ਕੋਰੋਨਾਵਾਇਰਸ ਮਹਾਮਾਰੀ ਕਦੋਂ ਖ਼ਤਮ ਹੋਵੇਗੀ, WHO ਨੇ ਦਿੱਤਾ ਇਹ ਜਵਾਬ

ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਮੁਖੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦੋ ਸਾਲਾਂ ਤੋਂ ਘੱਟ ਸਮੇਂ ਵਿਚ ਕੋਰੋਨਾਵਾਇਰਸ ਮਹਾਂਮਾਰੀ ਖ਼ਤਮ ਹੋ ਜਾਵੇਗੀ।

ਜਨੇਵਾ ਵਿੱਚ ਬੋਲਦਿਆਂ, ਟੇਡਰੋਸ ਅਡਾਨੋਮ ਗੈਬਰੇਈਅਸ ਨੇ ਕਿਹਾ ਕਿ 1918 ਦੇ ਸਪੈਨਿਸ਼ ਫਲੂ ਨੂੰ ਵੀ ਖ਼ਤਮ ਹੋਣ ਵਿੱਚ ਦੋ ਸਾਲ ਲੱਗ ਗਏ ਸਨ।

ਪਰ ਉਨ੍ਹਾਂ ਨੇ ਅੱਗੇ ਕਿਹਾ ਕਿ ਮੌਜੂਦਾ ਸਮੇਂ ਵਿਚ ਤਕਨਾਲੋਜੀ 'ਚ ਤਰੱਕੀ ਵਿਸ਼ਵ ਨੂੰ "ਥੋੜੇ ਸਮੇਂ ਵਿੱਚ" ਇਸ ਮਹਾਂਮਾਰੀ ਤੋਂ ਕੱਢ ਸਕਦੀ ਹੈ।

ਇਹ ਵੀ ਪੜ੍ਹੋ

ਉਨ੍ਹਾਂ ਇਹ ਵੀ ਕਿਹਾ,"ਮੌਜੂਦਾ ਸਮੇਂ ਵਿਚ ਵਧੇਰੇ ਸੰਪਰਕ ਕਰਕੇ, ਵਾਇਰਸ ਦੇ ਫੈਲਣ ਦਾ ਡਰ ਹੋਰ ਵੀ ਜ਼ਿਆਦਾ ਹੈ। ਪਰ ਇਸ ਦੇ ਨਾਲ ਹੀ, ਸਾਡੇ ਕੋਲ ਇਸ ਨੂੰ ਰੋਕਣ ਲਈ ਤਕਨਾਲੋਜੀ ਵੀ ਹੈ ਅਤੇ ਇਸ ਨੂੰ ਰੋਕਣ ਲਈ ਗਿਆਨ ਵੀ।"

1918 ਦੇ ਫਲੂ ਨਾਲ ਘੱਟੋ ਘੱਟ 50 ਮਿਲੀਅਨ ਲੋਕਾਂ ਦੀ ਮੌਤ ਹੋਈ ਸੀ।

ਕੋਰੋਨਾਵਾਇਰਸ ਨੇ ਹੁਣ ਤਕ ਲਗਭਗ 8,00,000 ਲੋਕਾਂ ਦੀ ਜਾਨ ਲੈ ਲਈ ਹੈ ਅਤੇ ਲਗਭਗ 23 ਮਿਲੀਅਨ ਲੋਕਾਂ ਲਾਗ ਲਾਈ ਹੈ।

"ਪੀਪੀਈ ਕਿੱਟਾਂ ਨਾਲ ਜੁੜਿਆ ਭ੍ਰਿਸ਼ਟਾਚਾਰ 'ਕਤਲ' ਹੈ"

ਡਾਕਟਰ ਟੇਡਰੋਸ ਨੇ ਮਹਾਂਮਾਰੀ ਦੌਰਾਨ ਨਿੱਜੀ ਸੁਰੱਖਿਆ ਉਪਕਰਣਾਂ (ਪੀਪੀਈ) ਨਾਲ ਜੁੜੇ ਭ੍ਰਿਸ਼ਟਾਚਾਰ ਨੂੰ "ਅਪਰਾਧ"ਆਖਿਆ ਹੈ।

ਉਨ੍ਹਾਂ ਕਿਹਾ, "ਕਿਸੇ ਵੀ ਕਿਸਮ ਦਾ ਭ੍ਰਿਸ਼ਟਾਚਾਰ ਮਨਜ਼ੂਰ ਨਹੀਂ ਹੋਵੇਗਾ।"

ਉਨ੍ਹਾਂ ਕਿਹਾ, "ਹਾਲਾਂਕਿ, ਪੀਪੀਈ ਨਾਲ ਜੁੜਿਆ ਭ੍ਰਿਸ਼ਟਾਚਾਰ ... ਮੇਰੇ ਲਈ ਇਹ ਅਸਲ ਵਿੱਚ ਕਤਲ ਹੈ। ਕਿਉਂਕਿ ਜੇ ਸਿਹਤ ਕਰਮਚਾਰੀ ਪੀਪੀਈ ਤੋਂ ਬਿਨਾਂ ਕੰਮ ਕਰਦੇ ਹਨ ਤਾਂ ਅਸੀਂ ਉਨ੍ਹਾਂ ਦੀ ਜਾਨ ਨੂੰ ਜੋਖ਼ਮ ਵਿੱਚ ਪਾ ਰਹੇ ਹਾਂ। ਇਹ ਉਨ੍ਹਾਂ ਲੋਕਾਂ ਦੀ ਜਾਨ ਨੂੰ ਵੀ ਜੋਖ਼ਮ ਵਿੱਚ ਪਾਉਂਦਾ ਹੈ, ਜਿਸਦੀ ਉਹ ਸੇਵਾ ਕਰਦੇ ਹਨ।"

ਸ਼ੁੱਕਰਵਾਰ ਨੂੰ, ਮਹਾਂਮਾਰੀ ਦੇ ਦੌਰਾਨ ਕਥਿਤ ਭ੍ਰਿਸ਼ਟਾਚਾਰ ਨੂੰ ਲੈ ਕੇ ਕੀਨੀਆ ਦੀ ਰਾਜਧਾਨੀ ਨੈਰੋਬੀ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ, ਜਦੋਂ ਕਿ ਸ਼ਹਿਰ ਦੇ ਕਈ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੇ ਬਿਨਾਂ ਤਨਖਾਹ ਅਤੇ ਪੀਪੀਈ ਕਿੱਟ ਦੀ ਘਾਟ ਕਾਰਨ ਹੜਤਾਲ ਕੀਤੀ।

ਕੀ ਮੈਕਸੀਕੋ ਸਹੀ ਅੰਕੜਾ ਪੇਸ਼ ਨਹੀਂ ਕਰ ਰਿਹਾ?

ਡਬਲਯੂਐਚਓ ਦੇ ਸਿਹਤ ਐਮਰਜੈਂਸੀ ਪ੍ਰੋਗਰਾਮ ਦੇ ਮੁਖੀ ਨੇ ਚੇਤਾਵਨੀ ਦਿੱਤੀ ਕਿ ਮੈਕਸੀਕੋ ਵਿਚ ਕੋਰੋਨਾਵਾਇਰਸ ਫੈਲਣ ਦੇ ਪੈਮਾਨੇ ਨੂੰ "ਸਪੱਸ਼ਟ ਤੌਰ 'ਤੇ ਘੱਟ ਮਾਨਤਾ" ਦਿੱਤੀ ਜਾ ਰਹੀ ਹੈ।

ਡਾ. ਮਾਈਕ ਰਿਆਨ ਨੇ ਕਿਹਾ ਕਿ ਮੈਕਸੀਕੋ ਵਿਚ ਪ੍ਰਤੀ 1,00,000 ਦੇ ਲਗਭਗ ਤਿੰਨ ਲੋਕਾਂ ਦਾ ਟੈਸਟ ਕੀਤਾ ਜਾ ਰਿਹਾ ਹੈ, ਜਦੋਂ ਕਿ ਅਮਰੀਕਾ ਵਿਚ ਪ੍ਰਤੀ 100,000 ਲੋਕਾਂ ਦੇ ਲਗਭਗ 150 ਲੋਕਾਂ ਦਾ ਟੈਸਟ ਹੋ ਰਿਹਾ ਹੈ।

ਜੌਹਨ ਹੌਪਕਿੰਸ ਯੂਨੀਵਰਸਿਟੀ ਦੇ ਅਨੁਸਾਰ ਮੈਕਸੀਕੋ ਵਿੱਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਲਗਭਗ 60,000 ਮੌਤਾਂ ਦਰਜ ਕੀਤੀਆਂ ਗਈਆਂ ਹਨ ਅਤੇ ਮੈਕਸੀਕੋ ਮੌਤਾਂ ਦੇ ਮਾਮਲੇ ਵਿਚ ਤੀਸਰੇ ਨੰਬਰ 'ਤੇ ਹੈ।

ਕੋਰੋਨਾਵਾਇਰਸ ਅਤੇ ਰਾਜਨੀਤੀ

ਅਮਰੀਕਾ ਵਿੱਚ, ਡੈਮੋਕੇਟ੍ਰਿਕ ਨਾਮਜ਼ਦ ਜੋ ਬਾਇਡਨ ਨੇ ਚੁਣੇ ਜਾਣ 'ਤੇ ਮਾਸਕ ਪਹਿਨਣਨਾ ਲਾਜ਼ਮੀ ਕਰਨ ਦਾ ਵਾਅਦਾ ਕੀਤਾ ਹੈ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਮਹਾਂਮਾਰੀ ਨੂੰ ਨਾ ਸੰਭਾਲ ਪਾਉਣ 'ਤੇ ਆਲੋਚਨਾ ਕੀਤੀ ਹੈ।

ਬਾਇਡਨ ਨੇ ਕਿਹਾ, "ਸਾਡੇ ਮੌਜੂਦਾ ਰਾਸ਼ਟਰਪਤੀ ਰਾਸ਼ਟਰ ਆਪਣੇ ਸਭ ਤੋਂ ਮੁੱਢਲੇ ਫਰਜ਼ ਵਿੱਚ ਅਸਫ਼ਲ ਰਹੇ ਹਨ। ਉਹ ਸਾਡੀ ਰੱਖਿਆ ਕਰਨ ਵਿੱਚ ਅਸਫ਼ਲ ਰਹੇ ਹਨ। ਉਹ ਅਮਰੀਕਾ ਦੀ ਰੱਖਿਆ ਕਰਨ ਵਿੱਚ ਅਸਫ਼ਲ ਰਹੇ ਹਨ।"

ਅਮਰੀਕਾ ਵਿਚ ਮੌਤ ਦੀ ਕੁੱਲ ਗਿਣਤੀ 1 ਲੱਖ 75 ਹਜ਼ਾਰ ਤੋਂ ਪਾਰ ਹੈ।

ਕੀ ਹਨ ਦੁਨੀਆਂ ਦੇ ਮੌਜੂਦਾ ਹਾਲਾਤ?

ਦੁਨੀਆਂ ਭਰ ਵਿਚ ਸ਼ਨਿਵਾਰ ਤੱਕ 2,29,68,146 ਕੇਸ ਸਾਹਮਣੇ ਆ ਚੁੱਕੇ ਹਨ।

ਸਭ ਤੋਂ ਵੱਧ ਕੇਸ ਅਮਰੀਕਾ ਵਿਚ ਹਨ, ਜਿਸਦੀ ਗਿਣਤੀ 56,23,990 ਹੈ। ਦੂਜੇ ਨੰਬਰ 'ਤੇ ਬ੍ਰਾਜ਼ੀਲ ਵਿਚ 35,32,330 ਕੇਸ ਅਤੇ ਤੀਸਰੇ ਨੰਬਰ 'ਤੇ ਭਾਰਤ ਵਿਚ 29,75,701 ਕੇਸ ਸਾਹਮਣੇ ਆ ਚੁੱਕੇ ਹਨ।

ਹੁਣ ਤੱਕ ਦੁਨੀਆਂ ਭਰ ਵਿਚ ਮਰਨ ਵਾਲਿਆਂ ਦੀ ਗਿਣਤੀ 7,99,625 ਹੋ ਚੁੱਕੀ ਹੈ।

ਸਭ ਤੋਂ ਵੱਧ ਮੌਤਾਂ ਅਮਰੀਕਾ 'ਚ ਹਨ, ਜਿਸ ਦਾ ਅੰਕੜਾ 1,75,409 ਹੈ। ਦੂਜੇ ਨੰਬਰ 'ਤੇ ਬ੍ਰਾਜ਼ੀਲ ਵਿਚ ਮਰਨ ਵਾਲਿਆਂ ਦੀ ਗਿਣਤੀ 1,13,358 ਹੈ ਅਤੇ ਤੀਜੇ ਨੰਬਰ 'ਤੇ ਮੈਕਸਿਕੋ ਵਿਚ ਮਰਨ ਵਾਲਿਆਂ ਦੀ ਗਿਣਤੀ 59,610 ਹੈ।

ਇਹ ਵੀ ਪੜ੍ਹੋ

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)