ਬੈਰੂਤ ਧਮਾਕਾ: 6 ਸਾਲ ਤੋਂ ਖੜ੍ਹਾ ਇੱਕ ਜਹਾਜ਼ ਕਿਵੇਂ ਬਣਿਆ ਬੈਰੂਤ ਵਿੱਚ ਧਮਾਕੇ ਦਾ ਕਾਰਨ

ਬੈਰੂਤ ਵਿੱਚ ਜੋ ਅਮੋਨੀਅਮ ਨਾਈਟਰੇਟ ਫਟਿਆ, ਉਹ ਇੱਥੇ ਸੱਤ ਸਾਲ ਪਹਿਲਾਂ ਪਹੁੰਚਿਆ ਸੀ ਜਦਕਿ ਇਸ ਦੀ ਮੰਜ਼ਿਲ ਮੋਜ਼ਾਂਬੀਕ (ਅਫ਼ਰੀਕਾ) ਸੀ।

ਤਾਂ ਹੋਇਆ ਇਹ ਕਿ ਇੱਕ ਰੂਸੀ ਮਲਕੀਅਤੀ ਵਾਲਾ ਮਾਲਵਾਹਕ ਜਹਾਜ਼, ਰਿਜ਼ਿਅਜ਼, ਅਮੋਨੀਅਮ ਨਾਈਟਰੇਟ ਲੈ ਕੇ ਜੌਰਜੀਆ ਤੋਂ ਮੋਜ਼ਾਂਬੀਕ ਲਈ ਨਿਕਲਿਆ। ਜਹਾਜ਼ ਮੈਡੀਟਰੇਨੀਅਨ ਸਾਗਰ ਵਿੱਚੋਂ ਲੰਘ ਰਿਹਾ ਸੀ ਕਿ ਜਹਾਜ਼ ਨੂੰ ਬੈਰੂਤ ਤੋਂ ਸੜਕਾਂ ਬਣਾਉਣ ਵਾਲੇ ਭਾਰੇ ਉਪਕਰਣ ਜੌਰਡਨ ਦੀ ਅਬਾਕਾ ਬੰਦਰਗਾਹ ਲਿਜਾਣ ਲਈ ਚੁੱਕਣ ਨੂੰ ਕਿਹਾ ਗਿਆ।

ਜਹਾਜ਼ ਦੇ ਕਪਤਾਨ ਮੁਤਾਬਕ ਉਸ ਸਮੇਂ ਜਹਾਜ਼ ਵਿੱਚ 2,750 ਟਨ ਅਮੋਨੀਅਮ ਨਾਈਟਰੇਟ ਲੱਦਿਆ ਹੋਇਆ ਸੀ। ਅਮੋਨੀਅਮ ਨਾਈਟਰੇਟ ਦੀ ਵਰਤੋਂ ਖਾਦ ਬਣਾਉਣ ਤੋਂ ਇਲਾਵਾ ਮਾਈਨਿੰਗ ਅਤੇ ਉਸਾਰੀ ਖੇਤਰ ਲਈ ਧਮਾਕਾਖੇਜ਼ ਸਮੱਗਰੀ ਤਿਆਰ ਕਰਨ ਲਈ ਵੀ ਕੀਤੀ ਜਾਂਦੀ ਹੈ।

ਮੈਡੀਟਰੇਨੀਅਨ ਵਿੱਚ ਆਪਣੇ ਸਫ਼ਰ ਦੌਰਾਨ ਜਹਾਜ਼ ਵਿੱਚੋਂ ਕਿਸੇ “ਤਕਨੀਕੀ ਗੜਬੜੀ” ਕਾਰਨ ਰਿਸਾਵ ਸ਼ੁਰੂ ਹੋ ਗਿਆ। ਫਿਰ ਵੀ ਜਹਾਜ਼ ਸਫ਼ਰ ਕਰ ਸਕਦਾ ਸੀ ਜਿਸ ਕਾਰਨ ਇਸ ਨੂੰ ਉਪਕਰਣ ਚੁੱਕਣ ਲਈ ਬੈਰੂਤ ਭੇਜਿਆ। ਬੈਰੂਤ ਦੀ ਬੰਦਰਗਾਹ ਉੱਪਰ ਜਹਾਜ਼ ਆ ਤਾਂ ਗਿਆ ਪਰ ਉੱਥੋਂ ਕਦੇ ਨਿਕਲ ਨਹੀਂ ਸਕਿਆ।

ਇਹ ਵੀ ਪੜ੍ਹੋ:

'ਜਹਾਜ਼ ਲੀਕ ਕਰ ਰਿਹਾ ਸੀ'

ਕਪਤਾਨ ਪਰੋਕੋਸ਼ੇਵ ਨੇ ਖ਼ਬਰ ਏਜੰਸੀ ਰੌਇਟਰਜ਼ ਨੂੰ ਦੱਸਿਆ, "ਹਾਲਾਂਕਿ ਜਹਾਜ਼ ਲੀਕ ਕਰ ਰਿਹਾ ਸੀ ਪਰ ਜਹਾਜ਼ਰਾਨੀ ਦੇ ਕਾਬਲ ਸੀ। ਇਸੇ ਲਈ ਮਾਲਕ ਨੇ ਵਿੱਤੀ ਸੰਕਟ ਦੇ ਚਲਦਿਆਂ ਇਸ ਨੂੰ ਬੈਰੂਤ ਤੋਂ ਹੋਰ ਮਾਲ ਚੁੱਕਣ ਲਈ ਭੇਜਿਆ ਸੀ।"

ਹਾਲਾਂਕਿ ਉਪਕਰਣ ਜਹਾਜ਼ ਵਿੱਚ ਨਹੀਂ ਚੜ੍ਹਾਏ ਜਾ ਸਕੇ ਅਤੇ ਜਦੋਂ ਜਹਾਜ਼ ਦੇ ਮਾਲਕ ਤੋਂ ਬੰਦਰਗਾਹ ਦੀ ਫ਼ੀਸ ਨਾ ਤਾਰੀ ਜਾ ਸਕੀ ਤਾਂ ਲਿਬਨਾਨੀ ਅਧਿਕਾਰੀਆਂ ਨੇ ਜਹਾਜ਼ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਝਗੜੇ ਕਾਰਨ ਲੰਬੀ ਕਾਨੂੰਨੀ ਲੜਾਈ ਵਿੱਚ ਉਲਝ ਗਿਆ।

ਲਿਬਨਾਨੀ ਅਧਿਕਾਰੀਆਂ ਨੇ ਜਾਂਚ ਤੋਂ ਬਾਅਦ ਜਹਾਜ਼ ਦੇ ਅੱਗੇ ਜਾਣ 'ਤੇ ਰੋਕ ਲਗਾ ਦਿੱਤੀ। ਜਹਾਜ਼ ਦੇ ਰੂਸੀ ਕਪਤਾਨ ਤੇ ਤਿੰਨ ਹੋਰਾਂ ਤੋਂ ਇਲਾਵਾ ਜ਼ਿਆਦਾਤਰ ਸਟਾਫ਼ ਨੂੰ ਉਨ੍ਹਾਂ ਦੇ ਘਰੇਲੂ ਮੁਲਕਾਂ ਨੂੰ ਵਾਪਸ ਭੇਜ ਦਿੱਤਾ ਗਿਆ।

ਜਹਾਜ਼ ਦੇ ਸਟਾਫ਼ ਦੇ ਵਕੀਲਾਂ ਮੁਤਾਬਕ ਜਹਾਜ਼ ਨੂੰ ਮਾਲਕਾਂ ਵੱਲੋਂ ਤਿਆਗ ਦਿੱਤਾ ਗਿਆ ਅਤੇ ਕਰਜ਼ਦਾਰਾਂ ਨੇ ਇਸ 'ਤੇ ਆਪਣੀਆਂ ਦਾਅਵੇਦਾਰੀਆਂ ਪੇਸ਼ ਕਰ ਦਿੱਤੀਆਂ।

ਸਮਾਂ ਲੰਘਦਾ ਜਾ ਰਿਹਾ ਸੀ ਅਤੇ ਜਹਾਜ਼ ਦੇ ਸਟਾਫ਼ ਕੋਲ ਰਾਸ਼ਨ ਮੁਕਦਾ ਜਾ ਰਿਹਾ ਸੀ। ਵਕੀਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੈਰੂਤ ਦੇ ਅਰਜੈਂਟ ਮੈਟਰਜ਼ ਬਾਰੇ ਜੱਜ ਕੋਲ ਜਹਾਜ਼ ਵਿੱਚ ਲੱਦੀ ਖ਼ਤਰਨਾਕ ਸਮੱਗਰੀ ਕਾਰਨ ਆਪੋ-ਆਪਣੇ ਘਰਾਂ ਨੂੰ ਜਾਣ ਦੀ ਆਗਿਆ ਦੇਣ ਦੀ ਅਪੀਲ ਕੀਤੀ।

ਆਖ਼ਰ ਜੱਜ ਨੇ ਸਾਲ 2014 ਵਿੱਚ ਅਮਲੇ ਨੂੰ ਆਗਿਆ ਦੇ ਦਿੱਤੀ ਅਤੇ ਬੈਰੂਤ ਦੇ ਅਧਿਕਾਰੀਆਂ ਨੇ ਜਹਾਜ਼ ਵਿੱਚ ਲੱਦੇ ਅਮੋਨੀਅਮ ਨਾਈਟਰੇਟ ਨੂੰ ਵੇਅਰਹਾਊਸ-12 ਵਿੱਚ ਰਖਵਾ ਦਿੱਤਾ। ਜਿੱਥੇ ਵਕੀਲਾਂ ਮੁਤਾਬਕ ਅਮੋਨੀਅਮ ਨਾਈਟਰੇਟ ਨੀਲਾਮੀ ਜਾਂ ਨਿਪਟਾਰੇ ਦੀ ਉਡੀਕ ਕਰ ਰਿਹਾ ਸੀ।

ਇਹ ਵੀ ਪੜ੍ਹੋ:

ਅਮੋਨੀਅਮ ਨਾਈਟਰੇਟ ਦੇ ਖ਼ਤਰੇ ਬਾਰੇ ਦਿੱਤੀ ਗਈ ਸੀ ਚੇਤਾਵਨੀ

ਜਹਾਜ਼ ਦੇ ਕਪਤਾਨ ਪਰੋਕੋਸ਼ੇਵ ਨੇ ਦੱਸਿਆ ਕਿ ਜਦੋਂ ਤੱਕ ਉਹ ਉੱਥੇ ਮੌਜੂਦ ਸਨ ਤਾਂ ਆਪਣੀ ਉੱਚ ਬਲਣਸ਼ੀਲਤਾ ਕਾਰਨ ਅਮੋਨੀਅਮ ਨਾਈਟਰੇਟ ਨੂੰ ਜਹਾਜ਼ ਵਿੱਚ ਹੀ ਰੱਖਿਆ ਗਿਆ ਸੀ।

ਉਨ੍ਹਾਂ ਨੇ ਅੱਗੇ ਕਿਹਾ, "ਮੈਨੂੰ ਲੋਕਾਂ ਲਈ ਅਫ਼ਸੋਸ ਹੈ ਪਰ ਸਥਾਨਕ ਅਧਿਕਾਰੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਕਾਰਗੋ ਦੀ ਬਿਲਕੁਲ ਵੀ ਫਿਕਰ ਨਹੀਂ ਕੀਤੀ।"

ਬੰਦਰਗਾਹ ਦੇ ਜਨਰਲ ਮੈਨੇਜਰ ਹਸਨ ਕੋਰਿਆਟਮ ਅਤੇ ਲਿਬਨਾਨੀ ਕਸਟਮ ਦੇ ਨਿਰਦੇਸ਼ਕ ਬਦਰੀ ਦੈਹਰ ਦੋਵਾਂ ਨੇ ਹੀ ਕਿਹਾ ਕਿ ਉਨ੍ਹਾਂ ਨੇ ਬਾਰ ਬਾਰ ਅਮੋਨੀਅਮ ਨਾਈਟਰੇਟ ਦੇ ਖ਼ਤਰੇ ਬਾਰੇ ਅਤੇ ਉਸ ਨੂੰ ਉੱਥੋਂ ਹਟਾਉਣ ਬਾਰੇ ਅਦਾਲਤ ਨੂੰ ਚੇਤਾਵਨੀ ਦਿੱਤੀ ਸੀ।

ਇੰਟਰਨੈਟ ਉੱਪਰ ਮੌਜੂਦ ਦਸਤਾਵੇਜ਼ ਦਰਸਾਉਂਦੇ ਹਨ ਕਿ ਕਸਟਮ ਅਧਿਕਾਰੀਆਂ ਨੇ ਸਾਲ 2014 ਤੋਂ 2017 ਦੇ ਵਕਫ਼ੇ ਦੌਰਾਨ ਇਸ ਨੂੰ ਵੇਚਣ ਜਾਂ ਬਿਲੇ ਲਾਉਣ ਦੀਆਂ ਹਦਾਇਤਾਂ ਜਾਰੀ ਕਰਨ ਲਈ ਅਰਜੈਂਟ ਮੈਟਰਜ਼ ਬਾਰੇ ਜੱਜ ਨੂੰ ਛੇ ਪੱਤਰ ਲਿਖੇ।

ਪਬਲਿਕ ਵਰਕਸ ਮੰਤਰੀ ਮੀਸ਼ੇਲ ਨੱਜਰ ਜਿਨ੍ਹਾਂ ਨੇ ਇਸੇ ਸਾਲ ਦੇ ਸ਼ੁਰੂ ਵਿੱਚ ਹੀ ਇਹ ਅਹੁਦਾ ਸੰਭਾਲਿਆ। ਮੰਤਰੀ ਨੇ ਅਲ ਜਜ਼ੀਰਾ ਨੂੰ ਦੱਸਿਆ ਕਿ ਉਨ੍ਹਾਂ ਨੂੰ ਜੁਲਾਈ ਵਿੱਚ ਹੀ ਇਸ ਬਾਰੇ ਪਤਾ ਚੱਲਿਆ ਸੀ। ਅਤੇ ਸੋਮਵਾਰ ਨੂੰ ਹੀ ਕੋਰਿਆਟਮ ਨਾਲ ਇਸ ਬਾਰੇ ਗੱਲਬਾਤ ਸੀ।

ਧਮਾਕੇ ਵਿੱਚ 137 ਮੌਤਾਂ ਤੋਂ ਇਲਾਵਾ 5,000 ਫੱਟੜ ਹਨ। ਜਦਕਿ ਦਰਜਣਾਂ ਲੋਕ ਲਾਪਤਾ ਹਨ।

ਲੈਬਨਾਨ ਦੇ ਰਾਸ਼ਟਰਪਤੀ ਦਾ ਵਾਅਦਾ

ਲਿਬਨਾਨ ਦੇ ਰਾਸ਼ਟਰਪਤੀ ਮਿਸ਼ੇਲ ਆਊਨ ਨੇ ਕਿਹਾ ਹੈ ਕਿ ਜਹਾਜ਼ ਦੇ ਕਾਰਗੋ ਨਾਲ ਨਜਿੱਠਣ ਵਿੱਚ ਹੋਈ ਨਾਕਾਮੀ ਸਹਿਣ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਵਾਅਦਾ ਕੀਤਾ ਹੈ ਕਿ ਜ਼ਿੰਮਵਾਰ 'ਲੋਕਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ।'

ਜੇ ਜਹਾਜ਼ ਵਿੱਚ ਉਪਕਰਣ ਲੱਦੇ ਜਾਂਦੇ ਤਾਂ ਜਹਾਜ਼ ਬੈਰੂਤ ਤੋਂ ਚਲਿਆ ਜਾਣਾ ਸੀ। ਜਿੰਨੀ ਦੇਰ ਕਾਨੂੰਨੀ ਝਗੜਾ ਜਾਰੀ ਰਿਹਾ ਜਹਾਜ਼ ਦਾ ਸਟਾਫ਼ ਗਿਆਰਾਂ ਮਹੀਨਿਆਂ ਤੱਕ ਬਿਨਾਂ ਤਨਖ਼ਾਹ ਅਤੇ ਰਸਦ ਦੇ ਉੱਥੇ ਰਿਹਾ। ਸਟਾਫ਼ ਦੇ ਜਾਂਦਿਆਂ ਹੀ ਅਮੋਨੀਅਮ ਨਾਈਟਰੇਟ ਲਾਹ ਲਿਆ।

ਮੁਢਲੀ ਜਾਂਚ ਵਿੱਚ ਅਮੋਨੀਅਮ ਨਾਈਟਰੇਟ ਨਾਲ ਨਜਿੱਠਣ ਵਿੱਚ ਸੰਬਧਿਤ ਕਰਮਚਾਰੀਆਂ ਦੀ ਅਣਗਹਿਲੀ ਸਾਹਮਣੇ ਆਈ ਹੈ। ਲਿਬਨਾਨ ਦੀ ਕੈਬਿਨਟ ਨੇ ਸਾਲ 2014 ਤੋਂ ਬਾਅਦ ਬੰਦਰਗਾਹ ਦੇ ਬੰਦੋਬਸਤਾਂ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰਨ ਦਾ ਫ਼ੈਸਲਾ ਲਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)