ਤਾਲਿਬਾਨ ਨੇ ਅਫ਼ਗਾਨਿਸਤਾਨ ਦੀ 10ਵੀਂ ਸੂਬਾਈ ਰਾਜਧਾਨੀ 'ਤੇ ਕੀਤਾ ਕਬਜ਼ਾ, ਹੁਣ ਅਫ਼ਗਾਨ ਸਰਕਾਰ ਦਾ 'ਪਲਾਨ ਬੀ' ਕੀ

ਤਾਲਿਬਾਨ ਨੇ ਸਭ ਤੋਂ ਅਹਿਮ ਸ਼ਹਿਰ ਗਜ਼ਨੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ, ਇਹ ਅਫ਼ਗਾਨਿਸਤਾਨ ਦੀ 10ਵੀਂ ਸੂਬਾਈ ਰਾਜਧਾਨੀ ਹੈ ਜਿਸ ਨੂੰ ਤਾਲਿਬਾਨ ਨੇ ਲੰਘੇ ਇੱਕ ਹਫ਼ਤੇ ਵਿੱਚ ਆਪਣੇ ਅਧੀਨ ਕਰ ਲਿਆ ਹੈ।

ਤਾਲਿਬਾਨ ਦੇ ਬੁਲਾਰੇ ਕਾਰੀ ਯੁਸੂਫ਼ ਅਹਿਮਦੀ ਨੇ ਗਜ਼ਨੀ ਦੇ ਗਵਰਨਰ ਦਫ਼ਤਰ, ਪੁਲਿਸ ਹੈੱਡਕੁਆਰਟਰ, ਸੁਰੱਖਿਆ ਡਾਇਰੈਟੋਰੇਟ ਅਤੇ ਜੇਲ੍ਹ ਸਣੇ ਕਈ ਥਾਵਾਂ ਉੱਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ।

ਗਜ਼ਨੀ ਤੋਂ ਆ ਰਹੀਆਂ ਤਸਵੀਰਾਂ ਵਿੱਚ ਪੁਲਿਸ ਹੈੱਡਕੁਆਰਟਰ ਦੇ ਬਾਹਰ ਅਤੇ ਸ਼ਹਿਰ ਦੀਆਂ ਬਹੁਮੰਜ਼ਿਲਾਂ ਇਮਾਰਤਾਂ ਉੱਤੇ ਚਰਮਪੰਥੀ ਦਿਖਾਈ ਦੇ ਰਹੇ ਹਨ।

ਅਫ਼ਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਉਨ੍ਹਾਂ ਨੇ ਵਾਡਰਾਕ ਸੂਬੇ 'ਚ ਗਜ਼ਨੀ ਦੇ ਗਵਰਨਰ ਦਾਉਗ ਲਘਮਾਨੀ, ਉਨ੍ਹਾਂ ਦੇ ਡਿਪਟੀ ਗਵਰਨਰ, ਆਫ਼ਿਸ ਡਾਇਰੈਕਟਰ ਅਤੇ ਹੋਰ ਸਹਾਇਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਅਮਰੀਕੀ ਖ਼ੁਫ਼ੀਆ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 90 ਦਿਨਾਂ ਦੇ ਅੰਦਰ ਤਾਲਿਬਾਨ ਕਾਬੁਲ ਨੂੰ ਆਪਣੇ ਕਬਜ਼ੇ ਵਿੱਚ ਲੈ ਸਕਦਾ ਹੈ।

ਕੀ ਤਾਲਿਬਾਨ ਇਸੇ ਤਰ੍ਹਾਂ ਅੱਗੇ ਵਧਦਾ ਰਹੇਗਾ ਅਤੇ ਅਫ਼ਗਾਨ ਸਰਕਾਰ ਤਮਾਸ਼ਬੀਨ ਬਣੀ ਰਹੇਗੀ? ਕੀ ਅਫ਼ਗਾਨਿਸਤਾਨ 'ਚ ਅਸ਼ਰਫ਼ ਘਨੀ ਸਰਕਾਰ ਨੂੰ ਜਾਣਾ ਪਵੇਗਾ?

ਕਤਰ ਦੇ ਨਿਊਜ਼ ਚੈਨਲ ਅਲ-ਜਜ਼ੀਰਾ ਨੂੰ ਅਫ਼ਗਾਨਿਸਤਾਨ ਦੇ ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਤਾਲਿਬਾਨ ਨੂੰ ਹਰਾਉਣ ਲਈ ਉਨ੍ਹਾਂ ਦੀ ਸਰਕਾਰ ਪਲਾਨ ਬੀ ਉੱਤੇ ਕੰਮ ਕਰ ਰਹੀ ਹੈ।

ਅਫ਼ਗਾਸਿਤਾਨ ਦੇ ਗ੍ਰਹਿ ਮੰਤਰੀ ਜਨਰਲ ਅਬਦੁਲ ਸਤਾਰ ਮਿਰਜ਼ਾਕਲ ਨੇ ਬੁੱਧਵਾਰ ਨੂੰ ਅਲ-ਜਜ਼ੀਰਾ ਨੂੰ ਦਿੱਤੇ ਖ਼ਾਸ ਇੰਟਰਵਿਊ ਵਿੱਚ ਕਿਹਾ ਕਿ ਤਾਲਿਬਾਨ ਨੂੰ ਪਿੱਛੇ ਧੱਕਣ ਲਈ ਤਿੰਨ ਪੱਧਰੀ ਯੋਜਨਾ ਤਹਿਤ ਸਥਾਨਕ ਸਮੂਹਾਂ ਨੂੰ ਹਥਿਆਰਬੰਦ ਕੀਤਾ ਜਾ ਰਿਹਾ ਹੈ।

ਸਤਾਰ ਨੇ ਕਿਹਾ ਕਿ ਅਫ਼ਗਾਨ ਫੋਰਸੇਸ ਅਹਿਮ ਹਾਈਵੇਅ ਨੂੰ ਸੁਰੱਖਿਅਤ ਕਰਨ ਉੱਤੇ ਧਿਆਨ ਕੇਂਦਰਿਤ ਕਰ ਰਹੀਆਂ ਹਨ। ਇਸ ਤੋਂ ਇਲਾਵਾ ਵੱਡੇ ਸ਼ਹਿਰਾਂ ਅਤੇ ਬਾਰਡਰ ਕ੍ਰੋਸਿੰਗ ਨੂੰ ਬਚਾਉਣ 'ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ।

ਮਿਰਜ਼ਾਕਲ ਕੋਲ ਇੱਕ ਲੱਖ 30 ਹਜ਼ਾਰ ਪੁਲਿਸ ਫੋਰਸ ਦੀ ਕਮਾਨ ਹੈ। ਉਨ੍ਹਾਂ ਨੂੰ ਪੰਜ ਦਿਨ ਪਹਿਲਾਂ ਹੀ ਗ੍ਰਹਿ ਮੰਤਰਾਲੇ ਦੀ ਕਮਾਨ ਮਿਲੀ ਹੈ। ਮਿਰਜ਼ਾਕਲ ਨੇ ਕਿਹਾ ਕਿ ਸਰਕਾਰ ਸਥਾਨਕ ਲੋਕਾਂ ਨੂੰ ਤਿਆਰ ਕਰ ਰਹੀ ਹੈ।

ਇਹ ਵੀ ਪੜ੍ਹੋ:

ਮਿਰਜ਼ਾਕਲ ਨੇ ਅਲ ਜਜ਼ੀਰਾ ਨੂੰ ਕਿਹਾ, ''ਅਸੀਂ ਲੋਕ ਤਿੰਨ ਪੱਧਰੀ ਯੋਜਨਾ 'ਤੇ ਕੰਮ ਕਰ ਰਹੇ ਹਾਂ। ਪਹਿਲਾ ਇਹ ਕਿ ਸਾਡੇ ਫੌਜੀਆਂ ਨੂੰ ਪਿੱਛੇ ਨਾ ਹਟਨਾ ਪਵੇ। ਦੂਜਾ ਇਹ ਕਿ ਆਪਣੀ ਸੁਰੱਖਿਆ ਫੋਰਸ ਨੂੰ ਫ਼ਿਰ ਇਕੱਠਾ ਕੀਤਾ ਜਾਵੇ ਅਤੇ ਸ਼ਹਿਰਾਂ ਦੀ ਸੁਰੱਖਿਆ ਸਖ਼ਤ ਕੀਤੀ ਜਾਵੇ। ਜਿਨ੍ਹਾਂ ਨੇ ਵੀ ਫੌਜ ਦੀ ਨੌਕਰੀ ਛੱਡ ਦਿੱਤੀ ਹੈ, ਉਨ੍ਹਾਂ ਨੂੰ ਅਸੀਂ ਫ਼ਿਰ ਤੋਂ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੀਜੀ ਯੋਜਨਾ ਹੈ ਕਿ ਹਮਲਾ ਕੀਤਾ ਜਾਵੇ। ਹਾਲੇ ਅਸੀਂ ਦੂਜੇ ਪੜਾਈ ਦੀ ਯੋਜਨਾ 'ਤੇ ਕੰਮ ਕਰ ਰਹੇ ਹਾਂ।''

ਪਿਛਲੇ ਤਿੰਨ ਮਹੀਨਿਆਂ 'ਚ ਤਾਲਿਬਾਨ ਨੇ ਅਫ਼ਗਾਨਿਸਤਾਨ 'ਚ ਆਪਣਾ ਕੰਟਰੋਲ ਦੁੱਗਣੇ ਤੋਂ ਜ਼ਿਆਦਾ ਕਰ ਲਿਆ ਹੈ। ਲੰਘੇ ਹਫ਼ਤੇ ਤੋਂ ਤਾਲਿਬਾਨ ਨੇ ਸੂਬਾਈ ਰਾਜਧਾਨੀਆਂ ਉੱਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਤਾਲਿਬਾਨ ਤੋਂ ਹਾਰ ਕਿਉਂ?

ਮਿਰਜ਼ਾਕਲ ਨੇ ਕਿਹਾ, ''ਸਰਕਾਰੀ ਫੋਰਸ ਦੀ ਹਾਰ ਇਸ ਲਈ ਹੋ ਰਹੀ ਹੈ ਕਿਉਂਕਿ ਰੋਡ ਅਤੇ ਹਾਈਵੇਅ 'ਤੇ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ। ਬਦਕਿਸਮਤੀ ਨਾਲ ਅਮਰੀਕੀ ਫੌਜ ਦੀ ਵਾਪਸੀ ਤੋਂ ਬਾਅਦ ਦੇਸ਼ ਦੇ 400 ਹਿੱਸਿਆਂ 'ਚ ਜੰਗ ਛਿੜ ਗਈ।"

"ਸਾਡੇ ਕੋਲ ਹਵਾਈ ਫੌਜ ਦਾ ਬਹੁਤ ਸੀਮਤ ਸਮਰਥਨ ਹੈ। ਹੈਲੀਕਾਪਟਰ ਸਪਲਾਈ ਪਹੁੰਚਾਉਣ ਦੇ ਨਾਲ ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਕੱਢਣ ਵਿੱਚ ਮਸਰੂਫ਼ ਹਨ। ਸਾਡੀ ਸਰਕਾਰ ਸਥਾਨਕ ਨੇਤਾਵਾਂ ਨੂੰ ਨਵੀਂ ਭਰਤੀਆਂ ਅਤੇ ਲੋਕਾਂ ਨੂੰ ਹਥਿਆਰਬੰਦ ਕਰਨ ਦਾ ਅਧਿਕਾਰ ਦੇ ਰਹੀ ਹੈ ਤਾਂ ਜੋ ਤਾਲਿਬਾਨ ਨਾਲ ਲੜਿਆ ਜਾ ਸਕੇ।''

ਮਿਰਜ਼ਾਕਲ ਨੇ ਅੱਗੇ ਕਿਹਾ, ''ਇਨ੍ਹਾਂ ਲੋਕਾਂ ਨੇ ਸਾਨੂੰ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ। ਇਹ ਅਫ਼ਗਾਨ ਫੋਰਸਾਂ ਦੇ ਨਾਲ ਤਾਲਿਬਾਨ ਦਾ ਮੁਕਾਬਲਾ ਕਰਨਗੇ। ਇਨ੍ਹਾਂ ਫੋਰਸਾਂ ਨੂੰ ਲੈ ਕੇ ਅੰਤਰਰਾਸ਼ਟਰੀ ਭਾਈਚਾਰੇ ਦੀਆਂ ਚਿੰਤਾਵਾਂ ਹਨ, ਪਰ ਸਾਰਿਆਂ ਨੂੰ ਆਖ਼ਿਰਕਾਰ ਅਫ਼ਗਾਨ ਫੋਰਸਾਂ ਵਿੱਚ ਸ਼ਾਮਲ ਕਰ ਲਿਆ ਜਾਵੇਗਾ।''

ਹਾਲ ਹੀ ਦੇ ਮਹੀਨਿਆਂ ਵਿੱਚ ਅਫ਼ਗਾਨ ਫੌਜ ਦੇ ਕਈ ਅਧਿਕਾਰੀਆਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪਰ ਸਰਕਾਰ ਦਾ ਕਹਿਣਾ ਹੈ ਕਿ ਸਾਰੇ ਵਾਪਸ ਆ ਰਹੇ ਹਨ ਅਤੇ ਫ਼ਿਰ ਤੋਂ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।

ਅਪ੍ਰੈਲ 'ਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਅਫ਼ਗਾਨਿਸਤਾਨ ਤੋਂ ਆਪਣੇ ਫੌਜੀਆਂ ਦੀ ਵਾਪਸੀ ਦਾ ਐਲਾਨ ਕੀਤਾ ਸੀ ਅਤੇ ਉਸ ਤੋਂ ਬਾਅਦ ਹੀ ਤਾਲਿਬਾਨ ਨੇ ਹਮਲੇ ਵਧਾ ਦਿੱਤੇ ਹਨ।

ਮਿਰਜ਼ਾਕਲ ਨੇ ਕਿਹਾ, ''ਮੈਂ ਤਾਲਿਬਾਨ ਨੂੰ ਅਪੀਲ ਕਰਦਾ ਹਾਂ ਕਿ ਉਹ ਬੇਰਹਿਮੀ ਬੰਦ ਕਰਨ। ਕਤਲ ਬੰਦ ਕਰਨ। ਸਾਨੂੰ ਪਿਆਰ ਨਾਲ ਗੱਲ ਕਰ ਕੇ ਹੱਲ ਦੇ ਵੱਲ ਵਧਣਾ ਚਾਹੀਦਾ ਹੈ। ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਉਹ ਆਉਣ ਅਤੇ ਇਕੱਠੇ ਮਿਲ ਕੇ ਗੱਲ ਕਰਨ ਅਤੇ ਇੱਕ ਗੱਠਜੋੜ ਸਰਕਾਰ ਬਣਾਉਣ। ਇਹ ਸਭ ਦੇ ਹੱਕ ਵਿੱਚ ਹੈ।''

ਇਹ ਵੀ ਪੜ੍ਹੋ:

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਤਾਲਿਬਾਨ ਨੇ ਕੀ ਕਿਹਾ?

ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਇਮਰਾਨ ਖ਼ਾਨ ਨੇ ਤਾਲਿਬਾਨ ਦੇ ਹਵਾਲੇ ਨਾਲ ਕਿਹਾ ਹੈ ਕਿ ਜਦੋਂ ਤੱਕ ਅਫ਼ਗਾਨਿਸਤਾਨ ਦੀ ਸੱਤਾ ਵਿੱਚ ਅਸ਼ਰਫ਼ ਘਨੀ ਰਹਿਣਗੇ ਉਦੋਂ ਤੱਕ ਤਾਲਿਬਾਨ ਸਰਕਾਰ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੈ।

ਇਮਰਾਨ ਖ਼ਾਨ ਨੇ ਵਿਦੇਸ਼ੀ ਪੱਤਰਕਾਰਾਂ ਨੂੰ ਕਿਹਾ ਕਿ ਅਜੇ ਜੋ ਅਫ਼ਗਾਨਿਸਤਾਨ ਦੇ ਹਾਲਾਤ ਹਨ, ਉਸ 'ਚ ਕਿਸੇ ਰਾਜਨੀਤਿਕ ਹੱਲ ਦੀ ਉਮੀਦ ਘੱਟ ਹੀ ਹੈ। ਇਮਰਾਨ ਖ਼ਾਨ ਨੇ ਕਿਹਾ ਕਿ ਅਫ਼ਗਾਨਿਸਤਾਨ ਦੀ ਸਰਕਾਰ ਚਾਹੁੰਦੀ ਹੈ ਅਮਰੀਕਾ ਕੁਝ ਕਰੇ, ਪਰ ਅਮਰੀਕਾ 20 ਸਾਲਾਂ ਵਿੱਚ ਕੁਝ ਨਹੀਂ ਕਰ ਸਕਿਆ ਤਾਂ ਹੁਣ ਕੀ ਕਰ ਲਵੇਗਾ।

ਤਾਲਿਬਾਨ ਉੱਤੇ ਵੱਧਦੇ ਪ੍ਰਭਾਵ ਨੂੰ ਲੈ ਕੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਅਫ਼ਗਾਨਿਸਤਾਨ ਸ਼ਾਂਤੀ ਪ੍ਰਕਿਰਿਆ 'ਚ ਜੋ ਵੀ ਸ਼ਾਮਲ ਹੈ, ਉਹ ਸਕਾਰਾਤਮਕ ਕੋਸ਼ਿਸ਼ ਕਰਨ ਨਾ ਕਿ ਆਪਣੀ ਨਾਕਾਮੀ ਲਈ ਪਾਕਿਤਾਨ 'ਤੇ ਇਲਜ਼ਾਮ ਲਗਾਉਣ।

ਪਾਕਿਸਤਾਨੀ ਫੌਜ ਨੇ ਕਮਰ ਜਾਵੇਦ ਬਾਜਵਾ ਦੇ ਹਵਾਲੇ ਨਾਲ ਕਿਹਾ ਹੈ, ''ਅਫ਼ਗਾਨਿਸਤਾਨ ਸ਼ਾਂਤੀ ਪ੍ਰਕਿਰਿਆ 'ਚ ਸ਼ਾਮਲ ਸਾਰੀਆਂ ਧਿਰਾਂ ਨੂੰ ਸਕਾਰਾਤਮਕ ਭੂਮਿਕਾ ਅਦਾ ਕਰਨ ਦੀ ਲੋੜ ਹੈ। ਇਹ ਸਾਰਿਆਂ ਦੀ ਸਾਮੂਹਿਕ ਜ਼ਿੰਮੇਵਾਰੀ ਹੈ। ਕਿਸੇ ਵੀ ਤਰ੍ਹਾਂ ਦੀ ਗ਼ਲਤਫਹਿਮੀ ਨਾਲ ਸ਼ਾਂਤੀ ਪ੍ਰਕਿਰਿਆ ਕਮਜ਼ੋਰ ਹੋਵੇਗੀ।''

ਤਾਲਿਬਾਨ ਦੇ ਕਬਜ਼ੇ 'ਚ 65 ਫੀਸਦੀ ਹਿੱਸੇ?

ਯੂਰਪੀ ਯੂਨੀਅਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਤਾਲਿਬਾਨ ਦੇ ਕਬਜ਼ੇ ਵਿੱਚ 65 ਫੀਸਦੀ ਅਫ਼ਗਾਸਿਤਾਨ ਹੈ ਅਤੇ 10 ਸੂਬਾਈ ਰਾਜਧਾਨੀਆਂ ਨੂੰ ਆਪਣੇ ਕਬਜ਼ੇ ਹੇਠ ਤਾਲਿਬਾਨ ਲੈ ਚੁੱਕਿਆ ਹੈ ਜਾਂ ਇਹ ਰਾਜਧਾਨੀਆਂ ਕੰਟਰੋਲ ਵਿੱਚ ਆਉਣ ਵਾਲੀਆਂ ਹਨ।

ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਾਲਿਬਾਨ ਅਫ਼ਗਾਸਿਤਾਨ 'ਚ ਤੇਜ਼ੀ ਨਾਲ ਸੱਤਾ ਉੱਤੇ ਕੰਟਰੋਲ ਵੱਲ ਵੱਧ ਰਿਹਾ ਹੈ।

31 ਅਗਸਤ ਨੂੰ ਅਫ਼ਗਾਨਿਸਤਾਨ 'ਚ ਅਮਰੀਕਾ ਦਾ ਫੌਜ ਮਿਸ਼ਨ 20 ਸਾਲਾਂ ਬਾਅਦ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ। ਬੁੱਧਵਾਰ ਨੂੰ ਤਾਲਿਬਾਨ ਨੇ ਉੱਤਰ-ਪੂਰਬੀ ਸੂਬੇ ਬਦਖਸਾਂ ਦੀ ਰਾਜਧਾਨੀ ਫ਼ੈਜ਼ਾਬਾਦ ਨੂੰ ਆਪਣੇ ਕਬਜ਼ੇ 'ਚ ਲਿਆ।

ਦੁਨੀਆਂ ਭਰ 'ਚ ਅਮਰੀਕੀ ਰਾਸ਼ਟਰਪਤੀ ਬਾਇਡਨ ਦੇ ਅਫ਼ਗਾਨਿਸਤਾਨ ਤੋਂ ਫੌਜ ਵਾਪਸੀ ਦੇ ਫ਼ੈਸਲੇ ਦੀ ਆਲੋਚਨਾ ਹੋ ਰਹੀ ਹੈ ਪਰ ਬਾਇਡਨ ਨੇ ਇਨ੍ਹਾਂ ਆਲੋਚਨਾਵਾਂ ਨੂੰ ਰੱਦ ਕਰ ਦਿੱਤਾ ਹੈ।

ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਫੌਜ ਵਾਪਸੀ ਦੇ ਫ਼ੈਸਲੇ 'ਤੇ ਕੋਈ ਅਫ਼ਸੋਸ ਨਹੀਂ ਹੈ। ਬਾਇਡਨ ਨੇ ਕਿਹਾ ਸੀ ਕਿ ਅਫ਼ਗਾਨ ਨੇਤਾਵਾਂ ਨੂੰ ਇੱਕਜੁੱਟ ਹੋ ਕੇ ਆਪਣੇ ਮੁਲਕ ਲਈ ਖ਼ੁਦ ਹੀ ਲੜਨਾ ਹੋਵੇਗਾ।

ਅਫ਼ਗਾਨਿਸਤਾਨ ਦੀ ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਪਹਿਲੀ ਵਾਰ ਤਾਲਿਬਾਨ ਨੇ ਫੌਜ ਦੇ ਇੱਕ ਠਿਕਾਣੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਸੋਸ਼ਲ ਮੀਡੀਆ 'ਤੇ ਕਈ ਵੀਡੀਓ ਫੁਟੇਜ ਸ਼ੇਅਰ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਦਿਖ ਰਿਹਾ ਹੈ ਕੁੰਡੁਜ਼ 'ਚ ਸੁਰੱਖਿਆ ਫੋਰਸਾਂ ਦੇ ਦਰਜਨਾਂ ਮੈਂਬਰ ਤਾਲਿਬਾਨ ਸਾਹਮਣੇ ਸਰੰਡਰ ਕਰ ਰਹੇ ਹਨ। ਟੋਲੋ ਨਿਊਜ਼ ਦੀ ਰਿਪੋਰਟ ਅਨੁਸਾਰ ਤਾਲਿਬਾਨ ਨੇ ਫੌਜ ਦੇ ਇੱਕ ਹੈਲੀਕਾਪਟਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਹੈਲੀਕਾਪਟਰ ਸਰਵਿਸ 'ਚ ਨਹੀਂ ਹੈ।

ਨੌਂ ਸੂਬਾਈ ਰਾਜਧਾਨੀਆਂ ਉੱਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ਨੇ ਸੁਰੱਖਿਆ ਫੋਰਸਾਂ ਦੀ ਨੁਮਾਇੰਦਗੀ ਵਿੱਚ ਬਦਲਾਅ ਵੀ ਕੀਤੇ ਹਨ। ਫੌਜ ਮੁਖੀ ਜਨਰਲ ਵਲੀ ਮੁਹੰਮਦ ਅਹਿਮਦਜ਼ਈ ਨੂੰ ਹਟਾ ਦਿੱਤਾ ਗਿਆ ਹੈ। ਉਹ ਇਸੇ ਜੂਨ ਮਹੀਨੇ ਤੋਂ ਫੌਜ ਦੀ ਕਮਾਨ ਸੰਭਾਲ ਰਹੇ ਸਨ।

ਸੰਯੁਕਤ ਰਾਸ਼ਟਰ ਮੁਤਾਬਕ ਲੰਘੇ ਇੱਕ ਮਹੀਨੇ 'ਚ ਅਫ਼ਗਾਨਿਸਤਾਨ 'ਚ ਇੱਕ ਹਜ਼ਾਰ ਤੋਂ ਜ਼ਿਆਦਾ ਆਮ ਨਾਗਰਿਕ ਮਾਰੇ ਗਏ ਹਨ।

ਇਸੇ ਵਿਚਾਲੇ ਸ਼ਾਂਤੀ ਬਹਾਲ ਕਰਨ ਲਈ ਇੱਕ ਅਹਿਮ ਬੈਠਕ ਵੀ ਹੋ ਰਹੀ ਹੈ ਜਿਸ 'ਚ ਭਾਰਤ ਵੀ ਸ਼ਾਮਲ ਹੋ ਸਕਦਾ ਹੈ।

ਇਹ ਵੀ ਪੜ੍ਹੋ:-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)