀ ਮਰ ਜਾਂਦੀ। ਮੈਂ ਇਸ ਦਰਦ ਨਾਲ ਨਹੀਂ ਜੀਅ ਸਕਦੀ।''

ਮੈਨੂੰ ਇੱਕ ਤੋਂ ਬਾਅਦ ਇੱਕ ਕਈ ਰੂਹ ਕੰਬਾਊ ਕਹਾਣੀਆਂ ਸੁਣਾਈਆਂ ਗਈਆਂ ਕਿ ਕਿਵੇਂ ਉਨ੍ਹਾਂ ਦੇ ਆਪਣੇ ਅਤੇ ਅਜੀਜ਼, ਤਾਲਿਬਾਨ ਅਤੇ ਅਫ਼ਗ਼ਾਨ ਫੌਜਾਂ ਵਿਚਕਾਰ ਹੋਈ ਗੋਲੀਬਾਰੀ ਵਿੱਚ ਮਾਰੇ ਗਏ ਸਨ।

ਇਹ ਗਿਣਨਾ ਲਗਭਗ ਅਸੰਭਵ ਸੀ ਕਿ ਮਹਿਜ਼ ਉਸ ਇੱਕ ਕੈਂਪ ਵਿੱਚ, ਇੱਕ ਸ਼ਹਿਰ ਵਿੱਚ, ਯੁੱਧ ਦੇ ਦੌਰਾਨ ਕਿੰਨੇ ਲੋਕਾਂ ਦੀ ਜਾਨ ਗਈ।

ਹੁਣ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਦੇ ਅੰਦਰ ਵੀ ਇਹ ਲੜਾਈ ਚੱਲ ਰਹੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਫਿਲਹਾਲ ਇਹ ਪਤਾ ਲਗਾਉਣਾ ਵੀ ਅਸੰਭਵ ਹੈ ਕਿ ਜਿਨ੍ਹਾਂ ਲੋਕਾਂ ਨਾਲ ਮੇਰੀ ਮੁਲਾਕਾਤ ਹੋਈ ਸੀ ਉਨ੍ਹਾਂ ਦਾ ਕੀ ਹੋਇਆ।

ਤਾਲਿਬਾਨ ਦੇ ਕਬਜ਼ੇ ਵਾਲੇ ਜ਼ਿਲ੍ਹਿਆਂ ਵਿੱਚ ਮਨੁੱਖੀ ਅਧਿਕਾਰਾਂ ਅਤੇ ਔਰਤਾਂ ਦੇ ਅਧਿਕਾਰਾਂ ਦੀ ਉਲੰਘਣਾ ਨਾਲ ਸੰਬੰਧਿਤ ਵੀ ਕਈ ਰਿਪੋਰਟਾਂ ਹਨ।

ਮੈਂ ਇਹ ਇਲਜ਼ਾਮ ਸੁਣੇ ਹਨ ਕਿ ਔਰਤਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਆਪਣੇ ਪਰਿਵਾਰ ਦੇ ਕਿਸੇ ਮਰਦ ਤੋਂ ਬਿਨਾਂ ਇਕੱਲੇ ਬਾਹਰ ਨਾ ਜਾਣ ਅਤੇ 15 ਸਾਲ ਤੋਂ ਵੱਧ ਉਮਰ ਦੀਆਂ ਲੜਕੀਆਂ ਦਾ ਵਿਆਹ ਜ਼ਬਰਦਸਤੀ ਤਾਲਿਬਾਨ ਦੇ ਲੜਾਕਿਆਂ ਨਾਲ ਕਰਵਾਇਆ ਜਾ ਰਿਹਾ ਹੈ।

ਤਾਲਿਬਾਨ ਸਮੂਹ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ। ਪਿਛਲੇ ਇੱਕ ਸਾਲ ਤੋਂ ਸਮੂਹ ਦਾ ਕਹਿਣਾ ਹੈ ਕਿ ਉਹ ਔਰਤਾਂ ਦੀ ਸਿੱਖਿਆ ਦੇ ਵਿਰੁੱਧ ਨਹੀਂ ਹਨ ਅਤੇ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਵਚਨਬੱਧ ਹਨ।

ਪਰ ਅਫ਼ਗ਼ਾਨਿਸਤਾਨ ਦੇ ਬਹੁਤ ਸਾਰੇ ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਤਾਲਿਬਾਨ ਦੀ ਕਥਨੀ ਅਤੇ ਕਰਨੀ ਵਿੱਚ ਬਹੁਤ ਫਰਕ ਹੈ। ਉਹ ਦੁਨੀਆਂ ਨੂੰ ਜੋ ਕਹਿੰਦੇ ਹਨ ਅਤੇ ਅਸਲ ਵਿੱਚ ਜੋ ਕਰਦੇ ਹਨ, ਉਨ੍ਹਾਂ ਕੰਮਾਂ ਵਿੱਚ ਅੰਤਰ ਹੈ।

ਸੰਸਦ ਦੀ ਮਹਿਲਾ ਮੈਂਬਰ ਫਰਜ਼ਾਨਾ ਕੋਚਾਈ ਨੇ ਕਿਹਾ, ''ਜੇ ਤਾਲਿਬਾਨ ਮੁੜ ਸੱਤਾ ਵਿੱਚ ਆਉਂਦਾ ਹੈ ਤਾਂ ਅਫ਼ਗ਼ਾਨ ਔਰਤਾਂ ਖ਼ਤਮ ਹੋ ਜਾਣਗੀਆਂ।''

ਮੈਂ ਫਰਜ਼ਾਨਾ ਨੂੰ ਉਨ੍ਹਾਂ ਦੇ ਕਾਬੁਲ ਵਾਲੇ ਘਰ ਵਿੱਚ ਮਿਲੀ ਸੀ। ਅਫ਼ਗ਼ਾਨਿਸਤਾਨ ਦੇ ਇੱਕ ਖਾਨਾਬਦੋਸ਼ ਕਬੀਲੇ ਤੋਂ, ਮਹਿਜ਼ 29 ਸਾਲ ਦੀ ਉਮਰ ਵਿੱਚ ਬਿਨਾਂ ਕਿਸੇ ਰਾਜਨੀਤਿਕ ਸੰਬੰਧਾਂ ਦੇ, ਸੰਸਦ ਲਈ ਚੁਣੇ ਜਾਣਾ ਨਾ ਸਿਰਫ਼ ਉਨ੍ਹਾਂ ਦੀ ਸਫਲਤਾ ਸੀ ਬਲਕਿ ਪੂਰੇ ਅਫ਼ਗਾਨਿਸਤਾਨ ਦੀਆਂ ਔਰਤਾਂ ਅਤੇ ਉੱਥੋਂ ਦੇ ਲੋਕਤੰਤਰ ਦੀ ਵੀ ਸਫਲਤਾ ਸੀ।

ਹਾਲਾਂਕਿ ਹੁਣ ਵੀ ਅਫ਼ਗ਼ਾਨ ਸਮਾਜ ਦਾ ਬਹੁਤਾ ਹਿੱਸਾ ਪੁਰਸ਼ ਪ੍ਰਧਾਨ ਅਤੇ ਰੂੜੀਵਾਦੀ ਹੈ ਪਰ ਪਹਿਲਾਂ ਇਹ ਸਥਿਤੀ ਬੇਹੱਦ ਮਾੜੀ ਹੁੰਦੀ ਸੀ।

ਤਾਲਿਬਾਨ ਸ਼ਾਸਨ ਦੌਰਾਨ ਔਰਤਾਂ ਨੂੰ ਸਕੂਲ ਜਾਂ ਕੰਮ 'ਤੇ ਜਾਣ ਦੀ ਇਜਾਜ਼ਤ ਨਹੀਂ ਸੀ। ਉਨ੍ਹਾਂ ਨੂੰ ਆਪਣੇ ਘਰ ਦੇ ਮਰਦਾਂ ਤੋਂ ਬਿਨਾਂ ਘਰੋਂ ਬਾਹਰ ਜਾਣ ਦੀ ਇਜਾਜ਼ਤ ਵੀ ਨਹੀਂ ਸੀ।

ਹੁਣ ਔਰਤਾਂ ਸਰਕਾਰ, ਨਿਆਂਪਾਲਿਕਾ, ਪੁਲਿਸ ਅਤੇ ਮੀਡੀਆ ਵਿੱਚ ਮਹੱਤਵਪੂਰਨ ਅਹੁਦਿਆਂ 'ਤੇ ਕੰਮ ਕਰ ਰਹੀਆਂ ਹਨ।

ਅਫ਼ਗ਼ਾਨਿਸਤਾਨ ਦੀ ਸੰਸਦ ਵਿੱਚ ਮਹਿਲਾਵਾਂ ਦਾ ਅਨੁਪਾਤ ਭਾਰਤ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ।

ਅਫ਼ਗ਼ਾਨਿਸਤਾਨ ਦੀ ਖਾਸ ਹਰੀ ਚਾਹ ਅਤੇ ਫ਼ਰੋਸਟੇਡ ਸ਼ੂਗਰ ਵਾਲੇ ਭੁੰਨੇ ਹੋਏ ਰਵਾਇਤੀ ਬਦਾਮਾਂ ਦਾ ਸੇਵਨ ਕਰਦੇ ਹੋਏ, ਮੈਂ ਫਰਜ਼ਾਨਾ ਨੂੰ ਪੁੱਛਿਆ ਕਿ ਵਿਦੇਸ਼ੀ ਫੌਜਾਂ ਦੀ ਵਾਪਸੀ ਬਾਰੇ ਉਨ੍ਹਾਂ ਦੀ ਕੀ ਰਾਇ ਹੈ?

ਉਨ੍ਹਾਂ ਕਿਹਾ ਕਿ ਉਹ ਗੈਰ-ਜ਼ਿੰਮੇਵਾਰੀ ਵਾਲੇ ਢੰਗ ਨਾਲ ਜਾ ਰਹੇ ਹਨ।

ਉਨ੍ਹਾਂ ਕਿਹਾ, ''20 ਸਾਲਾਂ ਬਾਅਦ ਉਨ੍ਹਾਂ ਨੇ ਤਾਲਿਬਾਨ ਨਾਲ ਸਮਝੌਤਾ ਕੀਤਾ ਅਤੇ ਕਿਹਾ ਕਿ ਤੁਸੀਂ ਜੋ ਚਾਹੋ ਕਰ ਸਕਦੇ ਹੋ। ਇਹ ਅੰਤਰਰਾਸ਼ਟਰੀ ਕਮਿਊਨਿਟੀ ਦੀ ਅਸਫਲਤਾ ਹੈ।''

ਉਨ੍ਹਾਂ ਅੱਗੇ ਕਿਹਾ, ''ਇਹ ਕਾਲੇ ਦਿਨ ਹੋਣਗੇ, ਨਾ ਸਿਰਫ ਔਰਤਾਂ ਲਈ ਬਲਕਿ ਸਾਰੇ ਲੋਕਾਂ ਲਈ ਕਿਉਂਕਿ ਸਾਡੇ ਕੋਲ ਨਾ ਆਵਾਜ਼ ਹੋਵੇਗੀ, ਨਾ ਆਜ਼ਾਦੀ ਅਤੇ ਨਾ ਹੀ ਜੀਵਨ।"

ਜਦੋਂ ਤਾਲਿਬਾਨ ਨੂੰ ਸੱਤਾ ਤੋਂ ਬਾਹਰ ਕੱਢਿਆ ਗਿਆ ਸੀ ਉਸ ਸਮੇਂ ਉਨ੍ਹਾਂ ਵਰਗੇ ਬਹੁਤ ਤਾਂ ਬੱਚੇ ਹੀ ਸਨ। ਜਿਹੜੀ ਆਜ਼ਾਦੀ ਉਨ੍ਹਾਂ ਕੋਲ ਹੈ, ਉਸ ਨੂੰ ਗੁਆਉਣ ਦਾ ਮਤਲਬ ਹੈ ਕਿ ਉਹ ਉਸ ਜੀਵਨ ਨੂੰ ਗੁਆ ਦੇਣਗੇ ਜਿਸ ਨੂੰ ਉਹ ਜਾਣਦੇ ਹਨ।

ਇੱਥੋਂ ਤੱਕ ਕਿ ਜਦੋਂ ਅਫ਼ਗ਼ਾਨ ਲੋਕ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਕੰਮਾਂ ਆਦਿ ਲਈ ਕਾਬੁਲ ਵਰਗੇ ਸੁਰੱਖਿਅਤ ਸਥਾਨਾਂ 'ਤੇ ਜਾਂਦੇ ਹਨ, ਉੱਥੇ ਗਲੀਆਂ ਅਤੇ ਬਾਜ਼ਾਰ ਵਿੱਚ ਹਲਚਲ ਮਹਿਸੂਸ ਕਰਦੇ ਹਨ, ਤਾਂ ਉਨ੍ਹਾਂ ਨੂੰ ਭਵਿੱਖ ਵਿੱਚ ਹੋਣ ਵਾਲੀਆਂ ਬੁਰੀਆਂ ਘਟਨਾਵਾਂ ਦਾ ਅਹਿਸਾਸ ਹੁੰਦਾ ਹੈ ਅਤੇ ਸੰਸਾਰ ਦੁਆਰਾ ਤਿਆਗ ਦਿੱਤੇ ਜਾਣ ਦੀ ਭਾਵਨਾ ਪੈਦਾ ਹੁੰਦੀ ਹੈ।

ਇਹ ਵੀ ਪੜ੍ਹੋ:-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)