You’re viewing a text-only version of this website that uses less data. View the main version of the website including all images and videos.
ਜਿੱਥੇ ਵਿਆਹ ਤੋੜਨ ਲਈ ਕਿਰਾਏ 'ਤੇ ਪਾਰਟਨਰ ਰੱਖੇ ਜਾਂਦੇ ਹਨ
- ਲੇਖਕ, ਕ੍ਰਿਸਟੀਨ ਰੋ
- ਰੋਲ, ਬੀਬੀਸੀ ਪੱਤਰਕਾਰ
ਸਾਲ 2010 ਵਿੱਚ ਜਪਾਨ ਦੇ ਤਾਕੇਸ਼ੀ ਕੁਵਾਬਾਰਾ ਨੂੰ ਉਸਦੇ ਪ੍ਰੇਮੀ ਰਾਈ ਇਸੋਹਾਤਾ ਦੇ ਕਤਲ ਦੇ ਦੋਸ਼ ਵਿੱਚ ਸਜ਼ਾ ਸੁਣਾਈ ਗਈ। ਇਸ ਘਟਨਾ ਤੋਂ ਬਾਅਦ ਲੋਕ ਹੈਰਾਨ ਹੋ ਗਏ, ਜਦੋਂ ਪਤਾ ਲੱਗਿਆ ਕਿ ਕੁਵਾਬਾਰਾ ਇੱਕ ਵਾਕਰੇਸਾਸੀਆ ਸੀ।
ਵਾਕਰੇਸਾਸੀਆ ਮਤਲਬ ਪੇਸ਼ੇਵਰ, ਜਿਸ ਨੂੰ ਇਸੋਹਾਤਾ ਦੇ ਪਤੀ ਨੇ ਵਿਆਹ ਤੋੜਨ ਲਈ ਕਿਰਾਏ 'ਤੇ ਕੀਤਾ ਸੀ।
ਵਾਕਰੇਸਾਸੀਆ ਏਜੰਟ ਕੁਵਾਬਾਰਾ ਆਪ ਵੀ ਵਿਆਇਆ ਹੋਇਆ ਸੀ ਅਤੇ ਉਸਦੇ ਬੱਚੇ ਵੀ ਸਨ।
ਕੁਵਾਬਾਰਾ ਨੇ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਕਿ ਸੁਪਰ ਮਾਰਕਿਟ ਵਿੱਚ ਉਨ੍ਹਾਂ ਦੀ ਮੀਟਿੰਗ ਹੋ ਸਕੇ। ਉਸਨੇ ਆਪਣੇ ਆਪ ਨੂੰ ਸਿੰਗਲ ਯਾਨਿ ਕੁਵਾਰਾ ਦੱਸਦਿਆਂ ਆਈਟੀ ਕਰਮਚਾਰੀ ਹੋਣ ਦਾ ਦਾਅਵਾ ਕੀਤਾ, ਜੋ ਕਿ ਇੱਕ ਕਿਤਾਬੀ ਕੀੜਾ ਸੀ ਤੇ ਐਨਕ ਲਗਾਉਂਦਾ ਸੀ।
ਇਹ ਵੀ ਪੜ੍ਹੋ:
ਦੋਨਾਂ ਦਾ ਅਫ਼ੇਅਰ ਸ਼ੁਰੂ ਹੋ ਗਿਆ, ਜੋ ਕਿ ਬਾਅਦ ਵਿੱਚ ਸੰਬੰਧ ਵਿੱਚ ਬਦਲ ਹੋ ਗਿਆ।
ਦੂਜੇ ਪਾਸੇ ਕੁਵਾਬਾਰਾ ਦੇ ਇੱਕ ਸਹਿਯੋਗੀ ਨੇ ਕਿਸੇ ਹੋਟਲ ਵਿੱਚ ਦੋਨਾਂ ਦੀ ਫ਼ੋਟੋ ਖਿੱਚ ਲਈ। ਇਸੋਹਾਤਾ ਦੇ ਪਤੀ ਨੇ ਇੰਨਾਂ ਤਸਵੀਰਾਂ ਨੂੰ ਤਲਾਕ ਲਈ ਵਜ੍ਹਾ ਦੇ ਰੂਪ ਵਿੱਚ ਵਰਤਿਆ।
ਜਪਾਨ ਵਿੱਚ ਜੇ ਤਲਾਕ ਸਹਿਮਤੀ ਨਾਲ ਹੋਵੇ ਤਾਂ ਅਜਿਹੇ ਸਬੂਤਾਂ ਦੀ ਲੋੜ ਪੈਂਦੀ ਹੈ।
ਜਦੋਂ ਇਸੋਹਾਤਾ ਨੂੰ ਇਸ ਧੋਖੇ ਦਾ ਪਤਾ ਲੱਗਿਆ, ਤਾਂ ਉਸ ਨੇ ਕੁਵਾਬਾਰਾ ਨਾਲ ਆਪਣਾ ਸੰਬੰਧ ਤੋੜਨ ਦੀ ਕੋਸ਼ਿਸ਼ ਕੀਤੀ।
ਕੁਵਾਬਾਰਾ ਉਸਨੂੰ ਨਹੀਂ ਸੀ ਜਾਣ ਦੇਣਾ ਚਾਹੁੰਦਾ ਅਤੇ ਉਸਨੇ ਰੱਸੀ ਨਾਲ ਇਸੋਹਾਤਾ ਦਾ ਗਲਾ ਘੁੱਟ ਦਿੱਤਾ। ਇਸਤੋਂ ਅਗਲੇ ਸਾਲ ਉਸਨੂੰ 15 ਸਾਲਾਂ ਲਈ ਕੈਦ ਦੀ ਸਜ਼ਾ ਸੁਣਾਈ ਗਈ।
ਪੇਸ਼ੇਵਰ (ਵਾਕਰੇਸਾਸੀਆ) ਇੰਡਸਟਰੀ ਨੂੰ ਝਟਕਾ
ਇਸੋਹਾਤਾ ਦੀ ਹੱਤਿਆ ਤੋਂ ਬਾਅਦ ਵਾਕਰੇਸਾਸੀਆ ਇੰਟਸਟਰੀ ਨੂੰ ਤਕੜਾ ਧੱਕਾ ਲੱਗਿਆ। ਫ਼ਰਜ਼ੀ ਮਾਮਲਿਆਂ ਤੋਂ ਇਲਾਵਾ ਇਸ ਘਟਨਾ ਨੇ ਇੰਡਸਟਰੀ ਵਿੱਚ ਸੁਧਾਰਾਂ ਨੂੰ ਉਤਸ਼ਾਹਿਤ ਕੀਤਾ।
ਇਸ ਵਿੱਚ ਨਿੱਜੀ ਜਾਸੂਸੀ ਕੰਪਨੀਆਂ ਲਈ ਲਾਇਸੈਂਸ ਲੈਣ ਦੀ ਜ਼ਰੂਰਤ ਵੀ ਸ਼ਾਮਿਲ ਸੀ।
"ਫ਼ੇਅਰਵੈਲ ਸ਼ੌਪ" ਫ਼ਸਟ ਗਰੁੱਪ ਦੇ ਇੱਕ ਏਜੰਟ ਯੁਸੁਕੇ ਮੋਚੀਜੁਕੀ ਦਾ ਕਹਿਣਾ ਹੈ ਕਿ ਇਸ ਦੁੱਖਦਾਈ ਘਟਨਾ ਤੋਂ ਬਾਅਦ ਵਾਕਰੇਸਾਸੀਆ ਸੇਵਾਵਾਂ ਦੀ ਆਨਲਾਈਨ ਇਸ਼ਤਿਹਾਰਬਾਜ਼ੀ 'ਤੇ ਬਹੁਤ ਸਖ਼ਤੀ ਕਰ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਆਮ ਲੋਕਾਂ ਦੇ ਸ਼ੰਕੇ ਵੀ ਵੱਧ ਗਏ ਹਨ, ਜਿਸ ਨਾਲ ਵਾਕਰੇਸਾਸੀਆ ਏਜੰਟਾਂ ਦਾ ਕੰਮ ਕਰਨਾ ਔਖਾ ਹੋ ਗਿਆ ਹੈ।
ਇਸਦੇ ਬਾਵਜੂਦ, ਰਾਈ ਇਸੋਹਾਤਾ ਦੀ ਮੌਤ ਤੋਂ ਇੱਕ ਦਹਾਕਾ ਬਾਅਦ ਆਨਲਾਈਨ ਇਸ਼ਤਿਹਾਰਾਂ ਦੀ ਵਾਪਸੀ ਫ਼ਿਰ ਤੋਂ ਹੋ ਗਈ ਹੈ ਅਤੇ ਉੱਚੇ ਮੁੱਲਾਂ ਅਤੇ ਇਸ ਨਾਲ ਜੁੜੇ ਵਿਵਾਦਾਂ ਦੇ ਬਾਵਜੂਦ ਇਹ ਕਾਰੋਬਾਰ ਇੱਕ ਵਾਰ ਫ਼ਿਰ ਤੋਂ ਵੱਧਣ ਫੁੱਲਣ ਲੱਗਿਆ ਹੈ।
ਵਾਕਰੇਸਾਸੀਆ ਦੀ ਮੰਗ
ਇਸ ਇੰਡਸਟਰੀ ਦੀ ਮੰਗ ਹੁਣ ਵੱਡੇ ਤਬਕੇ ਵਿੱਚ ਹੈ। ਇੱਕ ਸਰਵੇਖਣ ਤੋਂ ਪਤਾ ਲੱਗਿਆ ਕਿ ਤਕਰੀਬਨ 270 ਵਾਕਰੇਸਾਸੀਆ ਏਜੰਸੀਆਂ ਆਨਲਾਈਨ ਇਸ਼ਤਿਹਾਰਬਾਜ਼ੀ ਕਰ ਰਹੀਆਂ ਹਨ। ਇੰਨਾਂ ਨਾਲ ਕਈ ਨਿੱਜੀ ਜਾਸੂਸੀ ਫਰਮਾਂ ਵੀ ਜੁੜੀਆਂ ਹੋਈਆਂ ਹਨ।
ਮੋਚੀਜੁਕੀ ਕਹਿੰਦੇ ਹਨ," ਵਾਕਰੇਸਾਸੀਆ ਸੇਵਾ ਬਹੁਤ ਮਹਿੰਗੀ ਹੈ।" ਇਸ ਲਈ ਗਾਹਕ ਆਮਤੌਰ 'ਤੇ ਅਮੀਰ ਹੁੰਦੇ ਹਨ।
ਵੀਡੀਓ- ਇਸ ਬਾਜ਼ਾਰ ਵਿੱਚ ਮਿਲਦੇ ਹਨ ਲਾੜੇ-ਲਾੜੀਆਂ
ਮੋਚੀਕੁਰੀ ਪਹਿਲਾਂ ਇੱਕ ਸੰਗੀਤਕਾਰ ਸੀ, ਜਿਸਨੇ ਜਾਸੂਸੀ ਵਿੱਚ ਆਪਣਾ ਕਰੀਅਰ ਬਣਾ ਲਿਆ। ਉਹ ਕਹਿੰਦੇ ਹਨ ਕਿ ਕਿਸੇ ਵੀ ਮੁਕਾਬਲਤਨ ਸਿੱਧੇ ਮਾਮਲੇ ਵਿੱਚ ਤੁਸੀਂ 3,800 ਡਾਲਰ ਲੈ ਸਕਦੇ ਹੋ।
ਉਹ ਕਹਿੰਦੇ ਹਨ ਕਿ ਅਜਿਹੇ ਕੇਸਾਂ ਵਿੱਚ ਟਾਰਗੇਟ ਦੀਆਂ ਗਤੀਵਿਧੀਆਂ ਸੰਬੰਧੀ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਹੁੰਦੀ ਹੈ।
ਉਹ ਇਹ ਵੀ ਕਹਿੰਦੇ ਹਨ ਕਿ ਜੇਕਰ ਟਾਰਗੇਟ ਜ਼ਿਆਦਾ ਬਾਹਰ ਨਹੀਂ ਆਉਂਦਾ ਅਤੇ ਉਸ ਬਾਰੇ ਜਾਣਕਾਰੀ ਵੀ ਨਾ ਹੋਵੇ ਤਾਂ ਅਜਿਹੇ ਮਾਮਲਿਆਂ ਵਿੱਚ ਵੱਧ ਪੈਸੇ ਵਸੂਲੇ ਜਾਂਦੇ ਹਨ।
ਜੇਕਰ ਕਲਾਈਂਟ ਸਿਆਸੀ ਆਗੂ ਜਾਂ ਕੋਈ ਸੈਲੀਬਰਿਟੀ ਹੋਵੇ, ਤਾਂ ਇਹ ਫ਼ੀਸ ਵੱਧ ਕੇ 1,90,000 ਡਾਲਰਾਂ ਤੱਕ ਪਹੁੰਚ ਜਾਂਦੀ ਹੈ।
ਹਾਲਾਂਕਿ, ਮੋਚੀਜੁਕੀ ਕਹਿੰਦੇ ਹਨ ਕਿ ਉਨ੍ਹਾਂ ਦੀ ਕੰਪਨੀ ਦਾ ਸਕਸੈਸ ਰੇਟ ਬਹੁਤ ਜ਼ਿਆਦਾ ਹੈ ਪਰ ਇਸ ਇੰਡਸਟਰੀ ਬਾਰੇ ਸਲਾਹ ਦੇਣ ਵਾਲੀ ਇੱਕ ਸਲਾਹਕਾਰ ਫ਼ਰਮ ਦਾ ਕਹਿਣਾ ਹੈ ਕਿ ਕਲਾਈਂਟ ਨੂੰ ਇਸ ਤਰ੍ਹਾਂ ਦੇ ਦਾਹਵਿਆਂ 'ਤੇ ਆਸਾਨੀ ਨਾਲ ਯਕੀਨ ਨਹੀਂ ਕਰਨਾ ਚਾਹੀਦਾ ਅਤੇ ਇਸ ਤੋਂ ਸੰਭਾਵਿਤ ਨਾਕਾਮੀ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ।
ਵਾਕਰੇਸਾਸੀਆ ਇੰਡਸਟਰੀ ਦਾ ਲਗਾਤਾਰ ਚਲਦੇ ਰਹਿਣਾ ਇਹ ਦੱਸਦਾ ਹੈ ਕਿ ਸੰਬੰਧਾਂ ਵਿੱਚ ਪੈਸੇ ਅਤੇ ਧੋਖੇ ਦੀ ਵਰਤੋਂ ਲੋਕਾਂ ਦੀ ਉਮੀਦ ਤੋਂ ਜ਼ਿਆਦਾ ਹੈ।
ਲੰਡਨ ਦੇ ਲੇਖਕ ਸਟੇਫਨੀ ਸਕੌਟ ਦਾ ਇੱਕ ਨਾਵਲ, 'ਵੱਟਸ ਲੈਫ਼ਟ ਔਫ਼ ਮੀ ਇਜ਼ ਯੂਅਰਜ' ਮੋਟੇ ਤੌਰ 'ਤੇ ਇਸੋਹਾਤਾ ਮਾਮਲੇ 'ਤੇ ਅਧਾਰਿਤ ਹੈ। ਆਪਣੀ ਕਿਤਾਬ ਲਈ ਉਨ੍ਹਾਂ ਡੂੰਘੀ ਰਿਸਰਚ ਕੀਤੀ ਹੈ ਅਤੇ ਇਸ ਕਰਕੇ ਉਨ੍ਹਾਂ ਨੂੰ ਬ੍ਰਿਟਿਸ਼ ਜਾਪਾਨੀ ਲਾਅ ਐਸੋਸੀਏਸ਼ਨ ਦਾ ਮੈਂਬਰ ਬਣਾਇਆ ਗਿਆ ਹੈ।
ਤਲਾਕ ਲਈ ਸਹਿਮਤੀ
ਸਟੌਕ ਦਾ ਕਹਿਣਾ ਹੈ ਕਿ ਵਾਕਰੇਸਾਸੀਆ ਤੁਹਾਨੂੰ ਵਿਰੋਧ ਤੋਂ ਬਚਣ ਵਿੱਚ ਮਦਦ ਕਰਦੇ ਹਨ। ਇਹ ਇੱਕ ਔਖੇ ਹਲਾਤ ਨੂੰ ਬਿਨ੍ਹਾਂ ਵਿਵਾਦ ਪੈਦਾ ਕੀਤਿਆਂ ਖ਼ਤਮ ਕਰਨ ਦਾ ਸਾਧਨ ਸਾਬਤ ਹੁੰਦਾ ਹੈ। ਤੁਹਾਡੀ ਪਤਨੀ ਦਾ ਜੇ ਕਿਸੇ ਨਾਲ ਪ੍ਰੇਮ ਸੰਬੰਧ ਹੈ ਅਤੇ ਉਹ ਅੱਗੇ ਵੱਧਣਾ ਚਾਹੁੰਦੀ ਹੈ ਤਾਂ ਉਹ ਤਲਾਕ ਲਈ ਆਸਾਨੀ ਨਾਲ ਮੰਨ ਸਕਦੀ ਹੈ।
ਇਹ ਅਜਿਹੇ ਸਮੇਂ ਵਿੱਚ ਬਹੁਤ ਕੰਮ ਦਾ ਸਾਬਤ ਹੁੰਦਾ ਹੈ ਜਦੋਂ ਕਿਸੇ ਦੀ ਪਤਨੀ ਜਾਂ ਪਤੀ ਅਸਾਨੀ ਨਾਲ ਤਲਾਕ ਨਾ ਦੇਣਾਂ ਚਾਹੁੰਦਾ ਹੋਵੇ, ਜਿਸ ਨਾਲ ਅਦਾਲਤੀ ਕਾਰਵਾਈ ਔਖੀ ਹੋ ਸਕਦੀ ਹੈ।
ਇਹ ਵੀ ਪੜ੍ਹੋ-
ਪਰ ਮੋਚੀਜੁਕੀ ਦੇ ਬਹੁਤੇ ਕਲਾਈਂਟ ਵਿਆਹੇ ਹੋਏ ਲੋਕ ਨਹੀਂ ਹਨ, ਜੋ ਆਪਣੇ ਪਤੀ ਜਾਂ ਪਤੀ ਤੋਂ ਅਲੱਗ ਹੋਣਾ ਚਾਹੁੰਦੇ ਹੋਣ, ਬਲਕਿ ਇਹ ਉਹ ਲੋਕ ਹਨ ਜੋ ਆਪਣੇ ਪਤੀ ਜਾਂ ਪਤਨੀ ਦੇ ਅਫ਼ੇਅਰ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਉਹ ਸਮਝਾਉਂਦੇ ਹਨ ਕਿ ਅਜਿਹੇ ਮਾਮਲੇ ਕਿਸ ਤਰ੍ਹਾਂ ਦੇ ਹੁੰਦੇ ਹਨ।
ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ
ਪ੍ਰੇਮ ਸੰਬੰਧ ਤੋੜਨਾ
ਮੰਨ ਲਓ ਕਿ ਆਯਾ ਨੂੰ ਲੱਗਦਾ ਹੈ ਕਿ ਉਸਦੇ ਪਤੀ ਬੁੰਗੋ ਦਾ ਕਿਸੇ ਨਾਲ ਪ੍ਰੇਮ ਸੰਬੰਧ ਹੈ। ਉਹ ਵਾਕਰੇਸਾਸੀਆ ਏਜੰਟ ਚਿਕਾਹਿਦੇ ਕੋਲ ਜਾਂਦੀ ਹੈ।
ਚਿਕਾਹਿਦੇ ਆਪਣੀ ਰਿਸਰਚ ਸ਼ੁਰੂ ਕਰਦਾ ਹੈ। ਉਹ ਆਯਾ ਵੱਲੋਂ ਮੁਹੱਈਆ ਕਰਵਾਏ ਗਈ ਜਾਣਕਾਰੀ ਨੂੰ ਦੇਖਦੇ ਹਨ। ਬੁੰਗੋ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖਦੇ ਹਨ, ਉਸਦੇ ਆਨਲਾਈਨ ਪ੍ਰੋਫਾਈਲ ਅਤੇ ਸੰਦੇਸ਼ ਦੇਖਦੇ ਹਨ ਅਤੇ ਉਸਦੇ ਦੋਸਤਾਂ ਅਤੇ ਰੁਟੀਨ ਤੋਂ ਅੰਦਾਜ਼ਾ ਲਗਾਉਂਦੇ ਹਨ।
ਉਹ ਫ਼ੋਟੋਆਂ ਲੈਂਦੇ ਹਨ ਅਤੇ ਇਹ ਵੀ ਤਹਿ ਕਰਦੇ ਹਨ ਕਿ, ਕੀ ਸੱਚੀਂ ਧੋਖਾ ਦਿੱਤਾ ਜਾ ਰਿਹਾ ਹੈ। ਬੁੰਗੋ ਕਾਗੋਸ਼ਿਮਾ ਤੋਂ ਹਨ ਅਤੇ ਉਨ੍ਹਾਂ ਨੂੰ ਜਿੰਮ ਦੀ ਆਦਤ ਹੈ।
ਅਜਿਹੇ ਵਿੱਚ ਚਿਕਾਹਿਦੇ ਆਪਣੇ ਇੱਕ ਅਜਿਹੇ ਪੁਰਸ਼ ਏਜੰਟ ਨੂੰ ਭੇਜਦੇ ਹਨ ਜਿਸਦੀ ਬੋਲੀ ਕਾਗੋਸ਼ਿਮਾ ਵਾਲਿਆਂ ਵਰਗੀ ਹੈ। ਉਸਦਾ ਨਾਮ ਦਾਈਸੁਕੇ ਹੈ। ਇਸ ਤਰ੍ਹਾਂ ਉਹ ਸੰਪਰਕ ਸਥਾਪਿਤ ਕਰਦੇ ਹਨ।
ਦਾਈਸੁਕੇ ਉਸ ਜਿੰਮ ਜਾਂਦੇ ਹਨ, ਜਿਥੇ ਬੁੰਗੇ ਅਕਸਰ ਜਾਂਦਾ ਹੈ। ਦੋਨਾਂ ਦੀ ਆਪਸ ਵਿੱਚ ਦੋਸਤੀ ਹੋ ਜਾਂਦੀ ਹੈ। ਦਾਈਸੁਕੇ, ਬਿੰਗੋ ਦੀ ਰੁਚੀ ਵਾਲੇ ਵਿਸ਼ਿਆ ਉੱਤੇ ਚਰਚਾ ਕਰਦਾ ਹੈ ਅਤੇ ਇਸ ਤਰ੍ਹਾਂ ਜਤਾਉਂਦੇ ਹਨ ਕਿ ਦੋਨਾਂ ਵਿੱਚ ਕਿੰਨੀਆਂ ਸਮਾਨਤਾਵਾਂ ਹਨ। ਹੌਲੀ ਹੌਲੀ ਉਹ ਬਿੰਗੋ ਦੀ ਗਰਲਫ੍ਰੈਂਡ ਐਮੀ ਸੰਬੰਧੀ ਜਾਣਕਾਰੀ ਇਕੱਠਾ ਕਰਦੇ ਹਨ।
ਦਾਈਸੁਕੇ ਹੁਣ ਇੱਕ ਮਹਿਲਾ ਏਜੰਟ ਫ਼ੁਮਿਕਾ ਨੂੰ ਲਿਆਉਂਦੇ ਹਨ। ਦਾਈਸੂਕੇ ਅਤੇ ਬੁੰਗੋ ਦੀ ਤਰ੍ਹਾਂ ਹੀ ਫ਼ੁਮਿਕਾ, ਐਮੀ ਨਾਲ ਦੋਸਤੀ ਕਰਦੀ ਹੈ ਅਤੇ ਉਸ ਬਾਰੇ ਜਾਣਕਾਰੀ ਇਕੱਤਰ ਕਰਦੀ ਹੈ। ਇਸ ਵਿੱਚ ਉਸ ਦੀ ਰਿਸ਼ਤਿਆਂ ਨੂੰ ਲੈਕੇ ਤਰਜ਼ੀਹ ਅਤੇ ਉਸ ਲਈ ਆਦਰਸ਼ ਪੁਰਸ਼, ਵਰਗੀ ਜਾਣਕਾਰੀ ਲੈਣਾ ਸ਼ਾਮਿਲ ਹੁੰਦਾ ਹੈ।
ਫ਼ੁਮਿਕਾ ਆਪਣੇ ਟਾਰਗੇਟ ਐਮੀ ਦੇ ਨਾਲ ਇੱਕ ਗਰੁੱਪ ਡਿਨਰ ਦਾ ਪ੍ਰਬੰਧ ਕਰਦੀ ਹੈ ਅਤੇ ਉਸ ਵਿੱਚ ਹੋਰ ਏਜੰਟ ਵੀ ਸ਼ਾਮਲ ਹੁੰਦੇ ਹਨ। ਇਸ ਵਿੱਚ ਇੱਕ ਪੁਰਸ਼ ਏਜੰਟ ਗੋਰੋ ਵੀ ਹੈ।
ਗੋਰੋ ਕੋਲ ਪਹਿਲਾਂ ਤੋਂ ਹੀ ਐਮੀ ਦੀ ਪਸੰਦ ਨਾਪਸੰਦ ਦੀ ਪੂਰੀ ਜਾਣਕਾਰੀ ਹੈ ਅਤੇ ਉਹ ਐਮੀ ਦੇ ਆਦਰਸ਼ ਪੁਰਸ਼ ਜਿਹਾ ਬਣਕੇ ਆਉਂਦਾ ਹੈ। ਗੋਰੋ ਐਮੀ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੇ ਹਨ। (ਹਾਲਾਂਕਿ ਅਸਲ ਏਜੰਟ ਮੋਚੀਜੁਕੀ ਇਹ ਸਪੱਸ਼ਟ ਕਰਦੇ ਹਨ ਕਿ ਏਜੰਟ ਆਪਣੇ ਟਾਰਗੇਟ ਨਾਲ ਸੌਂਦੇ ਨਹੀਂ ਤਾਂ ਕਿ ਦੇਹਵਪਾਰ ਕਾਨੂੰਨ ਦੀ ਉਲੰਘਣਾ ਨਾ ਕੀਤੀ ਜਾਵੇ।)
ਕਿਸੇ ਹੋਰ ਦੀ ਜ਼ਿੰਦਗੀ ਵਿੱਚ ਆਉਣ ਕਰਕੇ ਐਮੀ ਬੁੰਗੋ ਨਾਲ ਆਪਣਾ ਰਿਸ਼ਤਾ ਖ਼ਤਮ ਕਰ ਦਿੰਦੀ ਹੈ। ਇਸ ਕੇਸ ਨੂੰ ਸਕਸੈਸ (ਕਾਮਯਾਬ) ਮੰਨਿਆ ਜਾਂਦਾ ਹੈ। ਸਮੇਂ ਦੇ ਨਾਲ ਹੋਲੀ ਹੋਲੀ ਗੋਰੋ ਗਵਾਚ ਜਾਂਦਾ ਹੈ ਅਤੇ ਕਦੀ ਵੀ ਇਹ ਨਹੀਂ ਦੱਸਦਾ ਕਿ ਉਹ ਇੱਕ ਏਜੰਟ ਸੀ।
ਵੀਡੀਓ- ਜਦੋਂ 15 ਲਾੜੇ ਇਕੱਠੇ ਸਮਲਿੰਗੀ ਲਾੜੀਆਂ ਨੂੰ ਵਿਆਹੁਣ ਆਏ
ਇਸ ਮਾਮਲੇ ਵਿੱਚ ਚਾਰ ਏਜੰਟਾਂ ਦੀ ਜ਼ਰੂਰਤ ਪਈ ਅਤੇ ਅਫ਼ੇਅਰ ਨੂੰ ਖ਼ਤਮ ਕਰਨ ਵਿੱਚ ਤਕਰੀਬਨ ਚਾਰ ਮਹੀਨਿਆਂ ਦਾ ਸਮਾਂ ਲੱਗਿਆ। ਇਸ ਤਰ੍ਹਾਂ ਇਹ ਮਿਹਨਤ ਵਾਲਾ ਕੰਮ ਹੈ।
ਮੋਚੀਜੁਕੀ ਕਹਿੰਦੇ ਹਨ,"ਤੁਹਾਡਾ ਜਪਾਨ ਦੇ ਕਾਨੂੰਨ ਤੋਂ ਚੰਗੀ ਤਰ੍ਹਾਂ ਵਾਕਫ਼ ਹੋਣਾ ਜ਼ਰੂਰੀ ਹੈ।" ਇਸ ਵਿੱਚ ਵਿਆਹ, ਤਲਾਕ ਵਰਗੇ ਕਾਨੂੰਨ ਸ਼ਾਮਿਲ ਹਨ ਅਤੇ ਇਸ ਵਿੱਚ ਸੀਮਾਂਵਾਂ ਦਾ ਉਲੰਘਣ ਨਹੀਂ ਹੋਣਾ ਚਾਹੀਦਾ।
ਅਜਿਹੇ ਵੀ ਵਾਕਰੇਸਾਸੀਆ ਏਜੰਟ ਹਨ, ਜੋ ਬਿਨ੍ਹਾਂ ਲਾਈਸੈਂਸ ਦੇ ਕੰਮ ਕਰ ਰਹੇ ਹਨ ਅਤੇ ਭੇਸ ਬਦਲ ਕੇ ਬਣੇ ਹੋਏ ਹਨ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀਆਂ ਫ਼ਰਮਾਂ ਆਮਤੌਰ 'ਤੇ ਸਿਰਫ਼ ਇੱਕ ਹੀ ਕੇਸ ਕਰਦੀਆਂ ਹਨ ਅਤੇ ਫ਼ਿਰ ਗੁਆਚ ਜਾਂਦੀਆਂ ਹਨ।
ਰਿਲੇਸ਼ਨਸ਼ਿਪ ਸੇਵਾਂਵਾਂ ਦਾ ਜਾਪਾਨੀ ਬਜ਼ਾਰ
ਹਾਲਾਂਕਿ, ਵਾਕਰੇਸਾਸੀਆ ਇੰਡਸਟਰੀ ਦੇ ਕੁਝ ਫ਼ੀਚਰ ਜਾਪਾਨ ਵਿੱਚ ਖ਼ਾਸ ਹਨ, ਪਰ ਸਟੌਕ ਕਹਿੰਦੀ ਹੈ ਕਿ ਇਸ ਤਰ੍ਹਾਂ ਦੀਆਂ ਸੇਵਾਂਵਾਂ ਪੂਰੀ ਦੁਨੀਆ ਵਿੱਚ ਪ੍ਰਚਲਿਤ ਹਨ।
ਇਹ ਘੱਟ ਰਸਮੀ ਬਣਤਰ ਵਾਲੀਆਂ ਹੋ ਸਕਦੀਆਂ ਹਨ, ਜਾਂ ਇਹ ਨਿੱਜੀ ਜਾਸੂਸੀ ਇੰਡਸਟਰੀ ਦਾ ਹਿੱਸਾ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ:
ਸਟੌਕ ਚੇਤਾਵਨੀ ਦਿੰਦੀ ਹੈ ਕਿ "ਰਵਾਇਤੀ ਤੌਰ 'ਤੇ ਪੱਛਮੀ ਨਜ਼ਰੀਆ ਇਸਨੂੰ ਸਨਸਨੀਖ਼ੇਜ ਤਰੀਕੇ ਨਾਲ ਦਿਖਾਉਣ ਦਾ ਰਿਹਾ ਹੈ। ਜਪਾਨ ਦੀ ਇੰਡਸਟਰੀ ਨੂੰ ਪੱਛਮ ਵਿੱਚ ਝੂਠੇ ਤਰੀਕੇ ਨਾਲ ਆਕਰਸ਼ਕ ਬਣਾ ਕੇ ਦਿਖਾਇਆ ਜਾਂਦਾ ਹੈ ਜਦਕਿ ਪੱਛਮੀ ਦੇਸਾਂ ਵਿੱਚ ਇਹ ਚੀਜ਼ ਆਮ ਹੈ।"
ਵਾਕਰੇਸਾਸੀਆ ਇੰਡਸਟਰੀ ਤੋਂ ਪ੍ਰਭਾਵਿਤ ਲੋਕਾਂ ਬਾਰੇ ਸਹੀ ਤਰੀਕੇ ਨਾਲ ਪਤਾ ਕਰਨਾ ਸੌਖਾ ਨਹੀਂ ਹੈ। ਪਰ ਸਟੌਕ ਦੇ ਮੁਤਾਬਕ," ਲੋਕ ਇਹ ਨਹੀਂ ਦੱਸਣਾ ਚਾਹੁੰਦੇ ਕਿ ਉਹ ਇਸ ਨਾਲ ਜੁੜੇ ਹੋਏ ਹਨ। ਇਸਤੋਂ ਪੀੜਿਤ ਹੋਏ ਲੋਕਾਂ ਬਾਰੇ ਤਾਂ ਛੱਡ ਹੀ ਦਿਓ।"
ਟੀਵੀ ਅਤੇ ਰੇਡੀਓ ਪ੍ਰੋਡਿਊਸਰ ਮਾਈ ਨਿਸ਼ਿਆਮਾ ਕਹਿੰਦੀ ਹੈ,"ਜਪਾਨ ਵਿੱਚ ਹਰ ਚੀਜ਼ ਦਾ ਇੱਕ ਬਜ਼ਾਰ ਹੈ।" ਇਸ ਵਿੱਚ ਕਈ ਤਰ੍ਹਾਂ ਦੀਆਂ ਰਿਲੇਸ਼ਨਸ਼ਿਪ ਅਧਾਰਿਤ ਸੇਵਾਂਵਾਂ ਵੀ ਸ਼ਾਮਿਲ ਹਨ।
ਸੰਬੰਧ ਸਖ਼ਤ ਹੋਣ 'ਤੇ ਪਤੀ ਜਾਂ ਪਤਨੀ ਨੂੰ ਮੁਆਵਜ਼ਾ ਦਵਾਉਣ ਲਈ ਏਜੰਟਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਤਲਾਕ ਦੇ ਨਿਯਮ, ਵਿਆਹੁਤਾ ਸੰਬੰਧਾਂ ਨਾਲ ਸੰਬੰਧਿਤ ਸਮਾਜਿਕ ਨਿਯਮ ਅਤੇ ਟਕਰਾਅ ਦੀਆਂ ਮੁਸ਼ਕਿਲਾਂ ਵਿੱਚ ਆਉਣ ਵਾਲੇ ਸਮੇਂ ਵਿੱਚ ਵੱਡੇ ਬਦਲਾਅ ਆਉਣ ਦੀ ਉਮੀਦ ਹੈ। ਇਸ ਤੋਂ ਇਹ ਸੰਕੇਤ ਮਿਲ ਰਿਹਾ ਹੈ ਕਿ ਮੋਚੀਜੁਕੀ ਵਰਗੇ ਏਜੰਟ ਦੀਆਂ ਸੇਵਾਵਾਂ ਲਗਾਤਾਰ ਕੀਮਤੀ ਬਣੀਆਂ ਰਹਿਣਗੀਆਂ।
ਉਹ ਕਹਿੰਦੇ ਹਨ, "ਇਹ ਬਹੁਤ ਦਿਲਚਸਪ ਕੰਮ ਹੈ। ਲੋਕ ਕਿਸ ਤਰ੍ਹਾਂ ਦੇ ਹੁੰਦੇ ਹਨ, ਇਹ ਦੇਖਣਾ ਬੇਹੱਦ ਦਿਲਸਚਪ ਹੁੰਦਾ ਹੈ।"
ਇਹ ਵੀ ਦੇਖ ਸਕਦੇ ਹੋ:
ਡਾ. ਕਫ਼ੀਲ ਕੌਣ ਹਨ ਜਿਨ੍ਹਾਂ ਨੂੰ ਹਾਈ ਕੋਰਟ ਨੇ ਕਿਹਾ ਤੁਰੰਤ ਰਿਹਾਅ ਕੀਤਾ ਜਾਵੇ
ਪੱਕੀ ਨੌਕਰੀ ਮੰਗ ਰਹੇ ਮੁਲਾਜ਼ਮਾਂ 'ਤੇ ਪੁਲਿਸ ਨੇ ਡੰਡੇ ਚਲਾਏ, ਥੱਪੜ ਮਾਰੇ
ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲਾ: ਰਿਆ ਚੱਕਰਵਰਤੀ ਕੇਸ 'ਚ ਬਾਲੀਵੁੱਡ ਅਦਾਕਾਰਾਂ ਨੇ ਰੱਖੀ ਰਾਇ