ਪ੍ਰਧਾਨ ਮੰਤਰੀ ਮੋਦੀ ਲਈ ਅਮਰੀਕਾ ਤੋਂ ਆ ਰਹੇ ਨਵੇਂ ਜਹਾਜ਼ ਵਿੱਚ ਇਹ ਹਨ ਖੂਬੀਆਂ - ਪ੍ਰੈੱਸ ਰਿਵੀਊ

ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਵਰਤੋਂ ਲਈ ਅਮਰੀਕੀ ਰਾਸ਼ਟਰਪਤੀ ਦੇ ਜਹਾਜ਼ ਏਅਰ ਫੋਰਸ ਵਨ ਦੀ ਤਰਜ਼ 'ਤੇ ਆਧੁਨਿਕ ਸੁਰੱਖਿਆ ਅਤੇ ਲੰਬੀ ਦੂਰੀ ਤੱਕ ਉਡਾਣ ਭਰ ਸਕਣ ਵਾਲੇ ਦੋ ਜਹਾਜ਼ਾਂ ਵਿੱਚੋ ਇੱਕ ਅਗਲੇ ਹਫ਼ਤੇ ਭਾਰਤ ਪਹੁੰਚ ਸਕਦਾ ਹੈ।

ਦਿ ਬਿਜ਼ਨਸ ਟੂਡੇ ਦੀ ਖ਼ਬਰ ਮੁਤਾਬਕ 8,458 ਕਰੋੜ ਰੁਪਏ ਨਾਲ ਖ਼ਰੀਦੇ ਜਾ ਰਹੇ ਇਨ੍ਹਾਂ ਦੋ ਬੋਇੰਗ-777-330 ਅਕਸਟੈਂਡਡ ਰੇਂਜ ਦੇ ਇਨ੍ਹਾਂ ਜਹਾਜ਼ਾਂ ਵਿੱਚ ਆਪਣੇ ਵੱਲ ਆ ਰਹੀਆਂ ਮਿਜ਼ਾਈਲਾਂ ਨੂੰ ਰਸਤੇ ਵਿੱਚ ਹੀ ਨਸ਼ਟ ਕਰ ਦੇਣ ਦੀ ਸਮਰੱਥਾ ਹੋਵੇਗੀ ਤੇ ਇਨਕਰਿਪਟਡ ਸੰਚਾਰ ਪ੍ਰਣਲੀ ਨਾਲ ਲੈਸ ਹੋਣਗੇ।

ਫ਼ਿਲਹਾਲ ਇਨ੍ਹਾਂ ਦੋ ਜਹਾਜ਼ਾਂ ਨੂੰ ਅਮਰੀਕਾ ਵਿੱਚ ਤਿਆਰ ਕੀਤਾ ਜਾ ਰਿਹਾ ਹੈ ਅਤੇ ਭਾਰਤ ਆ ਕੇ ਇਹ ਲਗਭਗ 25 ਸਾਲ ਪੁਰਾਣੇ ਏਅਰ ਇੰਡੀਆ ਵਨ ਦੀ ਥਾਂ ਲੈਣਗੇ।

ਇਨ੍ਹਾਂ ਦੋ ਬੋਇੰਗ ਜਹਾਜ਼ਾਂ ਵਿੱਚੋਂ ਪਹਿਲਾ ਜਹਾਜ਼ ਅਗਲੇ ਹਫ਼ਤੇ ਦਿੱਲੀ ਆ ਸਕਦਾ ਹੈ ਤਾਂ ਦੂਜੇ ਜਹਾਜ਼ ਦੇ ਅਗਲੇ ਸਾਲ ਭਾਰਤ ਪਹੁੰਚਣ ਦੀ ਸੰਭਾਵਨਾ ਹੈ। ਜਹਾਜ਼ਾਂ ਨੂੰ ਪ੍ਰਪਤ ਏਅਰ ਇੰਡੀਆ ਕਰੇਗੀ ਪਰ ਇਨ੍ਹਾਂ ਨੂੰ ਚਲਾਏਗੀ ਭਾਰਤੀ ਹਵਾਈ ਫ਼ੌਜ।

ਇਨ੍ਹਾਂ ਉੱਪਰ ਭਾਰਤ ਸਰਕਾਰ ਦੇ ਚਿੰਨ੍ਹ ਛਪੇ ਹੋਣਗੇ ਅਤੇ ਇੱਕ ਵਾਰ ਵਿੱਚ 17 ਘੰਟੇ ਉਡਾਣ ਭਰ ਸਕਣਗੇ ਜਦਕਿ ਮੌਜੂਦਾ ਜਹਾਜ਼ ਸਿਰਫ਼ 10 ਦੀ ਉਡਾਣ ਹੀ ਮੁੜ ਤੇਲ ਭਰਵਾਏ ਬਿਨਾਂ ਭਰ ਸਕਦੇ ਹਨ।

ਇਹ ਵੀ ਪੜ੍ਹੋ:

ਪੀਐੱਮ ਕੇਅਰ ਫੰਡ ਨੂੰ ਕੰਪਨੀਜ਼ ਐਕਟ ਵਿੱਚ ਸ਼ਾਮਲ ਕਰਨ ਦਾ ਵਿਰੋਧ

ਸੂਚਨਾ ਦੇ ਹੱਕ ਲਈ ਸਰਗਰਮ ਕਾਰਕੁਨ ਭਾਰਤ ਸਰਕਾਰ ਦੇ ਉਸ ਫ਼ੈਸਲੇ ਦਾ ਵਿਰੋਧ ਕਰ ਰਹੇ ਹਨ ਜਿਸ ਤਹਿਤ ਪੀਐੱਮ ਕੇਅਰ ਫੰਡ ਨੂੰ ਕੰਪਨੀਜ਼ ਐਕਟ ਦੇ ਸੱਤਵੇਂ ਸ਼ਡਿਊਲ ਵਿੱਚ ਪਾਇਆ ਜਾਣਾ ਹੈ।

ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਇਸ ਸ਼ਡਿਊਲ ਵਿੱਚ ਸ਼ਾਮਲ ਹੋ ਜਾਣ ਨਾਲ ਇਹ ਫੰਡ ਸਰਕਾਰੀ ਨਜ਼ਰਸਾਨੀ ਅਤੇ ਆਰਟੀਆਈ ਦੇ ਘੇਰੇ ਤੋਂ ਬਾਹਰ ਰਹੇਗਾ।

ਭਾਰਤ ਸਰਕਾਰ ਲਗਾਤਾਰ ਕਹਿੰਦੀ ਰਹੀ ਹੈ ਕਿ ਪੀਐੱਮ ਕੇਅਰ ਫੰਡ ਸਰਕਾਰੀ ਇਕਾਈ ਨਹੀਂ ਹੈ ਇਸ ਲਈ ਆਰਟੀਆਈ ਦੇ ਘੇਰੇ ਵਿੱਚ ਨਹੀਂ ਆਉਂਦਾ।

ਹਾਲਾਂਕਿ ਕਾਰਪੋਰਟ ਮਾਮਲਿਆਂ ਦੇ ਮੰਤਰਾਲਾ ਦਾ 28 ਮਾਰਚ ਦਾ ਮੈਮੋਰੈਂਡਮ ਇਹ ਦਸਦਾ ਹੈ ਕਿ ਕੰਪਨੀਆਂ ਵੱਲੋਂ ਕੀਤਾ ਖ਼ਰਚਾ ਕਾਰਪੋਰੇਟ ਸੋਸ਼ਲ ਰਿਸਪਾਂਸਿਬਿਲੀਟੀ ਦੇ ਅਧੀਨ ਮੰਨਿਆ ਜਾਵੇਗਾ ਜੇ ਇਹ ਫੰਡ ਭਾਰਤ ਸਰਕਾਰ ਵੱਲੋਂ ਸਮਾਜਿਕ-ਆਰਥਿਕ ਵਿਕਾਸ ਅਤੇ ਰਾਹਤ ਕਾਰਜਾਂ ਲਈ ਬਣਾਇਆ ਗਿਆ ਹੋਵੇ ਜਿਵੇਂ ਕਿ ਕੰਪਨੀਜ਼ ਐਕਟ ਵਿੱਚ ਵਿਵਸਥਾ ਹੈ।

ਇਸ ਦਾ ਇਹ ਮਤਲਬ ਵੀ ਹੈ ਕਿ ਫੰਡ ਆਰਟੀਆਈ ਦੇ ਅੰਦਰ ਵੀ ਆਵੇਗਾ।

ਪਾਕਿਸਤਾਨ ਦੇ ਕਦਮਾਂ ਤੋਂ ਚੀਨ ਖ਼ਫ਼ਾ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੱਲੋਂ ਭਾਰਤੀ ਕਸ਼ਮੀਰ ਦੀ ਸਥਿਤੀ ਬਾਰੇ ਚੀਨ ਨਾਲ ਗੱਲ ਕਰਨ ਤੋਂ ਬਾਅਦ ਚੀਨ ਨੇ ਪਾਕਿਸਤਾਨ ਨੂੰ ਚੀਨ ਦੇ ਮਸਲੇ ਨੂੰ ਉਲਝਾਉਣ ਵਾਲੇ ਕਿਸੇ ਵੀ "ਇੱਕ ਤਰਫ਼ਾ ਕਦਮ" ਦੇ ਖ਼ਿਲਾਫ਼ ਹੋਣ ਤੋਂ ਜਾਣੂ ਕਰਵਾਇਆ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਸ਼ਾਹ ਮਹਿਮੂਦ ਨੇ ਆਪਣੇ ਮੌਜੂਦਾ ਚੀਨ ਦੌਰੇ ਦੌਰਾਨ ਆਪਣੇ ਚੀਨੀ ਹਮਰੁਤਬਾ ਵੈਂਗ ਯੀ ਨਾਲ ਭਾਰਤੀ ਕਸ਼ਮੀਰ ਬਾਰੇ ਵਿਚਾਰ ਵਟਾਂਦਰਾ ਕੀਤਾ ਸੀ।

ਇਸ ਦੌਰੇ ਦਾ ਮਹੱਤਵ ਭਾਰਤ ਅਤੇ ਚੀਨ ਦੇ ਵਧੇ ਹੋਏ ਸਰਹੱਦੀ ਤਣਾਅ ਕਾਰਨ ਹੋਰ ਵੀ ਵਧ ਜਾਂਦਾ ਹੈ।

ਸਾਬਕਾ ਚੀਫ਼ ਜਸਟਿਸ ਦੇ ਕੰਮਕਾਜ ਬਾਰੇ ਜਾਂਚ ਦੀ ਅਰਜੀ ਖ਼ਾਰਜ

ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਭਾਰਤ ਦੇ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਦੇ ਸੁਪਰੀਮ ਕੋਰਟ ਦੇ ਜੱਜ ਵਜੋਂ ਕੰਡਕਟ ਦੀ ਜਾਂਚ ਦੀ ਮੰਗ ਸੰਬੰਧੀ ਇੱਕ ਅਪੀਲ ਰੱਦ ਕਰ ਦਿੱਤੀ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਜਸਟਿਸ ਅਰੁਣ ਮਿਸ਼ਾਰ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ, ਮਾਫ਼ ਕਰਨਾ ਅਸੀਂ ਇਹ ਨਹੀਂ ਲੈ ਸਕਦੇ।

ਪਟੀਸ਼ਨਰ ਅਰੁਣ ਰਾਮਚੰਦਰਾ ਹੁਬਲੀਕਰ ਦੀ ਮੰਗ ਸੀ ਕਿ ਅਦਾਲਤ ਇੱਕ ਤਿੰਨ ਮੈਂਬਰੀ ਕਮਿਸ਼ਨ ਬਣਾਵੇ ਜੋ ਜਸਟਿਸ ਗੋਗੋਈ ਦੇ ਉਨ੍ਹਾਂ ਕਥਿਤ ਕੰਮਾਂ ਦੀ ਜਾਂਚ ਕਰੇ ਜੋ ਉਨ੍ਹਾਂ ਨੂੰ ਜੱਜ ਹੁੰਦਿਆਂ ਨਹੀਂ ਕਰਨੇ ਚਾਹੀਦੇ ਸਨ।

ਕੇਂਦਰ ਸਰਕਾਰ ਵੱਲੋਂ IRCTC ਵਿੱਚ ਨਿੱਜੀ ਹਿੱਸੇਦਾਰੀ ਵਧਾਉਣ ਦੀ ਤਿਆਰੀ

ਭਾਰਤ ਸਰਕਾਰ ਰੇਲਵੇ ਵਿੱਚ ਆਪਣੀ ਹੋਰ ਹਿੱਸੇਦਾਰੀ ਵੇਚਣ ਲਈ ਆਫ਼ਰ ਆਫ਼ ਸੇਲ ਹਾਰੀਂ ਵੇਚਣ ਦੀ ਯੋਜਨਾ ਬਣਾ ਰਹੀ ਹੈ।

ਦਿ ਟ੍ਰਿਬੀਊਨ ਦੀ ਖ਼ਬਰ ਮੁਤਾਬਕ ਸਰਕਾਰ ਆਈਆਰਸੀਟੀਸੀ ਦੇ ਸ਼ੇਅਰ ਯੋਗ ਅਤੇ ਇੱਛਾ ਰੱਖਣ ਵਾਲੇ ਮੁਲਾਜ਼ਮਾ ਨੂੰ ਰਿਆਤੀ ਦਰਾਂ ਉੱਪਰ ਵੇਚਣ ਬਾਰੇ ਵਿਚਾਰ ਕਰ ਰਹੀ ਹੈ।

ਸ਼ੇਅਰਾਂ ਦੀ ਵਿਕਰੀ ਦੇ ਪ੍ਰਬੰਧਨ ਲਈ ਡਿਪਾਰਟਮੈਂਟ ਐਂਡ ਪਬਿਲਕ ਅਸੈਟ ਮੈਨੇਜਮੈਂਟ (DIPAM) ਨੇ ਸੇਬੀ ਨਾਲ ਰਜਿਸਟਰਡ ਬੈਂਕਾਂ ਤੋਂ 10 ਸਤੰਬਰ ਤੱਕ ਪ੍ਰਸਤਾਵ ਮੰਗੇ ਹਨ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)