ਕੋਰੋਨਾਵਾਇਰਸ: ਵਿਦੇਸ਼ ਤੋਂ ਆਉਣ ਅਤੇ ਜਾਣ ਸਬੰਧੀ ਸਵਾਲਾਂ ਦੇ ਜਵਾਬ ਜਾਣੋ

ਭਾਰਤ ਸਰਕਾਰ ਨੇ ਕੋਰੋਨਾਵਾਇਰਸ ਨੂੰ ਰੋਕਣ ਲਈ ਮੰਗਲਵਾਰ ਨੂੰ ਕਈ ਯਾਤਰਾ ਪਾਬੰਦੀਆਂ ਦਾ ਐਲਾਨ ਕੀਤਾ ਹੈ। ਭਾਰਤੀ ਨਾਗਰਿਕਾਂ ਨੂੰ ਵੀ ਗੈਰ-ਜ਼ਰੂਰੀ ਸਫ਼ਰ ਨਾ ਕਰਨ ਲਈ ਕਿਹਾ ਗਿਆ ਹੈ। ਵੀਜ਼ਾ ਵੀ 15 ਅਪ੍ਰੈਲ ਤੱਕ ਰੱਦ ਕਰ ਦਿੱਤੇ ਗਏ ਹਨ।

ਵੀਜ਼ਾ ਪਾਬੰਦੀ ਕਿਸ ਕਿਸ ਉੱਤੇ ਲਾਗੂ ਹੋਵੇਗੀ?

ਭਾਰਤ ਸਰਕਾਰ ਨੇ 15 ਅਪ੍ਰੈਲ ਤੱਕ ਸਾਰੇ ਵੀਜ਼ਾ ਰੋਕ ਦਿੱਤੇ ਹਨ। ਡਿਪਲੋਮੈਟਿਕ, ਅਧਿਕਾਰਤ, ਕੌਮਾਂਤਰੀ ਸੰਸਥਾਵਾਂ, ਰੁਜ਼ਗਾਰ ਅਤੇ ਪ੍ਰੋਜੈਕਟ ਵੀਜ਼ਾ ਨੂੰ ਛੋਟ ਦਿੱਤੀ ਗਈ ਹੈ। ਵੀਜ਼ਾ 'ਤੇ ਇਹ ਪਾਬੰਦੀ 13 ਮਾਰਚ ਦੀ ਅੱਧੀ ਰਾਤ ਤੋਂ ਲਾਗੂ ਹੋ ਜਾਵੇਗੀ।

ਇਸ ਦੇ ਨਾਲ ਹੀ ਓਸੀਆਈ ਖਾਤਾਧਾਰਕਾਂ ਨੂੰ ਦਿੱਤੀ ਗਈ ਵੀਜ਼ਾ ਮੁਕਤ ਯਾਤਰਾ ਦੀ ਸਹੂਲਤ ਵੀ 15 ਅਪ੍ਰੈਲ ਤੱਕ ਮੁਅੱਤਲ ਕਰ ਦਿੱਤੀ ਗਈ ਹੈ। ਹਾਲਾਂਕਿ ਜੋ ਵਿਦੇਸ਼ੀ ਭਾਰਤ ਵਿੱਚ ਮੌਜੂਦ ਹਨ ਉਨ੍ਹਾਂ ਦੇ ਵੀਜ਼ਾ ਜਾਇਜ਼ ਰਹਿਣਗੇ।

ਕੋਰੋਨਾਵਾਇਰਸ ਨਾਲ ਸਬੰਧਿਤ ਇਹ ਵੀ ਪੜ੍ਹੋ:

ਇਸ ਦੇ ਬਾਵਜੂਦ, ਜਿਹੜੇ ਲੋਕ ਭਾਰਤ ਆਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ?

ਸਾਰੇ ਵਿਦੇਸ਼ੀ ਨਾਗਰਿਕ ਜੋ ਕਿਸੇ ਬਹੁਤ ਅਹਿਮ ਕਾਰਨਾਂ ਕਰਕੇ ਭਾਰਤ ਆਉਣਾ ਚਾਹੁੰਦੇ ਹਨ ਨੇੜਲੇ ਭਾਰਤੀ ਦੂਤਾਵਾਸ ਨਾਲ ਸੰਪਰਕ ਕਰ ਸਕਦੇ ਹਨ।

ਵਿਦੇਸ਼ਾਂ ਤੋਂ ਪਰਤ ਰਹੇ ਭਾਰਤੀਆਂ ਦਾ ਕੀ ਹੋਵੇਗਾ?

ਉਹ ਸਾਰੇ ਯਾਤਰੀ ਜੋ ਕੋਰੋਨਾਵਾਇਰਸ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਚੀਨ, ਇਟਲੀ, ਈਰਾਨ, ਉੱਤਰੀ ਕੋਰੀਆ, ਫਰਾਂਸ, ਸਪੇਨ ਅਤੇ ਜਰਮਨੀ ਰਾਹੀਂ ਭਾਰਤ ਆ ਰਹੇ ਹਨ, ਇਸ ਵਿੱਚ ਭਾਰਤੀ ਨਾਗਰਿਕ ਵੀ ਸ਼ਾਮਲ ਹਨ, ਨੂੰ ਘੱਟੋ-ਘੱਟ 14 ਦਿਨਾਂ ਲਈ ਅਲੱਗ ਰਹਿਣਾ ਪਏਗਾ। ਇਹ 13 ਮਾਰਚ ਦੀ ਅੱਧੀ ਰਾਤ ਨੂੰ 12 ਵਜੇ ਤੋਂ ਲਾਗੂ ਰਹੇਗਾ।

ਇੰਨਾ ਹੀ ਨਹੀਂ ਭਾਰਤ ਆਉਣ ਵਾਲੇ ਸਾਰੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਭਾਰਤ ਦੇ ਅੰਦਰ ਗੈਰ-ਜ਼ਰੂਰੀ ਯਾਤਰਾ ਨਾ ਕਰਨ ਅਤੇ ਉਨ੍ਹਾਂ ਨੂੰ ਵੀ 14 ਦਿਨਾਂ ਲਈ ਅਲੱਗ ਰੱਖਿਆ ਜਾ ਸਕਦਾ ਹੈ।

ਜੋ ਭਾਰਤੀ ਵਿਦੇਸ਼ ਜਾ ਰਹੇ ਹਨ ਉਨ੍ਹਾਂ ਲਈ ਕੀ?

ਭਾਰਤ ਸਰਕਾਰ ਨੇ ਕਿਹਾ ਹੈ ਕਿ ਵਿਦੇਸ਼ ਜਾਣ ਵਾਲੇ ਸਾਰੇ ਭਾਰਤੀ ਨਾਗਰਿਕਾਂ ਨੂੰ ਸਖ਼ਤ ਸਲਾਹ ਦਿੱਤੀ ਗਈ ਹੈ ਕਿ ਜੇ ਬਹੁਤ ਜ਼ਰੂਰੀ ਨਾ ਹੋਵੇ ਤਾਂ ਉਹ ਯਾਤਰਾ ਨਾ ਕਰਨ। ਵਾਪਸ ਆਉਣ 'ਤੇ ਉਨ੍ਹਾਂ ਨੂੰ ਵੀ ਘੱਟੋ-ਘੱਟ 14 ਦਿਨਾਂ ਲਈ ਇਕੱਲੇ ਰੱਖਿਆ ਜਾ ਸਕਦਾ ਹੈ।

ਜ਼ਮੀਨੀ ਰਸਤੇ ਰਾਹੀਂ ਆਉਣ ਵਾਲੇ ਵਿਦੇਸ਼ੀ ਟ੍ਰੈਫਿਕ ਬਾਰੇ ਕੀ?

ਭਾਰਤ ਸਰਕਾਰ ਨੇ ਕਿਹਾ ਹੈ ਕਿ ਜ਼ਮੀਨੀ ਸਰਹੱਦ ਤੋਂ ਸਿਰਫ਼ ਉਨ੍ਹਾਂ ਕਰਾਸਿੰਗਸ ਤੋਂ ਹੀ ਭਾਰਤ ਵਿੱਚ ਦਾਖਲਾ ਮਿਲੇਗਾ ਜਿੱਥੇ ਸਕ੍ਰੀਨਿੰਗ ਦੀ ਸਹੂਲਤ ਹੋਵੇਗੀ। ਭਾਰਤ ਦਾ ਗ੍ਰਹਿ ਮੰਤਰਾਲਾ ਇਨ੍ਹਾਂ ਕਰਾਸਿੰਗ ਬਾਰੇ ਵੱਖਰੇ ਤੌਰ 'ਤੇ ਜਾਣਕਾਰੀ ਦੇਵੇਗਾ।

ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਲਈ ਸਰਕਾਰ ਕੀ ਕਰ ਰਹੀ ਹੈ?

ਸਰਕਾਰ ਨੇ ਕਿਹਾ ਹੈ ਕਿ ਇਟਲੀ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਜਾਂ ਲੋੜਵੰਦ ਭਾਰਤੀਆਂ ਵਿੱਚ ਕੋਰੋਨਾਵਾਇਰਸ ਦੀ ਜਾਂਚ ਕਰਨ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਨਮੂਨੇ ਭਾਰਤ ਲਿਆਂਦੇ ਜਾਣਗੇ।

ਜਿਨ੍ਹਾਂ ਨੂੰ ਇਨਫੈਕਸ਼ਨ ਨਹੀਂ ਹੋਵੇਗਾ ਉਨ੍ਹਾਂ ਨੂੰ ਭਾਰਤ ਆਉਣ ਦੀ ਇਜਾਜ਼ਤ ਦਿੱਤੀ ਜਾਏਗੀ ਪਰ 14 ਦਿਨਾਂ ਲਈ ਵੱਖ ਰੱਖਿਆ ਜਾਵੇਗਾ।

ਵਿਦੇਸ਼ਾਂ ਵਿੱਚ ਵਸਦੇ ਸਾਰੇ ਭਾਰਤੀਆਂ ਨੂੰ ਗ਼ੈਰ-ਜ਼ਰੂਰੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।

ਕੋਰੋਨਾਵਾਇਰਸ ਨਾਲ ਸਬੰਧਿਤ ਇਹ ਵੀ ਪੜ੍ਹੋ:

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)