ਤਾਲਿਬਾਨ: ਅਫਗਾਨਿਸਤਾਨ ਦੀਆਂ ਇੰਨ੍ਹਾਂ ਔਰਤਾਂ ਨੇ ਕਿਉਂ ਚੁੱਕੇ ਹਥਿਆਰ

    • ਲੇਖਕ, ਅਜ਼ੀਜ਼ੁਲਾਹ ਖ਼ਾਨ
    • ਰੋਲ, ਬੀਬੀਸੀ ਉਰਦੂ ਡੌਟ ਕੋਮ, ਪੇਸ਼ਾਵਰ

"ਅਫ਼ਗਾਨ ਔਰਤਾਂ ਤਾਲਿਬਾਨ ਤੋਂ ਕਿਸੇ ਵੀ ਤਰ੍ਹਾਂ ਦੀ ਭਲਾਈ ਦੀ ਉਮੀਦ ਨਹੀਂ ਰੱਖਦੀਆਂ ਹਨ। ਅਸੀਂ ਨਾ ਤਾਂ ਆਪਣੀ ਯੂਨੀਵਰਸਿਟੀ 'ਚ ਜਾ ਸਕਾਂਗੇ ਅਤੇ ਨਾ ਹੀ ਸਾਨੂੰ ਆਪਣੇ ਕੰਮ 'ਤੇ ਜਾਣ ਦੀ ਇਜਾਜ਼ਤ ਹੋਵੇਗੀ।”

“ਇਸ ਲਈ ਹੁਣ ਔਰਤਾਂ ਸਾਹਮਣੇ ਆਈਆਂ ਹਨ ਅਤੇ ਆਪਣੀ ਅਫ਼ਗਾਨ ਨੈਸ਼ਨਲ ਫੌਜ ਦੇ ਸਮਰਥਨ 'ਚ ਉਤਰੀਆਂ ਹਨ, ਤਾਂ ਕਿ ਤਾਲਿਬਾਨ ਦੀਆਂ ਹਿੰਸਕ ਕਾਰਵਾਈਆਂ 'ਤੇ ਨਕੇਲ ਕੱਸੀ ਜਾ ਸਕੇ।"

ਇਹ ਸ਼ਬਦ ਕਾਬੁਲ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਅਤੇ ਸਮਾਜਿਕ ਕਾਰਕੁਨ ਸਈਦ ਗਜ਼ਨੀਵਾਲ ਦੇ ਹਨ। ਉਹ ਹਥਿਆਰ ਚੁੱਕਣ ਵਾਲੀਆਂ ਔਰਤਾਂ ਦੀ ਹਿਮਾਇਤ ਕਰ ਰਹੀ ਹੈ।

ਉਸ ਦਾ ਕਹਿਣਾ ਹੈ, "ਸਾਨੂੰ ਤਾਲਿਬਾਨ ਦੀਆਂ ਨੀਤੀਆਂ ਅਤੇ ਸਰਕਾਰ ਦੇ ਬਾਰੇ 'ਚ ਚੰਗੀ ਤਰ੍ਹਾਂ ਨਾਲ ਪਤਾ ਹੈ।"

ਅਫਗਾਨਿਸਤਾਨ 'ਚ ਜਾਰੀ ਤਣਾਅ ਦੀ ਸਥਿਤੀ ਅਤੇ ਤਾਲਿਬਾਨ ਦੇ ਵੱਧ ਰਹੇ ਪ੍ਰਭਾਵ ਤੋਂ ਬਾਅਦ, ਦੇਸ਼ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਦੇ ਮੱਦੇਨਜ਼ਰ ਕੁਝ ਔਰਤਾਂ ਵੀ ਪ੍ਰਤੀਕਾਤਮਕ ਰੂਪ ਨਾਲ ਮੈਦਾਨ 'ਚ ਨਿੱਤਰ ਆਈਆਂ ਹਨ।

ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿੰਨ੍ਹਾਂ 'ਚ ਅਫ਼ਗਾਨੀ ਔਰਤਾਂ ਹਥਿਆਰ ਚੁੱਕੀ ਖੜੀਆਂ ਹਨ। ਉਨ੍ਹਾਂ 'ਚੋਂ ਵਧੇਰੇਤਰ ਦੇ ਹੱਥਾਂ 'ਚ ਕਲਾਸ਼ਨੀਕੋਵ ਰਾਈਫਲਾਂ ਅਤੇ ਅਫ਼ਗਾਨਿਸਤਾਨ ਦਾ ਝੰਡਾ ਹੈ।

ਇਹ ਵੀ ਪੜ੍ਹੋ

ਇਹ ਹਥਿਆਰਬੰਦ ਔਰਤਾਂ ਅਫ਼ਗਾਨ ਨੈਸ਼ਨਲ ਫੌਜ ਦੇ ਸਮਰਥਨ 'ਚ ਅੱਗੇ ਆਈਆਂ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਇੱਕਲੇ ਹੀ ਤਾਲਿਬਾਨ ਦਾ ਮੁਕਾਬਲਾ ਨਹੀਂ ਕਰ ਸਕਦੀ ਹੈ, ਇਸ ਲਈ ਉਹ ਆਪਣੀ ਸਰਕਾਰ ਅਤੇ ਫੌਜ ਦੇ ਨਾਲ ਹਨ।

ਸੋਸ਼ਲ ਮੀਡੀਆ 'ਤੇ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਹ ਜੋਜ਼ਜਾਨ ਅਤੇ ਗ਼ੌੜ ਇਲਾਕੇ ਦੀਆਂ ਹਨ। ਹਾਲਾਂਕਿ ਅਫ਼ਗਾਨਿਸਤਾਨ 'ਚ ਔਰਤਾਂ ਦਾ ਇਹ ਪ੍ਰਦਰਸ਼ਨ ਇੰਨ੍ਹਾਂ ਦੋ ਖੇਤਰਾਂ ਤੋਂ ਇਲਾਵਾ ਰਾਜਧਾਨੀ ਕਾਬੁਲ, ਫ਼ਾਰਿਆਬ, ਹੇਰਾਤ ਅਤੇ ਹੋਰਨਾਂ ਸ਼ਹਿਰਾ 'ਚ ਵੀ ਹੋਇਆ ਹੈ।

ਸਈਦਾ ਗਜ਼ਨੀਵਾਲ ਕਾਬੁਲ ਦੀ ਵਸਨੀਕ ਹੈ। ਉਹ ਭਾਵੇਂ ਇਸ ਪ੍ਰਦਰਸ਼ਨ 'ਚ ਸ਼ਾਮਲ ਨਹੀਂ ਸੀ, ਪਰ ਉਹ ਔਰਤਾਂ ਵੱਲੋਂ ਚੁੱਕੇ ਇਸ ਕਦਮ ਦਾ ਪੂਰਾ ਸਮਰਥਨ ਕਰ ਰਹੀ ਹੈ।

ਉਸ ਨੇ ਬੀਬੀਸੀ ਨੂੰ ਦੱਸਿਆ ਕਿ ਤਾਲਿਬਾਨ ਖ਼ਿਲਾਫ਼ ਇੱਕਜੁੱਟ ਹੋਣਾ ਹੀ ਸਮੇਂ ਦੀ ਅਸਲ ਮੰਗ ਹੈ ਅਤੇ ਇਹ ਬਹੁਤ ਹੀ ਸਕਾਰਾਤਮਕ ਪਹਿਲ ਹੈ। ਉਸ ਦਾ ਕਹਿਣਾ ਹੈ, "ਇਹ ਔਰਤਾਂ ਚਾਹੁੰਦੀਆਂ ਹਨ ਕਿ ਹਰ ਕੋਈ ਆਪਣੀ ਆਜ਼ਾਦੀ ਦੇ ਲਈ ਤਾਲਿਬਾਨ ਵੱਲੋਂ ਢਾਏ ਜਾ ਰਹੇ ਜ਼ੁਲਮਾਂ ਅਤੇ ਹਿੰਸਾ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰੇ।"

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

'ਅਫ਼ਗਾਨ ਔਰਤਾਂ ਨੂੰ ਤਾਲਿਬਾਨ 'ਤੇ ਰੱਤੀ ਜਿੰਨ੍ਹਾਂ ਵੀ ਭਰੋਸਾ ਨਹੀਂ'

ਡਾਕਟਰ ਸ਼ੁਕਰੀਆ ਨਿਜ਼ਾਮੀ ਪੰਜਸ਼ੀਰ ਦੀ ਵਸਨੀਕ ਹੈ, ਪਰ ਇੰਨ੍ਹੀ ਦਿਨੀਂ ਉਹ ਕਾਬੁਲ ਵਿਖੇ ਰਹਿ ਰਹੀ ਹੈ। ਉਹ ਅਫਗਾਨਿਸਤਾਨ 'ਚ ਔਰਤਾਂ ਦੇ ਹੱਕਾਂ ਲਈ ਸਰਗਰਮ ਭੂਮਿਕਾ ਨਿਭਾਉਣ ਵਾਲੀਆਂ ਕੁਝ ਔਰਤਾਂ 'ਚੋਂ ਇੱਕ ਹੈ।

ਨਿਜ਼ਾਮੀ ਦਾ ਕਹਿਣਾ ਹੈ ਕਿ ਸਰਕਾਰ ਇੱਕਲਿਆਂ ਕੱਟੜਪੰਥੀਆਂ ਨਾਲ ਨਹੀਂ ਨਜਿੱਠ ਸਕਦੀ ਹੈ, ਇਸ ਲਈ ਸਰਕਾਰ ਨੂੰ ਲੋਕਾਂ ਦੇ ਸਮਰਥਨ ਦੀ ਲੋੜ ਹੈ।

"ਇਸ ਮੌਕੇ ਲੋਕ ਇੱਕਜੁੱਟ ਹਨ ਅਤੇ ਇਹ ਇੱਕ ਵਧੀਆ ਸ਼ਗੁਨ ਹੈ। ਹੁਣ ਜਦੋਂ ਔਰਤਾਂ ਵੀ ਫੌਜ ਨਾਲ ਖੜੀਆਂ ਹੋ ਗਈਆਂ ਹਨ ਤਾਂ ਇਸ ਨਾਲ ਦੇਸ਼ ਦੀ ਫੌਜ ਦੀ ਸ਼ਕਤੀ 'ਚ ਇਜ਼ਾਫਾ ਹੋਵੇਗਾ।"

"ਜਦੋਂ ਤੱਕ ਅਫਗਾਨਿਸਤਾਨ ਪੂਰੀ ਤਰ੍ਹਾਂ ਨਾਲ ਸੁਤੰਤਰ ਨਹੀਂ ਹੋ ਜਾਂਦਾ ਹੈ, ਉਦੋਂ ਤੱਕ ਉਹ ਆਰਾਮ ਨਾਲ ਨਹੀਂ ਬੈਠੇਗੀ, ਕਿਉਂਕਿ 30 ਸਾਲ ਪਹਿਲਾਂ ਦੇਸ਼ ਜਿਸ ਹਨੇਰੇ 'ਚ ਫਸਿਆ ਸੀ, ਅਸੀਂ ਉਸ ਹਨੇਰੇ ਨੂੰ ਇੱਕ ਵਾਰ ਫਿਰ ਨਹੀਂ ਆਉਣ ਦੇਵਾਂਗੇ।"

ਦੇਸ਼ ਦੇ ਬਹੁਤੇ ਜ਼ਿਲ੍ਹਿਆਂ 'ਚ ਅਫ਼ਗਾਨ ਤਾਲਿਬਾਨ ਅਤੇ ਅਫ਼ਗਾਨ ਫੌਜ ਦਰਮਿਆਨ ਟਕਰਾਅ ਜਾਰੀ ਹੈ ਅਤੇ ਦੋਵਾਂ ਹੀ ਧਿਰਾਂ ਵੱਲੋਂ ਆਪੋ ਆਪਣੀ ਸਫਲਤਾ ਅਤੇ ਯੁੱਧ ਰਣਨੀਤੀਆਂ ਦੇ ਦਾਅਵੇ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ:-

ਦੇਸ਼ ਦੇ ਅੰਦਰ ਲੋਕਾਂ 'ਚ ਡਰ ਹੈ ਅਤੇ ਤਾਲਿਬਾਨ ਵੱਲੋਂ ਕੀਤੇ ਜਾ ਰਹੇ ਜਿੱਤ ਦੇ ਦਾਅਵਿਆਂ ਦੇ ਕਾਰਨ ਵੀ ਔਰਤਾਂ ਮਹਿਸੁਸ ਕਰ ਰਹੀਆਂ ਹਨ ਕਿ ਕਿਤੇ ਇੱਕ ਵਾਰ ਫਿਰ ਤਾਲਿਬਾਨ ਆਪਣਾ ਦਬਦਬਾ ਕਾਇਮ ਨਾ ਕਰ ਲਵੇ ਅਤੇ ਦੇਸ਼ 'ਚ ਮੁੜ ਪਹਿਲੇ ਵਾਲਾ ਦੌਰ ਨਾ ਆ ਜਾਵੇ।

ਜਦੋਂ ਤਾਲਿਬਾਨ ਸੱਤਾ 'ਚ ਸੀ, ਉਸ ਸਮੇਂ ਔਰਤਾਂ 'ਤੇ ਹੋਣ ਵਾਲੇ ਤਸ਼ੱਦਦ ਅਤੇ ਅਤਿਆਚਾਰ ਦੀਆਂ ਘਟਨਾਵਾਂ 'ਚ ਦਿਨੋ ਦਿਨ ਵਾਧਾ ਦਰਜ ਕੀਤਾ ਗਿਆ ਸੀ।

ਸਈਦਾ ਗਜ਼ਨੀਵਾਲ ਦਾ ਕਹਿਣਾ ਹੈ ਕਿ ਕਤਰ 'ਚ ਸਥਿਤ ਤਾਲਿਬਾਨ ਦੇ ਰਾਜਨੀਤਿਕ ਦਫ਼ਤਰ ਅਤੇ ਅਫ਼ਗਾਨਿਸਤਾਨ 'ਚ ਹਥਿਆਰਬੰਦ ਕਾਰਵਾਈਆਂ 'ਚ ਸ਼ਾਮਲ ਤਾਲਿਬਾਨ 'ਚ ਕੋਈ ਅੰਤਰ ਨਹੀਂ ਹੈ। ਦੋਵੇਂ ਹੀ ਇੱਕ ਸਮਾਨ ਹਨ।

"ਸਾਨੂੰ ਤਾਲਿਬਾਨ 'ਤੇ ਬਿਲਕੁੱਲ ਵੀ ਭਰੋਸਾ ਨਹੀਂ ਹੈ, ਕਿਉਂਕਿ ਅਸੀਂ ਤਾਲਿਬਾਨ ਦੇ ਇਤਿਹਾਸ ਅਤੇ ਸ਼ਾਸਨ ਤੋਂ ਭਲੀ ਭਾਂਤੀ ਜਾਣੂ ਹਾਂ। ਇਹ ਜੰਗ ਖ਼ਤਮ ਨਹੀਂ ਹੋਵੇਗੀ ਅਤੇ ਦੇਸ਼ ਬਰਬਾਦੀ ਦੀ ਰਾਹ 'ਤੇ ਅੱਗੇ ਵੱਧ ਜਾਵੇਗਾ।"

ਕੀ ਤਾਲਿਬਾਨ ਫਿਰ ਜ਼ਬਰਦਸਤੀ ਵਾਲੀਆਂ ਨੀਤੀਆਂ ਅਪਣਾਉਣਗੇ?

ਕਤਰ ਸਥਿਤ ਤਾਲਿਬਾਨ ਦੇ ਰਾਜਨੀਤਿਕ ਦਫ਼ਤਰ ਦੇ ਤਰਜਮਾਨ ਸੁਹੈਲ ਸ਼ਾਹੀਨ ਤੋਂ ਜਦੋਂ ਔਰਤਾਂ ਦੇ ਲਈ ਤਾਲਿਬਾਨ ਦੀ ਨੀਤੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਔਰਤਾਂ ਨੂੰ ਸਿੱਖਿਆ ਅਤੇ ਕੰਮ ਕਰਨ ਦੀ ਪੂਰੀ ਆਜ਼ਾਦੀ ਹੋਵੇਗੀ, ਪਰ ਉਨ੍ਹਾਂ ਲਈ ਇਸਲਾਮੀ ਢੰਗ ਤਰੀਕਿਆਂ ਨੂੰ ਆਪਣਾਉਣਾ ਲਾਜ਼ਮੀ ਹੋਵੇਗਾ ਅਤੇ ਹਿਜਾਬ ਵੀ ਪਹਿਣਨਾ ਪਵੇਗਾ।

ਉਨ੍ਹਾਂ ਅੱਗੇ ਕਿਹਾ ਕਿ ਤਾਲਿਬਾਨ ਵੱਲੋਂ ਕਿਸੇ ਵੀ ਤਰ੍ਹਾਂ ਦੀਆਂ ਪਾਬੰਦੀਆਂ ਨਹੀਂ ਲਗਾਈਆਂ ਜਾਣਗੀਆਂ ਅਤੇ ਸਾਰੇ ਅਦਾਰੇ ਇਸਲਾਮੀ ਪਰੰਪਰਾ ਅਤੇ ਸ਼ੈਲੀ ਦੀ ਤਰਜ਼ 'ਤੇ ਕੰਮ ਕਰਨਾ ਜਾਰੀ ਰੱਖ ਸਕਦੇ ਹਨ।

ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਪਹਿਲਾਂ ਜਦੋਂ ਜੋ ਔਰਤਾਂ ਹਿਜਾਬ ਨਹੀਂ ਪਹਿਣਦੀਆਂ ਸਨ, ਉਨ੍ਹਾਂ ਨੂੰ ਸਜ਼ਾ ਦਾ ਹੱਕਦਾਰ ਮੰਨਿਆਂ ਜਾਂਦਾ ਸੀ। ਕੀ ਹੁਣ ਵੀ ਹਿਜਾਬ ਨਾ ਪਾਉਣ ਵਾਲੀਆਂ ਔਰਤਾਂ ਨਾਲ ਪਹਿਲਾਂ ਵਾਲਾ ਹੀ ਵਤੀਰਾ ਕੀਤਾ ਜਾਵੇਗਾ?

ਸ਼ਾਹੀਨ ਨੇ ਜਵਾਬ ਦਿੱਤਾ ਕਿ ਇਸ ਸਬੰਧੀ ਫ਼ੈਸਲਾ ਸਮਾਂ ਆਉਣ 'ਤੇ ਉਨ੍ਹਾਂ ਦੀ ਸਰਕਾਰ ਵੱਲੋਂ ਲਿਆ ਜਾਵੇਗਾ। ਹਾਲ ਦੇ ਸਮੇਂ ਉਹ ਇਸ ਬਾਰੇ ਵਧੇਰੇ ਕੁਝ ਨਹੀਂ ਕਹਿ ਸਕਦੇ ਹਨ।

ਅਫ਼ਗਾਨ ਤਾਲਿਬਾਨ ਨੇ ਇੱਕ ਅਜਿਹਾ ਸੰਦੇਸ਼ ਵੀ ਜਾਰੀ ਕੀਤਾ ਹੈ, ਜਿਸ 'ਚ ਮੀਡੀਆ ਰਿਪੋਰਟਾਂ ਨੂੰ ਝੂਠਾ ਅਤੇ ਨਕਾਰਾਤਮਕ ਪ੍ਰਚਾਰ ਦੱਸਿਆ ਗਿਆ ਹੈ।

ਸ਼ਾਹੀਨ ਨੇ ਇੱਕ ਬਿਆਨ ਜ਼ਰੀਏ ਕਿਹਾ ਹੈ ਕਿ ਇਹ ਧਾਰਨਾ ਗਲਤ ਹੈ ਕਿ ਜਿੰਨ੍ਹਾਂ ਖੇਤਰਾਂ 'ਤੇ ਤਾਲਿਬਾਨ ਦਾ ਕਬਜ਼ਾ ਹੋ ਚੁੱਕਾ ਹੈ, ਉਨ੍ਹਾਂ ਇਲਾਕਿਆਂ 'ਚ ਮੀਡੀਆ ਕਰਮੀਆਂ ਅਤੇ ਔਰਤਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਬਿਆਨ 'ਚ ਕਿਹਾ ਗਿਆ ਹੈ, " ਇੰਨ੍ਹਾਂ ਖੇਤਰਾਂ 'ਚ ਨਾਗਰਿਕਾਂ ਨੂੰ ਪੂਰੀ ਆਜ਼ਾਦੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਨਹੀਂ ਲਗਾਈ ਹੈ।"

ਬਿਆਨ 'ਚ ਇਹ ਵੀ ਕਿਹਾ ਗਿਆ ਹੈ ਕਿ ਇਹ ਸਿਰਫ ਪ੍ਰੋਪੇਗੇਂਡਾ/ ਗਲਤ ਪ੍ਰਚਾਰ ਹੈ। ਇੰਨ੍ਹਾਂ ਖੇਤਰਾਂ ਦੇ ਲੋਕ ਇਸਲਾਮ ਦੇ ਦਾਇਰੇ 'ਚ ਰਹਿ ਕੇ ਆਪਣਾ ਰੋਜ਼ਾਨਾ ਦਾ ਜੀਵਨ ਜੀਅ ਰਹੇ ਹਨ।

ਔਰਤਾਂ ਕਿਸ ਨੂੰ ਅਤੇ ਕੀ ਸੁਨੇਹਾ ਦੇਣਾ ਚਾਹੁੰਦੀਆਂ ਹਨ?

ਮੌਜੂਦਾ ਸਥਿਤੀ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਅਫ਼ਗਾਨ ਔਰਤਾਂ ਨੇ ਹਥਿਆਰ ਚੁੱਕੇ ਹਨ। ਸਥਾਨਕ ਪੱਤਰਕਾਰਾਂ ਦੇ ਅਨੁਸਾਰ ਜ਼ਾਹਰ ਹੈ ਕਿ ਇਹ ਇੱਕ ਸੰਕੇਤਿਕ ਸੁਨੇਹਾ ਹੈ। ਪਰ ਔਰਤਾਂ ਵੱਲੋਂ ਹੱਥਾਂ 'ਚ ਹਥਿਆਰ ਚੁੱਕ ਕੇ ਸੜਕਾਂ 'ਤੇ ਰੋਸ ਪ੍ਰਦਰਸ਼ਨ ਕਰਨ ਦਾ ਮਕਸਦ ਵਿਰੋਧੀਆਂ ਜਾਨੀ ਕਿ ਤਾਲਿਬਾਨ ਦੇ ਖ਼ਿਲਾਫ਼ ਸਖ਼ਤ ਪ੍ਰਤੀਕ੍ਰਿਆ ਨੂੰ ਪ੍ਰਗਟ ਕਰਨਾ ਹੈ।

ਕਾਬੁਲ ਦੇ ਇੱਕ ਪੱਤਰਕਾਰ ਅਸਦ ਸਮੀਮ ਨੇ ਬੀਬੀਸੀ ਨੂੰ ਦੱਸਿਆ ਕਿ ਅਫ਼ਗਾਨ ਔਰਤਾਂ ਵੱਲੋਂ ਹਥਿਆਰ ਚੁੱਕਣ ਦਾ ਕਦਮ ਦੋ ਵੱਖ-ਵੱਖ ਸੁਨੇਹੇ ਦਿੰਦਾ ਹੈ। ਇੱਕ ਸੰਦੇਸ਼ ਤਾਂ ਆਪਣੀ ਸਰਕਾਰ ਅਤੇ ਸੈਨਾ ਲਈ ਹੈ, ਕਿ ਔਰਤਾਂ ਉਨ੍ਹਾਂ ਦੇ ਸਮਰਥਨ 'ਚ ਹਨ ਅਤੇ ਇਹ ਸਮਰਥਨ ਦੇਸ਼ ਦੀ ਸੈਨਾ ਨੂੰ ਵਧੇਰੇ ਸ਼ਕਤੀਸ਼ਾਲੀ ਅਤੇ ਮਜ਼ਬੂਤ ਬਣਾਉਂਦਾ ਹੈ।

ਦੂਜਾ ਸੁਨੇਹਾ ਕੌਮਾਂਤਰੀ ਪੱਧਰ 'ਤੇ ਗੁਆਂਢੀ ਮੁਲਕਾਂ ਲਈ ਹੈ ਕਿ ਅਫ਼ਗਾਨਿਸਤਾਨ 'ਚ ਔਰਤਾਂ ਤਾਲਿਬਾਨ ਦੀ ਸਰਕਾਰ ਨਹੀਂ ਚਾਹੁੰਦੀਆਂ ਹਨ ਅਤੇ ਇਸ ਲਈ ਉਹ ਸਰਕਾਰ ਦੀ ਹਿਮਾਇਤ 'ਚ ਨਿੱਤਰੀਆਂ ਹਨ।

ਅਫ਼ਗਾਨ ਤਾਲਿਬਾਨ ਵੱਲੋਂ ਵਾਰ-ਵਾਰ ਇਹ ਕਿਹਾ ਜਾ ਰਿਹਾ ਹੈ ਕਿ ਤਾਲਿਬਾਨ ਕਿਸੇ ਨੂੰ ਵੀ ਕੁਝ ਨਹੀਂ ਕਹਿਣਗੇ ਅਤੇ ਜੋ ਕੰਮ ਜਿਵੇਂ ਵੀ ਚੱਲ ਰਿਹਾ ਹੈ, ਉਹ ਆਪਣੀ ਲੀਹ 'ਤੇ ਜਾਰੀ ਰਹੇਗਾ। ਜੋ ਐਨਜੀਓ ਜਾਂ ਵਿਕਾਸ ਕਾਰਜ ਕੀਤੇ ਜਾ ਰਹੇ ਹਨ, ਉਨ੍ਹਾਂ ਦਾ ਕੰਮ ਵੀ ਜਾਰੀ ਰਹੇਗਾ।

ਅਫ਼ਗਾਨ ਔਰਤਾਂ ਲਈ ਵਰਤਮਾਨ ਸਥਿਤੀ ਇੱਕ ਵਾਰ ਫਿਰ ਵੱਡੇ ਇਮਤਿਹਾਨ ਦੀ ਤਰ੍ਹਾਂ ਹੈ। ਇਸ ਤੋਂ ਪਹਿਲਾਂ ਵੀ ਜਦੋਂ ਵੱਡੀ ਗਿਣਤੀ 'ਚ ਲੋਕਾਂ ਨੇ ਅਫ਼ਗਾਨਿਸਤਾਨ ਤੋਂ ਪਰਵਾਸ ਕੀਤਾ ਸੀ ਤਾਂ, ਉਸ ਸਮੇਂ ਵੀ ਔਰਤਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਗੁਆਂਢੀ ਮੁਲਕਾਂ 'ਚ ਵੀ ਅਫ਼ਗਾਨ ਔਰਤਾਂ ਨੂੰ ਕਈ ਦੁੱਖ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ ਸੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)