You’re viewing a text-only version of this website that uses less data. View the main version of the website including all images and videos.
ਰਿਚਰਡ ਬ੍ਰੈਨਸਨ: ਧਰਤੀ ਤੋਂ ਪੁਲਾੜ ਆਪਣੇ ਵਾਹਨ 'ਚ ਪਹੁੰਚੇ ਤੇ ਸਵਾ ਘੰਟੇ 'ਚ ਮੁੜੇ ਕਾਰੋਬਾਰੀ ਦਾ ਤਜਰਬਾ ਕੀ ਕਹਿੰਦਾ
ਅਰਬਪਤੀ ਰਿਚਰਡ ਬ੍ਰੈਨਸਨ ਪੂਰੀ ਸਫ਼ਲਤਾ ਨਾਲ ਆਪਣੇ ਖ਼ੁਦ ਦੇ ਵਰਜਿਨ ਗੈਲੈਕਟਿਕ ਰੌਕਟ ਪਲੇਨ ਰਾਹੀਂ ਪੁਲਾੜ ਵਿੱਚ ਪਹੁੰਚ ਗਏ ਅਤੇ ਧਰਤੀ 'ਤੇ ਮੁੜ ਵਾਪਿਸ ਵੀ ਆ ਗਏ।
ਯੂਕੇ ਦੇ ਕਾਰੋਬਾਰੀ ਰਿਚਰਡ ਨੇ ਅਮਰੀਕਾ ਦੇ ਨਿਊ ਮੈਕਸਿਕੋ ਤੋਂ ਜਿਸ ਪੁਲਾੜ ਵਾਹਨ ਵਿੱਚ ਉਡਾਨ ਭਰੀ ਉਹ ਉਨ੍ਹਾਂ ਦੀ ਕੰਪਨੀ ਨੇ 17 ਸਾਲਾਂ ਵਿੱਚ ਵਿਕਸਿਤ ਕੀਤਾ ਹੈ।
ਰਿਚਰਡ ਬ੍ਰੈਨਸਨ ਨੇ ਇਸ ਸਫ਼ਰ ਬਾਰੇ ਕਿਹਾ, ''ਪੂਰੀ ਜ਼ਿੰਦਗੀ ਲਈ ਤਜਰਬਾ ਹੈ।''
ਇਹ ਵੀ ਪੜ੍ਹੋ:
ਉਡਾਨ ਭਰਨ ਤੋਂ ਕਰੀਬ ਸਵਾ ਘੰਟੇ ਬਾਅਦ ਰਿਚਰਡ ਤੇ ਉਨ੍ਹਾਂ ਦੀ ਟੀਮ ਸਫ਼ਲ ਯਾਤਰਾ ਕਰਕੇ ਧਰਤੀ ਉੱਤੇ ਆ ਗਈ।
ਰਿਚਰਡ ਬ੍ਰੈਨਸਨ ਨੇ ਕਿਹਾ, ''ਜਦੋਂ ਮੈਂ ਬੱਚਾ ਹੁੰਦਾ ਸੀ ਉਦੋਂ ਤੋਂ ਹੀ ਇਸ ਪਲ ਦਾ ਸੁਪਨਾ ਲਿਆ ਸੀ, ਪਰ ਸੱਚ ਕਹਾਂ ਤਾਂ ਤੁਹਾਨੂੰ ਪੁਲਾੜ ਤੋਂ ਧਰਤੀ ਨੂੰ ਦੇਖਣ ਲਈ ਕੋਈ ਤਿਆਰ ਨਹੀਂ ਕਰ ਸਕਦਾ। ਇਹ ਸਾਰਾ ਤਜਰਬਾ ਇੱਕ ਜਾਦੂ ਸੀ।''
ਧਰਤੀ ਤੋਂ ਪੁਲਾੜ ਤੱਕ ਦੇ ਇਸ ਸਫ਼ਰ ਨੇ ਰਿਚਰਡ ਨੂੰ ਨਿਊ ਸਪੇਸ ਟੂਰਿਜ਼ਮ ਵਿੱਚ ਖ਼ੁਦ ਦੇ ਵਾਹਨ ਰਾਹੀਂ ਜਾਣ ਵਾਲਿਆਂ ਵਿੱਚ ਮੋਢੀ ਬਣਾ ਦਿੱਤਾ ਹੈ। ਰਿਚਰਡ ਨੇ ਐਮੇਜ਼ੋਨ ਦੇ ਜੈਫ਼ ਬੇਜੋਸ ਅਤੇ ਸਪੇਸ ਐਕਸ ਦੇ ਐਲਨ ਮਸਕ ਨੂੰ ਵੀ ਪਛਾੜ ਦਿੱਤਾ ਹੈ।
ਰਿਚਰਡ ਬ੍ਰੈਨਸਨ ਜਿਸ ਵਾਹਨ ਰਾਹੀਂ ਪੁਲਾੜ ਗਏ ਉਸ ਦਾ ਨਾਮ 'ਯੂਨਿਟੀ' ਹੈ ਅਤੇ ਰਿਚਰਡ ਇਸ ਰਾਹੀਂ 85 ਕਿਲੋਮੀਟਰ ਉੱਤੇ ਤੱਕ ਗਏ।
ਕਾਰੋਬਾਰੀ ਰਿਚਰਡ ਬ੍ਰੈਨਸਨ ਦੇ ਨਾਲ ਕੁੱਲ ਪੰਜ ਮੈਂਬਰ ਵੀ ਸਨ। ਵਾਹਨ ਨੂੰ ਚਲਾਉਣ ਵਾਲੇ ਦੋ ਪਾਇਲਟ ਡੇਵ ਮੈਕੇ ਅਤੇ ਮਾਇਕਲ ਮਾਸੁਸੀ ਸਨ। ਇਸ ਤੋਂ ਇਲਾਵਾ ਬੇਥ ਮੋਸਿਸ, ਕੋਲਿਨ ਬੈਨੇਟ ਅਤੇ ਭਾਰਤੀ ਮੂਲ ਦੀ ਸਿਰੀਸ਼ਾ ਬਾਂਦਲਾ ਸਨ।
ਰਿਚਰਡ ਨੇ ਇਸ ਨੂੰ ਪੁਲਾੜ-ਸੈਰ-ਸਪਾਟੇ ਲਈ ਕੀਤਾ ਗਿਆ ਇੱਕ ਤਜਰਬਾ ਦੱਸਿਆ। ਉਮੀਦ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਕੰਪਨੀ ਇਸ ਦੀਆਂ ਟਿਕਟਾਂ ਅਗਲੇ ਸਾਲ ਤੋਂ ਵੇਚਣੀਆਂ ਸ਼ੁਰੂ ਕਰ ਦੇਵੇਗੀ।
ਰਿਚਰਡ ਨੇ ਕਿਹਾ, ''ਮੇਰੇ ਕੋਲ ਨੋਟਬੁੱਕ ਸੀ ਤੇ ਮੈਂ 30-40 ਅਜਿਹੀਆਂ ਛੋਟੀਆਂ ਚੀਜ਼ਾਂ ਬਾਰੇ ਲਿਖਿਆ ਹੈ ਜੋ ਪੁਲਾੜ ਵਿੱਚ ਜਾਣ ਵਾਲੇ ਅਗਲੇ ਸ਼ਖ਼ਸ ਲਈ ਸਹਾਈ ਹੋਣਗੀਆਂ।''
ਲਗਭਗ 600 ਲੋਕਾਂ ਨੇ ਐਡਵਾਂਸ ਬੁਕਿੰਗ ਕਰਵਾ ਵੀ ਲਈ ਹੈ ਅਤੇ ਢਾਈ ਲੱਖ ਡਾਲਰ ਦੀ ਰਾਸ਼ੀ ਕੰਪਨੀ ਕੋਲ ਜਮ੍ਹਾਂ ਵੀ ਕਰਵਾ ਦਿੱਤੀ ਹੈ।
ਇਹ ਸਾਰੇ ਜਿਗਿਆਸੂ, ਇੰਨੀ ਉਚਾਈ ਤੱਕ ਜਾਣਾ ਚਾਹੁੰਦੇ ਹਨ ਜਿੱਥੋਂ ਉਹ ਪੁਲਾੜ ਦੇ ਹਨੇਰੇ ਵਿੱਚ ਦਾਖ਼ਲ ਹੋ ਜਾਣ ਅਤੇ ਧਰਤੀ ਦੀ ਗੋਲਾਈ ਦਾ ਨਜ਼ਾਰਾ ਦੇਖ ਸਕਣ।
ਇਹ ਵੀ ਪੜ੍ਹੋ:
ਇਸ ਉਡਾਨ ਵਿੱਚ ਉਨ੍ਹਾਂ ਨੂੰ ਪੰਜ ਮਿੰਟ ਲਈ ਭਾਰਹੀਣਤਾ ਦਾ ਅਹਿਸਾਸ ਵੀ ਕਰਵਾਇਆ ਜਾਵੇਗਾ। ਭਾਰਹੀਣ ਹੋ ਕੇ ਉਹ ਯੂਨਿਟੀ ਵਿੱਚ ਪੁਲਾੜ ਯਾਤਰੀਆਂ ਵਾਂਗ ਤੈਰ ਸਕਣਗੇ।
ਰਿਚਰਡ ਨੂੰ ਇਸ ਮੁਕਾਮ ਤੱਕ ਪਹੁੰਚਣ ਲਈ ਲੰਬਾ ਪੈਂਡਾ ਤੈਅ ਕਰਨਾ ਪਿਆ ਹੈ। ਉਨ੍ਹਾਂ ਨੇ ਸਾਲ 2004 ਵਿੱਚ ਇਸ ਯੋਜਨਾ ਦਾ ਐਲਾਨ ਕੀਤਾ ਸੀ ਅਤੇ ਕਿਹਾ ਸੀ ਕਿ 2007 ਤੱਕ ਉਹ ਪੁਲਾੜ ਵਿੱਚ ਸੈਲਾਨੀ ਭੇਜਣੇ ਸ਼ੁਰੂ ਕਰ ਦੇਣਗੇ।
ਸਾਲ 2014 ਦੌਰਾਨ ਇੱਕ ਤਕਨੀਕੀ ਖ਼ਰਾਬੀ ਅਤੇ ਭਿਆਨਕ ਕਰੈਸ਼ ਦੀ ਵਜ੍ਹਾ ਕਰਕੇ ਪ੍ਰੋਜੈਕਟ ਨੂੰ ਕੁਝ ਦੇਰ ਲਈ ਰੋਕਣਾ ਵੀ ਪਿਆ।
ਐਤਵਾਰ ਦੀ ਉਡਾਨ ਤੋਂ ਪਹਿਲਾਂ ਰਿਚਰਡ ਨੇ ਬੀਬੀਸੀ ਨੂੰ ਦੱਸਿਆ, "ਮੈਂ ਨਿੱਕੇ ਹੁੰਦੇ ਤੋਂ ਹੀ ਪੁਲਾੜ ਵਿੱਚ ਜਾਣਾ ਚਾਹੁੰਦਾ ਸੀ। ਮੈਂ ਹੋਰ ਵੀ ਸੈਂਕੜੇ-ਹਜ਼ਾਰਾਂ ਲੋਕਾਂ ਨੂੰ ਪੁਲਾੜ ਵਿੱਚ ਜਾ ਸਕਣ ਦੇ ਸਮਰੱਥ ਕਰਨ ਦੀ ਉਮੀਦ ਵੀ ਰੱਖਦਾ ਸੀ।"
''ਉਹ ਪੁਲਾੜ ਵਿੱਚ ਕਿਉਂ ਨਾ ਜਾਣ? ਪੁਲਾੜ ਵਿਲੱਖਣ ਹੈ ਤੇ ਬ੍ਰਹਿਮੰਡ ਬਹੁਤ ਸ਼ਾਹਕਾਰ ਹੈ। ਮੈਂ ਚਾਹੁੰਦਾ ਹਾਂ ਕਿ ਲੋਕ ਪਿੱਛੇ ਮੁੜ ਕੇ ਸਾਡੀ ਧਰਤੀ ਵੱਲ ਦੇਖਣ ਅਤੇ ਵਾਪਸ ਆ ਕੇ ਇਸ ਦਾ ਧਿਆਨ ਰੱਖਣ ਲਈ ਜਾਦੂ ਵਰਗਾ ਕੰਮ ਕਰਨ।"
ਇੱਕ ਦਹਾਕੇ ਦੀ ਖੜੋਤ ਮਗਰੋਂ ਪੁਲਾੜੀ - ਸੈਰ-ਸਪਾਟੇ ਦੇ ਖੇਤਰ ਵਿੱਚ ਮੁੜ ਤੋਂ ਚਿਣਗ ਜਾਗੀ ਹੈ।
ਸਾਲ 2000ਵਿਆਂ ਦੇ ਦਹਾਕੇ ਦੌਰਾਨ, ਕੌਮਾਂਤਰੀ ਸਪੇਸ ਸਟੇਸ਼ਨ ਉੱਪਰ ਜਾਣ ਲਈ ਸੱਤ ਧਨ ਕੁਬੇਰਾਂ ਨੇ ਪੈਸੇ ਚੁਕਾਏ ।
ਫਿਰ ਸਾਲ 2009 ਵਿੱਚ ਰੂਸੀ ਪੁਲਾੜ ਏਜੰਸੀ ਵੱਲੋਂ ਚਲਾਇਆ ਗਿਆ ਇਹ ਪ੍ਰੋਗਰਾਮ ਬੰਦ ਹੋ ਗਿਆ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਸਮੇਂ ਰਿਚਰਡ ਦੇ ਪ੍ਰੋਜੈਕਟ ਤੋਂ ਇਲਾਵਾ, ਐਮੇਜ਼ੋਨ ਦੇ ਮੁਖੀ ਜੈਫ਼ ਬੇਜ਼ੋਸ ਅਤੇ ਐਲਨ ਮਸਕ ਸਮੇਤ ਕੁਝ ਨਵੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।
ਰੂਸ ਵੀ ਕੌਮਾਂਤਰੀ ਪੁਲਾੜ ਸਟੇਸ਼ਨ ਉੱਪਰ ਇੱਕ ਕਾਰੋਬਾਰੀ ਉਡਾਨ ਭੇਜਣ ਦੀ ਮੁੜ ਤੋਂ ਕੋਸ਼ਿਸ਼ ਕਰ ਰਿਹਾ ਹੈ।
ਅਜਿਹੇ ਵੀ ਲੋਕ ਹਨ ਜੋ ਉੱਥੋਂ ਤੱਕ ਵਿਸ਼ੇਸ਼ ਨਿੱਜੀ ਉਡਾਨਾ ਭੇਜਣ ਲਈ ਅੱਡੀਆਂ ਚੁੱਕ ਰਹੇ ਹਨ।
ਇਨ੍ਹਾਂ ਵਿੱਚੋਂ ਇੱਕ ਕੰਪਨੀ ਤਾਂ ਕੌਮਾਂਤਰੀ ਪੁਲਾੜ ਸਟੇਸ਼ਨ ਬਾਰੇ ਨਾਸਾ ਦੇ ਸਾਬਕਾ ਪ੍ਰੋਗਰਾਮ ਮੈਨੇਜਰ ਦੀ ਹੈ।
ਰਿਚਰਡ ਨੂੰ ਜੈਫ਼ ਵੱਲੋਂ ਉਡਾਨ ਤੋਂ ਪਹਿਲਾਂ ਇੱਕ ਸ਼ੁਭ ਕਾਮਨਾ ਸੰਦੇਸ਼ ਵੀ ਹਾਸਲ ਹੋਇਆ। ਹਾਲਾਂਕਿ ਦੋਵਾਂ ਵਿੱਚ ਸਖ਼ਤ ਸ਼ਰੀਕੇਬਾਜ਼ੀ ਹੈ।
ਇਸ ਤੋਂ ਇੱਕ ਦਿਨ ਪਹਿਲਾਂ ਜੈਫ਼ ਦੀ ਪੁਲਾੜ ਕੰਪਨੀ ਓਰੀਜੀਨ ਬਲਿਊ ਨੇ ਇੱਕ ਟਵੀਟ ਕਰਕੇ ਰਿਚਰਡ ਦੇ ਵਾਹਨ ਦਾ ਮਜ਼ਾਕ ਬਣਾਇਆ ਸੀ।
ਲਿਖਿਆ ਗਿਆ ਕਿ ਇਸ ਵਾਹਨ ਵਿੱਚ ਜਾਣ ਵਾਲਾ ਕੋਈ ਵੀ ਯਾਤਰੀ ਉਸ ਜਾਦੂਈ ਸਰਹੱਦ ਤੱਕ ਨਹੀਂ ਪਹੁੰਚ ਸਕੇਗਾ ਜਿੱਥੋਂ ਕਿ ਪੁਲਾੜ ਸ਼ੁਰੂ ਹੁੰਦਾ ਹੈ। ਭਾਵ 100 ਕਿੱਲੋਮੀਟਰ ਦੀ ਉਚਾਈ ਤੱਕ।
ਹਾਲਾਂਕਿ ਅਮਰੀਕੀ ਸਰਕਾਰ ਮੰਨਦੀ ਹੈ ਕਿ ਪੁਲਾੜ ਧਰਤੀ ਤੋਂ 80 ਕਿੱਲੋਮੀਟਰ ਦੀ ਉਚਾਈ ਤੋਂ ਸ਼ੁਰੂ ਹੁੰਦਾ ਹੈ।
ਅਮਰੀਕਾ ਦੀ ਸਰਕਾਰ ਇਸ ਉਚਾਈ ਤੱਕ ਪਹੁੰਚਣ ਵਾਲੇ ਵਿਅਕਤੀ ਨੂੰ ਐਸਟਰੋਨੈਟ ਵਿੰਗਸ ਪ੍ਰਦਾਨ ਕਰਦੀ ਹੈ।
ਰਿਚਰਡ ਤੋਂ ਪਹਿਲਾਂ ਸਿਰਫ਼ 580 ਜਣੇ ਇਸ ਉਚਾਈ ਤੋਂ ਉੱਪਰ ਪਹੁੰਚ ਸਕੇ ਹਨ।
ਯੂਨਿਟੀ ਇੱਕ ਸਬ-ਔਰਬਿਟਲ ਵਾਹਨ ਹੈ। ਭਾਵ ਕਿ ਇਸ ਵਿੱਚ ਉਹ ਗ਼ਤੀ ਅਤੇ ਉਚਾਈ ਹਾਸਲ ਕਰਨ ਦੀ ਸਮਰੱਥਾ ਨਹੀਂ ਹੈ ਜੋ ਇਸ ਨੂੰ ਉਸ ਉਚਾਈ ਉੱਪਰ ਕਾਇਮ ਰੱਖ ਸਕੇ ਅਤੇ ਇਹ ਧਰਤੀ ਦਾ ਚੱਕਰ ਲਗਾ ਸਕੇ।
ਇਹ ਵਾਹਨ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਯਾਤਰੀਆਂ ਨੂੰ ਪੁਲਾੜੀ ਨਜ਼ਾਰੇ ਦਿਸਣ ਅਤੇ ਉੱਪਰ ਕੁਝ ਸਮਾਂ ਮਿਲੇ ਜਿੱਥੇ ਉਹ ਭਾਰਹੀਣਤਾ ਵਿੱਚ ਗੋਤੇ ਲਗਾ ਸਕਣ।
ਯੂਨਿਟੀ ਨੂੰ ਇੱਕ ਬਹੁਤ ਵੱਡੇ ਦੂਸਰੇ ਰਾਕਟ ਨਾਲ ਬੰਨ੍ਹ ਕੇ ਪਹਿਲਾਂ 15 ਕਿੱਲੋਮੀਟਰ ਦੀ ਉਚਾਈ ਤੱਕ ਪਹੁੰਚਾਇਆ ਗਿਆ। ਉੱਥੋਂ ਅੱਗੇ ਇਸ ਨੇ ਆਪਣਾ ਸਫ਼ਰ ਸ਼ੁਰੂ ਕੀਤਾ।
ਯੂਨਿਟੀ ਵੱਧੋ-ਵੱਧ 90 ਕਿੱਲੋਮੀਟਰ ਦੀ ਉਚਾਈ ਹਾਸਲ ਕਰ ਸਕਦਾ ਹੈ। ਜਿੱਥੇ ਜਾ ਕੇ ਯਾਤਰੀ ਆਪਣੀ ਕੁਰਸੀ ਦੀ ਪੇਟੀ ਖੋਲ੍ਹ ਸਕਦੇ ਹਨ ਅਤੇ ਬਾਹਰ ਦੇ ਨਜ਼ਾਰੇ ਮਾਣ ਸਕਦੇ ਹਨ।
ਵਾਪਸ ਆਉਣ ਤੋਂ ਪਹਿਲਾਂ ਯੂਨਿਟੀ ਆਪਣੇ ਖੰਭ ਸਮੇਟ ਲੈਂਦਾ ਹੈ ਅਤੇ ਫਿਰ ਸਥਿਰ ਗਤੀ ਨਾਲ ਧਰਤੀ ਵੱਲ ਵਧਦਾ ਹੈ।
ਇਹ ਵੀ ਪੜ੍ਹੋ: