ਕੋਰੋਨਾਵਾਇਰਸ ਦੀ ਰਿਪੋਰਟ ਆਏ ਬਿਨਾਂ ਹੀ ਇਲਾਜ ਦਾ ਮਾਮਲਾ: 'ਮੈਂ ਗੋਡਿਆਂ ਭਾਰ ਬਹਿ ਹਾੜੇ ਕੱਢੇ ਸੀ, ਭਰਾ ਦੀ ਲਾਸ਼ ਦੇਖਦਿਆਂ ਹੀ ਭਰਮ ਟੁੱਟ ਗਿਆ...'

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

ਸਮਾਂ ਦੁਪਹਿਰ ਪੌਣੇ 3 ਵਜੇ। ਰੋਗਨ ਕੀਤੀ ਕੰਧ 'ਤੇ ਇੱਕ ਫ਼ੋਟੋ ਲਮਕ ਰਹੀ ਹੈ। ਘਰ ਵਿੱਚ ਮੌਜੂਦ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦੀਆਂ ਬਦਰੰਗ ਹੋਈਆਂ ਅੱਖਾਂ ਇਸ ਰੰਗਦਾਰ ਫ਼ੋਟੋ ਵੱਲ ਹਨ।

ਲੰਮੇ ਹਉਂਕਿਆਂ ਦੀ ਆਵਾਜ਼ ਕਦੇ-ਕਦੇ ਕਮਰੇ 'ਚ ਫੈਲੇ ਸੰਨਾਟੇ ਨੂੰ ਤੋੜਦੀ ਹੈ। ਬੱਸ, ਇੱਥੇ ਬੇਬਸੀ ਦਾ ਆਲਮ ਹਰ ਪਾਸੇ ਨਜ਼ਰ ਆਉਂਦਾ ਹੈ।

ਇਹ ਮੰਜ਼ਰ ਅਬੋਹਰ ਵਿੱਚ ਉਸ ਪ੍ਰੋਫੈਸਰ ਦੇ ਘਰ ਦਾ ਹੈ, ਜਿਸ ਦੀ ਹਾਲੇ ਕੁੱਝ ਦਿਨ ਪਹਿਲਾਂ ਹੀ ਮੌਤ ਹੋਈ ਹੈ।

ਪਰਿਵਾਰ ਨੂੰ ਰੰਜ ਇਸ ਗੱਲ ਦਾ ਹੈ ਕਿ ਪ੍ਰੋਫੈਸਰ ਪਰਵਿੰਦਰ ਕੰਬੋਜ ਕੋਵਿਡ-19 ਤੋਂ ਪੀੜਤ ਤਾਂ ਨਹੀਂ ਸਨ ਪਰ ਉਨਾਂ ਨੇ ਆਖ਼ਰੀ ਸਾਹ ਹਸਪਤਾਲ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਲਈ ਰਾਖਵੇਂ ਬੈਡ 'ਤੇ ਲਿਆ।

ਘਰ ਵਿੱਚ ਮੌਜੂਦ ਇੱਕ ਖ਼ਾਸ ਨਸਲ ਦਾ ਕੁਤਾ ਵੀ ਉਦਾਸ ਹੈ। ਮੈਨੂੰ ਸੁੰਘਦਾ ਹੈ ਤੇ ਮੁੜ ਪਰਿਵਾਰਕ ਮੈਂਬਰਾਂ ਵਾਂਗ ਗ਼ਮਗੀਨ ਹੋ ਜਾਂਦਾ ਹੈ।

ਖ਼ੈਰ, ਹਿੰਮਤ ਕਰਕੇ ਪਰਿਵਾਰਕ ਮੈਂਬਰਾਂ ਨੂੰ ਪ੍ਰੋਫੈਸਰ ਕੰਬੋਜ ਦੀ ਮੌਤ ਬਾਰੇ ਪੁੱਛਿਆ ਤਾਂ ਗੱਲ ਅੱਗੇ ਤੁਰ ਹੀ ਪਈ।

''ਮੈਂ ਜ਼ਿੰਦਗੀ 'ਚ ਗੋਡਿਆਂ ਭਾਰ ਹੋ ਕੇ ਧਰਤੀ 'ਤੇ ਬੈਠ ਕੇ ਪਹਿਲੀ ਵਾਰ ਕਿਸੇ ਮੂਹਰੇ ਗਿੜ-ਗਿੜਾਇਆ ਸੀ। ਮਨ 'ਚ ਆਸ ਸੀ ਕਿ ਸ਼ਾਇਦ ਜ਼ਿੰਦਗੀਆਂ ਬਚਾਉਣ ਵਾਲੇ ਡਾਕਟਰਾਂ ਵਿੱਚੋਂ ਰੱਬ ਵਰਗੇ ਕਿਸੇ ਇੱਕ ਡਾਕਟਰ ਦਾ ਦਿਲ ਹੀ ਪਸੀਜ ਜਾਵੇ। ਪਰ ਮੇਰਾ ਇਹ ਭਰਮ ਸੀ, ਜਿਹੜਾ ਮੇਰੇ ਛੋਟੇ ਭਰਾ ਦੀ ਹਸਪਤਾਲ 'ਚੋਂ ਬਾਹਰ ਆਈ ਲਾਸ਼ ਨੂੰ ਦੇਖ ਕੇ ਟੁੱਟ ਗਿਆ।''

ਇਹ ਸ਼ਬਦ ਵਕੀਲ ਪਰਵੀਨ ਕੰਬੋਜ ਦੇ ਹਨ, ਜਿਹੜੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਾਜ਼ਿਲਕਾ ਦੇ ਪ੍ਰਧਾਨ ਰਹਿ ਚੁੱਕੇ ਹਨ। ਵਕੀਲ ਪਰਵੀਨ ਕੰਬੋਜ ਉਸ ਪ੍ਰੋਫੈਸਰ ਪਰਵਿੰਦਰ ਕੰਬੋਜ ਦੇ ਭਰਾ ਹਨ, ਜਿਨਾਂ ਦੀ ਮੌਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਡਾਕਟਰਾਂ ਨੇ ਦਿਲ ਦੀ ਧੜਕਣ ਰੁਕਣ ਕਾਰਨ ਹੋਈ ਦੱਸੀ ਹੈ।

ਸੋਸ਼ਲ ਮੀਡੀਆ 'ਤੇ ਬਿਆਨ ਕੀਤਾ ਦਰਜ

ਪ੍ਰੋਫੈਸਰ ਪਰਵਿੰਦਰ ਕੰਬੋਜ ਦੀ ਪਤਨੀ ਡਾ. ਨੀਤਾ ਕੰਬੋਜ ਸੋਸ਼ਲ ਮੀਡੀਆ 'ਤੇ ਆਪਣੇ ਪਤੀ ਦੀ ਮੌਤ ਨੂੰ ਲੈ ਕੇ ਸਿਹਤ ਵਿਭਾਗ 'ਤੇ ਕਈ ਪ੍ਰਕਾਰ ਦੇ ਸਵਾਲ ਚੁੱਕ ਰਹੇ ਹਨ।

ਆਪਣੀ ਇੱਕ ਲੰਮੀ ਪੋਸਟ ਵਿੱਚ ਉਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਦਫ਼ਤਰ, ਰਾਸ਼ਟਰਪਤੀ, ਕੇਂਦਰੀ ਸਿਹਤ ਮੰਤਰਾਲੇ ਸਮੇਤ ਪੰਜਾਬ ਦੇ ਸਿਹਤ ਵਿਭਾਗ ਨੂੰ ਟੈਗ ਕਰ ਕਰਕੇ ਲਿਖੀ ਹੈ।

ਪਹਿਲਾਂ ਸੋਸ਼ਲ ਮੀਡੀਆ 'ਤੇ ਇਹ ਪੋਸਟ ਅੰਗਰੇਜ਼ੀ 'ਚ ਲਿਖੀ ਗਈ ਸੀ ਪਰ ਹੁਣ ਇਸ ਦਾ ਪੰਜਾਬੀ ਅਨੁਵਾਦ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਘੁੰਮ ਰਿਹਾ ਹੈ।

44 ਸਾਲ ਦੇ ਡਾ. ਪਰਵਿੰਦਰ ਕੰਬੋਜ ਅਬੋਹਰ ਦੇ ਡੀਏਵੀ ਕਾਲਜ ਆਫ਼ ਅਜੂਕੇਸ਼ਨ ਵਿੱਚ ਬਤੌਰ ਪ੍ਰੋਫੈਸਰ ਤਾਇਨਾਤ ਸਨ।

ਡਾ. ਕੰਬੋਜ ਦੀ ਪਤਨੀ ਡਾ. ਨੀਤਾ ਕੰਬੋਜ ਮੁਤਾਬਕ ਹਲਕਾ ਜ਼ੁਕਾਮ ਹੋਣ ਅਤੇ ਗਲੇ 'ਚ ਇਨਫੈਕਸ਼ਨ ਹੋਣ ਕਾਰਨ ਉਨਾਂ ਦੇ ਪਤੀ ਨੇ ਪਹਿਲਾਂ ਇੱਕ ਨਿੱਜੀ ਹਸਪਤਾਲ 'ਚੋਂ ਦਵਾਈ ਲਈ ਸੀ।

''ਇਸ ਮਗਰੋਂ 20 ਜੁਲਾਈ ਨੂੰ ਮੇਰੇ ਪਤੀ ਨੇ ਖ਼ੁਦ ਅਬੋਹਰ ਦੇ ਸਿਵਲ ਹਸਪਤਾਲ ਜਾ ਕੇ ਆਪਣੇ ਕੋਵਿਡ-19 ਟੈਸਟ ਲਈ ਸੈਂਪਲ ਦਿੱਤਾ ਸੀ। ਫਿਰ ਅਚਾਨਕ ਹੀ 22 ਜੁਲਾਈ ਵਾਲੇ ਦਿਨ ਸਰਕਾਰੀ ਹਸਪਤਾਲ ਦੀ ਐਂਬੂਲੈਂਸ ਉਨਾਂ ਨੂੰ ਕੋਰੋਨਾਵਾਇਰਸ ਦਾ ਸ਼ੱਕੀ ਮਰੀਜ਼ ਦੱਸ ਕੇ ਘਰੋਂ ਚੁੱਕ ਕੇ ਲੈ ਗਈ।''

ਵਕੀਲ ਪਰਵੀਨ ਕੰਬੋਜ ਨੇ ਦੱਸਿਆ, ''ਸਾਨੂੰ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਹਸਪਤਾਲ ਵਲਿਆਂ ਨੇ ਕੋਵਿਡ-19 ਦੀ ਰਿਪੋਰਟ ਆਏ ਤੋਂ ਬਗੈਰ ਹੀ ਮੇਰੇ ਭਰਾ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲਈ ਰੈਫ਼ਰ ਕਰ ਦਿੱਤਾ। ਇੱਥੇ ਹੀ ਬੱਸ ਨਹੀਂ, ਸਗੋਂ ਇਸ ਹਸਪਤਾਲ 'ਚ ਮੇਰੇ ਭਰਾ ਨੂੰ ਕੋਵਿਡ-19 ਲਈ ਰਾਖਵੇਂ ਰੱਖੇ ਗਏ ਆਈਸੋਲੇਸ਼ਨ ਵਾਰਡ 'ਚ ਦਾਖ਼ਲ ਕਰ ਦਿੱਤਾ ਗਿਆ।''

'ਨਿੱਜੀ ਹਸਪਤਲਾ ਨਹੀਂ ਜਾਣ ਦਿੱਤਾ ਗਿਆ'

ਡਾ. ਨੀਤਾ ਕੰਬੋਜ ਕਹਿੰਦੇ ਹਨ, ''ਮੇਰੀ ਤੇ ਮੇਰੇ ਪਤੀ ਦੀ ਕੋਵਿਡ-19 ਦੀ ਰਿਪੋਰਟ ਦੇਣ 'ਚ ਲਗਾਤਾਰ ਦੇਰੀ ਹੋ ਰਹੀ ਸੀ। ਫਰੀਦਕੋਟ ਦੇ ਹਸਪਤਾਲ 'ਚ ਅਸੀਂ ਪਰਵਿੰਦਰ ਕੰਬੋਜ ਨੂੰ ਨਿੱਜੀ ਹਸਪਤਾਲ 'ਚ ਲਿਜਾ ਕੇ ਇਲਾਜ ਕਰਵਾਉਣ ਦੀਆਂ ਦੁਹਾਈਆਂ ਦਿੱਤੀਆਂ ਪਰ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ।''

''ਡਾਕਟਰਾਂ ਤੋਂ ਸਿਰਫ਼ ਇਹੀ ਜਵਾਬ ਮਿਲਦਾ ਕਿ ਕੋਵਿਡ-19 ਦੀ ਰਿਪੋਰਟ ਆਉਣ ਤੋਂ ਬਗੈਰ ਕੋਈ ਵੀ ਪ੍ਰਾਈਵੇਟ ਹਸਪਤਾਲ ਤੁਹਾਡੇ ਮਰੀਜ਼ ਦਾ ਇਲਾਜ ਨਹੀਂ ਕਰੇਗਾ। ਰਿਪੋਰਟ ਆਉਣ 'ਚ ਨਿਰੰਤਰ ਦੇਰੀ ਹੋ ਰਹੀ ਸੀ, ਸਾਡਾ ਮਰੀਜ਼ ਕਮਜ਼ੋਰ ਹੋ ਰਿਹਾ ਸੀ ਤੇ ਆਖ਼ਰਕਾਰ ਭਾਣਾ ਵਰਤ ਗਿਆ।''

ਨਮ ਅੱਖਾਂ ਨਾਲ ਸਿਸਕੀਆਂ ਭਰਦੇ ਹੋਏ ਭਰਾ ਪਰਵੀਨ ਕੰਬੋਜ ਨੇ ਦੱਸਿਆ ਕਿ ਉਨਾਂ ਦਾ ਪਰਿਵਾਰ ਪਰਵਿੰਦਰ ਕੰਬੋਜ ਦਾ ਇਲਾਜ ਨਿੱਜੀ ਹਸਪਤਾਲ 'ਚੋਂ ਕਰਵਾਉਣਾ ਚਾਹੁੰਦਾ ਸੀ।

''ਕਾਰਨ ਤਾਂ ਸਾਫ਼ ਸੀ। ਜਦੋਂ ਪਰਵਿੰਦਰ ਨੂੰ ਕੋਰੋਨਾਵਾਇਰਸ ਨਾ ਹੋ ਕੇ ਆਮ ਖੰਘ ਤੇ ਗਲੇ ਦੀ ਇਨਫੈਸਕਸ਼ਨ ਸੀ ਤਾਂ ਫਿਰ ਕਿਸੇ ਚੰਗੇ ਹਸਪਤਾਲ 'ਚੋਂ ਇਲਾਜ ਕਰਵਾ ਕੇ ਸਾਡੇ ਮਰੀਜ਼ ਦੀ ਜਾਨ ਅਸੀਂ ਬਚਾ ਸਕਦੇ ਸੀ।''

''ਅਸੀਂ ਪਰਵਿੰਦਰ ਨੂੰ ਦਵਾਈਆਂ ਦੇਣ ਲਈ ਤਰਲੇ ਕਰਦੇ ਰਹੇ ਪਰ ਅਮਲਾ ਮੋਬਾਇਲ ਫ਼ੋਨ 'ਤੇ ਗੇਮ ਖੇਡਣ 'ਚ ਮਸ਼ਰੂਫ਼ ਸੀ। ਜਦੋਂ ਜ਼ੋਰ ਪਾਉਂਦੇ ਤਾਂ ਹਸਪਤਾਲ ਦੇ ਅਮਲੇ ਤੋਂ ਇਹ ਸੁਣਨ ਨੂੰ ਮਿਲਦਾ ਕਿ ਤੁਸੀ ਤਾਂ ਕੋਰੋਨਾਵਾਇਰਸ ਨਾਲ ਮਰਨਾ ਹੀ ਹੈ ਪਰ ਸਾਨੂੰ ਤਾਂ ਨਾ ਮਾਰੋ।''

ਪਤੀ-ਪਤਨੀ ਦੀ ਰਿਪੋਰਟ ਨੈਗੇਟਿਵ ਆਈ ਸੀ

ਦੂਜੇ ਪਾਸੇ, ਸੀਨੀਅਰ ਮੈਡੀਕਲ ਅਫ਼ਸਰ ਅਬੋਹਰ ਦਫ਼ਤਰ ਵੱਲੋਂ 24 ਜੁਲਾਈ ਨੂੰ ਜਾਰੀ ਕੀਤੀ ਰਿਪੋਰਟ ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਪਰਵਿੰਦਰ ਤੇ ਉਨਾਂ ਦੀ ਪਤਨੀ ਨੀਤਾ ਦਾ ਕੋਵਿਡ-19 ਟੈਸਟ ਨੈਗੇਟਿਵ ਹੈ।

ਜਦੋਂ ਕਿ ਫਰੀਦਕੋਟ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵੱਲੋਂ ਪਰਵਿੰਦਰ ਸਿੰਘ ਦੀ ਮੌਤ 23 ਜੁਲਾਈ ਨੂੰ ਦਿਲ ਦੀ ਧੜਕਣ ਰੁਕਣ ਕਾਰਨ ਹੋਈ ਦੱਸੀ ਗਈ ਹੈ।

ਵਕੀਲ ਪਰਵੀਨ ਕੰਬੋਜ ਸਵਾਲ ਚੁੱਕਦੇ ਹਨ ਕਿ ਜਦੋਂ ਸਿਹਤ ਵਿਭਾਗ ਨੂੰ ਪ੍ਰੋਫੋਸਰ ਪਰਵਿੰਦਰ ਕੰਬੋਜ ਦੇ ਕੋਵਿਡ-19 ਤੋਂ ਪੀੜਤ ਹੋਣ ਦੀ ਰਿਪੋਰਟ ਹੀ ਨਹੀਂ ਮਿਲੀ ਤਾਂ ਪਰਵਿੰਦਰ ਨੂੰ ਕੋਰੋਨਾ ਪੀੜਤ ਕਿਵੇਂ ਐਲਾਨ ਦਿੱਤਾ ਗਿਆ।

''ਮੈਂ ਸ਼ੂਗਰ ਦਾ ਮਰੀਜ਼ ਹਾਂ। ਭਰਾ ਨੂੰ ਬਚਾਉਣ ਲਈ ਡਾਕਟਰਾਂ ਨੂੰ ਅਵਾਜ਼ਾਂ ਮਾਰ-ਮਾਰ ਕੇ ਮੈਂ ਥੱਕ ਗਿਆ। ਆਪਣੇ ਭਰਾ ਨੂੰ ਆਈਸੋਲੇਸ਼ਨ ਵਾਰਡ ਤੋਂ ਆਪਣੇ ਹੱਥੀਂ ਚੁੱਕ ਕੇ ਵੈਂਟੀਲੇਟਰ ਤੱਕ ਲੈ ਕੇ ਗਿਆ। ਮੈਨੂੰ ਤਾਂ ਕੁੱਝ ਨਹੀਂ ਹੋਇਆ ਤੇ ਫਿਰ ਪਰਵਿੰਦਰ ਤੇ ਉਸ ਦੀ ਪਤਨੀ ਨੀਤਾ ਦੀ ਕੋਵਿਡ-19 ਦੀ ਰਿਪੋਰਟ ਨੈਗੇਟਿਵ ਆ ਗਈ। ਸਾਡਾ ਬੰਦਾ ਮਰ ਗਿਆ, ਜਿਸ ਨੂੰ ਕੋਰੋਨਾਵਾਇਰਸ ਨਹੀਂ ਸੀ। ਹੁਣ ਕੀ ਕਰੀਏ। ਅਜਿਹੇ ਡਾਕਟਰਾਂ ਨੂੰ ਜਲਾਦ ਨਾ ਕਹਾਂ ਤਾਂ ਕੀ ਕਹਾਂ।''

ਜ਼ਿਲ੍ਹਾ ਸਿਹਤ ਵਿਭਾਗ ਫਾਜ਼ਿਲਕਾ ਦੇ ਕੋਵਿਡ-19 ਦੇ ਇੰਚਾਰਜ ਡਾ. ਅੰਕੁਰ ਚੌਧਰੀ ਨੇ ਬੀਬੀਸੀ ਪੰਜਾਬੀ ਨੂੰ ਕਿਹਾ ਕਿ ਪ੍ਰੋਫੈਸਰ ਪਰਵਿੰਦਰ ਕੰਬੋਜ ਨਾਲ ਜੋ ਵਾਪਰਿਆ ਹੈ, ਉਹ ਮੰਦਭਾਗਾ ਹੈ। ਉਨਾਂ ਕਿਹਾ ਕਿ ਭਵਿੱਖ ਵਿੱਚ ਅਜਿਹਾ ਕਿਸੇ ਨਾਲ ਵੀ ਨਹੀਂ ਹੋਣਾ ਚਾਹੀਦਾ।

ਸਿਹਤ ਵਿਭਾਗ ਦਾ ਰਿਕਾਰਡ ਦੱਸਦਾ ਹੈ ਕਿ ਪਰਵਿੰਦਰ ਕੰਬੋਜ ਦੀ ਮੌਤ ਦਿਲ ਦੀ ਧੜਕਣ ਰੁਕਣ ਕਾਰਨ ਹੋਈ ਸੀ। ਪਰਵਿੰਦਰ ਕੰਬੋਜ ਦੀ ਪਤਨੀ ਨੀਤਾ ਕੰਬੋਜ ਕਹਿੰਦੇ ਹਨ ਕਿ ਆਖ਼ਰਕਾਰ ਉਨਾਂ ਦੇ ਪਤੀ ਨੂੰ ਕੋਵਿਡ-19 ਵਾਲੇ ਮਰੀਜ਼ਾਂ ਦੇ ਆਈਸੋਲੇਸ਼ਨ ਵਾਰਡ 'ਚ ਕਿਉਂ ਰੱਖਿਆ ਗਿਅਹ।

''ਜਦੋਂ ਮੈਂ ਆਪਣੇ ਪਤੀ ਦਾ ਇਲਾਜ ਕਰਵਾਉਣ ਲਈ ਕਿਸੇ ਮਹਿੰਗੇ ਭਾਅ ਵਾਲੇ ਪ੍ਰਾਈਵੇਟ ਹਸਪਤਾਲ 'ਚ ਲਿਜਾਣ ਲਈ ਸਮਰੱਥ ਸੀ ਤਾਂ ਫਿਰ ਸਰਕਾਰੀ ਹਸਪਤਾਲ ਨੇ ਇਸ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ।''

ਇਹ ਵੀ ਪੜ੍ਹੋ:

ਡਾ. ਚੌਧਰੀ ਕਹਿੰਦੇ ਹਨ, ''ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਰਵਿੰਦਰ ਕੰਬੋਜ ਕੋਰੋਨਾਵਾਇਰਸ ਦੇ ਟੈਸਟ ਲਈ ਖ਼ੁਦ ਆਪਣੀ ਪਤਨੀ ਸਮੇਤ ਅਬੋਹਰ ਦੇ ਸਰਕਾਰੀ ਹਸਪਤਾਲ 'ਚ ਆਏ ਸਨ। ਅਸੀਂ ਪਰਵਿੰਦਰ ਕੰਬੋਜ ਦੇ ਸਰੀਰਕ ਲੱਛਣਾਂ ਨੂੰ ਦੇਖਦੇ ਹੋਏ ਕੌਮੀ ਤੇ ਸੂਬਾਈ ਗਾਈਡਲਾਈਨਜ਼ ਮੁਤਾਬਕ ਉਨਾਂ ਨੂੰ ਸ਼ੱਕੀ ਮਰੀਜ਼ ਦੇ ਤੌਰ 'ਤੇ ਫਰੀਦਕੋਟ ਲਈ ਰੈਫ਼ਰ ਕੀਤਾ ਸੀ।''

''ਅਸੀਂ 2500 ਦੇ ਕਰੀਬ ਕੋਵਿਡ-19 ਦੇ ਸੈਂਪਲ ਲੈਬਾਰਟਰੀ 'ਚ ਭੇਜਦੇ ਹਾਂ। ਕਈ ਵਾਰ ਕੁੱਝ ਮਰੀਜ਼ਾਂ ਦੀ ਰਿਪੋਰਟ ਆਉਣ 'ਚ ਦੇਰੀ ਹੋ ਜਾਂਦੀ ਹੈ। ਜੋ ਸਾਡਾ ਫਰਜ਼ ਸੀ, ਅਸੀਂ ਨਿਭਾਅ ਦਿੱਤਾ ਸੀ ਪਰ ਫਰੀਦਕੋਟ 'ਚ ਕੀ ਹੋਇਆ ਉਹ ਤਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਅਧਿਕਾਰੀ ਹੀ ਦੱਸ ਸਕਦੇ ਹਨ।''

ਇਸ ਸਿਹਤ ਅਧਿਕਾਰੀ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਅਬੋਹਰ ਦੇ ਸੀਨੀਅਰ ਮੈਡੀਕਲ ਅਫ਼ਸਰ ਗਗਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਡਾ. ਅੰਕੁਰ ਚੌਧਰੀ ਹੀ ਸਹੀ ਗੱਲ ਦੱਸ ਸਕਦੇ ਹਨ।

ਨਾਂ ਛਾਪਣ ਦੀ ਸ਼ਰਤ 'ਤੇ ਸਿਹਤ ਵਿਭਾਗ ਦਾ ਹਰ ਸਬੰਧਤ ਅਧਿਕਾਰੀ ਇਹ ਗੱਲ ਤਾਂ ਮੰਨਦਾ ਹੈ ਕਿ ਪਰਵਿੰਦਰ ਕੰਬੋਜ ਦੇ ਇਲਾਜ ਤੇ ਕੋਰੋਨਾਵਾਇਰਸ ਦੀ ਰਿਪੋਰਟ ਸਮੇਂ ਸਿਰ ਨਾ ਆਉਣ 'ਚ 'ਕੁੱਝ ਤਾਂ ਹੋਇਆ ਹੈ'।

ਇੱਥੋਂ ਤੱਕ ਕਿ ਮ੍ਰਿਤਕ ਪਰਵਿੰਦਰ ਕੰਬੋਜ ਦੇ ਪਰਿਵਾਰਕ ਮੈਂਬਰਾਂ ਸਮੇਤ ਹਰ ਡਾਕਟਰ ਅਤੇ ਸਿਹਤ ਅਫ਼ਸਰ ਨੇ ਕੈਮਰੇ 'ਤੇ ਆ ਕੇ ਗੱਲ ਕਰਨ ਤੋਂ ਨਾਂਹ ਕਰ ਦਿੱਤੀ।

ਇਹ ਵੀ ਪੜ੍ਹੋ:

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਦਾ ਕੋਈ ਵੀ ਸਬੰਧਤ ਅਧਿਕਾਰੀ ਪਰਵਿੰਦਰ ਕੰਬੋਜ ਦੀ ਹੋਈ ਮੌਤ ਬਾਰੇ ਕੁੱਝ ਵੀ ਬੋਲਣ ਦੀ ਬਜਾਏ, ਇਸ ਦੀ ਜ਼ਿੰਮੇਵਾਰੀ ਇੱਕ-ਦੂਜੇ 'ਤੇ ਸੁੱਟਣ ਨੂੰ ਤਰਜ਼ੀਹ ਦੇ ਰਿਹਾ ਹੈ।

ਅਧਿਕਾਰੀ ਗੱਲ ਇਹੀ ਕਰਦੇ ਹਨ, ''ਹੋਇਆ ਤਾਂ ਗ਼ਲਤ ਹੈ।''

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਅਫਸਰ ਕੀ ਕਹਿੰਦੇ

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਦੇ ਕਾਰਜਕਾਰੀ ਮੈਡੀਕਲ ਸੁਪਰਡੈਂਟ ਡਾ. ਐਸਪੀ ਸਿੰਘ ਨੂੰ ਮਿਲਣ ਲਈ ਬਾਕਾਇਦਾ ਤੌਰ 'ਤੇ ਉਨਾਂ ਦੇ ਅਰਦਲੀ ਰਾਹੀਂ ਲਿਖਤੀ ਸੁਨੇਹਾ ਭੇਜਿਆ ਗਿਆ।

ਐਸਪੀ ਸਿੰਘ ਨੇ ਆਪਣੇ ਦਫ਼ਤਰ ਦੇ ਬਾਹਰ ਆ ਕੇ ਸਿਰਫ਼ ਇੰਨਾਂ ਹੀ ਕਿਹਾ ਕਿ ਉਨਾਂ ਨੇ ਹਾਲੇ ਇੱਕ ਦਿਨ ਪਹਿਲਾਂ ਹੀ ਆਰਜ਼ੀ ਤੌਰ 'ਤੇ ਚਾਰਜ ਸੰਭਾਲਿਆ ਹੈ।

''ਤੁਹਾਡੇ ਸਵਾਲਾਂ ਦੇ ਜਵਾਬ ਮੈਂ ਕੋਵਿਡ-19 ਦੇ ਨੋਡਲ ਅਫ਼ਸਰ ਨਾਲ ਗੱਲ ਕਰਕੇ ਤਾਂ ਦੇ ਸਕਦਾ ਹਾਂ। ਇਸ ਲਈ ਮੈਨੂੰ ਸਮਾਂ ਚਾਹੀਦਾ ਹੈ। ਯਾਰ, ਮੈਂ ਕਿਤੇ ਜਾਣਾ, ਦੋ ਘੰਟਿਆਂ ਤੱਕ ਆ ਜਾਓ, ਮੈਨੂੰ ਕੀ ਇਤਰਾਜ਼ ਹੈ ਪਰਵਿੰਦਰ ਕੰਬੋਜ ਦੀ ਮੌਤ ਬਾਰੇ ਗੱਲ ਕਰਨ 'ਚ। ''

ਬਾਅਦ ਵਿੱਚ ਡਾ. ਐਸਪੀ ਸਿੰਘ ਕਹਿੰਦੇ ਹਨ ਕਿ ਅਬੋਹਰ ਵਾਲਾ ਮਾਮਲਾ ਗੰਭੀਰ ਹੈ ਤੇ ਮੇਰੇ ਧਿਆਨ ਵਿੱਚ ਇਹ ਸ਼ੋਸ਼ਲ ਮੀਡੀਆ ਰਾਹੀਂ ਆਇਆ ਹੈ।

''ਮੈਂ ਕੀ ਕਹਿ ਸਕਦਾ ਹਾਂ। ਇਸ ਦੀ ਜਾਂਚ ਤਾਂ ਵੱਡੇ ਪੱਧਰ 'ਤੇ ਹੋ ਰਹੀ ਹੈ। ਮੈਂ ਕਾਫ਼ੀ ਕੌਨਫੀਡੈਂਸ਼ਲ ਮੈਟਰ 'ਚ ਬਿਜ਼ੀ ਹਾਂ ਪਰ ਸਭ ਗੱਲ ਤੁਸੀਂ ਜਾਣਦੇ ਹੀ ਹੋ। ਪਰ ਤੁਸੀਂ ਮੇਰੇ ਨਾਲ ਫ਼ੋਨ 'ਤੇ ਵੀਰਵਾਰ ਨੂੰ ਗੱਲ ਕਰ ਸਕਦੇ ਹੋ।''

ਡਾ. ਐਸਪੀ ਸਿੰਘ ਹਸਪਤਾਲ 'ਚ ਸਥਿਤ ਮੈਡੀਕਲ ਸੁਪਰਡੈਂਟ ਦੇ ਦਫ਼ਤਰ 'ਚ ਨਹੀਂ ਮਿਲੇ। ਫਿਰ ਦੱਸਣ 'ਤੇ ਮੈਂ ਉਨਾਂ ਦੇ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ 'ਚ ਸਥਿਤ ਉਨਾਂ ਦੇ ਦਫ਼ਤਰ 'ਚ ਪਹੁੰਚ ਗਿਆ।

ਮੈਨੂੰ ਉਡੀਕ ਕਰਨ ਲਈ ਕਿਹਾ ਗਿਆ ਪਰ ਦਫ਼ਤਰ ਦੇ ਅਰਦਲੀ ਨੇ ਅੰਦਰੋਂ ਬਾਹਰ ਆ ਕੇ ਇਹ ਹਦਾਇਤ ਕਰ ਦਿੱਤੀ ਗਈ ਕਿ ਕੈਮਰਾ ਤੇ ਮੋਬਾਇਲ 'ਸਾਹਬ' ਦੇ ਕੋਲ ਲੈ ਕੇ ਜਾ ਸਕਦੇ।

ਉਡੀਕ ਕਰਨ ਦਾ ਤਾਂ ਸਮਾਂ ਮਿਲ ਗਿਆ ਪਰ ਪ੍ਰੋਫੈਸਰ ਪਰਵਿੰਦਰ ਕੰਬੋਜ ਦੀ ਮੌਤ ਬਾਰੇ ਸ਼ੋਸਲ ਮੀਡੀਆ 'ਤੇ ਚੱਲ ਰਹੀ ਪੋਸਟ ਬਾਰੇ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)