ਕੋਰੋਨਾਵਾਇਰਸ 'ਚ ਤਬਦੀਲੀ ਵੱਧ ਲਾਗ ਫੈਲਾਉਣ ਵਾਲੀ ਹੈ ਪਰ ਇਹ ''ਖੁਸ਼ਖ਼ਬਰੀ'' ਦੱਸੀ ਜਾ ਰਹੀ ਹੈ, ਕਿਉਂ

ਲਾਗ ਦੇ ਰੋਗਾਂ ਦੇ ਇੱਕ ਮਾਹਰ ਦਾ ਕਹਿਣਾ ਹੈ ਕਿ ਯੂਰਪ, ਉੱਤਰੀ ਅਮਰੀਕਾ ਅਤੇ ਏਸ਼ੀਆ ਦੇ ਕੁਝ ਹਿੱਸਿਆਂ ਵਿੱਚ ਕੋਰੋਨਾਵਾਇਰਸ ਵਿੱਚ ਜੋ ਮਿਊਟੇਸ਼ਨ (ਵਾਇਰਸ ਦੇ ਜੀਨ ਵਿੱਚ ਬਦਲਾਅ) ਦੇਖਿਆ ਜਾ ਰਿਹਾ ਹੈ, ਉਹ ਵਧੇਰੇ ਲਾਗ ਵਾਲਾ ਹੋ ਸਕਦਾ ਹੈ ਪਰ ਇਹ ਘੱਟ ਜਾਨਲੇਵਾ ਲੱਗਦੇ ਹਨ।

ਖ਼ਬਰ ਏਜੰਸੀ ਰਾਇਟਰਜ਼ ਅਨੁਸਾਰ ਨੈਸ਼ਨਲ ਯੂਨੀਵਰਸਿਟੀ ਆਫ਼ ਸਿੰਗਾਪੁਰ ਦੇ ਸੀਨੀਅਰ ਸਿਹਤ ਮਾਹਿਰ ਅਤੇ ਇੰਟਰਨੈਸ਼ਨਲ ਸੁਸਾਇਟੀ ਆਫ਼ ਇੰਨਫ਼ੈਕਸ਼ਸ ਡੀਜ਼ੀਜ਼ਸ ਦੇ ਨਵੇਂ ਚੁਣੇ ਗਏ ਪ੍ਰਧਾਨ ਪੌਲ ਟੈਮਬਿਆ ਨੇ ਕਿਹਾ, ''ਸਬੂਤ ਦੱਸਦੇ ਹਨ ਕਿ ਦੁਨੀਆਂ ਦੇ ਕੁਝ ਇਲਾਕਿਆ ਵਿੱਚ ਕੋਰੋਨਾ ਦੇ D614G ਮਿਊਟੇਸ਼ਨ (ਵਾਇਰਸ ਦੇ ਜੀਨ ਵਿੱਚ ਬਦਲਾਅ) ਦੇ ਫ਼ੈਲਾਅ ਤੋਂ ਬਾਅਦ ਮੌਤ ਦਰ ਵਿੱਚ ਕਮੀ ਦੇਖੀ ਗਈ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਘੱਟ ਖ਼ਤਰਨਾਕ ਹੈ।''

ਡਾਕਟਰ ਟੈਮਬਿਆ ਨੇ ਰਾਇਟਰਜ਼ ਨਾਲ ਗੱਲਬਾਤ ਦੌਰਾਨ ਕਿਹਾ ਕਿ ਵਾਇਰਸ ਦੀ ਲਾਗ ਜ਼ਿਆਦਾ ਹੋਣਾ ਪਰ ਘੱਟ ਖ਼ਤਰਨਾਕ ਹੋਣਾ ਚੰਗੀ ਗੱਲ ਹੈ।

ਉਨ੍ਹਾਂ ਨੇ ਕਿਹਾ ਕਿ ਵਧੇਰੇ ਵਾਇਰਸ ਜਿਵੇਂ-ਜਿਵੇਂ ਮਿਊਟੇਟ ਕਰਦੇ ਹਨ ਯਾਨਿ ਕਿ ਉਨ੍ਹਾਂ ਦੇ ਜੀਨ ਵਿੱਚ ਬਦਲਾਅ ਆਉਂਦਾ ਹੈ, ਉਵੇਂ-ਉਵੇਂ ਹੀ ਉਹ ਘੱਟ ਖਤਰਨਾਕ ਹੁੰਦੇ ਜਾਂਦੇ ਹਨ।

ਉਨ੍ਹਾਂ ਦਾ ਕਹਿਣਾ ਹੈ,'' ਇਹ ਵਾਇਰਸ ਦੇ ਪੱਖ ਵਿੱਚ ਹੁੰਦਾ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਲਾਗ ਪ੍ਰਭਾਵਿਤ ਕਰੇ ਪਰ ਉਨ੍ਹਾਂ ਨੂੰ ਮਾਰੇ ਨਾ ਕਿਉਂਕਿ ਵਾਇਰਸ ਭੋਜਨ ਅਤੇ ਆਸਰੇ ਲਈ ਲੋਕਾਂ 'ਤੇ ਹੀ ਨਿਰਭਰ ਕਰਦਾ ਹੈ।''

ਕੋਰੋਨਾਵਾਇਰਸ ਬਦਲਾਅ ਕਿੰਨਾ ਖ਼ਤਰਨਾਕ

ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਵਿਗਿਆਨੀਆਂ ਨੇ ਫ਼ਰਵਰੀ ਵਿੱਚ ਹੀ ਇਸ ਗੱਲ ਦੀ ਖੋਜ ਕਰ ਲਈ ਸੀ ਕਿ ਕੋਰੋਨਾਵਾਇਰਸ ਵਿੱਚ ਮਿਊਟੇਸ਼ਨ ਹੋ ਰਿਹਾ ਹੈ ਅਤੇ ਇਹ ਯੂਰਪ ਅਤੇ ਅਮਰੀਕਾ ਵਿੱਚ ਫ਼ੈਲ ਰਿਹਾ ਹੈ।

ਵਿਸ਼ਵ ਸਿਹਤ ਸੰਗਠਨ ਦਾ ਇਹ ਵੀ ਕਹਿਣਾ ਸੀ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਵਾਇਰਸ ਬਦਲਾਅ ਦੇ ਬਾਅਦ ਹੋਰ ਖ਼ਤਰਨਾਕ ਹੋ ਗਿਆ ਹੈ।

ਐਤਵਾਰ ਨੂੰ ਮਲੇਸ਼ੀਆ ਦੇ ਸਿਹਤ ਵਿਭਾਗ ਦੇ ਡੀਜੀ ਨੂਰ ਹਿਸ਼ਾਮ ਅਬਦੁਲਾਹ ਨੇ ਮੌਜੂਦਾ ਦੋ ਹੌਟ-ਸਪੌਟਸ ਵਿੱਚ ਕੋਰੋਨਾਵਾਇਰਸ ਦੇ D614G ਮਿਊਟੇਸ਼ਨ ਪਾਏ ਜਾਣ ਤੋਂ ਬਾਅਦ ਲੋਕਾਂ ਨੂੰ ਹੋਰ ਸੁਚੇਤ ਹੋਣ ਦੀ ਬੇਨਤੀ ਕੀਤੀ ਹੈ।

ਸਿੰਗਾਪੁਰ ਦੇ ਵਿਗਿਆਨ, ਟੈੱਕਨਾਲੋਜੀ ਅਤੇ ਖੋਜ ਵਿਭਾਗ ਦੇ ਸੈਬੇਸਟੀਅਨ ਮੌਰਰ-ਸਟ੍ਰੋਹ ਨੇ ਕਿਹਾ ਕਿ ਕੋਰੋਨਾਵਾਇਰਸ ਦਾ ਇਹ ਰੂਪ ਸਿੰਗਾਪੁਰ ਵਿੱਚ ਮਿਲਿਆ ਹੈ ਪਰ ਵਾਇਰਸ ਦੀ ਰੋਕਥਾਮ ਲਈ ਚੁੱਕੇ ਕਦਮਾਂ ਦੇ ਕਾਰਨ ਵੱਡੇ ਪੱਧਰ 'ਤੇ ਫ਼ੈਲਾਅ ਵਿੱਚ ਨਾਕਾਮਯਾਬ ਰਿਹਾ ਹੈ।

ਮਲੇਸ਼ੀਆਂ ਦੇ ਨੂਰ ਹਿਸ਼ਾਮ ਨੇ ਕਿਹਾ ਕਿ ਕੋਰੋਨਾ ਦਾ D614G ਵਰਜ਼ਨ ਜੋ ਉੱਥੇ ਮਿਲਿਆ ਸੀ ਉਹ 10 ਗੁਣਾ ਜ਼ਿਆਦਾ ਲਾਗ ਲਾਉਂਦਾ ਹੈ ਅਤੇ ਹਾਲੇ ਜੋ ਵੀ ਟੀਕਾ ਤਿਆਰ ਕੀਤਾ ਜਾ ਰਿਹਾ ਹੈ ਹੋ ਸਕਦਾ ਹੈ ਕੋਰੋਨਾਵਾਇਰਸ ਦੇ ਇਸ (D614G) ਵਰਜ਼ਨ ਲਈ ਪ੍ਰਭਾਵਸ਼ਾਲੀ ਨਾ ਹੋਵੇ।

ਪਰ ਟੈਮਬਿਆ ਅਤੇ ਮੌਰਰ-ਸਟ੍ਰੋਹ ਨੇ ਕਿਹਾ ਕਿ ਮਿਊਟੇਸ਼ਨ ਦੇ ਕਾਰਨ ਕੋਰੋਨਾਵਾਇਰਸ ਵਿੱਚ ਇੰਨਾ ਬਦਲਾਅ ਨਹੀਂ ਹੋਵੇਗਾ ਕਿ ਉਸ ਲਈ ਜੋ ਟੀਕਾ ਤਿਆਰ ਕੀਤਾ ਜਾ ਰਿਹਾ ਹੈ ਉਸਦਾ ਅਸਰ ਘੱਟ ਕਰ ਸਕੇ।

ਮਾਰ-ਸਟ੍ਰੋਹ ਨੇ ਕਿਹਾ, ''ਵਾਇਰਸ ਵਿੱਚ ਬਦਲਾਅ ਤਕਰੀਬਨ ਇੱਕੋ ਜਿਹੇ ਹਨ ਅਤੇ ਉਨ੍ਹਾਂ ਨੇ ਉਹ ਜਗ੍ਹਾ ਨਹੀਂ ਬਦਲੀ ਜੋ ਕਿ ਆਮ ਤੌਰ 'ਤੇ ਸਾਡਾ ਅਮਿਊਨ ਸਿਸਟਮ ਪਹਿਚਾਣਦਾ ਹੈ। ਇਸ ਲਈ ਕੋਰੋਨਾ ਦੀ ਜੋ ਵੈਕਸਿਨ ਤਿਆਰ ਕੀਤੀ ਜਾ ਰਹੀ, ਉਸ 'ਤੇ ਕੋਈ ਫ਼ਰਕ ਨਹੀਂ ਪਵੇਗਾ।''

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)