ਕੋਰੋਨਾਵਾਇਰਸ ਕਾਰਨ ਗਹਿਣਿਆਂ, ਦਵਾਈ ਕੰਪਨੀਆਂ ਤੇ ਸੈਰ-ਸਪਾਟੇ ਸਨਅਤ 'ਤੇ ਕਿੰਨਾ ਅਸਰ

    • ਲੇਖਕ, ਨਿਦੀ ਰਾਏ
    • ਰੋਲ, ਬੀਬੀਸੀ ਪੱਤਰਕਾਰ, ਮੁੰਬਈ

ਕੀ ਕੋਰੋਨਾਵਾਇਰਸ ਭਾਰਤ ਦੀਆਂ ਮੁਸ਼ਕਲਾਂ 'ਚ ਕਰ ਰਿਹਾ ਹੈ ਵਾਧਾ? ਇਸ ਸਵਾਲ ਦਾ ਲਾਜ਼ਮੀ ਤੇ ਛੋਟਾ ਜਿਹਾ ਜਵਾਬ ਹੈ 'ਹਾਂ'।

ਸੰਯੁਕਤ ਰਾਸ਼ਟਰ ਦੇ ਵਪਾਰ ਅਤੇ ਵਿਕਾਸ ਸਬੰਧੀ ਸੰਮੇਲਨ (UNCTAD) 'ਚ ਦੱਸਿਆ ਗਿਆ ਹੈ ਕਿ ਕੋਰੋਨਾਵਾਇਰਸ (ਕੋਵਿਡ-19) ਦੀ ਮਾਰ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਦੇਸਾਂ 'ਚੋਂ ਭਾਰਤ ਵੀ ਇੱਕ ਹੈ।

ਭਾਰਤ ਸਿਖਰਲੇ 15 ਪ੍ਰਭਾਵਿਤ ਅਰਥਚਾਰਿਆਂ 'ਚ ਸ਼ਾਮਲ ਹੈ। ਇਸ ਹਾਲਤ 'ਚ ਚੀਨ ਦੇ ਉਤਪਾਦਨ 'ਚ ਆਈ ਗਿਰਾਵਟ ਦੇ ਕਾਰਨ ਵਪਾਰ 'ਤੇ ਮਾੜਾ ਅਸਰ ਪਿਆ ਹੈ ਅਤੇ ਭਾਰਤ ਨੂੰ ਵੀ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।

ਕੋਰੋਨਾਵਾਇਰਸ ਨਾਲ ਸਬੰਧਿਤ ਇਹ ਵੀ ਪੜ੍ਹੋ:

ਉੱਥੇ ਹੀ ਮੁੰਬਈ ਸ਼ੇਅਰ ਬਜ਼ਾਰ ਵਿੱਚ ਵੀਰਵਾਰ ਨੂੰ ਜਿੰਨੀ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ ਸੀ ਉਸ ਤੋਂ ਅਗਲੇ ਦਿਨ ਸ਼ੁੱਕਰਵਾਰ ਨੂੰ ਤੇਜ਼ੀ ਨਾਲ ਸੁਧਾਰ ਵੀ ਹੋਇਆ।

ਵੀਰਵਾਰ ਨੂੰ 30 ਸ਼ੇਅਰਾਂ ਵਾਲੇ ਸੰਵੇਦਨਸ਼ੀਲ ਇੰਡੈਕਸ ਸੈਂਸੈਕਸ ਵਿੱਚ ਲਗਭਗ 3,000 ਅੰਕਾਂ ਦੀ ਗਿਰਾਵਟ ਦਰਜ ਕਰ ਚੁੱਕਾ ਸੀ, ਜਿਸਦੀ ਕਾਫ਼ੀ ਚਰਚਾ ਹੋਈ ਸੀ। ਵੀਰਵਾਰ ਨੂੰ ਬਜ਼ਾਰ 32,778 ਅੰਕ 'ਤੇ ਬੰਦ ਹੋਇਆ ਸੀ।

ਵੇਸਟੇਡ ਫਾਈਨੈਂਸ ਕੰਪਨੀ ਦੇ ਸਹਿ-ਸੰਸਥਾਪਕ ਅਤੇ ਸੀਈਓ ਵਿਰਾਮ ਸ਼ਾਹ ਨੇ ਕਿਹਾ ਕਿ ਮਾਰਕੀਟ ਵਿੱਚ ਤੇਜ਼ੀ ਦਾ ਇੱਕ ਕਾਰਨ ਇਹ ਸੀ ਕਿ ਬਹੁਤ ਸਾਰੇ ਘਰੇਲੂ ਨਿਵੇਸ਼ਕਾਂ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਦੀਆਂ ਕੀਮਤਾਂ ਘਟੀਆਂ ਹੋਈਆਂ ਸਨ।

ਭਾਰਤ ਸਰਕਾਰ ਆਪਣੇ ਨਾਗਰਿਕਾਂ ਨੂੰ ਭਰੋਸਾ ਦੇ ਰਹੀ ਹੈ ਕਿ ਇਸ ਸਥਿਤੀ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਹਾਲਾਂਕਿ ਵਿਰੋਧੀ ਧਿਰ ਨੇ ਇਸ ਦੇ ਆਰਥਿਕ ਸਥਿਤੀ 'ਤੇ ਪੈਣ ਵਾਲੇ ਪ੍ਰਭਾਵਾਂ ਸਬੰਧੀ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਹਨ।

ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਸੰਸਦ ਮੈਂਬਰ ਜੈਦੇਵ ਗਾਲਾ ਨੇ ਲੋਕ ਸਭਾ 'ਚ ਇਸ ਸਬੰਧੀ ਆਪਣੀ ਚਿੰਤਾ ਪ੍ਰਗਟ ਕਰਦਿਆਂ ਕਿਹਾ, " ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਸਾਡੇ ਦੇਸ ਦੀ ਆਰਥਿਕਤਾ ਨੂੰ ਕੋਰੋਨਾਵਾਇਰਸ ਕਿਸ ਤਰ੍ਹਾਂ ਨਾਲ ਪ੍ਰਭਾਵਿਤ ਕਰ ਰਿਹਾ ਹੈ।"

ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਖੇਤਰ ਕਿਹੜੇ ਹਨ?

ਫਾਰਮਾ ਕੰਪਨੀਆਂ

ਇਹ ਸਿਰਫ਼ ਫਾਰਮਾ ਕੰਪਨੀਆਂ ਦੇ ਮਾਲੀਏ ਸਬੰਧੀ ਨਹੀਂ ਹੈ। ਇਸ 'ਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਦਾ ਮਤਲਬ ਹੈ ਕਿ ਉਸ ਦੀ ਕੀਮਤ ਮਨੁੱਖ ਨੂੰ ਵੀ ਚੁਕਾਉਣੀ ਪਵੇਗੀ।

ਮੈਡੀਕਲ ਸਟੋਰਾਂ 'ਤੇ ਦਵਾਈਆਂ ਦੀ ਘਾਟ ਹੋ ਗਈ ਹੈ। ਵੱਡੇ-ਵੱਡੇ ਸ਼ਹਿਰਾਂ 'ਚ ਦਵਾਈਆਂ ਦੀਆਂ ਦੁਕਾਨਾਂ ਵੱਲੋਂ ਸੈਨੀਟਾਈਜ਼ਰ ਅਤੇ ਮਾਸਕ ਲਈ ਵੱਡੇ ਆਰਡਰ ਦਿੱਤੇ ਜਾ ਰਹੇ ਹਨ। ਪਰ ਇੱਕ ਹਫ਼ਤੇ ਤੋਂ ਕੋਈ ਵੀ ਨਵਾਂ ਸਟਾਕ ਨਹੀਂ ਮਿਲਿਆ ਹੈ।

ਜਿਵੇਂ ਕਿ ਭਾਰਤੀ ਫਿਤਰਤ ਹੈ ਕਿ ਉਹ ਮੁਸ਼ਕਲ ਦੀ ਘੜੀ 'ਚ ਵਧੇਰੇ ਸਮਾਨ ਇੱਕਠਾ ਕਰ ਲੈਂਦੇ ਹਨ, ਉਹ ਇਸ ਵਾਰ ਵੀ ਹੋ ਰਿਹਾ ਹੈ, ਜਿਸ ਕਰਕੇ ਵਸਤਾਂ ਦੀ ਕੀਮਤ 'ਚ ਬੇਲੋੜਾ ਵਾਧਾ ਵੇਖਣ ਨੂੰ ਮਿਲ ਰਿਹਾ ਹੈ।

ਮੁੰਬਈ ਦੇ ਮਲਾਡ ਦੇ ਜੇ.ਕੇ. ਮੈਡੀਕਲ ਦੇ ਹੇਮੰਤ ਯੇਵਾਲੇ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਪਿਛਲੇ ਹਫ਼ਤੇ ਤੋਂ ਐਨ95 ਮਾਸਕ ਦਾ ਆਰਡਰ ਕੀਤਾ ਹੋਇਆ ਹੈ ਪਰ ਅਜੇ ਤੱਕ ਉਹ ਸਾਨੂੰ ਹਾਸਲ ਨਹੀਂ ਹੋਇਆ ਹੈ। ਸੈਨੇਟਾਈਜ਼ਰ ਦੀ ਵੀ ਇਹੋ ਸਥਿਤੀ ਹੈ। ਮੰਗ ਵੱਧ ਰਹੀ ਹੈ ਅਤੇ ਸਟਾਕ ਬਿਲਕੁੱਲ ਜ਼ੀਰੋ ਹੋ ਗਿਆ ਹੈ। ਸਾਡੇ ਕੋਲ ਸੈਨੀਟਾਈਜ਼ਰ ਦੀਆਂ ਛੋਟੀਆਂ ਬੋਤਲਾਂ ਨਹੀਂ ਹਨ। ਇਸ ਹਫ਼ਤੇ ਸੈਨੀਟਾਈਜ਼ਰ ਅਤੇ ਮਾਸਕ ਦੀ ਮੰਗ 'ਚ ਵਾਧਾ ਹੋਇਆ ਹੈ ਅਤੇ ਉਮੀਦ ਹੈ ਕਿ ਇਹ ਮੰਗ ਆਉਣ ਵਾਲੇ ਸਮੇਂ 'ਚ ਹੋਰ ਵਧੇਗੀ।"

ਖਾਰ 'ਚ ਸਥਿਤ ਨੋਬਲ ਪਲੱਸ ਫਾਰਮੇਸੀ ਦੇ ਬਿਜੇਂਦਰ ਯਾਦਵ ਨੇ ਵੀ ਅਜਿਹਾ ਹੀ ਕੁੱਝ ਕਿਹਾ।

ਉਨ੍ਹਾਂ ਕਿਹਾ, "ਸਾਡੇ ਕੋਲ ਮਾਸਕ ਤਾਂ ਮੌਜੂਦ ਹਨ ਪਰ ਉਨ੍ਹਾਂ 'ਤੇ ਐਨ95 ਨਹੀਂ ਲਿਖਿਆ ਹੋਇਆ ਹੈ । ਇਸ ਦੇ ਬਾਵਜੂਦ ਲੋਕ ਮਾਸਕ ਖਰੀਦ ਰਹੇ ਹਨ। ਸਾਡੇ ਕੋਲ ਸਿਰਫ 500 ਮੀਲੀਲਿਟਰ ਦੀਆਂ ਸੈਨੀਟਾਈਜ਼ਰ ਬੋਤਲਾਂ ਹਨ ਅਤੇ ਨਵਾਂ ਸਟਾਕ ਅਜੇ ਨਹੀਂ ਆਇਆ ਹੈ। ਅਸੀਂ ਹੁਣ ਤੱਕ ਬਹੁਤ ਸਾਰਾ ਸਟਾਕ ਵੇਚ ਚੁੱਕੇ ਹਾਂ ਪਰ ਸੈਨੀਟਾਈਜ਼ਰ ਅਤੇ ਮਾਸਕ ਦੀ ਮੰਗ ਜਿਉਂ ਦੀ ਤਿਉਂ ਬਰਕਰਾਰ ਲੱਗ ਰਹੀ ਹੈ।"

ਧਵਲ ਜੈਨ ਸ਼ੁੱਕਰਵਾਰ ਦੀ ਦੁਪਹਿਰ ਬਾਂਦਰਾ ਦੇ ਕਈ ਮੈਡੀਕਲ ਸਟੋਰਜ਼ 'ਤੇ ਮਾਸਕ ਲੈਣ ਲਈ ਗਏ ਪਰ ਉਨ੍ਹਾਂ ਦੇ ਹੱਥ ਕੁੱਝ ਨਾ ਲੱਗਾ।

ਜੈਨ ਨੇ ਦੱਸਿਆ, "ਮੈਂ ਖੁਦ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਹਮੇਸ਼ਾ ਹੀ ਮਾਸਕ ਦੀ ਵਰਤੋਂ ਕਰਦਾ ਹਾਂ। ਪਰ ਇਹ ਮਾਸਕ ਅੱਜ ਤਿੰਨ ਗੁਣਾ ਕੀਮਤ 'ਤੇ ਮਿਲ ਰਹੇ ਹਨ।

ਮੈਂ ਇਹ ਕੀਮਤ ਅਦਾ ਕਰਨ ਲਈ ਵੀ ਤਿਆਰ ਹਾਂ ਪਰ ਕਿਸੇ ਵੀ ਸਟੋਰ 'ਤੇ ਮੈਨੂੰ ਮਾਸਕ ਨਹੀਂ ਮਿਲ ਰਿਹਾ। ਮੈਂ ਐਨ95 ਮਾਸਕ ਆਨਲਾਈਨ ਆਰਡਰ ਕੀਤਾ। ਉਨ੍ਹਾਂ ਕਿਹਾ ਕਿ ਮਾਸਕ ਸੋਮਵਾਰ ਤੱਕ ਮੈਨੂੰ ਮਿਲ ਜਾਵੇਗਾ। ਹੁਣ ਤਾਂ ਹਫ਼ਤਾ ਵੀ ਖ਼ਤਮ ਹੋਣ 'ਤੇ ਹੈ ਅਤੇ ਮੈਨੂੰ ਮਾਸਕ ਨਹੀਂ ਮਿਲਿਆ ਹੈ।"

ਕੋਰੋਨਾਵਾਇਰਸ ਦੇ ਮਾਮਲੇ ਭਾਰਤ ਵਿੱਚ ਕਿੱਥੇ-ਕਿੱਥੇ ਆਏ ਹਨ, ਇਸ ਬਾਰੇ ਤੁਸੀਂ ਇਸ ਨਕਸ਼ੇ ਰਾਹੀਂ ਸਮਝ ਸਕਦੇ ਹੋ।

ਭਾਰਤ ਦੀ ਸਭ ਤੋਂ ਵੱਡੀ ਆਨਲਾਈਨ ਬੀ2ਬੀ ਮਾਰਕਿਟ ਟਰੇਡਇੰਡੀਆ.ਕੌਮ ਮੁਤਾਬਿਕ ਪਿਛਲੇ ਤਿੰਨ ਮਹੀਨਿਆਂ 'ਚ ਮਾਸਕ ਅਤੇ ਸੈਨੀਟਾਈਜ਼ਰ ਦੀ ਮੰਗ 'ਚ 316% ਦਾ ਵਾਧਾ ਦਰਜ ਕੀਤਾ ਗਿਆ ਹੈ।

ਟਰੇਡਲਾਈਨ.ਕੌਮ ਦੇ ਸੀਓਓ ਸੰਦੀਪ ਛੇਤਰੀ ਨੇ ਬੀਬਸਿੀ ਨੂੰ ਦੱਸਿਆ, " ਘਰੇਲੂ ਅਤੇ ਗਲੋਬਲ ਬਾਜ਼ਾਰ ਤੋਂ ਲਾਭ ਚੁੱਕਣ ਲਈ ਭਾਰਤੀ ਨਿਰਮਾਣ ਉਦਯੋਗ ਅਜਿਹੇ ਨਿੱਜੀ ਸੁਰੱਖਿਆ ਉਪਕਰਣਾਂ ਨੂੰ ਤਿਆਰ ਕਰਨ 'ਚ ਵਧੇਰੇ ਰੁੱਝ ਗਿਆ ਹੈ।"

ਭਾਰਤ ਸਧਾਰਣ ਦਵਾਈਆਂ ਦੀ ਸਪਲਾਈ ਲਈ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ। ਚੀਨ 'ਚ ਇਸ ਮਹਾਂਮਾਰੀ ਕਾਰਨ ਹੋਏ ਬੰਦ ਕਾਰਨ ਭਾਰਤ ਸਰਕਾਰ ਨੇ ਤੈਅ ਕੀਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਦਵਾਈਆਂ ਦੀ ਘਾਟ ਦੀ ਸਮੱਸਿਆ ਤੋਂ ਬਚਣ ਲਈ ਕੁੱਝ ਸਮੇਂ ਲਈ ਕੁੱਝ ਦਵਾਈਆਂ ਦੀ ਬਰਾਮਦ 'ਤੇ ਰੋਕ ਲਗਾਈ ਜਾਵੇਗੀ।

ਇੰਨ੍ਹਾਂ ਦਵਾਈਆਂ 'ਚ ਪੈਰਾਸੀਟਾਮੋਲ, ਵਿਟਾਮਿਨ ਬੀ1 ਅਤੇ ਬੀ12, ਹੋਰ ਏਪੀਆਈ ਅਤੇ ਫਾਰਮੂਲੇਸ਼ਨ ਸ਼ਾਮਲ ਹਨ।

ਸ਼ਿਪਿੰਗ, ਰਸਾਇਣ ਅਤੇ ਖਾਦ ਦੇ ਕੇਂਦਰੀ ਰਾਜ ਮੰਤਰੀ ਮਨਸੁਖ ਮੰਡਵੀਆ ਨੇ ਕਿਹਾ, "ਦੇਸ 'ਚ ਦਵਾਈਆਂ ਦੀ ਘਾਟ ਤੋਂ ਬਚਣ ਦੇ ਮੱਦੇਨਜ਼ਰ ਟਾਸਕ ਫੋਰਸ ਵੱਲੋਂ ਕੁੱਝ ਸੁਝਾਅ ਦਿੱਤੇ ਗਏ ਹਨ।

ਮੰਤਰੀਆਂ ਦਾ ਇੱਕ ਸਥਾਈ ਸਮੂਹ ਇੰਨ੍ਹਾਂ ਸੁਝਾਵਾਂ ਦੀ ਸਮੀਖਿਆ ਕਰ ਰਿਹਾ ਹੈ। ਅਸੀਂ ਏਪੀਆਈ ਦਾ ਬਰਾਮਦ ਅਤੇ ਦਰਾਮਦ ਦੋਵੇਂ ਹੀ ਕਰਦੇ ਹਾਂ। ਜੇਕਰ ਦੇਸ 'ਚ ਕੋਰੋਨਾਵਾਇਰਸ ਦੇ ਕਾਰਨ ਕਿਸੇ ਤਰ੍ਹਾਂ ਦਾ ਸੰਕਟ ਆਉਂਦਾ ਹੈ ਤਾਂ ਕੁੱਝ ਏਪੀਆਈ , ਜਿੰਨਾਂ ਦੀ ਅਸੀਂ ਬਰਾਮਦ ਕਰਦੇ ਹਾਂ ਉਸ 'ਤੇ ਕੁੱਝ ਸਮੇਂ ਲਈ ਪਾਬੰਦੀ ਲਗਾ ਦਿੱਤੀ ਜਾਵੇਗੀ।

ਭਾਰਤ ਨੇ 2019 ਦੇ ਵਿੱਤੀ ਵਰ੍ਹੇ 'ਚ ਚੀਨ ਤੋਂ 68% ਏਪੀਆਈ ਸਮੱਗਰੀ ਦਰਾਮਦ ਕੀਤੀ ਸੀ।

ਸੈਰ-ਸਪਾਟਾ

ਯਾਤਰਾ ਪਾਬੰਦੀਆਂ, ਸਾਵਧਾਨੀ ਦਿਸ਼ਾ-ਨਿਰਦੇਸ਼ਾਂ ਅਤੇ ਅਲਰਟ ਦੀ ਸਥਿਤੀ ਵਿਚਾਲੇ ਅਸ਼ਵੀਨੀ ਕੱਕੜ ਦਾ ਫੋਨ ਵੱਜਨੋਂ ਬੰਦ ਨਹੀਂ ਸੀ ਹੋ ਰਿਹਾ। ਉਨ੍ਹਾਂ ਨੂੰ ਲਗਾਤਾਰ ਕੋਰਪੋਰੇਟ ਅਤੇ ਵਿਅਕਤੀਗਤ ਗਾਹਕਾਂ ਵੱਲੋਂ ਫੋਨ ਆ ਰਹੇ ਹਨ। ਇੰਨ੍ਹਾਂ ਫੋਨ ਕਾਲਾਂ ਦਾ ਮਕਸਦ ਆਪਣੇ ਘੁੰਮਣ-ਫਿਰਨ ਦੇ ਦੌਰੇ ਨੂੰ ਮੁਲਤਵੀ ਜਾਂ ਫਿਰ ਰੱਦ ਕਰਨਾ ਹੈ।

ਅਸ਼ਵੀਨੀ ਪਿਛਲੇ 30 ਸਾਲਾਂ ਤੋਂ ਟ੍ਰੈਵਲ ਇੰਡਸਟਰੀ 'ਚ ਕੰਮ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਤੱਕ ਉਨ੍ਹਾਂ ਨੇ ਸੈਰ-ਸਪਾਟਾ ਖੇਤਰ ਨੂੰ ਇੰਨ੍ਹਾਂ ਕਮਜ਼ੋਰ ਨਹੀਂ ਵੇਖਿਆ।

ਉਨ੍ਹਾਂ ਅੱਗੇ ਕਿਹਾ, "ਮੇਰੀ ਨਜ਼ਰ 'ਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਮੈਡੀਕਲ ਸੰਕਟ ਹੈ। ਇਹ ਸਾਰਸ, ਮਾਰਸ ਅਤੇ ਸਵਾਈਨ ਫਲੂ ਤੋਂ ਵੀ ਵੱਧ ਗੰਭੀਰ ਹੈ। ਇੰਨ੍ਹਾਂ ਭਿਆਨਕ ਬਿਮਾਰੀਆਂ ਨੇ ਵੀ ਇੰਨ੍ਹਾਂ ਕਹਿਰ ਨਹੀਂ ਵਰਾਇਆ ਸੀ। 20% ਵਿਦੇਸ਼ੀ ਯਾਤਰਾਵਾਂ ਰੱਦ ਜਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਤਿੰਨ ਮਹੀਨਿਆਂ 'ਚ ਤਕਰੀਬਨ 30% ਕਾਰਪੋਰੇਟ ਦੌਰੇ ਪ੍ਰਭਾਵਿਤ ਹੋਏ ਹਨ।"

ਉਨ੍ਹਾਂ ਅੱਗੇ ਕਿਹਾ, "ਇਨਬਾਊਂਡ ਯਾਤਰਾ ਦਾ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਲ ਹੈ ਕਿਉਂਕਿ ਸਰਕਾਰ ਹਰ ਦਿਨ ਆਪਣੀ ਨੀਤੀ 'ਚ ਬਦਲਾਅ ਲਿਆ ਰਹੀ ਹੈ ਅਤੇ ਅਸੀਂ ਇਸ ਗੱਲ ਤੋਂ ਵੀ ਅਣਜਾਨ ਹਾਂ ਕਿ ਕਿੰਨ੍ਹੇ ਦੇਸ ਪਾਬੰਦੀਸ਼ੁਦਾ ਸੂਚੀ 'ਚ ਸ਼ਾਮਲ ਹਨ।"

ਇਹ ਵੀ ਪੜ੍ਹੋ:

ਭਾਰਤ ਸਰਕਾਰ ਨੇ ਸਾਵਧਾਨੀ ਵਜੋਂ ਕੋਰੀਆ ਅਤੇ ਇਟਲੀ ਤੋਂ ਆਉਣ ਵਾਲੇ ਲੋਕਾਂ ਨੂੰ ਹਿਦਾਇਤ ਜਾਰੀ ਕੀਤੀ ਹੈ ਕਿ ਉਹ ਆਪਣੇ ਦੇਸਾਂ ਦੀਆਂ ਅਧਿਕਾਰਤ ਪ੍ਰਯੋਗਸ਼ਾਲਾਵਾਂ 'ਤੋਂ ਪ੍ਰਮਾਣ ਪੱਤਰ ਲੈ ਕੇ ਆਉਣ, ਜਿਸ 'ਚ ਲਿਖਿਆ ਹੋਵੇ ਕਿ ਉਹ ਕੋਵਿਡ-19 ਵਾਇਰਸ ਦੇ ਪ੍ਰਭਾਵ ਹੇਠ ਨਹੀਂ ਹਨ।

ਸਿਹਤ ਮੰਤਰਾਲੇ ਨੇ ਇਕ ਪ੍ਰੈਸ ਬਿਆਨ 'ਚ ਕਿਹਾ ਗਿਆ ਹੈ, "ਇਟਲੀ, ਇਰਾਨ, ਦੱਖਣੀ ਕੋਰੀਆ ਅਤੇ ਜਾਪਾਨ ਦੇ ਨਾਗਰਿਕਾਂ ਨੂੰ 3 ਮਾਰਚ 2020 ਤੱਕ ਜਾਂ ਇਸ ਤੋਂ ਪਹਿਲਾਂ ਜਾਰੀ ਕੀਤੇ ਗਏ ਵੀਜ਼ਾ ਅਤੇ ਈ-ਵੀਜ਼ਾ ਫੌਰੀ ਤੌਰ 'ਤੇ ਰੱਦ ਕੀਤੇ ਜਾਂਦੇ ਹਨ। ਸਰਕਾਰ ਨੇ ਚੀਨ, ਇਟਲੀ, ਇਰਾਨ,ਕੋਰੀਆ,ਜਾਪਾਨ, ਫਰਾਂਸ,ਸਪੇਨ ਅਤੇ ਜਰਮਨੀ ਦੀ ਯਾਤਰਾ ਜੇਕਰ ਵਧੇਰੇ ਜ਼ਰੂਰੀ ਨਹੀਂ ਹੈ ਤਾਂ ਨਾ ਕਰਨ ਦੀ ਸਲਾਹ ਦਿੱਤੀ ਹੈ।

ਕੱਕੜ ਨੇ ਇਹ ਵੀ ਦੱਸਿਆ , "ਹੋਟਲਾਂ 'ਚ ਸੈਲਾਨੀਆਂ ਦੀ ਆਮਦ 'ਚ 20% ਕਮੀ ਆਈ ਹੈ। ਦੁਨੀਆ ਭਰ 'ਚ ਕਈ ਕੌਮਾਂਤਰੀ ਸਮਾਗਮ ਰੱਦ ਹੋ ਗਏ ਹਨ। ਇੱਥੋਂ ਤੱਕ ਕਿ ਡੈਸਟੀਨੇਸ਼ਨ ਵਿਆਹ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।"

ਨਵ-ਵਿਆਹੁਤਾ ਅਨੂ ਗੁਪਤਾ ਜੋ ਕਿ ਪੇਸ਼ੇ ਵਜੋਂ ਪੀ.ਆਰ ਹੈ, ਉਸ ਨੇ ਆਪਣੇ ਹਨੀਮੂਨ ਲਈ ਥਾਈਲੈਂਡ ਜਾਣ ਦਾ ਪ੍ਰੋਗਰਾਮ ਬਣਾਇਆ ਸੀ ਪਰ ਵਾਇਰਸ ਦੇ ਕਾਰਨ ਉਨ੍ਹਾਂ ਨੇ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ।

ਅਨੂ ਨੇ ਕਿਹਾ, "ਇਹ ਮੇਰਾ ਪਹਿਲਾ ਵਿਦੇਸ਼ੀ ਦੌਰਾ ਹੁੰਦਾ। ਅਸੀਂ ਸਾਰੀਆਂ ਟਿਕਟਾਂ ਕਰਵਾ ਲਈਆਂ ਸਨ। ਕਿੱਥੇ ਠਹਿਰਨਾ ਹੈ ਉਹ ਹੋਟਲ ਵੀ ਬੁੱਕ ਕਰਵਾ ਲਿਆ ਸੀ ਪਰ ਹੁਣ ਇਸ ਸਥਿਤੀ 'ਚ ਅਸੀਂ ਨਹੀਂ ਜਾ ਪਾ ਰਹੇ ਹਾਂ। ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਜੋ ਪੈਸਾ ਟਿਕਟਾਂ, ਹੋਟਲ ਬੁਕਿੰਗ ਆਦਿ 'ਤੇ ਲੱਗਿਆ ਹੈ ਉਹ ਸਾਨੂੰ ਵਾਪਸ ਹੋਵੇਗਾ ਜਾਂ ਫਿਰ ਨਹੀਂ।"

ਟਰੈਵਲ ਅਤੇ ਸੈਰ-ਸਪਾਟਾ ਕੌਂਸਲ ਅਤੇ ਆਕਸਫਰਡ ਅਰਥਸ਼ਾਸਤਰ ਜੋ ਕਿ ਕੋਵਿਡ-19 ਦੇ ਵਿਸ਼ਵ ਵਿਆਪੀ ਸੈਰ-ਸਪਾਟਾ 'ਤੇ ਪੈਣ ਵਾਲੇ ਅਸਰ ਦਾ ਅਧਿਐਨ ਕਰ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸ਼ੁਰੂਆਤੀ ਅੰਕੜੇ ਦੱਸਦੇ ਹਨ ਕੋਰੋਨਾਵਾਇਰਸ ਮਹਾਂਮਾਰੀ ਦੀ ਕੀਮਤ ਘੱਟ ਤੋਂ ਘੱਟ 22 ਬਿਲੀਅਨ ਡਾਲਰ ਹੋਵੇਗੀ।

ਅੰਤਰਰਾਸ਼ਟਰੀ ਏਅਰ ਟਰਾਂਸਪੋਰਟ ਐਸੋਸੀਏਸ਼ਨ (ਆਈਏਟੀਏ) ਨੇ ਯਾਤਰੀ ਕਾਰੋਬਾਰ 'ਚ ਗਲੋਬਲ ਘਾਟਾ 63 ਬਿਲੀਅਨ ਡਾਲਰ ਦਾ ਅੰਦਾਜ਼ਾ ਲਗਾਇਆ ਹੈ। ਇਸ ਘਾਟੇ 'ਚ ਮਾਲ ਵਪਾਰ ਸ਼ਾਮਲ ਨਹੀਂ ਹੈ।

ਕੋਰੋਨਾਵਇਰਸ ਦੇ ਫੈਲਣ ਕਰਕੇ ਸੈਰ-ਸਪਾਟਾ ਉਦਯੋਗ ਨੂੰ ਇੱਕ ਹੋਰ ਝਟਕਾ ਵੱਖ-ਵੱਖ ਸਮਾਗਮਾਂ ਅਤੇ ਜਸ਼ਨਾਂ ਨੂੰ ਰੱਦ ਕੀਤੇ ਜਾਣ ਤੋਂ ਲੱਗਿਆ ਹੈ। ਇਨਬਾਉਂਡ ਅਤੇ ਆਉਟਬਾਉਂਡ ਦੋਵੇਂ ਤਰ੍ਹਾਂ ਦਾ ਟਰੈਵਲ ਬਹੁਤ ਪ੍ਰਭਾਵਿਤ ਹੋਇਆ ਹੈ।

ਸੀਏਆਈਟੀ ਦੇ ਸਕੱਤਰ ਜਨਰਲ ਪ੍ਰਵੀਨ ਖੰਡੇਵਾਲ ਨੇ ਇਕ ਪ੍ਰੈਸ ਬਿਆਨ 'ਚ ਕਿਹਾ, "ਦੇਸ ਭਰ 'ਚ ਵੱਖ-ਵੱਖ ਵਪਾਰਕ ਸੰਸਥਾਵਾਂ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ 10 ਹਜ਼ਾਰ ਤੋਂ ਵੀ ਵੱਧ ਹੋਲੀ ਸਮਾਗਮ ਰੱਦ ਕਰ ਦਿੱਤੇ ਗਏ ਹਨ।"

ਭਾਰਤ 'ਚ ਹਾਲ 'ਚ ਹੀ ਰੱਦ ਕੀਤੇ ਗਏ ਸਮਾਗਮ ਕੁੱਝ ਇਸ ਤਰ੍ਹਾਂ ਹਨ-

  • ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਵਿਖੇ ਹੋਲੀ ਵੇਲੇ ਹੋਣ ਵਾਲਾ ਇਕੱਠ ਰੱਦ ਕੀਤਾ।
  • ਭਾਰਤ ਵਿੱਚ IPL 15 ਅਪਰੈਲ ਤੱਕ ਟਲਿਆ। ਭਾਰਤ-ਪਾਕ ਦੇ ਵਨਡੇ ਮੈਚ ਰੱਦ।
  • ਪੀਐੱਮ ਮੋਦੀ ਨੇ ਹੋਲੀ ਸੰਮੇਲਨ ਕੀਤਾ ਰੱਦ।
  • ਪੀਐਮ ਮੋਦੀ ਨੇ ਈਯੂ ਸੰਮੇਲਨ 'ਚ ਸ਼ਿਰਕਤ ਕਰਨ ਲਈ ਆਪਣਾ ਬੈਲਜੀਅਮ ਦਾ ਦੌਰਾ ਕੀਤਾ ਮੁਲਤਵੀ।
  • ਕੇਂਦਰੀ ਅਤੇ ਮਹਾਰਾਸ਼ਟਰ ਸਰਕਾਰ ਨੇ 'ਇੰਡੀਆ ਫਿਨਟੈਕ ਉਤਸਵ' ਮੁਲਤਵੀ ਕਰਨ ਦਾ ਲਿਆ ਫ਼ੈਸਲਾ।
  • ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਅਪਾਣਾ ਚੀਨ ਦਾ ਦੌਰਾ ਕੀਤਾ ਰੱਦ।
  • ਏਐਫਆਈ ਨੇ ਵੀ ਆਪਣੇ ਐਥਲੀਟਾਂ, ਕੋਚਾਂ ਅਤੇ ਸਹਾਇਕ ਅਮਲੇ ਨੂੰ ਸਲਾਹਕਾਰ ਜਾਰੀ ਕੀਤਾ ਹੈ। ਉਨ੍ਹਾਂ ਨੂੰ ਆਪਣੇ ਕੈਂਪਸ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਸਲਾਹਕਾਰ ਨੂੰ ਅਮਲ 'ਚ ਲਿਆਉਣ ਲਈ ਕਿਹਾ ਗਿਆ ਹੈ।
  • ਵਰਿੰਦਾਵਨ 'ਚ ਇਸਕੋਨ ਨੇ ਆਪਣੇ ਵਿਦੇਸ਼ੀ ਸ਼ਰਧਾਲੂਆਂ ਦੀ ਆਮਦ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ ਅਤੇ ਨਾਲ ਹੀ ਗੌਰਾ ਪੁਰਨਿਮਾ ਉਤਸਵ, ਜੋ ਕਿ ਹੋਲੀ ਦੇ ਤਿਉਹਾਰ ਮੌਕੇ ਵਿਧਵਾ ਮਹਿਲਾਵਾਂ ਵੱਲੋਂ ਮਨਾਇਆ ਜਾਂਦਾ ਹੈ ਉਸ ਨੂੰ ਵੀ ਰੱਦ ਕਰ ਦਿੱਤਾ ਗਿਆ।
  • ਜ਼ੀਓਮੀ ਨੇ ਆਪਣੇ ਨਵੇਂ ਉਤਪਾਦ ਨੂੰ ਲਾਂਚ ਕਰਨ ਦੇ ਸਮਾਗਮ ਨੂੰ ਕੀਤਾ ਰੱਦ।
  • ਰੀਅਲਮੀ ਨੇ ਵੀ ਆਪਣੇ ਨਵੇਂ ਲਾਂਚ ਨੂੰ ਰੱਦ ਕਰ ਦਿੱਤਾ ਹੈ।

ਆਟੋਮੋਬਾਈਲ

ਭਾਰਤੀ ਆਟੋਮੋਬਾਈਲ ਨਿਰਮਾਣ ਸੁਸਾਇਟੀ (SIAM) ਦਾ ਕਹਿਣਾ ਹੈ ਕਿ ਆਟੋਮੋਟਿਵ ਖੇਤਰ 'ਚ 37 ਮਿਲੀਅਨ ਲੋਕ ਕੰਮ ਕਰਦੇ ਹਨ।

ਆਰਥਿਕ ਮੰਦੀ ਦੇ ਚੱਲਦਿਆਂ ਪਹਿਲਾਂ ਹੀ ਆਟੋ ਸੈਕਟਰ ਬਹੁਤ ਪ੍ਰਭਾਵ ਝੱਲ ਰਿਹਾ ਹੈ ਅਤੇ ਹੁਣ ਚੀਨ 'ਚ ਉਦਯੋਗ ਬੰਦ ਹੋਣ ਦੇ ਕਾਰਨ ਵਾਹਨਾਂ ਦੇ ਕਈ ਹਿੱਸਿਆਂ ਦੀ ਕਮੀ ਆ ਰਹੀ ਹੈ।

ਪੱਛਮੀ ਬੰਗਾਲ 'ਚ ਬਤੌਰ ਆਟੋ ਡੀਲਰ ਕੰਮ ਕਰਦੇ ਨਿਰਮਲ ਗਰਗ ਦਾ ਕਹਿਣਾ ਹੈ, "ਦਿਨ -ਬ -ਦਿਨ ਸਥਿਤੀ ਖ਼ਰਾਬ ਹੁੰਦੀ ਜਾ ਰਹੀ ਹੈ। ਅਸੀਂ ਮੰਦੀ ਦੇ ਦੌਰ 'ਚੋਂ ਲੰਘ ਰਹੇ ਹਾਂ। ਲੋਕ ਭਵਿੱਖ ਦੀ ਸਥਿਤੀ ਕੀ ਹੋਵੇਗੀ ਇਸ ਤੋਂ ਬਹੁਤ ਡਰੇ ਹੋਏ ਹਨ, ਜਿਸ ਕਰਕੇ ਉਹ ਨਵੀਂ ਕਾਰ 'ਚ ਨਿਵੇਸ਼ ਕਰਨ ਦੇ ਬਿਲਕੁੱਲ ਵੀ ਚਾਹਵਾਨ ਨਹੀਂ ਹਨ।"

ਭਾਰਤ ਦੀ ਆਟੋਮੋਟਿਵ ਕੰਪੋਨੈਂਟ ਨਿਰਮਾਤਾ ਐਸੋਸੀਏਸ਼ਨ ਦੇ ਡਾਇਰੈਕਟਰ ਜਨਰਲ ਵਿਨੀ ਮਹਿਤਾ ਨੇ ਬੀਬੀਸੀ ਨੂੰ ਦੱਸਿਆ ਕਿ ਅਜੇ ਘਬਰਾਉਣ ਦੀ ਸਥਿਤੀ ਨਹੀਂ ਬਣੀ ਹੈ।

ਉਨ੍ਹਾਂ ਕਿਹਾ, "ਇਹ ਘਬਰਾਉਣ ਵਾਲੀ ਸਥਿਤੀ ਨਹੀਂ ਹੈ ਪਰ ਫਿਰ ਵੀ ਅਸੀਂ ਚਿੰਤਤ ਜ਼ਰੂਰ ਹਾਂ। ਮਾਰਕਿਟ ਦੇ ਖਿਡਾਰੀਆਂ ਨੇ ਦੱਸਿਆ ਕਿ ਉਨ੍ਹਾਂ ਕੋਲ ਮਾਰਚ ਤੱਕ ਦਾ ਸਮਾਨ ਹੈ। ਜੇਕਰ ਅਪ੍ਰੈਲ ਤੱਕ ਮੁੜ ਉਦਯੋਗ ਸ਼ੁਰੂ ਨਹੀਂ ਕਰਦਾ ਹੈ ਤਾਂ ਫਿਰ ਚਿੰਤਾਜਨਕ ਸਥਿਤੀ ਪੈਦਾ ਹੋ ਸਕਦੀ ਹੈ। ਅਸੀਂ ਦੂਜੇ ਬਦਲ ਵੱਲ ਆਪਣਾ ਧਿਆਨ ਕੇਂਦਰਤ ਕਰ ਰਹੇ ਹਾਂ।"

ਗਹਿਣਿਆਂ ਦੀ ਸਨਅਤ

ਇਸ ਭਿਆਨਕ ਵਾਇਰਸ ਕਰਕੇ ਇਕ ਹੋਰ ਅਜਿਹਾ ਖੇਤਰ ਹੈ ਜੋ ਕਿ ਬਹੁਤ ਪ੍ਰਭਾਵਿਤ ਹੋਇਆ ਹੈ।ਉਹ ਹੈ ਰਤਨ ਭਾਵ ਜਵਾਹਰਾਤ ਖੇਤਰ।

ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਸੈਕਟਰ ਨੂੰ 1214.95 ਮਿਲੀਅਨ ਡਾਲਰ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ।

ਹਾਂਗਕਾਂਗ ਅਤੇ ਚੀਨ ਜੋ ਕਿ ਭਾਰਤ ਦੇ ਕੱਟ ਅਤੇ ਪਾਲਿਸ਼ ਕੀਤੇ ਹੀਰਿਆਂ ਦੀ ਨਿਰਯਾਤ ਲਈ ਪ੍ਰਮੁੱਖ ਦੇਸ ਹਨ, ਉੱਥੇ ਇਸ ਵਾਇਰਸ ਨੇ ਆਪਣਾ ਸਭ ਤੋਂ ਵੱਧ ਪ੍ਰਭਾਵ ਪਾਇਆ ਹੈ।

ਸੂਰਤ ਸਥਿਤ 'ਨੇਕਲਸ ਡਾਇਮੰਡ' ਦੇ ਸੰਸਥਾਪਕ ਕੀਰਤੀ ਸ਼ਾਹ ਨੇ ਬੀਬੀਸੀ ਨੂੰ ਦੱਸਿਆ, "ਸਾਡੇ ਕੋਲ ਬਹੁਤ ਸਾਰੇ ਛੋਟੇ ਕਾਰੋਬਾਰੀ ਹਨ ਜੋ ਕਿ ਸਾਨੂੰ ਤਿਆਰ ਕੀਤੇ ਰਤਨ ਅਤੇ ਗਹਿਣੇ ਮੁਹੱਈਆ ਕਰਵਾਉਂਦੇ ਹਨ ਅਤੇ ਫਿਰ ਅਸੀਂ ਉਨ੍ਹਾਂ ਨੂੰ ਉਸ ਦੀ ਕੀਮਤ ਅਦਾ ਕਰਦੇ ਹਾਂ। ਹੁਣ ਸਾਨੂੰ ਹੀ ਹਾਂਗ ਕਾਂਗ ਅਤੇ ਚੀਨ ਤੋਂ ਕੋਈ ਭੁਗਤਾਨ ਨਹੀਂ ਹੋਇਆ ਹੈ। ਅਜਿਹੇ 'ਚ ਅਸੀਂ ਵੀ ਅੱਗੇ ਭੁਗਤਾਨ ਨਹੀਂ ਕਰ ਪਾ ਰਹੇ ਹਾਂ। ਅਸੀਂ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਇਹ ਬਹੁਤ ਮੁਸ਼ਕਲ ਹੈ। ਦੋਵਾਂ ਪਾਸੇ ਹੀ ਰਕਮ ਫਸੀ ਹੋਈ ਹੈ।"

ਉਨ੍ਹਾਂ ਅੱਗੇ ਕਿਹਾ ਕਿ ਕਾਰੋਬਾਰੀਆਂ ਕੋਲ ਇੰਨ੍ਹਾਂ ਪੈਸਾ ਨਹੀਂ ਹੈ ਕਿ ਉਹ ਆਪਣੇ ਅਸਥਾਈ ਕਾਮਿਆਂ ਨੂੰ ਤਨਖਾਹ ਦੇ ਸਕਣ।ਅਜਿਹੇ 'ਚ ਬਾਜ਼ਾਰ 'ਚ ਆਪਣੀ ਹੋਂਦ ਨੂੰ ਕਾਇਮ ਰੱਖ ਪਾਉਣਾ ਵੀ ਚੁਣੌਤੀਪੂਰਨ ਹੋ ਰਿਹਾ ਹੈ।

ਜੈਮ ਅਤੇ ਜਵੈਲਰੀ ਐਕਸਪੋਰਟ ਪ੍ਰਮੋਸ਼ਨ ਕੌਂਸਲ ਦੇ ਉਪ ਚੇਆਰਮੈਨ ਕੋਲਿਨ ਸ਼ਾਹ ਨੇ ਵੀ ਇਸੇ ਤਰ੍ਹਾਂ ਦਾ ਹੀ ਕੁੱਝ ਕਿਹਾ।ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਭਾਰਤ ਵੱਲੋਂ ਕੁੱਲ ਕੀਤੇ ਜਾਂਦੇ ਰਤਨ ਅਤੇ ਗਹਿਣਿਆਂ ਦੇ ਨਿਰਯਾਤ 'ਚ ਤਕਰੀਬਨ 1 ਬਿਲੀਅਨ ਡਾਲਰ ਦੀ ਵਾਧੂ ਗਿਰਾਵਟ ਆਉਣ ਦੀ ਸੰਭਾਵਨਾ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)