ਥਾਈਲੈਂਡ ਸਰਕਾਰ ਨੇ 10 ਸਾਲ ਪੁਰਾਣੇ ਚੌਲ ਵੇਚੇ, ਕੀ ਇੰਨੇ ਪੁਰਾਣੇ ਚੌਲ ਸਿਹਤ ਲਈ ਖ਼ਤਰਾ ਵੀ ਹੋ ਸਕਦੇ ਹਨ, ਕੀ ਉਨ੍ਹਾਂ ਦਾ ਸਵਾਦ ਕਾਇਮ ਰਹਿੰਦਾ ਹੈ

ਤਸਵੀਰ ਸਰੋਤ, THAILAND MINISTRY OF COMMERCE
- ਲੇਖਕ, ਓਨਰ ਈਰੈਮ
- ਰੋਲ, ਬੀਬੀਸੀ ਪੱਤਰਕਾਰ
ਥਾਈਲੈਂਡ ਸਰਕਾਰ ਨੇ ਕਰੀਬ ਇੱਕ ਦਹਾਕਾ ਪਹਿਲਾਂ ਇੱਕ ਯੋਜਨਾ ਤਹਿਤ ਕਿਸਾਨਾਂ ਤੋਂ ਬਾਜ਼ਾਰ ਨਾਲੋਂ ਜ਼ਿਆਦਾ ਕੀਮਤ ਉੱਤੇ ਚੌਲ਼ ਖ਼ਰੀਦੇ ਸਨ। ਹਾਲਾਂਕਿ ਬਾਅਦ ਵਿੱਚ ਇਹ ਯੋਜਨਾ ਵਿਵਾਦਾਂ ਵਿੱਚ ਘਿਰ ਗਈ ਪਰ ਚੌਲ ਅਜੇ ਵੀ ਭੰਡਾਰ ਵਿੱਚ ਪਏ ਸਨ।
ਪਿਛਲੇ ਪ੍ਰਧਾਨ ਮੰਤਰੀ ਯਿੰਗਲਕ ਸ਼ਿਨਾਵਾਤਰਾ ਵੱਲੋਂ 2011 ਵਿੱਚ ਪੇਸ਼ ਕੀਤੀ ਗਈ ਇਸ ਯੋਜਨਾ ਰਾਹੀਂ ਦੇਸ ਵਿੱਚ ਕਿਸਾਨਾਂ ਤੋਂ 54 ਟਨ ਤੋਂ ਵੱਧ ਚੌਲ਼ ਖਰੀਦੇ ਗਏ ਸਨ। ਕਿਸਾਨਾਂ ਨੂੰ ਸ਼ਿਨਾਵਾਤਰਾ ਦਾ ਸਿਆਸੀ ਅਧਾਰ ਵੀ ਮੰਨਿਆ ਜਾਂਦਾ ਹੈ।
ਸਰਕਾਰ ਨੇ ਕਿਸਾਨਾਂ ਨੂੰ ਆਮ ਨਾਲੋਂ ਜ਼ਿਆਦਾ ਪੈਸੇ ਦਿੱਤੇ। ਇਸ ਰਾਸ਼ੀ ਦਾ ਜ਼ਿਆਦਾਤਰ ਹਿੱਸਾ ਉਧਾਰ ਲਿਆ ਗਿਆ ਸੀ। ਸਰਕਾਰ ਨੇ ਯੋਜਨਾ ਉੱਤੇ ਕਰੀਬ 900 ਬਿਲੀਅਨ ਬਾਹਟ (ਕਰੀਬ 24 ਬਿਲੀਅਨ ਡਾਲਰ) ਤੋਂ ਵੱਧ ਖਰਚ ਕੀਤੇ।

ਪਰ ਇਹ ਸਕੀਮ ਵਿੱਤੀ ਅਸਫ਼ਲਤਾ ਸਾਬਿਤ ਹੋਈ ਸੀ। ਸਰਕਾਰ ਇਨ੍ਹਾਂ ਚੌਲਾਂ ਨੂੰ ਉੱਚੀਆਂ ਕੀਮਤਾਂ ਉੱਤੇ ਨਹੀਂ ਵੇਚ ਸਕੀ, ਜਿਸ ਕਰਕੇ ਸਰਕਾਰ ਨੂੰ ਇਹ ਚੌਲ ਸਟੋਰ ਕਰਕੇ ਰੱਖਣੇ ਪਏ।
ਪਿਛਲੇ ਮਹੀਨੇ, ਥਾਈਲੈਂਡ ਦੇ ਵਣਜ ਮੰਤਰੀ ਫਮਥਮ ਵੇਚਯਾਚਾਈ ਨੇ ਕਿਹਾ ਕਿ ਚੌਲ਼ਾਂ ਦੀ ਵਿਕਰੀ ਦੀ ਨਜ਼ਰਸਾਨੀ ਕਰਨ ਲਈ ਇੱਕ ਕਮੇਟੀ ਬਣਾਈ ਜਾਵੇਗੀ।
ਜੂਨ ਦੀ 17 ਤਰੀਕ ਨੂੰ ਥਾਈਲੈਂਡ ਦੀ ਇੱਕ ਕੰਪਨੀ 'V8 ਇੰਟਰਟ੍ਰੇਡਿੰਗ ਕੰਪਨੀ ਲਿਮਿਟੇਡ' ਨੇ 286 ਮੀਲੀਅਨ ਬਾਹਟ ਦੀ ਬੋਲੀ ਲਾ ਕੇ ਨਿਲਾਮੀ ਜਿੱਤ ਲਈ ਸੀ।
ਹੁਣ ਇਸ ਵੱਲ ਦੇਖਦੇ ਹਾਂ ਕਿ ਜਦੋਂ ਇੱਕ ਦਹਾਕੇ ਤੱਕ ਚੌਲ਼ ਸਟੋਰ ਕੀਤੇ ਜਾਣ ਤਾਂ ਉਨ੍ਹਾਂ ਦਾ ਕੀ ਹੁੰਦਾ ਹੈ ਅਤੇ ਥਾਈਲੈਂਡ ਦੇ ਇਨ੍ਹਾਂ ਚੌਲ਼ਾਂ ਦਾ ਕੀ ਬਣੇਗਾ।

ਤਸਵੀਰ ਸਰੋਤ, Getty Images
ਚੌਲ਼ ਸਕੀਮ ਤੋਂ ਬਾਅਦ ਕੀ ਹੋਇਆ ?
ਦੁਨੀਆ ਦੇ ਸਭ ਤੋਂ ਵੱਡੇ ਚਾਵਲ ਨਿਰਯਾਤਕਾਂ ਵਿੱਚੋਂ ਇੱਕ ਹੋਣ ਦੇ ਬਾਅਦ ਵੀ ਥਾਈਲੈਂਡ ਸਰਕਾਰ ਚੌਲ਼ਾਂ ਨੂੰ ਬਿਹਤਰ ਕੀਮਤ 'ਤੇ ਨਹੀਂ ਵੇਚ ਸਕੀ। ਥਾਈਲੈਂਡ ਦੇ ਵਿੱਤ ਮੰਤਰਾਲੇ ਦੇ ਅਨੁਸਾਰ ਯੋਜਨਾ ਨੂੰ 15 ਬਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਝੱਲਣਾ ਪਿਆ ਹੈ।
ਸਾਲ 2014 ਵਿੱਚ ਕਈ ਮਹੀਨੇ ਚੱਲੇ ਰੋਸ ਮੁਜ਼ਾਹਰਿਆਂ ਤੋਂ ਬਾਅਦ, ਪ੍ਰਧਾਨ ਮੰਤਰੀ ਯਿੰਗਲਕ ਸ਼ਿਨਾਵਾਤਰਾ ਨੂੰ ਫੌਜ ਨੇ ਸੱਤਾ ਤੋਂ ਬੇਦਖਲ ਕਰ ਦਿੱਤਾ ਸੀ।
ਉਸ ਤੋਂ ਬਾਅਦ ਸਕੀਮ ਦੇ ਨੁਕਸਾਨ ਲਈ 2017 ਵਿੱਚ ਉਨ੍ਹਾਂ 'ਤੇ ਮੁਕੱਦਮਾ ਚਲਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਨੈਗਲੀਜੈਂਸ ਆਫ਼ ਐਬਸੈਂਸ਼ੀਆ ਦਾ ਮੁਜਰਮ ਪਾਇਆ ਗਿਆ ਸੀ।

ਤਸਵੀਰ ਸਰੋਤ, THAILAND MINISTRY OF COMMERCE
ਚੌਲ਼ਾਂ ਦੀ ਗੁਣਵੱਤਾ ਕੀ ਹੈ ?
ਪਿਛਲੇ ਮਹੀਨੇ ਫਮਥਮ ਨੇ ਚੌਲ਼ਾਂ ਦੀ ਗੁਣਵੱਤਾ ਸਾਬਤ ਕਰਨ ਲਈ ਫਮਥਮ ਨੇ ਮੀਡੀਆ ਦੇ ਸਾਹਮਣੇ ਉਹ ਚੌਲ਼ ਖਾਧੇ ਸਨ।
ਉਨ੍ਹਾਂ ਨੇ ਮੀਡੀਆ ਨੂੰ ਚੌਲਾਂ ਦੀ ਗੁਣਵੱਤਾ ਖ਼ੁਦ ਪਰਖਣ ਦੀ ਚੁਣੌਤੀ ਦਿੱਤੀ। ਉਸ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ, "ਇਨ੍ਹਾਂ ਚਾਵਲਾਂ ਦੇ ਦਾਣੇ ਅਜੇ ਵੀ ਸੋਹਣੇ ਹਨ। ਰੰਗ ਭਾਵੇਂ ਜ਼ਿਆਦਾ ਪੀਲਾ ਹੋ ਸਕਦਾ ਹੈ। 10 ਸਾਲ ਪੁਰਾਣੇ ਚਾਵਲ ਇਸ ਤਰ੍ਹਾਂ ਦੇ ਹੀ ਦਿਖਾਈ ਦਿੰਦੇ ਹਨ।"
ਥਾਈਲੈਂਡ ਦੇ ਵਣਜ ਮੰਤਰਾਲੇ ਨੇ ਸਿਹਤ ਮੰਤਰਾਲੇ ਦੀ ਪ੍ਰਯੋਗਸ਼ਾਲਾ ਵਿੱਚ ਇਨ੍ਹਾਂ ਦੀ ਜਾਂਚ ਕੀਤੀ ਅਤੇ ਇਸ ਦੇ ਨਤੀਜੇ ਪ੍ਰੈੱਸ/ਮੀਡੀਆ ਨਾਲ ਸਾਂਝੇ ਕੀਤੇ।
ਉਨ੍ਹਾਂ ਨੇ ਦੱਸਿਆ ਕਿ, ਜਾਂਚ ਵਿੱਚ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਅਫਲਾਟੌਕਸਿਨ, ਡੀਓਕਸੀਨੀਵੈਲੇਨੋਲ, ਬ੍ਰੋਮਾਈਡ ਆਇਨ, ਈਥੀਲੀਨ ਆਕਸਾਈਡ ਜਾਂ ਹੋਰ ਜ਼ਹਿਰੀਲੇ ਰਸਾਇਣ ਨਹੀਂ ਮਿਲੇ।
ਪ੍ਰਯੋਗਸ਼ਾਲਾ ਵਿੱਚ ਚੌਲਾਂ ਦੇ ਪੌਸ਼ਟਿਕ ਤੱਤਾਂ ਦੀ ਵੀ ਜਾਂਚ ਕੀਤੀ ਗਈ ਅਤੇ ਕਿਹਾ ਗਿਆ ਕਿ ਇਹ ਚਾਵਲ ਇਸ ਸਮੇਂ ਬਾਜ਼ਾਰ ਵਿੱਚ ਵਿੱਕ ਰਹੇ ਚਾਵਲਾਂ ਨਾਲੋਂ ਬਿਲਕੁਲ ਵੱਖਰੇ ਨਹੀਂ ਹਨ।
ਇੱਕ ਥਾਈ ਟੀ.ਵੀ. ਚੈਨਲ, ਚੈਨਲ 3 ਨੇ ਸੁਤੰਤਰ ਤੌਰ 'ਤੇ ਕਿਸੇ ਹੋਰ ਪ੍ਰਯੋਗਸ਼ਾਲਾ ਵਿੱਚੋਂ ਚੌਲ਼ਾਂ ਦੀ ਜਾਂਚ ਕਰਵਾਈ ਅਤੇ ਉਸ ਦੇ ਨਤੀਜੇ ਵੀ ਉਹੀ ਸਨ ਕਿ ਇਹ ਖਾਣ ਲਈ ਸੁਰੱਖਿਅਤ ਹਨ।
ਬੀਬੀਸੀ ਇਨ੍ਹਾਂ ਟੈਸਟਾਂ ਦੇ ਨਤੀਜਿਆਂ ਦੀ ਪੁਸ਼ਟੀ ਨਹੀਂ ਕਰਦਾ ਅਤੇ ਨਾ ਹੀ ਬੀਬੀਸੀ ਨੇ ਖ਼ੁਦ ਕੋਈ ਜਾਂਚ ਕਰਵਾਈ ਹੈ।

ਤਸਵੀਰ ਸਰੋਤ, Getty Images
ਕੀ ਚੌਲ਼ ਲੰਬੇ ਸਮੇਂ ਤੱਕ ਖਾਧੇ ਜਾ ਸਕਦੇ ਹਨ?
ਸੰਯੁਕਤ ਰਾਸ਼ਟਰ ਦੀ ਖਾਦ ਅਤੇ ਖੇਤੀਬਾੜੀ ਸੰਸਥਾ (FAO) ਦੇ ਅਨੁਸਾਰ, ਚਾਵਲਾਂ ਨੂੰ ਕੁਝ ਸਥਿਤੀਆਂ ਵਿੱਚ ਸਟੋਰ ਕੀਤਾ ਜਾ ਸਕਦਾ ਹੈ, ਉਦਾਹਰਣ ਵਜੋਂ - ਲੰਬੇ ਸਮੇਂ ਲਈ, ਸੁੱਕੀ ਅਤੇ ਠੰਡੀ ਥਾਂ 'ਤੇ ਇੱਕ ਹਵਾਦਾਰ ਕੰਟੇਨਰ ਦੇ ਵਿੱਚ।
ਇਸੇ ਤਰ੍ਹਾਂ, ਅਮਰੀਕਾ ਦੀ ਫੈਡਰੇਸ਼ਨ ਦਾ ਕਹਿਣਾ ਹੈ ਕਿ ਮਿੱਲ ਹੋਏ ਕੱਢੇ ਹੋਏ ਚੌਲ਼ ਜੇਕਰ ਸਹੀ ਤਰ੍ਹਾਂ ਸਾਂਭੇ ਜਾਣ ਤਾਂ "ਲਗਭਗ ਅਣਮਿੱਥੇ ਸਮੇਂ ਤੱਕ" ਚੱਲ ਸਕਦੇ ਹਨ।

ਤਸਵੀਰ ਸਰੋਤ, Getty Images
ਚੌਲਾਂ ਦੀ ਪੌਸ਼ਟਿਕਤਾ ਅਤੇ ਵਰਤੇ ਗਏ ਕੀਟਨਾਸ਼ਕਾਂ ਬਾਰੇ ਕੀ ?
ਬੀਬੀਸੀ ਨੇ ਐੱਫਏਓ ਨੂੰ ਪੁੱਛਿਆ ਕਿ, ਕੀ ਇਕ ਦਹਾਕੇ ਤੱਕ ਕੀਟਨਾਸ਼ਕਾਂ ਦੀ ਵਰਤੋਂ ਕਰਨ ਨਾਲ ਜ਼ਹਿਰੀਲੇ ਜੋਖਮ ਪੈਦਾ ਹੋ ਸਕਦੇ ਹਨ।
ਉਨ੍ਹਾਂ ਨੇ ਸਾਨੂੰ ਦੱਸਿਆ ਕਿ, ਜਦੋਂ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਂਦੀ ਹੈ ਤਾਂ ਫਿਰ ਸਿਹਤ ਨੂੰ ਕੋਈ ਖ਼ਤਰਾ ਨਹੀਂ ਹੋਣਾ ਚਾਹੀਦਾ।
ਅਸੀਂ ਇਹ ਵੀ ਪੁੱਛਿਆ ਕਿ ਕੀ ਚਾਵਲ ਇੱਕ ਦਹਾਕੇ ਬਾਅਦ ਆਪਣੀ ਪੌਸ਼ਟਿਕ ਗੁਣਵੱਤਾ ਗੁਆ ਦਿੰਦੇ ਹਨ।
ਐੱਫਏਓ ਨੇ ਕਿਹਾ ਕਿ ਹਾਲਾਂਕਿ ਚਾਵਲਾਂ ਵਿੱਚ ਥੋੜ੍ਹੀ ਮਾਤਰਾ 'ਚ ਮੌਜੂਦ ਵਿਟਾਮਿਨ ਵਰਗੇ ਕੁਝ ਸੂਖਮ ਪੌਸ਼ਟਿਕ ਤੱਤ ਜ਼ਰੂਰ ਖਤਮ ਹੋ ਸਕਦੇ ਹਨ, ਪਰ ਚਾਵਲ ਕਿਸੇ ਵੀ ਤਰੀਕੇ ਨਾਲ ਉਹਨਾਂ ਸੂਖਮ ਪੌਸ਼ਟਿਕ ਤੱਤਾਂ ਵਾਲਾ ਇੱਕ ਵੱਡਾ ਸਰੋਤ ਨਹੀਂ ਹੈ।
ਐੱਫਏਓ ਨੇ ਕਿਹਾ, "ਚੌਲ ਖਾਣ ਦੇ ਮੁੱਖ ਪੌਸ਼ਟਿਕ ਫਾਇਦਿਆਂ ਵਿੱਚੋਂ ਇੱਕ ਇਸ ਵਿੱਚ ਮੌਜੂਦ ਸਟਾਰਚ ਦੀ ਉੱਚ ਮਾਤਰਾ ਤੋਂ ਹੁੰਦਾ ਹੈ, ਜਿਸਨੂੰ ਸਰੀਰ ਊਰਜਾ ਵਿੱਚ ਬਦਲ ਸਕਦਾ ਹੈ।"
"ਸਟੋਰੇਜ ਦੇ ਦੌਰਾਨ ਸਟਾਰਚ ਦੀ ਮਾਤਰਾ ਵਿੱਚ ਵੱਡੀ ਤਬਦੀਲੀ ਹੋਣ ਦੀ ਉਮੀਦ ਨਹੀਂ ਕੀਤੀ ਜਾਂਦੀ ਪਰ ਫਿਰ ਵੀ ਇਹ ਊਰਜਾ ਦੇ ਇੱਕ ਪ੍ਰਮੁੱਖ ਸਰੋਤ ਵਜੋਂ ਵਰਤੇ ਜਾ ਸਕਦੇ ਹਨ।"

ਤਸਵੀਰ ਸਰੋਤ, Getty Images
ਕੀ ਚੌਲ਼ਾਂ ਦਾ ਸੁਆਦ ਬਦਲ ਸਕਦਾ ਹੈ ?
ਐੱਫਏਓ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਤਾਂ ਚਾਵਲ ਸਮੇਂ ਦੇ ਨਾਲ ਆਪਣਾ ਸੁਆਦ ਗੁਆ ਦਿੰਦੇ ਹਨ, ਪਰ ਅਜਿਹਾ ਹੋਣ ਵਿੱਚ ਕਿੰਨਾ ਸਮਾਂ ਲੱਗੇਗਾ ਇਹ ਭੰਡਾਰਨ ਦੀਆਂ ਸਥਿਤੀਆਂ 'ਤੇ ਨਿਰਭਰ ਕਰਦਾ ਹੈ।
ਥਾਈ ਟੀਵੀ ਮੇਜ਼ਬਾਨ ਸੋਰਯੁਥ ਸੁਥਾਸਨਾਚਿੰਦਾ ਨੇ 10 ਸਾਲ ਪੁਰਾਣੇ ਪਏ ਸਟਾਕ ਵਿੱਚੋਂ ਜੈਸਮੀਨ ਚਾਵਲਾਂ ਦਾ ਇੱਕ ਨਮੂਨਾ ਚੱਖਿਆ ਅਤੇ ਕਿਹਾ ਕਿ ਇਨ੍ਹਾਂ ਦਾ ਸੁਆਦ ਚਿੱਟੇ ਚਾਵਲਾਂ ਵਰਗਾ ਹੈ।
ਉਹ ਅੱਗੇ ਕਹਿੰਦੇ ਹਨ ਕਿ ਇਹ ਜੈਸਮੀਨ ਚੌਲ਼ਾਂ ਵਰਗੇ ਚਿੱਪਚਿਪੇ, ਕੋਮਲ ਅਤੇ ਖੁਸ਼ਬੂਦਾਰ ਨਹੀਂ ਸਨ। ਜਿਸ ਤਰ੍ਹਾਂ ਦੇ ਕਿ ਜੈਸਮੀਨ ਚੌਲ਼ ਹੋਣੇ ਚਾਹੀਦੇ ਹਨ।
ਸਾਬਕਾ ਚੋਣ ਕਮੇਟੀ ਦੇ ਮੈਂਬਰ ਸੋਮਚਾਈ ਸ਼੍ਰੀਸੁਥਿਆਕੋਰਨ ਨੇ ਵੀ ਪੁਰਾਣੇ ਚੌਲ਼ ਖਾ ਕੇ ਦੇਖੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੀ ਖੁਸ਼ਬੂ ਚੰਗੀ ਨਹੀਂ ਸੀ, ਇਹ ਟੁੱਟੇ ਹੋਏ ਅਤੇ ਟੁਕੜੇ-ਟੁਕੜੇ ਸਨ ਅਤੇ ਮੋਟਾਈ ਵਿੱਚ ਵੀ ਘੱਟ ਸੀ।

ਤਸਵੀਰ ਸਰੋਤ, Getty Images
ਹੁਣ ਇਨ੍ਹਾਂ ਚੌਲ਼ਾਂ ਦੀ ਕੀ ਹੋਵੇਗਾ ?
ਥਾਈ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦੇ ਅਨੁਸਾਰ ਪਿਛਲੇ ਸਾਲ, ਥਾਈ ਚਾਵਲਾਂ ਦੇ ਸਭ ਤੋਂ ਵੱਡੇ ਖਰੀਦਦਾਰ ਇੰਡੋਨੇਸ਼ੀਆ ਅਤੇ ਦੱਖਣੀ ਅਫਰੀਕਾ ਸਨ।
ਥਾਈਲੈਂਡ ਦੀ ਇੱਕ ਵੱਡੀ ਸ਼ੈਲਰ ਕੰਪਨੀ ਦੇ ਪੈਰੋਟ ਵਾਂਗਦੀ ਨੇ ਦੱਸਿਆ,"ਬਹੁਤ ਸਾਰੇ ਲੋਕ ਜੋ ਪੁਰਾਣੇ ਚਾਵਲ ਖਾਂਦੇ ਹਨ, ਉਹ ਆਮ ਤੌਰ 'ਤੇ ਗਰੀਬ ਦੇਸ਼ਾਂ ਵਿੱਚ ਹਨ।"
ਦੱਖਣੀ ਅਫਰੀਕਾ ਤੋਂ ਇਲਾਵਾ ਥਾਈਲੈਂਡ ਨੇ ਕਈ ਹੋਰ ਅਫਰੀਕੀ ਦੇਸਾਂ ਨੂੰ ਵੀ ਚੌਲ਼ ਵੇਚੇ ਹਨ। ਫਮਥਮ ਨੇ ਇਹ ਵੀ ਕਿਹਾ ਕਿ ਆਮ ਤੌਰ 'ਤੇ ਅਫ਼ਰੀਕਾ ਤੋਂ ਥਾਈ ਚਾਵਲਾਂ ਦੀ ਮੰਗ ਆਉਂਦੀ ਹੈ।
ਜਦੋਂ ਤੋਂ ਥਾਈਲੈਂਡ ਸਰਕਾਰ ਨੇ ਵਿਕਰੀ ਦੀ ਘੋਸ਼ਣਾ ਕੀਤੀ ਹੈ, ਅਫ਼ਰੀਕਾ ਵਿੱਚ ਲੋਕ ਸੋਸ਼ਲ ਮੀਡੀਆ ਉੱਤੇ ਆਪਣੀਆਂ ਚਿੰਤਾਵਾਂ ਜ਼ਾਹਰ ਕਰ ਰਹੇ ਹਨ, ਜਿਵੇਂ ਕਿ, "ਹਮੇਸ਼ਾ ਦੀ ਤਰ੍ਹਾਂ, ਅਫਰੀਕਾ ਨੂੰ ਡੰਪਿੰਗ ਗਰਾਉਂਡ ਸਮਝਣਾ ਹੀ ਬਿਹਤਰ ਹੈ" ਅਤੇ "ਅਫਰੀਕਾ, ਦੁਨੀਆ ਵੱਲੋਂ ਨਕਾਰੀਆਂ ਵਸਤਾਂ ਦਾ ਘਰ ਹੈ।"
ਕੀਨੀਆ ਦੀ ਸਰਕਾਰ ਨੇ ਵੀ ਕਿਹਾ ਹੈ ਕਿ ਦੇਸ ਵਿੱਚ ਸਿਰਫ਼ ਉਹੀ ਚਾਵਲ ਆਉਣ ਦਿੱਤੇ ਜਾਣਗੇ ਜੋ ਉਸ ਦੇ ਮਿਆਰਾਂ 'ਤੇ ਖਰੇ ਉਤਰਦੇ ਹਨ ਅਤੇ ਜਿਨ੍ਹਾਂ ਦੀ ਪ੍ਰਯੋਗਸ਼ਾਲਾ ਵਿੱਚ ਜਾਂਚ ਹੋ ਚੁਕੀ ਹੈ।
ਨਿਲਾਮੀ ਜਿੱਤਣ ਵਾਲੀ ਕੰਪਨੀ V8 ਇੰਟਰਟ੍ਰੇਡਿੰਗ ਕੋਲ ਖਰੀਦ ਸਮਝੌਤੇ ਉੱਤੇ ਦਸਤਖ਼ਤ ਕਰਨ ਲਈ 30 ਦਿਨਾਂ ਦੀ ਸਮਾਂ ਸੀਮਾ ਹੈ।
ਹਾਲਾਂਕਿ ਕੰਪਨੀ ਨੇ ਅਜੇ ਇਹ ਸਪਸ਼ਟ ਨਹੀਂ ਕੀਤਾ ਕਿ ਉਹ, ਇਹ ਚੌਲ ਕਿਹੜੇ ਦੇਸਾਂ ਨੂੰ ਵੇਚਣਾ ਚਾਹੁੰਦੇ ਹਨ।












