ਕੋਰੋਨਾਵਾਇਰਸ ਨੂੰ ਲੈ ਕੇ ਟਰੰਪ ਦੇ 6 ਦਾਅਵਿਆਂ ’ਤੇ ਬੀਬੀਸੀ ਦਾ ਫੈਕਟ ਚੈੱਕ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇਸ਼ ਵਿੱਚ ਕੋਰੋਨਾਵਾਇਰਸ ਨੂੰ ਫ਼ੈਲਣ ਤੋਂ ਰੋਕਣ ਵਿੱਚ ਕੀਤੇ ਆਪਣੀ ਸਰਕਾਰ ਦੇ ਉਪਰਾਲਿਆਂ ਪ੍ਰਤੀ ਬਚਾਅ ਕਰਦੇ ਆਏ ਹਨ।

ਰਾਸ਼ਟਰਪਤੀ ਟਰੰਪ ਵੱਲੋਂ 26 ਯੂਰਪੀ ਦੇਸ਼ਾਂ ਤੋਂ ਅਮਰੀਕਾ ਦਾਖ਼ਲੇ ‘ਤੇ ਲਾਈ ਰੋਕ ਲਾਗੂ ਹੋ ਗਈ। ਇਸ ਨਾਲ ਸ਼ੈਂਗਨ ਸਮਝੌਤੇ ਰਾਹੀਂ ਵੀਜ਼ਾ ਮੁਕਤ ਯਾਤਰਾ ਦੀ ਸਹੂਲਤ ਵਾਲੇ ਦੇਸ਼ਾਂ ਦੇ ਮੁਸਾਫ਼ਰ ਪ੍ਰਭਾਵਿਤ ਹੋਣਗੇ। ਅਮਰੀਕਾ ਵਿੱਚ ਕੋਰੋਨਾਵਾਇਰਸ ਦੇ 2,000 ਕੇਸਾਂ ਦੀ ਪੁਸ਼ਟੀ ਹੋਈ ਹੈ।

ਬੀਬੀਸੀ ਨੇ ਰਾਸ਼ਟਰਪਤੀ ਦੇ 6 ਦਾਅਵਿਆਂ ਦੀ ਪੜਚੋਲ ਕੀਤੀ:

ਪਹਿਲਾ ਦਾਅਵਾ

"ਯੂਐੱਸ ਨੇ ਵਾਇਰਸ ਦੀ ਜਾਂਚ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ। ਲੋਕਾਂ ਨੂੰ ਜਦੋਂ ਟੈਸਟ ਦੀ ਲੋੜ ਹੋਵੇਗੀ, ਉਹ ਕਰਵਾ ਸਕਦੇ ਹਨ।"

ਮਾਰਚ ਦੇ ਸ਼ੁਰੂ ਵਿੱਚ ਵ੍ਹਾਈਟ ਹਾਊਸ ਨੇ ਮੰਨਿਆ ਸੀ ਕਿ ਅਮਰੀਕਾ ਕੋਲ ਲੋੜੀਂਦੀ ਗਿਣਤੀ ਵਿੱਚ ਪ੍ਰੀਖਣ ਕਿੱਟਾਂ ਨਹੀਂ ਹਨ। ਕੁਝ ਹਸਪਤਾਲਾਂ ਨੇ ਵੀ ਵਰਤੋਂ ਵਿੱਚ ਦਿੱਕਤ ਦੀ ਸ਼ਿਕਾਇਤ ਕੀਤੀ ਸੀ।

ਸਰਕਾਰ ਦਾ ਕਹਿਣਾ ਹੈ ਕਿ ਦਸ ਲੱਖ ਕਿੱਟਾਂ ਵੰਡੀਆਂ ਗਈਆਂ ਹਨ।

ਜੇ ਦਸ ਲੱਖ ਲੋਕਾਂ ਮਗਰ ਦੇਖਿਆ ਜਾਵੇ ਤਾਂ ਅਮਰੀਕਾ ਨੇ ਹੋਰ ਦੇਸ਼ਾਂ ਦੇ ਮੁਕਾਬਲੇ ਘੱਟ ਟੈਸਟ ਕੀਤੇ। ਇਸ ਦਿਸ਼ਾ ਵਿੱਚ ਮੋਹਰੀ ਰਿਹਾ ਦੱਖਣੀ ਕੋਰੀਆ ਜਿੱਥੇ ਦੱਸ ਲੱਖ ਲੋਕਾਂ ਮਗਰ 4000 ਦੀ ਜਾਂਚ ਕੀਤੀ ਗਈ।

ਉੱਥੇ ਹੀ ਅਮਰੀਕਾ ਵਿੱਚ ਤਿੰਨ ਜਨਵਰੀ ਤੋਂ 10 ਮਾਰਚ ਦੌਰਾਨ ਦਸ ਲੱਖ ਪਿੱਛੇ 26 ਜਣਿਆਂ ਦੀ ਜਾਂਚ ਹੀ ਕੀਤੀ ਜਾ ਸਕੀ।

ਮਾਹਰਾਂ ਨੂੰ ਡਰ ਹੈ ਕਿ ਟੈਸਟ ਕਿੱਟਾਂ ਦੀ ਕਮੀ ਦੇ ਚਲਦਿਆਂ ਵਾਇਰਸ ਬਿਨਾਂ ਜਾਂਚ ਦੇ ਹੀ ਅਮਰੀਕਾ ’ਚ ਫੈਲ ਗਿਆ ਹੋ ਸਕਦਾ ਹੈ।

ਇਹ ਵੀ ਪੜ੍ਹੋ:

ਦੂਜਾ ਦਾਅਵਾ

"ਅਸੀਂ ਚੀਨ ਬਾਰੇ ਛੇਤੀ ਕਾਰਵਾਈ ਕਰਕੇ ਜੀਵਨ ਬਚਾਉਣ ਵਾਲਾ ਕੰਮ ਕੀਤਾ। ਹੁਣ ਇਹੀ ਕਾਰਵਾਈ ਸਾਨੂੰ ਯੂਰਪ ਬਾਰੇ ਕਰਨੀ ਚਾਹੀਦੀ ਹੈ।"

ਰਾਸ਼ਟਰਪਤੀ ਟਰੰਪ ਕਈ ਵਾਰ ਦਾਅਵਾ ਕਰ ਚੁੱਕੇ ਹਨ ਕਿ ਉਨ੍ਹਾਂ ਵੱਲੋਂ ਲਾਈਆਂ ਯਾਤਰਾ ਪਾਬੰਦੀਆਂ ਕਾਰਨ ਵਾਇਰਸ ਅਮਰੀਕਾ ਵਿੱਚ ਘੱਟ ਫੈਲਿਆ ਹੈ।

31 ਜਨਵਰੀ ਨੂੰ ਜਾਂ ਉਸ ਤੋਂ 14 ਦਿਨ ਪਹਿਲਾ ਚੀਨ ਹੋ ਕੇ ਆਏ ਕਿਸੇ ਵੀ ਯਾਤਰੀ ਦੇ ਅਮਰੀਕਾ ਦਾਖ਼ਲੇ 'ਤੇ ਰੋਕ ਲਾ ਦਿੱਤੀ ਗਈ ਸੀ।

ਫ਼ਰਵਰੀ ਵਿੱਚ ਇਹ ਰੋਕ ਈਰਾਨ ਤੱਕ ਵੀ ਵਧਾ ਦਿੱਤੀ ਗਈ। ਪਿਛਲੇ ਦਿਨੀਂ 26 ਯੂਰਪੀ ਦੇਸ਼ਾਂ ਦੇ ਲੋਕਾਂ ਦੀ ਅਮਰੀਕਾ ਆਉਣ 'ਤੇ ਰੋਕ ਲਾ ਦਿੱਤੀ ਗਈ।

ਮਾਹਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਪਾਬੰਦੀਆਂ ਨਾਲ ਹੋ ਸਕਦਾ ਹੈ ਅਮਰੀਕਾ ਨੂੰ ਤਿਆਰੀ ਲਈ ਸਮਾਂ ਮਿਲ ਗਿਆ ਹੋਵੇ। ਹੋ ਸਕਦਾ ਹੈ ਇਸ ਨਾਲ ਉਸ ਤੇਜ਼ੀ ਨਾਲ ਕੇਸ ਸਾਹਮਣੇ ਨਹੀਂ ਆਏ ਜਿਸ ਤੇਜ਼ੀ ਨਾਲ ਆ ਸਕਦੇ ਸਨ।

ਵਿਸ਼ਵ ਸਿਹਤ ਸੰਗਠਨ ਦਾ ਯਾਤਰਾ ਪਾਬੰਦੀਆਂ ਬਾਰੇ ਕਹਿਣਾ ਹੈ ਕਿ ਇਨ੍ਹਾਂ ਨਾਲ, "ਜਾਣਕਾਰੀ ਦੇ ਵਟਾਂਦਰੇ ਵਿੱਚ, ਦਵਾਈਆਂ ਦੀ ਸਪਲਾਈ ’ਤੇ ਅਸਰ ਪੈਂਦਾ ਹੈ ਤੇ ਇਸ ਨਾਲ ਆਰਥਿਕਤਾ ਨੂੰ ਨੁਕਸਾਨ ਪਹੁੰਚਦਾ ਹੈ।"

ਦਾਅਵਾ ਤੀਜਾ

ਵਿਸ਼ਵ ਸਿਹਤ ਸੰਗਠਨ ਵੱਲੋਂ ਦੱਸੀ ਮੌਤ ਦਰ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਸੀ,"ਮੈਨੂੰ ਲੱਗਦਾ ਹੈ ਕਿ 3.4 ਫੀਸਦੀ ਗਲ਼ਤ ਅੰਕੜਾ ਹੈ... ਨਿੱਜੀ ਤੌਰ ਤੇ ਮੈਨੂੰ ਲੱਗਦਾ ਹੈ ਕਿ ਇਹ ਗਿਣਤੀ 1 ਫੀਸਦੀ ਤੋਂ ਘੱਟ ਹੈ।"

ਉਨ੍ਹਾਂ ਨੇ ਫੌਕਸ ਨਿਊਜ਼ ਨਾਲ ਟੈਲੀਫੋਨ ‘ਤੇ ਗੱਲਬਾਤ ਕਰਦਿਆਂ ਕਿਹਾ ਸੀ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਦਿੱਤੀ ਜਾ ਰਹੀ 3.4 ਫੀਸਦੀ ਗਿਣਤੀ ਝੂਠੀ ਹੈ।

ਸੰਗਠਨ ਨੇ ਇਹ ਗਿਣਤੀ 3 ਮਾਰਚ ਨੂੰ ਜਾਰੀ ਕੀਤੀ ਸੀ। ਕਿਹਾ ਗਿਆ ਸੀ ਕਿ ਇਹ ਗਿਣਤੀ ਉਨ੍ਹਾਂ ਸਾਰੇ ਪੁਸ਼ਟੀਸ਼ੁਦਾ ਕੇਸਾਂ 'ਤੇ ਅਧਾਰਿਤ ਸੀ ਜਿਨ੍ਹਾਂ ਮਰੀਜ਼ਾਂ ਦੀ ਬਾਅਦ ਵਿੱਚ ਮੌਤ ਹੋ ਗਈ ਸੀ।

ਫਿਲਹਾਲ ਅਸੀਂ ਡਾਟਾ ਦੀ ਕਮੀ ਕਾਰਨ ਇਹ ਤਾਂ ਨਹੀਂ ਜਾਣਦੇ ਕਿ ਕੋਰੋਨਾਵਾਇਰਸ ਕਾਰਨ ਕਿੰਨੀਆਂ ਮੌਤਾਂ ਹੋ ਸਕਦੀਆਂ ਹਨ। ਹਾਲਾਂਕਿ ਸਾਇੰਸਦਾਨਾਂ ਮੁਤਾਬਕ ਸਭ ਤੋਂ ਵਧੀਆ ਅਨੁਮਾਨ 1 ਫ਼ੀਸਦੀ ਦੇ ਨੇੜੇ ਹੀ ਹੈ।

ਇਹ ਵੀ ਪੜ੍ਹੋ:

ਦਾਅਵਾ ਚੌਥਾ

9 ਮਾਰਚ ਨੂੰ ਉਨ੍ਹਾਂ ਨੇ ਕਿਹਾ ਸੀ,"ਪਿਛਲੇ ਸਾਲ ਫਲੂ ਨਾਲ 37,000 ਅਮਰੀਕੀਆਂ ਦੀ ਮੌਤ ਹੋਈ ਸੀ। ਕੁਝ ਬੰਦ ਨਹੀਂ ਹੋਣ ਜਾ ਰਿਹਾ, ਜ਼ਿੰਦਗੀ ਤੇ ਰਥਚਾਰਾ ਚਲਦਾ ਰਹਿੰਦਾ ਹੈ... ਇਸ ਬਾਰੇ ਸੋਚੋ।"

ਰਾਸ਼ਟਰਪਤੀ ਦੇ ਇਸ ਬਿਆਨ ਨੂੰ ਪ੍ਰਸੰਗ ਵਿੱਚ ਰੱਖਣਾ ਪਵੇਗਾ। ਸਾਨੂੰ ਨਹੀਂ ਪਤਾ ਅਮਰੀਕਾ ਵਿੱਚ ਹੋਈਆਂ ਕਿੰਨੀਆਂ ਮੌਤਾਂ ਨੂੰ ਫਲੂ ਨਾਲ ਜੋੜਿਆ ਗਿਆ ਹੈ।

ਹਾਲਾਂਕਿ, ਅਮਰੀਕਾ ਦੇ ਡਿਜ਼ੀਜ਼ ਕੰਟਰੋਲ ਸੈਂਟਰਾਂ ਦੇ ਅੰਦਾਜ਼ਿਆਂ ਮੁਤਾਬਕ ਪਿਛਲੇ ਸਾਲ ਦੀਆਂ ਸਰਦੀਆਂ (ਅਕਤੂਬਰ 2019 ਤੋਂ ਫਰਵਰੀ 2020 ਤੱਕ) 26,339 ਤੇ 52,664 ਮੌਤਾਂ ਫ਼ਲੂ ਕਾਰਨ ਹੋਈਆਂ।

ਸਭ ਤੋਂ ਵਧੀਆ ਅੰਦਾਜ਼ਾ 34, 157 ਮੌਤਾਂ ਦਾ ਹੈ। ਇਸ ਹਿਸਾਬ ਨਾਲ ਟਰੰਪ ਦੇ ਕਹਿਣ ਦਾ ਮਤਲਬ ਹੈ ਕਿ ਹਰ ਸਾਲ ਅਮਰੀਕਾ ਵਿੱਚ ਬਹੁਤ ਸਾਰੀਆਂ ਮੌਤਾਂ ਹੁੰਦੀਆਂ ਹਨ।

ਇਹ ਵੀ ਪੜ੍ਹੋ:

ਹਾਲਾਂਕਿ ਫਲੂ ਦੀਆਂ ਦੂਜੀਆਂ ਕਿਸਮਾਂ ਵਾਂਗ, ਕੋਰੋਨਾਵਾਇਰਸ ਨੂੰ ਫੈਲਣ ਤੋਂ ਕਿਸੇ ਵੈਕਸੀਨ ਨਾਲ ਨਹੀਂ ਰੋਕਿਆ ਜਾ ਸਕਦਾ।

ਵਿਸ਼ਵ ਸਿਹਤ ਸੰਗਠਨ ਸਮੇਤ ਮਾਹਰਾਂ ਦਾ ਮੰਨਣਾ ਹੈ ਕਿ ਇਸ ਨਾਲ ਫਲੂ ਨਾਲੋਂ ਕਿਤੇ ਜ਼ਿਆਦਾ ਮੌਤਾਂ ਹੁੰਦੀਆਂ ਹਨ। ਜਿਵੇਂ ਕਿ ਉੱਪਰ ਲਿਖਿਆ ਹੈ ਔਸਤ ਲਗਭਗ 1 ਫ਼ੀਸਦੀ।

ਕੋਰੋਨਾਵਾਇਰਸ ਦੇ ਮਾਮਲੇ ਭਾਰਤ ਵਿੱਚ ਕਿੱਥੇ-ਕਿੱਥੇ ਆਏ ਹਨ, ਇਸ ਬਾਰੇ ਤੁਸੀਂ ਇਸ ਨਕਸ਼ੇ ਰਾਹੀਂ ਸਮਝ ਸਕਦੇ ਹੋ।

ਪੰਜਵਾਂ ਦਾਅਵਾ

"ਬਹੁਚ ਜ਼ਲਦੀ ਅਸੀਂ ਵੈਕਸੀਨ ਬਣਾ ਲਵਾਂਗੇ" (7 ਮਾਰਚ)

ਫਿਲਹਾਲ ਕੋਰੋਨਾਵਾਇਰਸ ਦਾ ਕੋਈ ਵੈਕਸੀਨ ਨਹੀਂ ਹੈ। ਕਈ ਦੇਸ਼ਾਂ ਵਿੱਚ ਸਾਇੰਸਦਾਨ ਇਸ ਕੰਮ ਵਿੱਚ ਲੱਗੇ ਹੋਏ ਹਨ। ਸਾਇੰਸਦਾਨਾਂ ਦਾ ਕਹਿਣਾ ਹੈ ਤਰਕ ਸੰਗਤ ਵਿੱਚ ਇਹ ਅਗਲੇ ਸਾਲ ਦੇ ਅੱਧ ਤੋਂ ਪਹਿਲਾਂ ਨਹੀਂ ਆ ਸਕਦਾ।

ਪਸ਼ੂਆਂ ’ਤੇ ਇਸ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ। ਉਮੀਦ ਹੈ ਇਸ ਸਾਲ ਦੌਰਾਨ ਇਸ ਦੇ ਮਨੁੱਖੀ ਟਰਾਇਲ ਵੀ ਸ਼ੁਰੂ ਹੋ ਜਾਣਗੇ।

ਦਾਅਵਾ ਛੇਵਾਂ

29 ਫਰਵਰੀ: "ਅਸੀਂ ਕੋਰੋਨਾਵਾਇਰਸ ਖ਼ਿਲਾਫ਼ ਸਭ ਤੋਂ ਸਖ਼ਤ ਕਾਰਵਾਈ ਕੀਤੀ ਹੈ। ਇਹ ਕਦਮ ਕਿਸੇ ਵੀ ਦੇਸ਼ ਨਾਲੋਂ ਜ਼ਿਆਦਾ ਸਖ਼ਤ ਹੈ।"

ਹਾਲਾਂਕਿ ਅਮਰੀਕਾ ਨੇ ਯਾਤਰਾ ਪਾਬੰਦੀਆਂ ਲਾਈਆਂ ਹਨ। ਹਾਲਾਂਕਿ ਅਜਿਹਾ ਨਹੀਂ ਕਿਹਾ ਜਾ ਸਕਦਾ ਕਿ ਉਸ ਨੇ ਇਸ ਦਿਸ਼ਾ ਵਿੱਚ ਸਭ ਤੋਂ ਸਖ਼ਤ ਕਦਮ ਚੁੱਕੇ ਹਨ।

ਚੀਨ ਤੇ ਇਟਲੀ ਨੇ ਆਪਣੇ ਲੱਖਾਂ ਨਾਗਰਿਕਾਂ ਨੂੰ ਕੁਆਰੰਟੀਨ ਵਿੱਚ ਰੱਖ ਦਿੱਤਾ। ਇਨ੍ਹਾਂ ਦੇਸ਼ਾਂ ਨੇ ਆਪਣੇ ਕਈ-ਕਈ ਸੂਬਿਆਂ ਦੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੇ ਹੁਕਮ ਦਿੱਤੇ।

ਅਮਰੀਕਾ ਨੇ ਅਜਿਹਾ ਕੋਈ ਕਦਮ ਨਹੀਂ ਚੁੱਕਿਆ।

ਇਹ ਵੀ ਪੜ੍ਹੋ:

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: ਕੀ ਲਸਣ 'ਚ ਕੋਰੋਨਾਵਾਇਰਸ ਦਾ ਇਲਾਜ਼ ਹੈ?

ਵੀਡੀਓ: ਕੋਰੋਨਾਵਾਇਰਸ ਕਰਕੇ ਇਟਲੀ ਵਿੱਚ ਰਹਿੰਦੇ ਪੰਜਾਬੀਆਂ ਦਾ ਹਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)