ਕੋਰੋਨਾਵਾਇਰਸ : ਅੰਮ੍ਰਿਤਸਰ 'ਚ ਕੰਟੇਨਮੈਂਟ ਜੋਨਾਂ ਦੇ 40% ਲੋਕ ਕੋਵਿਡ ਐਂਟੀਬਾਡੀਜ਼ ਦੇ ਪੌਜ਼ਿਟਿਵ -ਸਰਵੇ -ਹੋਰ ਜ਼ਿਲ੍ਹਿਆਂ ਦਾ ਕੀ ਹੈ ਹਾਲ

ਪੰਜਾਬ ਦੇ ਕਨਟੇਨਮੈਂਟ ਜ਼ੋਨਾਂ ਵਿੱਚ 27.7 ਫੀਸਦ ਵਸੋਂ ਕੋਵਿਡ ਐਂਟੀਬਾਡੀਜ਼ ਦੇ ਪੌਜ਼ੀਟਿਵ ਪਾਏ ਗਏ ਹਨ ਜੋ ਕਿ ਇਹ ਦਰਸਾਉਂਦਾ ਹੈ ਕਿ ਇਹ ਲੋਕ ਪਹਿਲਾਂ ਹੀ ਗ੍ਰਸਤ ਸਨ ਅਤੇ ਕੋਰੋਨਾ ਮਹਾਂਮਾਰੀ ਤੋਂ ਠੀਕ ਹੋ ਗਏ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਰਵਾਰ ਨੂੰ ਸੱਦੀ ਗਈ ਕੋਵਿਡ ਸਮੀਖਿਆ ਦੀ ਮੀਟਿੰਗ ਦੌਰਾਨ ਪੇਸ਼ ਕੀਤੇ ਸਰਵੇਖਣ ਦੇ ਨਤੀਜਿਆਂ ਵਿੱਚ ਦਿਖਾਇਆ ਗਿਆ ਕਿ ਕਨਟੇਨਮੈਂਟ ਜ਼ੋਨਾਂ ਵਿੱਚ ਸਾਰਸ-ਕੋਵ-2 ਐਂਟੀਬਾਡੀਜ਼ ਦਾ ਪ੍ਰਸਾਰ ਸਭ ਤੋਂ ਵੱਧ ਅੰਮ੍ਰਿਤਸਰ ਜ਼ਿਲ੍ਹੇ ਵਿੱਚ 40 ਫੀਸਦ ਹੈ।

ਇਸ ਤੋਂ ਬਾਅਦ ਲੁਧਿਆਣਾ ਵਿੱਚ 36.5 ਫੀਸਦ, ਐੱਸਏਐੱਸ ਨਗਰ ਵਿੱਚ 33.2 ਫੀਸਦ, ਪਟਿਆਲਾ ਵਿੱਚ 19.2 ਫੀਸਦ ਅਤੇ ਜਲੰਧਰ ਵਿੱਚ 10.8 ਫੀਸਦ ਹੈ।

ਇਹ ਪੰਜਾਬ ਦਾ ਪਹਿਲਾ ਨਿਵੇਕਲਾ ਸਰਵੇਖਣ ਹੈ, ਜੋ ਪਹਿਲੀ ਤੋਂ 17 ਅਗਸਤ ਤੱਕ ਸੂਬੇ ਦੇ ਪੰਜ ਸੀਮਤ ਜ਼ੋਨਾਂ ਵਿੱਚ ਯੋਜਨਾਬੰਦ ਤਰੀਕੇ ਨਾਲ ਰੈਂਡਮ ਤੌਰ 'ਤੇ ਚੁਣੇ ਗਏ 1250 ਵਿਅਕਤੀਆਂ ਦੇ ਸੈਂਪਲ ਲਏ ਗਏ।

ਇਹ ਵੀ ਪੜ੍ਹੋ:

ਇਸ ਤੋਂ ਪਹਿਲਾਂ ਸੂਬਾ ਸਰਕਾਰ ਵੱਲੋਂ ਆਈਸੀਐੱਮਆਰ ਦੇ ਸਹਿਯੋਗ ਨਾਲ ਕੀਤਾ ਗਿਆ ਸਰਵੇਖਣ ਆਮ ਸੀ।

ਇਹ ਸਰਵੇਖਣ ਰਿਪੋਰਟ ਉਸ ਦਿਨ ਆਈ ਜਦੋਂ ਦਿੱਲੀ ਨੇ ਆਪਣੇ ਦੂਜੀ ਸੀਰੋ ਸਰਵੇਖਣ ਦੇ ਨਤੀਜੇ ਜਾਰੀ ਕੀਤੇ ਜਿਸ ਅਨੁਸਾਰ ਕੌਮੀ ਰਾਜਧਾਨੀ ਵਿੱਚ 29 ਫੀਸਦੀ ਦੇ ਕਰੀਬ ਸੀਰੋ ਪੌਜ਼ੇਟਿਵ ਸਨ।

ਕਿੱਥੇ-ਕਿੱਥੇ ਕੀਤਾ ਗਿਆ ਸਰਵੇਖਣ?

ਪੰਜਾਬ ਦੇ ਇਸ ਸਰਵੇਖਣ ਲਈ ਪੰਜ ਕਨਟੇਨਮੈਂਟ ਜ਼ੋਨਜ਼ ਨੂੰ ਚੁਣਿਆ ਗਿਆ ਜਿਨ੍ਹਾਂ ਖੇਤਰਾਂ ਵਿੱਚ ਕੋਵਿਡ ਦੇ ਸਭ ਤੋਂ ਵੱਧ ਕੇਸ ਸਾਹਮਣੇ ਆਏ ਹਨ।

ਇਹ ਸਨ ਪਟਿਆਲਾ, ਐੱਸਏਐੱਸ ਨਗਰ, ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਜ਼ਿਲ੍ਹੇ। ਹਰੇਕ ਜ਼ੋਨ 'ਚੋਂ 250 ਲੋਕਾਂ ਦੇ ਸੈਂਪਲ ਲਏ ਗਏ ਅਤੇ ਰੈਂਡਮ ਤੌਰ 'ਤੇ ਚੁਣੇ ਗਏ ਹਰੇਕ ਘਰ ਵਿੱਚੋਂ 18 ਸਾਲ ਤੋਂ ਵੱਧ ਉਮਰ ਦੇ ਇੱਕ ਬਾਲਗ ਵਿਅਕਤੀ ਨੂੰ ਸਰਵੇਖਣ ਲਈ ਚੁਣਿਆ ਗਿਆ।

ਸਾਰੇ ਕਨਟੇਨਮੈਂਟ ਜ਼ੋਨਾਂ ਵਿੱਚ ਜਿੱਥੇ ਕੋਵਿਡ-19 ਦੇ ਸਭ ਤੋਂ ਵੱਧ ਕੇਸ ਹਨ, ਨੂੰ ਮਿਲਾ ਕੇ ਕੁੱਲ 27.8 ਫੀਸਦੀ ਲੋਕਾਂ ਵਿੱਚ ਸਾਰਸ ਕੋਵ-2 ਐਟੀਬਾਡੀਜ਼ ਦੇ ਸੀਰੋ ਦਾ ਪ੍ਰਸਾਰ ਪਾਇਆ ਗਿਆ।

ਸਰਵੇਖਣ ਦੀ ਰਿਪੋਰਟ ਅਨੁਸਾਰ ਸ਼ਹਿਰਾਂ ਦੇ ਬਾਕੀ ਇਲਾਕਿਆਂ ਵਿੱਚ ਇਹ ਗਿਣਤੀ ਘੱਟ ਹੈ ਜਦੋਂ ਕਿ ਪੇਂਡੂ ਖੇਤਰਾਂ ਵਿੱਚ ਇਹ ਗਿਣਤੀ ਸ਼ਹਿਰੀ ਇਲਾਕਿਆਂ ਨਾਲੋਂ ਹੋਰ ਵੀ ਘੱਟ ਹੈ।

ਇਸ ਸਰਵੇਖਣ ਦਾ ਮਕਸਦ ਰੈਪਿਡ ਐਂਟੀਬਾਡੀ ਟੈਸਟਿੰਗ ਕਿੱਟ ਰਾਹੀਂ ਸਾਰਸ-ਕੋਵ-2 ਐਂਟੀਬਾਡੀਜ਼ (ਆਈਜੀਐਮ/ਆਈਜੀਜੀ) ਦੇ ਪ੍ਰਸਾਰ ਨੂੰ ਦੇਖਣਾ ਸੀ।

ਸੂਬਾ ਸਰਕਾਰ ਦੇ ਸਿਹਤ ਸਲਾਹਕਾਰ ਮਾਹਿਰਾਂ ਦੀ ਟੀਮ ਦੇ ਮੁਖੀ ਡਾ.ਕੇਕੇ ਤਲਵਾੜ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਖਲਾਈ ਪ੍ਰਾਪਤ ਫੀਲਡ ਸਹਾਇਕਾਂ ਤੇ ਲੈਬਾਰਟਰੀ ਟੈਕਨੀਸ਼ੀਅਨਜ਼ ਦੀ ਟੀਮ ਨੇ ਮੈਡੀਕਲ ਅਫ਼ਸਰ ਦੀ ਨਿਗਰਾਨੀ ਹੇਠ ਡਾਟਾ ਇਕੱਠਾ ਕੀਤਾ। ਆਸ਼ਾ/ਏਐਨਐੱਮਜ਼ ਨੇ ਇਸ ਸਰਵੇਖਣ ਵਿੱਚ ਜ਼ੋਨਜ਼ ਵਿੱਚ ਘਰਾਂ ਦੀ ਸ਼ਨਾਖਤ ਵਿੱਚ ਮੱਦਦ ਮੁਹੱਈਆ ਕੀਤੀ।

ਸਰਵੇਖਣ ਦਾ ਮੰਤਵ ਸਮਝਾਉਣ ਤੋਂ ਬਾਅਦ ਲਿਖਤੀ ਤੌਰ 'ਤੇ ਸਹਿਮਤੀ ਪੱਤਰ ਪ੍ਰਾਪਤ ਕੀਤਾ ਗਿਆ। ਇੰਟਰਵਿਊ ਤੋਂ ਬਾਅਦ ਰੋਗਾਣੂਹੀਣ ਹਾਲਤ ਵਿੱਚ ਲੈਬਾਰਟਰੀ ਦੇ ਟੈਕਨੀਸ਼ੀਅਨਜ਼ ਨੇ ਖੂਨ ਦਾ ਸੈਂਪਲ ਲਿਆ। ਇਹ ਸੈਂਪਲ ਟੈਸਟਾਂ ਲਈ ਜ਼ਿਲ੍ਹਾ ਜਨ ਸਿਹਤ ਲੈਬਾਰਟਰੀਆਂ ਵਿੱਚ ਭੇਜ ਦਿੱਤਾ ਗਿਆ ਜਿੱਥੇ ਰੈਪਿਡ ਐਂਟੀਬਾਡੀ ਟੈਸਟ ਕੀਤਾ ਗਿਆ।

ਇਸ ਸਮੀਖਿਆ ਬੈਠਕ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਨਵੀਆਂ ਪਾਬੰਦੀਆਂ ਦਾ ਐਲਾਨ ਕਰ ਦਿੱਤਾ

ਕੀ ਕੀ ਹਨ ਨਵੀਂਆਂ ਹਦਾਇਤਾਂ

  • ਵੀਰਵਾਰ ਸ਼ਾਮੀ ਕੀਤੇ ਗਏ ਐਲਾਨਾਂ ਮੁਤਾਬਕ ਸ਼ੁੱਕਰਵਾਰ ਤੋਂ ਪੰਜਾਬ ਵਿੱਚ ਹੁਣ ਸਾਰੇ ਸ਼ਹਿਰਾਂ ਤੇ ਕਸਬਿਆਂ ਵਿੱਚ ਹਰ ਵੀਕਐਂਡ ਯਾਨਿ ਸ਼ਨੀਵਾਰ ਤੇ ਐਤਵਾਰ ਲੌਕਡਾਊਨ ਰਹੇਗਾ।
  • ਰੋਜ਼ਾਨਾ ਰਾਤ ਨੂੰ ਲੱਗਣ ਵਾਲੇ ਕਰਫਿਊ ਦਾ ਸਮਾਂ ਵਧਾ ਦਿੱਤਾ ਗਿਆ ਹੈ, ਹੁਣ ਸ਼ਾਮ ਨੂੰ 7 ਵਜੇ ਤੋਂ ਅਗਲੇ ਦਿਨ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ।
  • ਸੂਬਾ ਸਰਕਾਰ ਦੀਆਂ ਨਵੀਆਂ ਹਦਾਇਤਾਂ ਵਿੱਚ ਵਿਆਹ ਸਮਾਗਮਾਂ ਅਤੇ ਸਸਕਾਰ ਮੌਕੇ ਇਕੱਠ ਨੂੰ ਛੱਡ ਕੇ ਸਮਾਜਿਕ, ਧਾਰਮਿਕ ਤੇ ਸਿਆਸੀ ਇਕੱਠਾਂ 'ਤੇ 31 ਅਗਸਤ ਉੱਤੇ ਪਾਬੰਦੀ ਲਾ ਦਿੱਤੀ ਹੈ।
  • ਬੱਸਾਂ ਅਤੇ ਟਰਾਂਸਪੋਰਟ ਦੇ ਵਾਹਨਾਂ ਵਿੱਚ 50 ਫੀਸਦ ਅਤੇ ਨਿੱਜੀ ਕਾਰਾਂ ਵਿੱਚ ਤਿੰਨ ਲੋਕ ਹੀ ਸਫ਼ਰ ਕਰ ਸਕਣਗੇ।
  • ਪੰਜ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ, ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ ਵਿੱਚ 50 ਫੀਸਦ ਹੀ ਗੈਰ-ਜ਼ਰੂਰੀ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਮੌਜੂਦਾ ਦੌਰ 'ਚ ਇਨ੍ਹਾਂ ਪੰਜਾਂ ਸ਼ਹਿਰਾਂ ਵਿੱਚ ਹੀ ਸੂਬੇ ਦੀ 80 ਫੀਸਦ ਕੇਸ ਹਨ।
  • ਸਰਕਾਰੀ ਅਧਿਕਾਰੀਆਂ ਨਿਰਦੇਸ਼ ਦਿੱਤੇ ਸਰਕਾਰੀ ਦਫ਼ਤਰਾਂ ਵਿੱਚ ਆਮ ਲੋਕਾਂ ਦੀ ਆਵਾਜਾਈ ਨੂੰ ਘਟਾਉਣ ਲਈ ਆਨਲਾਈਨ ਸ਼ਿਕਾਇਤ ਨਿਵਾਰਣ ਪ੍ਰਣਾਲੀ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਵੇ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)