ਭਾਜਪਾ ਆਗੂ ਤਰੁਣ ਚੁੱਘ ਦਾ ਦਾਅਵਾ, ਪੰਜਾਬ 'ਚ ਅਗਲੀ ਸਰਕਾਰ ਬੀਜੇਪੀ ਦੀ ਬਣੇਗੀ- ਪ੍ਰੈੱਸ ਰਿਵੀਊ

ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਅਕਾਲੀਆਂ ਲਈ ਪਹਿਲਾਂ ਖੇਤੀ ਬਿੱਲਾਂ ਦੀ ਹਮਾਇਤ ਕਰਨਾ ਅਤੇ ਫਿਰ ਉਸੇ ਮਸਲੇ 'ਤੇ ਗਠਜੋੜ ਤੋੜ ਲੈਣਾ ਸਹੀ ਨਹੀਂ ਹੈ।

ਤਰੁਣ ਚੁੱਘ ਨੇ ਦਿ ਟ੍ਰਬਿਊਨ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਜਦੋਂ 1992 ਵਿੱਚ ਅਕਾਲੀਆਂ ਨੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕੀਤਾ ਸੀ ਤਾਂ ਭਾਜਪਾ ਨੂੰ 16 ਫ਼ੀਸਦੀ ਤੋਂ ਵਧੇਰੇ ਵੋਟਾਂ ਮਿਲੀਆਂ ਸਨ। ਕਈ ਲੀਡਰ ਸਾਡੇ ਨਾਲ ਰਲਣ ਨੂੰ ਤਿਆਰ ਹਨ।

“ਪੰਜਾਬ ਵਿੱਚ ਅਗਲੀ ਸਰਕਾਰ ਅਸੀਂ ਬਣਾਵਾਂਗੇ। ਸਾਡੀ ਲੜਾਈ ਕਾਂਗਰਸ ਨਾਲ ਹੋਵੇਗੀ ਅਕਾਲੀ ਦਲ ਤੀਜੇ ਨੰਬਰ ਜਾਂ ਉਸ ਤੋਂ ਥੱਲੇ ਆਵੇਗਾ।”

ਇਹ ਵੀ ਪੜ੍ਹੋ:

ਹਰਸਿਮਰਤ ਕੌਰ ਬਾਦਲ ਵੱਲੋਂ ਡਿਸੈਂਟ ਨੋਟ ਭੇਜੇ ਜਾਣ ਦੇ ਸਵਾਲ 'ਤੇ ਚੁੱਘ ਨੇ ਕਿਹਾ,“ਉਨ੍ਹਾਂ ਨੇ ਕਿਸਾਨਾਂ ਦੇ ਵਿਰੋਧ ਤੋਂ ਪਹਿਲਾਂ ਨਾ ਸਿਰਫ਼ ਬਿੱਲ ਦੀ ਹਮਾਇਤ ਕੀਤੀ ਸਗੋਂ ਵਕਾਲਤ ਵੀ ਕੀਤੀ। ਅਕਾਲੀ ਦਲ ਦੀ ਸਮੁੱਚੀ ਸਿਖਰਲੀ ਲੀਡਰਸ਼ਿਪ ਨੇ ਕਿਹਾ ਕਿ ਬਿੱਲ ਚੰਗੇ ਹਨ।”

“ਇੱਥੋਂ ਤੱਕ ਕਿ ਉਨ੍ਹਾਂ ਦੇ ਪੈਟਰਨ ਪ੍ਰਕਾਸ਼ ਸਿੰਘ ਬਾਦਲ ਨੇ ਖੇਤੀ ਸੁਧਾਰਾਂ ਦੇ ਪੱਖ ਵਿੱਚ ਬਿਆਨ ਦਿੱਤਾ। ਬਾਦਲਾਂ ਲਈ ਪਰਿਵਾਰ ਪਹਿਲਾਂ ਆਉਂਦਾ ਹੈ। ਜਦੋਂ ਕੈਬਨਿਟ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਤਾਂ ਉਨ੍ਹਾਂ ਨੇ ਹਰਸਿਮਰਤ ਦਾ ਨਾਂਅ ਤਜਵੀਜ਼ ਕੀਤਾ ਜੋ ਕਿ ਪਾਰਟੀ ਵਿੱਚ ਬਹੁਤ ਜੂਨੀਅਰ ਹੈ।”

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਪੰਜਾਬ ਵਿੱਚ ਦਲਿਤ ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ

ਉੱਤਰ ਪ੍ਰਦੇਸ਼ ਵਿੱਚ 19 ਸਾਲਾ ਦਲਿਤ ਕੁੜੀ ਦੇ ਕਥਿਤ ਬਲਾਤਕਾਰ ਅਤੇ ਕਤਲ ਤੇ ਪੰਜਾਬ ਵਿੱਚ ਦਲਿਤ ਵਿਦਿਆਰਥੀਆਂ ਦੇ ਪੋਸਟਮੈਟਰਿਕ ਸਕਾਲਰਸ਼ਿਪ ਸਕੀਮ ਵਿੱਚ ਘੁਟਾਲੇ ਦੇ ਵਿਰੋਧ ਵਿੱਚ ਪੰਜਾਬ ਦੀਆਂ ਦਲਿਤ ਜਥੇਬੰਦੀਆਂ ਵੱਲੋਂ ਸੂਬੇ ਵਿੱਚ ਤਹਿਸੀਲ ਪੱਧਰ 'ਤੇ ਚੱਕਾ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸੇਵੇਰ ਦਸ ਵਜੇ ਤੋਂ ਦੁਪਹਿਰ ਇੱਕ ਵਜੇ ਤੱਕ ਬੰਦ ਦਾ ਸੱਦਾ ਦਿੱਤਾ ਗਿਆ ਹੈ।

ਹੁਣ ਕੇਂਦਰੀ ਕੈਬਨਿਟ ਵਿੱਚ ਸਿਰਫ਼ ਇੱਕ ਗੈਰ-ਭਾਜਪਾ ਮੰਤਰੀ

ਲੋਕ ਜਨਤਾ ਪਾਰਟੀ ਦੇ ਆਗੂ ਰਾਮ ਵਿਲਾਸ ਪਾਸਵਾਨ ਦੇ ਚਲਾਣੇ ਅਤੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਵੱਲੋਂ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਹੁਣ ਕੇਂਦਰ ਦੀ ਮੌਜੂਦਾ ਐੱਨਡੀਏ ਸਰਕਾਰ ਵਿੱਚ ਕੋਈ ਵੀ ਗੈਰ-ਭਾਜਪਾ ਕੈਬਨਿਟ ਮੰਤਰੀ ਨਹੀਂ ਬਚਿਆ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਕੇਂਦਰ ਦੀ ਮੌਜੂਦਾ 51 ਮੈਂਬਰੀ ਕੈਬਨਿਟ ਵਿੱਚ ਇੱਕੋ ਗੈਰ-ਭਾਜਪਾ ਮੰਤਰੀ ਰਿਪਬਲਿਕਨ ਪਾਰਟੀ ਆਫ਼ ਇੰਡੀਆ (ਅਠਾਵਲੇ) ਦੇ ਮੁਖੀ ਰਾਮਦਾਸ ਅਠਾਵਲੇ ਹਨ ਜੋ ਕਿ ਰਾਜ ਮੰਤਰੀ ਹਨ, ਕੈਬਨਿਟ ਮੰਤਰੀ ਨਹੀਂ।

ਸਾਲ 1977 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੈ ਕਿ ਕੇਂਦਰ ਵਿੱਚ ਕਿਸੇ ਗਠਜੋੜ ਸਰਕਾਰ ਦੇ ਸਾਰੇ ਕੈਬਨਿਟ ਮੰਤਰੀ ਇੱਕੋ ਪਾਰਟੀ ਦੇ ਹੋਣ। 2019 ਵਿੱਚ ਸਰਕਾਰ ਬਣੀ ਤਾਂ ਐਨਡੀਏ ਦੇ 24 ਮੈਂਬਰ ਪਾਰਟੀਆਂ ਵਿੱਚੋਂ ਤਿੰਨ ਗੈਰ-ਭਾਜਪਾ ਮੰਤਰੀ ਬਣਾਏ ਗਏ ਸਨ। ਰਾਮ ਵਿਲਾਸ ਪਾਸਵਾਨ ਅਤੇ ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਸ਼ਿਵ ਸੇਨਾ ਦੇ ਅਨੰਤ ਗੀਤੇ ਨੂੰ ਭਾਰੀ ਸਨਅਤ ਦਾ ਕੈਬਨਿਟ ਮੰਤਰੀ ਬਣਾਇਆ ਗਿਆ ਸੀ।

ਪਿਛਲੇ ਸਾਲ ਜਦੋਂ ਸ਼ਿਵ ਸੇਨਾ ਨੇ ਭਾਜਪਾ ਤੋਂ ਵੱਖ ਹੋ ਕੇ ਕਾਂਗਰਸ ਅਤੇ ਐੱਨਸੀਪੀ ਨਾਲ ਮਿਲ ਕੇ ਮਹਾਰਾਸ਼ਟਰ ਵਿੱਚ ਸਰਕਾਰ ਬਣਾਈ ਤਾਂ ਅਨੰਤ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਹੈਲ ਦਾ ਮੁਲਾਜ਼ਮ ਆਈਐੱਸਆਈ ਨੂੰ ਤਕਨੀਕ ਮੁਹੱਈਆ ਕਰਵਾਉਣ ਦੇ ਇਲਜ਼ਾ ’ਚ ਗ੍ਰਿਫ਼ਤਾਰ

ਮਹਾਰਾਸ਼ਟਰ ਦੀ ਐਂਟੀ ਟੈਰੋਰਿਜ਼ਮ ਸਕੁਐਡ (ਏਟੀਐੱਸ) ਨੇ ਵੀਰਵਾਰ ਨੂੰ ਹਿੰਦੁਸਤਾਨ ਏਰੋਨੌਟੀਕਲ ਦੇ ਇੱਕ ਮੁਲਾਜ਼ਮ ਨੂੰ ਕਥਿਤ ਤੌਰ 'ਤੇ ਭਾਰਤੀ ਲੜਾਕੂ ਜਹਾਜ਼ਾਂ ਦੀ ਤਕਨੌਲਜੀ ਅਤੇ ਉਨ੍ਹਾਂ ਦੀਆਂ ਨਿਰਮਾਣ ਇਕਾਈਆਂ ਦੀ ਜਾਣਕਾਰੀ ਪਾਕਿਸਤਾਨੀ ਖ਼ੂਫੀਆ ਏਜੰਸੀ ਆਈਐੱਸਆਈ ਨੂੰ ਮੁਹੱਈਆ ਕਰਵਾਉਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਹੈ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਮੁਲਜ਼ਮ ਦੀ ਪਛਾਣ ਦੀਪਕ ਸ਼੍ਰੀਸਾਥ ਵਜੋਂ ਹੋਈ ਹੈ ਅਤੇ ਪੁਲਿਸ ਮੁਲਜ਼ਮ ਦੇ ਹੈਂਡਲਰ ਦਾ ਪਤਾ ਲਾ ਰਹੀ ਹੈ।

ਇਹ ਵੀ ਪੜ੍ਹੋ:

ਵੀਡੀਓ: ਰਿਆ ਨੂੰ ਜ਼ਮਾਨਤ ਦੇਣ ਸਮੇਂ ਅਦਾਲਤ ਨੇ ਕੀ ਸ਼ਰਤ ਰੱਖੀ

ਵੀਡੀਓ: ਹਾਥਰਸ- ਗਾਂਜਾ ਖ਼ਤਰਨਾਕ ਕਿੰਨਾ ਤੇ ਦਵਾਈ ਦੇ ਤੌਰ 'ਤੇ ਕਿੰਨਾ ਦਰੁਸਤ?

ਵੀਡੀਓ: ਪੰਜਾਬ ਵਿੱਚ ਭਾਜਪਾ ਦੀ ਮੁਖ਼ਾਲਫ਼ਤ ਕਿਉਂ ਹੋ ਰਹੀ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)