You’re viewing a text-only version of this website that uses less data. View the main version of the website including all images and videos.
ਕੀ ਕੁੜੀਆਂ ਦੇ ਵਿਆਹ ਦੀ ਉਮਰ 21 ਸਾਲ ਕਰਨ ਨਾਲ ਉਨ੍ਹਾਂ ਦੇ ਹਾਲਾਤ ਸੁਧਰ ਸਕਦੇ ਹਨ
- ਲੇਖਕ, ਦਿਵਿਆ ਆਰਿਆ
- ਰੋਲ, ਬੀਬੀਸੀ ਪੱਤਰਕਾਰ
ਭਾਰਤ 'ਚ ਵਿਆਹ ਕਰਨ ਦੀ ਘੱਟੋ-ਘੱਟ ਉਮਰ ਮੁੰਡਿਆਂ ਲਈ 21 ਅਤੇ ਕੁੜੀਆਂ ਲਈ 18 ਸਾਲ ਹੈ। ਬਾਲ ਵਿਆਹ ਰੋਕਥਾਮ ਕਾਨੂੰਨ 2006 ਦੇ ਤਹਿਤ ਇਸ ਤੋਂ ਘੱਟ ਉਮਰ ਵਿੱਚ ਵਿਆਹ ਗ਼ੈਰ-ਕਾਨੂੰਨੀ ਹੈ, ਜਿਸ ਦੇ ਲਈ ਦੋ ਸਾਲ ਦੀ ਸਜ਼ਾ ਅਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ।
ਹੁਣ ਸਰਕਾਰ ਕੁੜੀਆਂ ਦੇ ਲਈ ਇਸ ਹੱਦ ਨੂੰ ਵਧਾ ਕੇ 21 ਸਾਲ ਕਰਨ ਉੱਤੇ ਵਿਚਾਰ ਕਰ ਰਹੀ ਹੈ। ਸੰਸਦ ਮੈਂਬਰ ਜਯਾ ਜੇਟਲੀ ਦੀ ਪ੍ਰਧਾਨਗੀ ਵਿੱਚ 10 ਮੈਂਭਰਾਂ ਦੇ ਟਾਸਕ ਫ਼ੋਰਸ ਦਾ ਗਠਨ ਕੀਤਾ ਗਿਆ ਹੈ, ਜੋ ਇਸ ਬਾਰੇ ਆਪਣੇ ਸੁਝਾਅ ਛੇਤੀ ਹੀ ਨੀਤੀ ਆਯੋਗ ਨੂੰ ਦੇਵੇਗਾ।
ਭਾਰਤ ਦੇ ਵੱਡੇ ਸ਼ਹਿਰਾਂ 'ਚ ਕੁੜੀਆਂ ਦੀ ਪੜ੍ਹਾਈ ਅਤੇ ਕਰੀਅਰ ਪ੍ਰਤੀ ਬਦਲਦੀ ਸੋਚ ਦੀ ਬਦੌਲਤ ਉਨ੍ਹਾਂ ਦਾ ਵਿਆਹ ਆਮ ਤੌਰ 'ਤੇ 21 ਸਾਲ ਦੀ ਉਮਰ ਤੋਂ ਬਾਅਦ ਹੀ ਹੁੰਦਾ ਹੈ।
ਇਹ ਵੀ ਪੜ੍ਹੋ:
ਭਾਵ ਇਹ ਕਿ ਇਸ ਫ਼ੈਸਲੇ ਦਾ ਸਭ ਤੋਂ ਵੱਧ ਅਸਰ ਛੋਟੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਹੋਵੇਗਾ, ਜਿੱਥੇ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਨੂੰ ਪੜ੍ਹਾਉਣ ਅਤੇ ਨੌਕਰੀ ਕਰਵਾਉਣ ਉੱਤੇ ਜ਼ੋਰ ਘੱਟ ਹੈ।
ਪਰਿਵਾਰ ਵਿੱਚ ਪੋਸ਼ਣ ਘੱਟ ਮਿਲਦਾ ਹੈ, ਸਿਹਤ ਸੇਵਾਵਾਂ ਤੱਕ ਪਹੁੰਚ ਔਖੀ ਹੈ ਅਤੇ ਉਨ੍ਹਾਂ ਦਾ ਵਿਆਹ ਛੇਤੀ ਕਰ ਦੇਣ ਦਾ ਰੁਝਾਨ ਜ਼ਿਆਦਾ ਹੈ।
ਬਾਲ ਵਿਆਹ ਦੇ ਮਾਮਲੇ ਵੀ ਇਨ੍ਹਾਂ ਇਲਾਕਿਆਂ ਵਿੱਚ ਵੱਧ ਦੇਖਣ ਨੂੰ ਮਿਲਦੇ ਹਨ।
ਕੀ ਵਿਆਹ ਦੀ ਘੱਟੋ-ਘੱਟ ਉਮਰ ਵਧਾਉਣ ਨਾਲ ਕੁੜੀਆਂ ਦੀ ਜ਼ਿੰਦਗੀ ਬਿਹਤਰ ਹੋ ਜਾਵੇਗੀ?
ਟਾਸਕ ਫ਼ੋਰਸ ਦੇ ਨਾਲ ਇਨ੍ਹਾਂ ਸਰੋਕਾਰਾਂ ਉੱਤੇ ਜ਼ਮੀਨੀ ਤਜਰਬਾ ਸਾਂਝਾ ਕਰਨ ਅਤੇ ਸਰਕਾਰੀ ਤਜਵੀਜ਼ ਤੋਂ ਅਸਹਿਮਤੀ ਜ਼ਾਹਿਰ ਕਰਨ ਲਈ ਕੁਝ ਸਮਾਜਿਕ ਸੰਗਠਨਾਂ ਨੇ 'ਯੰਗ ਵਾਇਸੇਸ ਨੈਸ਼ਨਲ ਵਰਕਿੰਗ ਗਰੁੱਪ' ਬਣਾਇਆ।
ਇਸ ਤਹਿਤ ਜੁਲਾਈ ਮਹੀਨੇ ਵਿੱਚ ਔਰਤਾਂ ਅਤੇ ਬੱਚਿਆਂ ਦੀ ਸਿਹਤ, ਸਿੱਖਿਆ ਵਗੈਰਾ ਉੱਤੇ 15 ਸੂਬਿਆਂ ਵਿੱਚ ਕੰਮ ਕਰ ਰਹੇ 96 ਸੰਗਠਨਾਂ ਦੀ ਮਦਦ ਨਾਲ 12 ਤੋਂ 22 ਸਾਲ ਦੇ 2,500 ਮੁੰਡੇ-ਕੁੜੀਆਂ ਤੋਂ ਉਨ੍ਹਾਂ ਦੀ ਰਾਇ ਜਾਣਨ ਦੀ ਕਵਾਇਦ ਕੀਤੀ ਗਈ।
ਸਿੱਧੇ ਸਵਾਲਾਂ ਦੇ ਜਵਾਬ ਬਹੁਤ ਟੇਢੇ ਨਿਕਲੇ। ਰਾਇ ਇੱਕ ਨਹੀਂ ਸੀ, ਸਗੋਂ ਸਰਕਾਰ ਨੂੰ ਕਈ ਤਰੀਕੇ ਸ਼ੀਸ਼ਾ ਦਿਖਾਉਂਦੇ ਹੋਏ ਕੁੜੀਆਂ ਨੇ ਕੁਝ ਹੋਰ ਮੰਗਾਂ ਸਾਹਮਣੇ ਰੱਖੀਆਂ।
ਜਿਵੇਂ ਰਾਜਸਥਾਨ ਦੇ ਅਜਮੇਰ ਦੀ ਮਮਤਾ ਜਾਂਗਿੜ ਨੂੰ ਘੱਟੋ-ਘੱਟ ਉਮਰ ਵਧਾਉਣ ਦੀ ਇਹ ਤਜਵੀਜ਼ ਸਹੀ ਨਹੀਂ ਲੱਗੀ, ਜਦਕਿ ਉਹ ਖ਼ੁਦ ਬਾਲ ਵਿਆਹ ਦਾ ਸ਼ਿਕਾਰ ਹੁੰਦੇ-ਹੁੰਦੇ ਬਚੇ ਸੀ।
ਅੱਠ ਸਾਲ ਦੀ ਉਮਰ 'ਚ ਹੋ ਜਾਂਦਾ ਬਾਲ ਵਿਆਹ
ਮਮਤਾ ਹੁਣ 19 ਸਾਲ ਦੇ ਹਨ, ਪਰ ਜਦੋਂ ਉਨ੍ਹਾਂ ਦੀ ਭੈਣ 8 ਸਾਲ ਦੀ ਸੀ ਅਤੇ ਉਹ 11 ਸਾਲ ਦੇ ਸਨ ਤਾਂ ਉਨ੍ਹਾਂ ਦੇ ਪਰਿਵਾਰ ਉੱਤੇ ਉਨ੍ਹਾਂ ਦੋਹਾਂ ਦੇ ਵਿਆਹ ਕਰਨ ਦਾ ਦਬਾਅ ਬਣਿਆ।
ਰਾਜਸਥਾਨ ਦੇ ਕੁਝ ਤਬਕਿਆਂ 'ਚ ਚੱਲਣ ਵਾਲੀ ਅੱਟਾ-ਸੱਟਾ ਪਰੰਪਰਾ ਦੇ ਤਹਿਤ ਪਰਿਵਾਰ ਦਾ ਮੁੰਡਾ ਜਿਸ ਘਰ ਵਿੱਚ ਵਿਆਹ ਕਰਦਾ ਹੈ, ਉਸ ਘਰ ਨੂੰ ਮੁੰਡੇ ਦੇ ਪਰਿਵਾਰ ਦੀ ਇੱਕ ਕੁੜੀ ਨਾਲ ਵਿਆਹ ਕਰਨਾ ਹੁੰਦਾ ਹੈ।
ਇਸੇ ਲੈਣ-ਦੇਣ ਦੇ ਤਹਿਤ ਮਮਤਾ ਅਤੇ ਉਨ੍ਹਾਂ ਦੀ ਭੈਣ ਦੇ ਵਿਆਹ ਦੀ ਮੰਗ ਕੀਤੀ ਗਈ ਪਰ ਉਨ੍ਹਾਂ ਦੀ ਮਾਂ ਨੇ ਧੀਆਂ ਦਾ ਸਾਥ ਦਿੱਤਾ ਅਤੇ ਬਹੁਤ ਤਾਅਨੇ ਅਤੇ ਪਰੇਸ਼ਾਨੀਆਂ ਦੇ ਬਾਵਜੂਦ ਧੀਆਂ ਦੀ ਜ਼ਿੰਦਗੀ 'ਖ਼ਰਾਬ' ਨਹੀਂ ਹੋਣ ਦਿੱਤੀ।
ਇਹ ਸਭ ਉਦੋਂ ਹੋਇਆ, ਜਦੋਂ ਕਾਨੂੰਨ ਤਹਿਤ 18 ਸਾਲ ਤੋਂ ਘੱਟ ਉਮਰ ਵਿੱਚ ਵਿਆਹ ਗ਼ੈਰ-ਕਾਨੂੰਨੀ ਸੀ। ਮਮਤਾ ਮੁਤਾਬਕ ਇਹ ਉਮਰ ਹੱਦ 21 ਸਾਲ ਕਰਨ ਨਾਲ ਵੀ ਕੁਝ ਨਹੀਂ ਬਦਲੇਗਾ।
ਮਮਤਾ ਨੇ ਕਿਹਾ, ''ਕੁੜੀਆਂ ਨੂੰ ਪੜ੍ਹਾਇਆ ਤਾਂ ਜਾਂਦਾ ਨਹੀਂ, ਨਾ ਹੀ ਉਹ ਕਮਾਉਂਦੀਆਂ ਹਨ, ਇਸ ਲਈ ਜਦੋਂ ਉਹ ਵੱਡੀਆਂ ਹੁੰਦੀਆਂ ਹਨ ਤਾਂ ਘਰ ਵਾਲਿਆਂ ਨੂੰ ਖ਼ਟਕਣ ਲਗਦੀਆਂ ਹਨ। ਆਪਣੇ ਵਿਆਹ ਦੀ ਗੱਲ ਨੂੰ ਉਹ ਕਿਵੇਂ ਚੁਣੌਤੀ ਦੇਣਗੀਆਂ? ਮਾਂ-ਪਿਓ 18 ਸਾਲ ਦੀ ਉਮਰ ਤੱਕ ਤਾਂ ਇੰਤਜ਼ਾਰ ਕਰ ਨਹੀਂ ਪਾਉਂਦੇ, 21 ਤੱਕ ਉਨ੍ਹਾਂ ਨੂੰ ਕਿਵੇਂ ਰੋਕ ਪਾਉਣਗੇ?''
ਮਮਤਾ ਚਾਹੁੰਦੇ ਹਨ ਕਿ ਸਰਕਾਰ ਕੁੜੀਆਂ ਦੇ ਲਈ ਸਕੂਲ-ਕਾਲਜ ਜਾਣਾ ਸੌਖਾ ਬਣਾਵੇ, ਰੁਜ਼ਗਾਰ ਦੇ ਮੌਕੇ ਪੈਦਾ ਕਰੇ ਤਾਂ ਜੋ ਉਹ ਮਜ਼ਬੂਤ ਅਤੇ ਆਤਮ-ਨਿਰਭਰ ਹੋ ਸਕਣ।
ਆਖ਼ਿਰ ਵਿਆਹ ਉਨ੍ਹਾਂ ਦੀ ਮਰਜ਼ੀ ਨਾਲ ਹੋਣਾ ਚਾਹੀਦਾ ਹੈ, ਉਨ੍ਹਾਂ ਦਾ ਫ਼ੈਸਲਾ, ਕਿਸੇ ਸਰਕਾਰੀ ਨਿਯਮ ਦਾ ਮੋਹਤਾਜ ਨਹੀਂ।
ਭਾਵ ਜੇ ਕੋਈ ਕੁੜੀ 18 ਸਾਲ ਦੀ ਉਮਰ ਵਿੱਚ ਵਿਆਹ ਕਰਨਾ ਚਾਹੇ ਤਾਂ ਉਹ ਬਾਲਗ ਹੈ ਅਤੇ ਉਸ ਉੱਤੇ ਕੋਈ ਕਾਨੂੰਨੀ ਬੰਧਨ ਨਹੀਂ ਹੋਣੇ ਚਾਹੀਦੇ।
ਬਾਲ ਵਿਆਹ ਨਹੀਂ ਕਿਸ਼ੋਰ-ਵਿਆਹ
ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਮੁੰਡੇ ਅਤੇ ਕੁੜੀਆਂ ਦੇ ਲਈ ਵਿਆਹ ਦੀ ਘੱਟੋ-ਘੱਟ ਉਮਰ 18 ਹੀ ਹੈ।
ਭਾਰਤ ਵਿੱਚ 1929 ਦੇ ਸ਼ਾਰਦਾ ਕਾਨੂੰਨ ਤਹਿਤ ਵਿਆਹ ਦੀ ਘੱਟੋ-ਘੱਟੋ ਉਮਰ ਮੁੰਡਿਆਂ ਲਈ 18 ਅਤੇ ਕੁੜੀਆਂ ਦੇ ਲਈ 14 ਸਾਲ ਤੈਅ ਕੀਤੀ ਗਈ ਸੀ।
1978 ਵਿੱਚ ਸੋਧ ਤੋਂ ਬਾਅਦ ਮੁੰਡਿਆਂ ਦੇ ਇਹ ਉਮਰ ਹੱਧ 21 ਸਾਲ ਅਤੇ ਕੁੜੀਆਂ ਲਈ 18 ਸਾਲ ਦੀ ਹੋਈ ਸੀ।
ਸਾਲ 2006 ਵਿੱਚ ਬਾਲ ਵਿਆਹ ਰੋਕੂ ਕਾਨੂੰਨ ਨੇ ਇਨ੍ਹਾਂ ਹੱਦਾਂ ਨੂੰ ਅਪਣਾਉਂਦੇ ਹੋਏ ਅਤੇ ਕੁਝ ਬਿਹਤਰ ਤਜਵੀਜ਼ ਸ਼ਾਮਿਲ ਕਰਕੇ ਇਸ ਕਾਨੂੰਨ ਦੀ ਥਾਂ ਲਈ।
ਯੂਨਿਸੇਫ਼ (ਯੂਨਾਇਟੇਡ ਨੇਸ਼ਨਜ਼ ਇੰਟਰਨੈਸ਼ਨਲ ਚਿਲਡਰਨਜ਼ ਫੰਡ) ਦੇ ਮੁਤਾਬਕ ਵਿਸ਼ਵ ਭਰ ਵਿੱਚ ਬਾਲ ਵਿਆਹ ਦੇ ਮਾਮਲੇ ਲਗਾਤਾਰ ਘੱਟ ਰਹੇ ਹਨ ਅਤੇ ਪਿਛਲੇ ਇੱਕ ਦਹਾਕੇ ਵਿੱਚ ਸਭ ਤੋਂ ਤੇਜ਼ੀ ਨਾਲ ਗਿਰਾਵਟ ਦੱਖਣੀ ਏਸ਼ੀਆ ਵਿੱਚ ਆਈ ਹੈ।
18 ਤੋਂ ਘੱਟ ਉਮਰ ਵਿੱਚ ਵਿਆਹ ਦੇ ਸਭ ਤੋਂ ਵੱਧ ਮਾਮਲੇ ਉਪ-ਸਹਾਰਾ ਅਫ਼ਰੀਕਾ (35%) ਅਤੇ ਫ਼ਿਰ ਦੱਖਣੀ ਏਸ਼ੀਆ (30%) ਵਿੱਚ ਹਨ।
ਯੂਨਿਸੇਫ਼ ਮੁਤਾਬਕ 18 ਸਾਲ ਤੋਂ ਘੱਟ ਉਮਰ ਵਿੱਚ ਵਿਆਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।
ਇਸ ਨਾਲ ਕੁੜੀਆਂ ਦੀ ਪੜ੍ਹਾਈ ਰੁਕਣ, ਘਰੇਲੂ ਹਿੰਸਾ ਦਾ ਸ਼ਿਕਾਰ ਹੋਣ ਅਤੇ ਗਰਭਵਤੀ ਹੋਣ ਦੌਰਾਨ ਮੌਤ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਇਸੇ ਸੰਦਰਭ ਵਿੱਚ ਸਰਕਾਰ ਦੇ ਟਾਸਕ ਫ਼ੋਰਸ ਨੂੰ ਕੁੜੀਆਂ ਦੇ ਵਿਆਹ ਦੀ ਉਮਰ ਵਧਾਉਣ, ਉਨ੍ਹਾਂ ਦੀ ਸਿੱਖਿਆ ਅਤੇ ਰੁਜ਼ਗਾਰ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਫ਼ੈਸਲਾ ਕਰਨਾ ਹੈ।
'ਵਿਆਹ ਤੋਂ ਪਹਿਲਾਂ ਸੈਕਸ'
ਭਾਰਤ ਵਿੱਚ ਪ੍ਰੈਗਨੈਂਸੀ ਦੌਰਾਨ ਜਾਂ ਉਸ ਨਾਲ ਜੁੜੀਆਂ ਸਮੱਸਿਆਵਾਂ ਦੀ ਵਜ੍ਹਾ ਨਾਲ ਮਾਂ ਦੀ ਮੌਤ ਹੋਣ ਦੀ ਦਰ ਵਿੱਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ।
ਯੂਨਿਸੇਫ਼ ਮੁਤਾਬਕ ਭਾਰਤ ਵਿੱਚ ਸਾਲ 2000 'ਚ 1,03,000 ਤੋਂ ਹੇਠਾਂ ਆ ਕੇ ਇਹ ਅੰਕੜਾ 2017 ਵਿੱਚ 35,000 ਉੱਤੇ ਆ ਗਿਆ। ਫ਼ਿਰ ਵੀ ਇਹ ਦੇਸ਼ ਵਿੱਚ ਕਿਸ਼ੋਰ-ਅਵਸਥਾ ਵਿੱਚ ਹੋਣ ਵਾਲੀ ਕੁੜੀਆਂ ਦੀ ਮੌਤ ਦੀ ਸਭ ਤੋਂ ਵੱਡੀ ਵਜ੍ਹਾ ਹੈ।
ਵਿਆਹ ਦੀ ਉਮਰ ਵਧਾਉਣ ਨਾਲ ਕੀ ਇਸ ਚੁਣੌਤੀ ਨਾਲ ਨਜਿੱਠਣ 'ਚ ਮਦਦ ਮਿਲੇਗੀ?
'ਯੰਗ ਵਾਇਸੇਜ਼ ਨੈਸ਼ਨਲ ਵਰਕਿੰਗ ਗਰੁੱਪ' ਦੀ ਦਿਵਿਆ ਮੁਕੰਦ ਦਾ ਮੰਨਣਾ ਹੈ ਕਿ ਮਾਂ ਦੀ ਸਿਹਤ ਸਿਰਫ਼ ਗਰਭ ਧਾਰਣ ਕਰਨ ਦੀ ਉਮਰ ਉੱਤੇ ਨਿਰਭਰ ਨਹੀਂ ਕਰਦੀ।
ਉਨ੍ਹਾਂ ਨੇ ਕਿਹਾ, ''ਗ਼ਰੀਬੀ ਅਤੇ ਪਰਿਵਾਰ 'ਚ ਔਰਤ ਨੂੰ ਹੇਠਲਾ ਦਰਜਾ ਦਿੱਤੇ ਜਾਣ ਕਰਕੇ ਵੀ ਉਨ੍ਹਾਂ ਨੂੰ ਪੋਸ਼ਣ ਘੱਟ ਮਿਲਦਾ ਹੈ ਅਤੇ ਇਹ ਚੁਣੌਤੀ ਕੁਝ ਹੱਦ ਤਕ ਦੇਰ ਨਾਲ ਗਰਭਵਤੀ ਹੋਣ ਉੱਤੇ ਵੀ ਬਣੀ ਰਹੇਗੀ।''
ਜ਼ਮੀਨੀ ਹਕੀਕਤ ਥੋੜ੍ਹੀ ਪੇਚੀਦਾ ਵੀ ਹੈ।
ਭਾਰਤ 'ਚ 'ਏਜ ਆਫ਼ ਕੰਸੇਂਟ', ਭਾਵ ਸਰੀਰਕ ਸਬੰਧ ਬਣਾਉਣ ਲਈ ਸਹਿਮਤੀ ਦੀ ਉਮਰ 18 ਸਾਲ ਹੈ। ਜੇ ਵਿਆਹ ਦੀ ਉਮਰ ਵੱਧ ਗਈ, ਤਾਂ 18 ਤੋਂ 21 ਸਾਲ ਦੇ ਵਿਚਾਲੇ ਬਣਾਏ ਗਏ ਸਰੀਰਕ ਸਬੰਧ, 'ਪ੍ਰੀ-ਮੈਰਿਟਲ ਸੈਕਸ' (ਵਿਆਹ ਤੋਂ ਪਹਿਲਾਂ) ਦੀ ਕੈਟੇਗਰੀ ਵਿੱਚ ਆ ਜਾਣਗੇ।
ਵਿਆਹ ਤੋਂ ਪਹਿਲਾਂ ਸੈਕਸ ਕਾਨੂੰਨੀ ਤਾਂ ਹੈ, ਪਰ ਸਮਾਜ ਨੇ ਇਸ ਨੂੰ ਅਜੇ ਤੱਕ ਨਹੀਂ ਅਪਣਾਇਆ ਹੈ।
'ਯੰਗ ਵਾਇਸੇਜ਼ ਨੈਸ਼ਨਲ ਵਰਕਿੰਗ ਗਰੁੱਪ' ਦੀ ਕਵਿਤਾ ਰਤਨਾ ਕਹਿੰਦੇ ਹਨ, ''ਅਜਿਹੇ 'ਚ ਗਰਭ ਨਿਰੋਧ ਅਤੇ ਹੋਰ ਸਿਹਤ ਨਾਲ ਜੁੜੀਆਂ ਸੇਵਾਵਾਂ ਤੱਕ ਔਰਤਾਂ ਦੀ ਪਹੁੰਚ ਘੱਟ ਹੋ ਜਾਵੇਗੀ ਜਾਂ ਉਨ੍ਹਾਂ ਨੂੰ ਇਹ ਬਹੁਤ ਬੇਇੱਜ਼ਤੀ ਸਹਿ ਕੇ ਹੀ ਮਿਲ ਪਾਏਗੀ।''
ਉਮਰ ਦੇ ਹਿਸਾਬ ਨਾਲ ਨਹੀਂ ਹੋਣਾ ਚਾਹੀਦਾ ਵਿਆਹ
ਦੇਸ਼ ਭਰ ਵਿੱਚ ਕੁੜੀਆਂ ਨਾਲ ਕੀਤੀ ਗਈ ਰਾਇਸ਼ੁਮਾਰੀ ਵਿੱਚ ਕਈ ਕੁੜੀਆਂ ਘੱਟੋ-ਘੱਟ ਉਮਰ ਨੂੰ 21 ਸਾਲ ਤੱਕ ਵਧਾਏ ਜਾਣ ਦੇ ਹੱਕ ਵਿੱਚ ਹਨ, ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਕਾਨੂੰਨ ਦੀ ਵਜ੍ਹਾ ਨਾਲ ਉਹ ਆਪਣੇ ਪਰਿਵਾਰਾਂ ਨੂੰ ਵਿਆਹ ਕਰਨ ਤੋਂ ਰੋਕ ਪਾਉਣਗੀਆਂ।
ਨਾਲ ਹੀ ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੁਝ ਹੋਰ ਨਹੀਂ ਬਦਲਿਆ ਅਤੇ ਉਹ ਸਮਰੱਥ ਨਹੀਂ ਹੋਈਆਂ ਤਾਂ ਇਹ ਕਾਨੂੰਨ ਬਾਲ ਵਿਆਹ ਨੂੰ ਰੋਕੇਗਾ ਨਹੀਂ, ਸਗੋਂ ਲੁਕ-ਛਿਪ ਕੇ ਕੀਤਾ ਜਾਣ ਲੱਗੇਗਾ।
ਦਾਮਿਨੀ ਸਿੰਘ ਉੱਤਰ ਪ੍ਰਦੇਸ਼ ਦੇ ਹਰਦੋਈ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੇ ਹਨ। ਲਗਭਗ 70 ਪਰਿਵਾਰਾਂ ਵਾਲੇ ਪਿੰਡ ਵਿੱਚ ਬਹੁਤੇ ਲੋਕ ਖ਼ੇਤੀ ਕਰਦੇ ਹਨ।
ਦਾਮਿਨੀ ਦੇ ਮੁਤਾਬਕ ਵਿਆਹ ਦੇਰੀ ਨਾਲ ਹੋਣਾ ਚਾਹੀਦਾ ਹੈ, ਪਰ ਉਮਰ ਦੀ ਵਜ੍ਹਾ ਕਰਕੇ ਨਹੀਂ। ਜਦੋਂ ਕੁੜੀਆਂ ਆਪਣੇ ਪੈਸੇ ਕਮਾਉਣ ਲੱਗੇ, ਆਤਮ ਨਿਰਭਰ ਹੋ ਜਾਵੇ, ਉਦੋਂ ਹੀ ਉਸ ਦਾ ਰਿਸ਼ਤਾ ਹੋਣਾ ਚਾਹੀਦਾ ਹੈ ਫ਼ਿਰ ਭਾਵੇਂ ਉਸ ਦੀ ਉਮਰ ਜੋ ਵੀ ਹੋਵੇ।
ਉਨ੍ਹਾਂ ਦੇ ਪਿੰਡ ਵਿੱਚ ਸਿਰਫ਼ ਪੰਜ ਪਰਿਵਾਰਾਂ ਵਿੱਚ ਔਰਤਾਂ ਬਾਹਰ ਕੰਮ ਕਰਦੀਆਂ ਹਨ। ਦੋ ਸਕੂਲ ਵਿੱਚ ਪੜ੍ਹਾਉਂਦੀਆਂ ਹਨ, ਦੋ ਆਸ਼ਾ ਵਰਕਰ ਹਨ ਅਤੇ ਇੱਕ ਆਂਗਨਵਾੜੀ ਵਿੱਚ ਕੰਮ ਕਰਦੀ ਹੈ। ਇਨ੍ਹਾਂ ਦੇ ਮੁਕਾਬਲੇ 20 ਪਰਿਵਾਰਾਂ ਵਿੱਚ ਮਰਦ ਨੌਕਰੀਪੇਸ਼ਾ ਹਨ।
ਦਾਮਿਨੀ ਨੇ ਦੱਸਿਆ, ''ਸਾਡੇ ਪਿੰਡ ਤੋਂ ਸਕੂਲ ਛੇਹ ਕਿਲੋਮੀਟਰ ਦੂਰ ਹੈ, ਦੋ ਕਿਲੋਮੀਟਰ ਦੀ ਦੂਰੀ ਹੋਵੇ ਤਾਂ ਉਹ ਪੈਦਲ ਵੀ ਚਲੇ ਜਾਣ, ਪਰ ਉਸ ਤੋਂ ਵੱਧ ਦੇ ਲਈ ਗ਼ਰੀਬ ਪਰਿਵਾਰ ਰਾਹ ਦੇ ਸਾਧਨ ਲਈ ਕੁੜੀਆਂ 'ਤੇ ਪੈਸਾ ਨਹੀਂ ਖ਼ਰਚ ਕਰਨਾ ਚਾਹੁੰਦੇ, ਤਾਂ ਉਨ੍ਹਾਂ ਦੀ ਪੜ੍ਹਾਈ ਰੁੱਕ ਜਾਂਦੀ ਹੈ ਅਤੇ ਉਹ ਕਦੇ ਆਪਣੀ ਹਸਤੀ ਨਹੀਂ ਬਣ ਪਾਉਂਦੀ।''
ਦਾਮਿਨੀ ਮੁਤਾਬਕ, ਸਰਕਾਰ ਨੂੰ ਕੁੜੀਆਂ ਦੇ ਲਈ ਟ੍ਰੇਨਿੰਗ ਸੈਂਟਰ ਖੋਲ੍ਹਣੇ ਚਾਹੀਦੇ ਹਨ ਤਾਂ ਜੋ ਉਹ ਆਪਣੇ ਪੈਰਾਂ ਉੱਤੇ ਖੜ੍ਹੇ ਹੋ ਸਕੇ ਆਪਣੇ ਫ਼ੈਸਲੇ ਖ਼ੁਦ ਕਰ ਸਕਣ ਅਤੇ ਉਨ੍ਹਾਂ ਦੇ ਲਈ ਲੜਨਾ ਪਵੇ ਤਾਂ ਆਵਾਜ਼ ਚੁੱਕ ਸਕਣ।
ਕੁੜੀਆਂ ਨੂੰ ਬੋਝ ਸਮਝ ਵਾਲੀ ਸੋਚ
ਝਾਰਖੰਡ ਦੇ ਸਰਾਈਕੇਲਾ ਦੀ ਪ੍ਰਿਅੰਕਾ ਮੁਰਮੂ ਸਰਕਾਰ ਦੀ ਤਜਵੀਜ਼ ਦੇ ਖ਼ਿਲਾਫ਼ ਹਨ ਅਤੇ ਦਾਮਿਨੀ ਤੇ ਮਮਤਾ ਦੀ ਹੀ ਤਰ੍ਹਾਂ ਬਿਹਤਰ ਸਿੱਖਿਆ ਅਤੇ ਸਿਹਤ ਸਹੂਲਤਾਂ ਦੀ ਲੋੜ ਦੀ ਗੱਲ ਰੱਖਦੇ ਹਨ।
ਪ੍ਰਿਅੰਕਾ ਮੁਤਾਬਕ ਮੂਲ ਸਮੱਸਿਆ ਕੁੜੀਆਂ ਨੂੰ ਬੋਝ ਸਮਝਣ ਵਾਲੀ ਸੋਚ ਹੈ ਅਤੇ ਜਦੋਂ ਤੱਕ ਉਹ ਨਹੀਂ ਬਦਲੇਗੀ, ਤੈਅ ਉਮਰ 18 ਹੋਵੇ ਜਾਂ 21, ਪਰਿਵਾਰ ਆਪਣੀ ਮਨਮਰਜ਼ੀ ਹੀ ਕਰਨਗੇ।
ਪਰ ਜੇ ਕੁੜੀਆਂ ਕਮਾਉਣ ਲੱਗਣ, ਤਾਂ ਉਨ੍ਹਾਂ ਉੱਤੇ ਵਿਆਹ ਦਾ ਦਬਾਅ ਘੱਟ ਹੋ ਜਾਵੇਗਾ।
ਪ੍ਰਿਅੰਕਾ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਇਲਾਕ ਵਿੱਚ ਅਜੇ ਵੀ ਬਹੁਤ ਬਾਲ ਵਿਆਹ ਹੋ ਰਹੇ ਹਨ, ''ਲੋਕਾਂ ਨੂੰ ਮੌਜੂਦਾ ਕਾਨੂੰਨ ਦੀ ਜਾਣਕਾਰੀ ਹੈ, ਪਰ ਡਰ ਨਹੀਂ, ਕਿਸੇ ਮਾਮਲੇ 'ਚ ਸਖ਼ਤੀ ਨਾਲ ਕਾਰਵਾਈ ਹੋਵੇ ਤਾਂ ਕੁਝ ਬਦਲਾਅ ਆਉਣ ਨਹੀਂ ਤਾਂ ਵਿਆਹ ਲਈ 21 ਸਾਲ ਉਮਰ ਕਰਨ ਨਾਲ ਵੀ ਕੁਝ ਨਹੀਂ ਬਦਲੇਗਾ, ਕਿਉਂਕਿ ਘਰ ਵਿੱਚ ਕੁੜੀ ਦੀ ਆਵਾਜ਼ ਦੱਬੀ ਹੀ ਰਹੇਗੀ।''
ਪ੍ਰਿਅੰਕਾ ਚਾਹੁੰਦੇ ਹਨ ਕਿ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਹੱਕ ਮਿਲਣ, ਤਾਂ ਜੋ ਉਹ ਬਿਹਤਰ ਤੈਅ ਕਰ ਸਕਣ ਕਿ ਉਨ੍ਹਾਂ ਨੇ ਵਿਆਹ ਕਦੋਂ ਕਰਨਾ ਹੈ।
ਗ਼ਲਤ ਵਰਤੋਂ ਦਾ ਡਰ
ਵਿਆਹ ਦੀ ਘੱਟੋ-ਘੱਟ ਉਮਰ ਵਧਏ ਜਾਣ ਦੇ ਨਾਲ ਜੁੜਿਆ ਇੱਕ ਡਰ ਇਹ ਵੀ ਹੈ ਕਿ ਕੁੜੀਆਂ ਦੀ ਥਾਂ ਉਨ੍ਹਾਂ ਦੇ ਮਾਪੇ ਆਪਣੇ ਮਤਲਬ ਦੇ ਲਈ ਇਸ ਦੀ ਗ਼ਲਤ ਵਰਤੋਂ ਕਰ ਸਕਦੇ ਹਨ।
ਦਿਵਿਆ ਮੁਕੰਦ ਮੁਤਾਬਕ, ''18 ਸਾਲ ਦੀਆਂ ਬਾਲਗ਼ ਕੁੜੀਆਂ ਜਦੋਂ ਪਰਿਵਾਰ ਦੇ ਖ਼ਿਲਾਫ਼ ਆਪਣੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਨਾ ਚਾਹੁਣਗੀਆਂ, ਤਾਂ ਮਾਂ-ਬਾਪ ਨੂੰ ਉਨ੍ਹਾਂ ਦੀ ਗੱਲ ਨਾ ਮੰਨਣ ਦੇ ਲਈ ਕਾਨੂੰਨ ਰਾਹੀਂ ਇੱਕ ਰਾਹ ਮਿਲ ਜਾਵੇਗਾ, ਨਤੀਜਾ ਇਹ ਕਿ ਕੁੜੀ ਦੀ ਮਦਦ ਦੀ ਥਾਂ ਇਹ ਉਨ੍ਹਾਂ ਦੀ ਮਰਜ਼ੀ ਨੂੰ ਹੋਰ ਘਟਾ ਦੇਵੇਗਾ ਅਤੇ ਉਨ੍ਹਾਂ ਦੇ ਲਈ ਜੇਲ੍ਹ ਦਾ ਖ਼ਤਰਾ ਵੀ ਬਣ ਜਾਵੇਗਾ।''
ਇਸ ਕਵਾਇਦ ਵਿੱਚ ਜ਼ਿਆਦਾਤਰ ਕੁੜੀਆਂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਸਰਕਾਰ ਜੋ ਵੀ ਫ਼ੈਸਲਾ ਲਵੇ, ਉਸ ਤੋਂ ਪਹਿਲਾਂ ਉਨ੍ਹਾਂ ਦੀ ਗੱਲ ਨੂੰ ਤਰਜੀਹ ਦੇਵੇ।
ਉਨ੍ਹਾਂ ਦੇ ਮੁਤਾਬਕ ਉਹ ਵਿਆਹ ਨੂੰ ਆਪਣੀ ਜ਼ਿੰਦਗੀ ਦਾ ਕੇਂਦਰ ਬਣਾਏ ਜਾਣ ਤੋਂ ਥੱਕ ਗਈਆਂ ਹਨ, ਉਨ੍ਹਾਂ ਦੀ ਜ਼ਿੰਦਗੀ ਦੀ ਦਸ਼ਾ ਅਤੇ ਦਿਸ਼ਾ ਉਹ ਹੋਰ ਪੈਮਾਨਿਆਂ ਉੱਤੇ ਤੈਅ ਕਰਨਾ ਚਾਹੁੰਦੀਆਂ ਹਨ।
ਕਵਿਤਾ ਨੇ ਦੱਸਿਆ, ''ਉਹ ਬਸ ਆਪਣੇ ਮਨ ਦਾ ਕਰਨ ਦੀ ਆਜ਼ਾਦੀ ਅਤੇ ਮਜ਼ਬੂਤੀ ਚਾਹੁੰਦੀਆਂ ਹਨ। ਸਰਕਾਰ ਇਸ ਵਿੱਚ ਮਦਦ ਕਰੇ ਤਾਂ ਸਭ ਤੋਂ ਬਿਹਤਰ।''