BSF : 5 ਘੁਸਪੈਠੀਏ ਮਾਰਨ ਦਾ ਦਾਅਵਾ, ਪੰਜਾਬ ਦੇ ਤਰਨ ਤਾਰਨ ਨੇੜੇ ਭਾਰਤ-ਪਾਕ ਸਰਹੱਦ ਦੀ ਘਟਨਾ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਲਈ

ਭਾਰਤੀ ਸੀਮ ਸੁਰੱਖਿਆ ਬਲ ਨੇ ਪੰਜਾਬ ਵਿਚ ਸ਼ਨੀਵਾਰ ਨੂੰ ਭਾਰਤ ਪਾਕਿਸਤਾਨ ਸਰਹੱਦ ਉੱਤੇ 5 ਘੁਸਪੈਠੀਏ ਮਾਰਨ ਦਾ ਦਾਅਵਾ ਕੀਤਾ ਹੈ।

ਬੀਐੱਸਐੱਫ਼ ਦੇ ਪੰਜਾਬ ਫਰੰਟੀਅਰ ਦੇ ਆਈਜੀ ਮਹੀਮਾਲ ਯਾਦਵ ਨੇ ਮੀਡੀਆ ਨਾਲ ਗੱਲਾਬਤ ਦੌਰਾਨ ਇਹ ਘਟਨਾ ਦੀ ਪੁਸ਼ਟੀ ਕੀਤੀ ਹੈ।

ਬੀਐੱਸਐਫ ਦੇ ਅਧਿਕਾਰੀਆਂ ਮੁਤਾਬਕ 3300 ਕਿਲੋਮੀਟਰ ਲੰਬੀ ਭਾਰਤ ਪਾਕ ਸਰਹੱਦ ਉੱਤੇ ਇਹ ਦਹਾਕੇ ਦੌਰਾਨ ਕਿਸੇ ਇੱਕ ਘਟਨਾ ਵਿਚ ਇੰਨੇ ਬੰਦੇ ਮਾਰੇ ਜਾਣ ਦੀ ਇਹ ਪਹਿਲੀ ਘਟਨਾ ਹੈ।

ਪੰਜਾਬ ਨਾਲ ਪਾਕਿਸਤਾਨ ਦਾ 553 ਕਿਲੋ ਮੀਟਰ ਸਰਹੱਦੀ ਖੇਤਰ ਲੱਗਦਾ ਹੈ ਜਦਕਿ ਬਾਕੀ ਹਿੱਸਾ ਜੰਮੂ, ਰਾਜਸਥਾਨ, ਤੇ ਗੁਰਜਾਤ ਸਬਿਆਂ ਨਾਲ ਪੈਂਦਾ ਹੈ।

ਇਹ ਵੀ ਪੜ੍ਹੋ:

ਮਹੀਪਾਲ ਮੁਤਾਬਕ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਖੇਮਕਰਨ ਵਿਚ ਤੈਨਾਤ ਬੀਐੱਸਐਫ਼ ਦੀ 103 ਬਟਾਲੀਅਨ ਨੇ ਘੁਸਪੈਠੀਆਂ ਦੀਆਂ ਸ਼ੱਕੀ ਗਤੀਵਿਧੀਆਂ ਦਾ ਨੋਟਿਸ ਲਿਆ।

ਇਨ੍ਹਾਂ ਘੁਸਪੈਠੀਆਂ ਨੂੰ ਜਵਾਨਾਂ ਨੇ ਰੁਕਣ ਲਈ ਕਿਹਾ ਤਾਂ ਇਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਵਾਨਾਂ ਵਲੋਂ ਕੀਤੀ ਗਈ ਜਵਾਬੀ ਕਾਰਵਾਈ ਵਿਚ ਇੱਕ ਤੋਂ ਬਾਅਦ ਇੱਕ ਪੰਜ ਜਣੇ ਮਾਰੇ ਗਏ।

ਬੀਐੱਸਐੱਫ਼ ਦੇ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਤਰਨਤਾਰਨ ਦੇ ਭੀਖੀਵਿੰਡ ਲਾਗੇ ਵਾਪਰੀ ਹੈ।

ਬੀਐੱਸਐੱਫ਼ ਦੇ ਇੱਕ ਹੋਰ ਅਫ਼ਸਰ ਨੇ ਕਿਹਾ ਕਿ ਘਟਨਾ ਤੜਕੇ 4:45 ਦੇ ਲਗਭਗ ਜ਼ਿਲ੍ਹੇ ਦੇ ਭਿੱਖੀਵਿੰਡ ਕਸਬੇ ਵਿੱਚ ਪੈਂਦੀ 'ਦਲ' ਪੋਸਟ ਕੋਲ ਵਾਪਰੀ।

ਅਫ਼ਸਰਾਂ ਨੇ ਦੱਸਿਆ ਕਿ ਬੀਐੱਸਐੱਫ਼ ਨੇ ਪਹਿਲਾਂ ਰਾਤ ਨੂੰ ਸਰਹੱਦ ਦੇ ਨਾਲ ਸ਼ੱਕੀ ਗਤੀਵਿਧੀ ਨੋਟਿਸ ਕੀਤੀ ਸੀ ਜਿਸ ਤੋਂ ਬਾਅਦ ਘੁਸਪੈਠੀਆਂ ਲਈ ਵਿਸ਼ੇਸ਼ ਨਜ਼ਰ ਰੱਖੀ ਗਈ ਅਤੇ ਵੱਖ-ਵੱਖ ਥਾਵਾਂ ਤੇ ਘਾਤ ਲਾਈ ਗਈ। ਆਖ਼ਰਕਾਰ ਸਵੇਰੇ ਮੁਕਾਬਲਾ ਹੋ ਗਿਆ।

ਘੁਸਪੈਠੀਏਆਂ ਨੇ ਰਾਈਫ਼ਲਾਂ ਚੁੱਕੀਆਂ ਹੋਈਆਂ ਸਨ ਅਤੇ ਸਰਕੜੇ ਦੀ ਆੜ ਵਿੱਚ ਸਰਹੱਦ ਪਾਰ ਕਰਨ ਦੀ ਝਾਕ ਵਿੱਚ ਸਨ।

ਬੀਐੱਸਐੱਫ਼ ਵੱਲੋਂ ਜਾਰੀ ਤਸਵੀਰਾਂ ਵਿੱਚ ਇੱਕ ਤਸਵੀਰ ਵਿੱਚ ਦੋ ਲਾਸ਼ਾਂ ਉੱਪਰੋ-ਥੱਲੀ ਪਈਆਂ ਹਨ ਜਦਕਿ ਤਿੰਨ ਵੱਖਰੀਆਂ ਪਈਆਂ ਹਨ। ਤਸਵੀਰਾਂ ਵਿੱਚ ਘੁਸਪੈਠੀਏਆਂ ਦੇ ਪਿੱਠੂ ਬੈਗ ਵੀ ਦਿਖੇ ਜਾ ਸਕਦੇ ਹਨ। ਉਨ੍ਹਾਂ ਨੇ ਟੀ-ਸ਼ਰਟਾਂ ਜਾਂ ਕਮੀਜ਼ਾਂ ਅਤੇ ਪੈਂਟਾਂ ਪਾਈਆਂ ਹੋਈਆਂ ਸਨ।

ਇਸ ਵਾਰਦਾਤ ਤੋਂ ਬਾਅਦ ਬੀਐੱਸਐਫ ਨੇ ਇਲਾਕੇ ਵਿਚ ਵਿਆਪਕ ਤਲਾਸ਼ੀ ਮੁਹਿੰਮ ਚਲਾਈ, ਜਿਸ ਦੌਰਾਨ ਵੱਡੀ ਗਿਣਤੀ ਵਿਚ ਹਥਿਆਰ ਤੇ ਨਸ਼ੀਲੇ ਪਦਾਰਥ ਵੀ ਬਰਮਾਦ ਕੀਤੇ ਗਏ ਹਨ।

ਬੀਐਸਐਫ ਮੁਤਾਬਕ ਘਟਨਾ ਵਾਲੀਆਂ ਥਾਂ ਤੋਂ ਜੋ ਕੁਝ ਬਰਾਮਦ ਹੋਇਆ ਉਸ ਦੀ ਸੂਚੀ ਇਸ ਤਰ੍ਹਾਂ ਹੈ।

  • 01 ਏਕੇ 47 ਰਾਇਫਲ ਦੇ ਨਾਲ ਦੋ ਮੈਗਜ਼ੀਨ ਤੇ 27 ਜ਼ਿੰਦਾ ਕਾਰਤੂਸ
  • 04 ਪਿਸਟਲ ਅਤੇ 07 ਮੈਗਜ਼ੀਨ ਅਤੇ 109 ਜ਼ਿੰਦਾ ਕਾਰਤੂਸ
  • 09 ਪੈਕੇਟ (9.920 ਕਿਲੋ ਦੇ ਕਰੀਬ) ਹੈਰੋਇਨ
  • 02 ਮੋਬਾਇਲ ਫੋਨ
  • 610 ਰੁਪਏ ਦੇ ਪਾਕਿਸਤਾਨੀ ਕਰੰਸੀ

ਅੰਮ੍ਰਿਤਸਰ ਖੇਤਰ ਵਿਚ ਵੀ ਬੀਐੱਸਐਫ਼ ਦੀ 71 ਬਟਾਲੀਅਨ ਨੇ ਸਰਚ ਦੌਰਾਨ 1.5 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ , ਇਸ ਵੀ ਹੈਰੋਇਨ ਹੋ ਸਕਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)