ਕੋਰੋਨਾਵਾਇਰਸ: ਭਾਰਤ ਨੇ ਯੂਰਪ, ਯੂਕੇ ਅਤੇ ਤੁਰਕੀ ਤੋਂ ਆਉਣ ਵਾਲੀਆਂ ਫਲਾਈਟਾਂ 'ਤੇ ਰੋਕ ਲਾਈ

ਕੋਰੋਨਾਵਾਇਰਸ ਦੇ ਕਹਿਰ ਨੂੰ ਦੇਖਦਿਆਂ ਭਾਰਤ ਨੇ ਯੂਰਪ, ਯੂਕੇ ਅਤੇ ਤੁਰਕੀ ਤੋਂ ਆਉਣ ਵਾਲੀਆਂ ਫਲਾਈਟਾਂ 'ਤੇ ਰੋਕ ਲਗਾ ਦਿੱਤੀ ਹੈ। ਭਾਰਤ ਨੇ ਇਹ ਰੋਕ 18 ਮਾਰਚ ਤੋਂ ਲਗਾਈ ਹੈ।

ਇਸ ਤੋਂ ਇਲਾਵਾ ਭਾਰਤੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਜਪਾਨ, ਦੱਖਣੀ ਕੋਰੀਆ, ਈਰਾਨ ਅਤੇ ਇਟਲੀ ਦੇ ਜਿਨ੍ਹਾਂ ਲੋਕਾਂ ਨੂੰ ਭਾਰਤ ਆਉਣ ਲਈ ਤਿੰਨ ਮਾਰਚ ਤੋਂ ਪਹਿਲਾਂ ਵੀਜ਼ਾ ਮਿਲਿਆ ਸੀ ਉਹ ਜੇਕਰ ਭਾਰਤ ਨਹੀਂ ਆਏ ਹਨ ਤਾਂ ਉਨ੍ਹਾਂ ਵੀਜ਼ਾ ਰੱਦ ਕੀਤਾ ਜਾਂਦਾ ਹੈ।

ਕੋਰੋਨਾਵਾਇਰਸ ਨਾਲ ਹੁਣ ਤੱਕ ਦੁਨੀਆਂ ਦੇ 146 ਦੇਸ ਪ੍ਰਭਾਵਿਤ ਹੋ ਚੁੱਕੇ ਹਨ। ਪੂਰੀ ਦੁਨੀਆਂ ਵਿਚ ਇਸ ਵਾਇਰਸ ਦੀ ਲਾਗ ਨਾਲ ਡੇਢ ਲੱਖ ਤੋਂ ਵੱਧ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ।

ਇਟਲੀ ਵਿਚ ਇੱਕ ਦਿਨ ਵਿਚ 368 ਮੌਤਾਂ ਹੋਈਆਂ ਹਨ ਅਤੇ ਚੀਨ ਤੋਂ ਬਾਅਦ ਇਟਲੀ ਸਭ ਤੋਂ ਵੱਧ ਪ੍ਰਭਾਵਿਤ ਮੁਲਕ ਹੈ।

ਭਾਰਤ ਵਿਚ ਵੀ ਹੁਣ ਤੱਕ ਇਸ ਦੇ 114 ਮਾਮਲੇ ਸਾਹਮਣੇ ਆ ਚੁੱਕੇ ਹਨ। ਰਾਜਧਾਨੀ ਦਿੱਲੀ ਵਿੱਚ 50 ਤੋਂ ਵੱਧ ਲੋਕਾਂ ਦੇ ਇਕੱਠ 'ਤੇ ਪਾਬੰਦੀ।

ਭਾਰਤ ਵਿਚ ਕੋਰੋਨਾਵਾਇਰਸ ਦਾ ਅਸਰ ਸ਼ੇਅਰ ਬਜ਼ਾਰ ਉੱਤੇ ਦਿਖਣਾ ਵੀ ਸ਼ੁਰੂ ਹੋ ਗਿਆ ਹੈ। ਸ਼ੇਅਰ ਬਜ਼ਾਰ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ।

ਨਿਉਯਾਰਕ ‘ਚ ਸਾਰੇ ਬਾਰ ਅਤੇ ਰੇਸਤਰਾਂ ਬੰਦ ਕਰ ਦਿੱਤੇ ਗਏ ਹਨ। ਜਨਤਕ ਸਥਾਨਾਂ ’ਤੇ 50 ਲੋਕਾਂ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਗਾਈ ਗਈ ਹੈ।

ਜਰਮਨੀ ਨੇ ਸੋਮਵਾਰ ਤੋਂ ਆਸਟ੍ਰੀਆ, ਫ੍ਰਾਂਸ ਅਤੇ ਸਵੀਜ਼ਰਲੈਂਡ ਦੇ ਨਾਲ ਲੱਗਦੀ ਆਪਣੀ ਜ਼ਮੀਨੀ ਸੀਮਾ ਨੂੰ ਬੰਦ ਕਰ ਦਿੱਤਾ ਹੈ।

ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ 'ਚ ਕੀ-ਕੀ ਹੋ ਰਿਹਾ

  • ਪੰਜਾਬ 'ਚ ਇੱਕ ਕੇਸ ਦੀ ਪੁਸ਼ਟੀ। ਸਕੂਲ, ਕਾਲਜ, ਸਿਨੇਮਾ ਤੇ ਰੈਸਟੋਰੈਂਟ ਬੰਦ। ਹਰਿਆਣਾ 'ਚ 200 ਤੋਂ ਵੱਧ ਲੋਕਾਂ ਦੇ ਇਕੱਠ 'ਤੇ ਪਾਬੰਦੀ।
  • ਭਾਰਤ ਵਿੱਚ ਕਰਨਾਟਕ 'ਚ ਇੱਕ ਆਦਮੀ ਅਤੇ ਦਿੱਲੀ ਵਿੱਚ ਇੱਕ ਔਰਤ ਦੀ ਮੌਤ। ਹੁਣ ਤੱਕ 114 ਮਾਮਲੇ।
  • ਭਾਰਤ ਨੇ ਯੂਰਪ, ਯੂਕੇ ਅਤੇ ਤੁਰਕੀ ਤੋਂ ਆਉਣ ਵਾਲੀਆਂ ਫਲਾਈਟਾਂ 'ਤੇ ਰੋਕ ਲਾਈ। ਜਪਾਨ, ਦੱਖਣੀ ਕੋਰੀਆ, ਈਰਾਨ ਅਤੇ ਇਟਲੀ ਦੇ ਲੋਕਾਂ ਦੇ ਵੀਜ਼ੇ ਰੱਦ।
  • ਅਮਰੀਕਾ 'ਚ 50 ਤੋਂ ਵੱਧ ਲੋਕਾਂ ਦੇ ਇਕੱਠ 'ਤੇ ਪਾਬੰਦੀ। ਜਰਮਨੀ ਨੇ ਆਪਣੇ 5 ਗੁਆਂਢੀ ਮੁਲਕਾਂ ਨਾਲ ਲਗਦੀ ਸਰਹੱਦ ਸੀਲ ਕੀਤੀ।
  • ਇਟਲੀ ਵਿੱਚ ਇੱਕ ਦਿਨ 'ਚ 368 ਲੋਕਾਂ ਦੀ ਮੌਤ।

ਹੰਗਰੀ ਦੀ ਸਰਕਾਰ ਨੇ ਆਸਟ੍ਰੀਆ ਅਤੇ ਸਲੋਵੇਨੀਆਂ ਦੇ ਨਾਲ ਲੱਗਦੀਆਂ ਆਪਣੀ ਸੀਮਾਵਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਸਾਰੇ ਸਕੂਲ-ਕਾਲਜ ਬੰਦ ਕਰ ਦਿੱਤੇ ਗਏ ਹਨ ਅਤੇ ਲੋਕਾਂ ਦੇ ਇਕੱਠੇ ਹੋਣ 'ਤੇ ਵੀ ਮਨਾਹੀ ਹੈ।

ਈਰਾਨ 'ਚ ਲੋਕਾਂ ਨੂੰ ਘਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਅਤੇ ਸਲਾਹ ਦਿੱਤੀ ਗਈ ਹੈ ਕਿ ਉਹ ਸਾਰੀਆਂ ਯਾਤਰਾਵਾਂ ਨੂੰ ਰੱਦ ਕਰ ਦੇਣ।

ਫ੍ਰਾਂਸ 'ਚ ਰੇਸਤਰਾਂ, ਕੈਫ਼ੇ, ਸਿਨੇਮਾ ਹਾਲ, ਨਾਈਟ-ਕਲੱਬ ਸਭ ਬੰਦ ਕਰ ਦਿੱਤੇ ਗਏ ਹਨ। ਫ੍ਰਾਂਸ 'ਚ ਸਥਾਨਕ ਚੋਣਾਂ ਵੀ ਹੋ ਰਹੀਆਂ ਹਨ ਜਿਸ 'ਚ ਕਾਫ਼ੀ ਘੱਟ ਮਤਦਾਨ ਹੋਇਆ ਹੈ।

ਬ੍ਰਿਟੇਨ ’ਚ ਵੀ ਸਥਾਨਕ ਚੋਣਾਂ ਹੋਣੀਆਂ ਸੀ ਜਿਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:

ਕੋਰੋਨਾਵਾਇਰਸ ਦੇ ਮਾਮਲੇ ਭਾਰਤ ਵਿੱਚ ਕਿੱਥੇ-ਕਿੱਥੇ ਆਏ ਹਨ, ਇਸ ਬਾਰੇ ਤੁਸੀਂ ਇਸ ਨਕਸ਼ੇ ਰਾਹੀਂ ਸਮਝ ਸਕਦੇ ਹੋ।

ਸਪੋਰਟਸ ਪ੍ਰੋਡਕਟ੍ਸ ਲਈ ਜਾਣੀ ਜਾਂਦੀ ਕੰਪਨੀ 'ਨਾਇਕੀ' ਨੇ ਦੁਨੀਆਭਰ 'ਚ ਫੈਲੀ ਆਪਣੀ ਸੈਂਕੜਾਂ ਬ੍ਰਾਂਚਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ।

ਆਸਟ੍ਰੀਆ 'ਚ ਕਿਸੀ ਥਾਂ 'ਤੇ ਪੰਜ ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ 'ਤੇ ਪ੍ਰਤੀਬੰਧ ਲੱਗਾ ਦਿੱਤਾ ਗਿਆ ਹੈ। ਸਾਰੀਆਂ ਦੁਕਾਨਾਂ ਵੀ ਬੰਦ ਕਰਨ ਦੇ ਆਦੇਸ਼ ਹਨ।

ਰੋਮਾਨੀਆ ਨੇ ਐਮਰਜੈਂਸੀ ਲੱਗਾ ਦਿੱਤੀ ਹੈ। ਚੈਕ ਰਿਪਬਲਿਕ ਨੇ ਪੂਰੇ ਦੇਸ਼ ਨੂੰ ਕੁਆਰੰਟੀਨ ਕਰਨ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ:

ਕੋਰੋਨਾਵਾਇਰਸ: ਕਰਤਰਾਪੁਰ ਸਾਹਿਬ ਦੀ ਯਾਤਰਾ ਰੁਕੀ (15 ਮਾਰਚ)

ਘਬਰਾਉਣ ਨਾਲੋਂ ਤਿਆਰੀ ਕਰਨ ਦੀ ਸਲਾਹ ਦਿੰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ SAARC ਦੇਸਾਂ ਨੂੰ ਸੰਬੋਧਿਤ ਕੀਤਾ।

ਵੀਡੀਓ ਕਾਨਫਰੈਂਸਿੰਗ ਵਿੱਚ SAARC ਦੇ ਕੁਲ ਅੱਠ ਦੇਸ ਸ਼੍ਰੀਲੰਕਾ, ਨੇਪਾਲ, ਮਾਲਡਿਵਸ, ਭੁਟਾਨ, ਬੰਗਲਾਦੇਸ਼, ਅਫ਼ਗਾਨਿਸਤਾਨ ਤੇ ਪਾਕਿਸਤਾਨ ਦੇ ਪ੍ਰਤੀਨਿਧੀ ਸ਼ਾਮਲ ਰਹੇ।

ਵਿਸ਼ਵ ਸਿਹਤ ਸੰਗਠਨ ਵੱਲੋਂ ਕੋਰੋਨਾਵਾਇਰਸ ਨੂੰ ਮਹਾਂਮਾਰੀ ਐਲਾਨ ਕੀਤਾ ਗਿਆ ਹੈ। ਅਜੇ ਤੱਕ ਦੱਖਣੀ ਏਸ਼ੀਆ ਵਿੱਚ ਤਕਰੀਬਨ 150 ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ ਹਨ।

ਇਹ ਵੀ ਪੜ੍ਹੋ:

ਇਸ ਮੌਕੇ ਭਾਰਤ ਅਤੇ ਸਾਰਕ ਦੇਸਾਂ ਮੈਂਬਰਾਂ ਨੇ ਕੋਰੋਨਾਵਾਇਰਸ ਨੂੰ ਲੈ ਕੇ ਅਪਣਾਈ ਗਈ ਨੀਤੀ ਦੀ ਵੀ ਜਾਣਕਾਰੀ ਸਾਂਝੀ ਕੀਤੀ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾਵਾਇਰਸ (COVID-19) ਤੋਂ ਨਜਿੱਠਣ ਲਈ ਸਾਰਕ ਦੇਸਾਂ ਵੱਲੋਂ ਵਲੰਟਰੀ ਫੰਡ ਜੁਟਾਉਣ ਦੀ ਤਜਵੀਜ਼ ਰੱਖੀ ਅਤੇ ਕਿਹਾ ਕਿ ਭਾਰਤ ਇਸ ਦੀ ਸ਼ੁਰੂਆਤ ਇੱਕ ਕਰੋੜ ਅਮਰੀਕੀ ਡਾਲਰ ਦੇਣ ਨਾਲ ਕਰਦਾ ਹੈ।

ਭਾਰਤ ਸਰਕਾਰ ਵੱਲੋਂ ਕਰਤਾਰਪੁਰ ਕੋਰੀਡੋਰ ਨੂੰ ਕੋਰੋਨਾਵਾਇਰਸ ਕਾਰਨ ਭਾਰਤੀ ਸਮੇਂ ਅਨੁਸਾਰ 16 ਮਾਰਚ ਰਾਤ 12 ਵਜੇ ਤੋਂ ਅਗਲੇ ਹੁਕਮਾਂ ਤੱਕ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ।

ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੋਰੋਨਵਾਇਰਸ ਦੇ ਪ੍ਰਸਾਰ ਨੂੰ ਰੋਕਣ ਵਾਸਤੇ ਕਰਤਾਰਪੁਰ ਸਾਹਿਬ ਦੀ ਯਾਤਰਾ ਤੇ ਰਜਿਸਟਰੇਸ਼ਨ ’ਤੇ ਰੋਕ ਲਗਾ ਦਿੱਤੀ ਗਈ ਹੈ।

ਚੀਨ ਵਿੱਚ ਸੁਧਰ ਰਹੇ ਹਾਲਾਤ, ਈਰਾਨ ਅਤੇ ਇਟਲੀ ਤ੍ਰਸਤ (14 ਮਾਰਚ)

ਕੋਰੋਨਾਵਾਇਰਸ ਕਾਰਨ ਈਰਾਨ ਵਿੱਚ 97 ਹੋਰ ਮੌਤਾਂ ਹੋ ਗਈਆਂ ਹਨ ਅਤੇ ਉੱਥੇ ਕੁੱਲ ਮ੍ਰਿਤਕਾਂ ਦੀ ਗਿਣਤੀ 611 ਪਹੁੰਚ ਗਈ ਹੈ। ਦੂਜੇ ਪਾਸੇ ਸਪੇਨ ਵਿੱਚ ਕੇਸਾਂ ਦੀ ਗਿਣਤੀ ਵਧੀ ਹੈ ਅਤੇ 1500 ਨਵੇਂ ਕੇਸ ਦਰਜ ਕੀਤੇ ਗਏ ਹਨ। ਸਪੇਨ ਵਿੱਚ ਸੰਕ੍ਰਮਿਤ ਲੋਕਾਂ ਦੀ ਹਿਣਤੀ 5700 ਤੋਂ ਵੱਧ ਹੈ ਅਤੇ ਕੁੱਲ ਮ੍ਰਿਤਕ 136 ਹੋ ਗਏ ਹਨ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਕੋਰੋਨਾਵਾਇਰਸ ਮਹਾਂਮਾਰੀ ਦਾ ਨਵਾਂ ਕੇਂਦਰ ਯੂਰਪ ਹੈ। ਸੰਗਠਨ ਦੇ ਡਾਇਰੈਕਟਰ ਜਨਰਲ ਟੈਡਰੋਸ ਅਧਾਨਮ ਗੈਰੇਏਸਸ ਨੇ ਦੇਸ਼ਾਂ ਨੂੰ ਬਿਮਾਰੀ ਨਾਲ ਲੜਨ ਦੇ ਆਪਣੇ ਯਤਨਾਂ ਵਿੱਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ।

ਵਿਸ਼ਵ ਸਿਹਤ ਸੰਗਠਨ ਮੁਤਾਬਕ 13 ਮਾਰਚ ਤੱਕ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ 132, 758 ਮਾਮਲਿਆਂ ਦੀ ਪੁਸ਼ਟੀ ਹੋ ਸਕੀ। ਜਿਨ੍ਹਾਂ ਵਿੱਚੋਂ 7499 ਨਵੇਂ ਕੇਸ ਹਨ।

ਚੀਨ ਵਿੱਚ ਸਿਰਫ਼ 11 ਨਵੇਂ ਕੇਸਾਂ ਸਮੇਤ ਪੁਸ਼ਟੀਸ਼ੁਦਾ ਕੇਸਾਂ ਦੀ ਗਿਣਤੀ 80,991 ਹੋ ਗਈ ਹੈ। ਚੀਨ ਵਿੱਚ ਹੌਲੀ-ਹੌਲੀ ਸਧਾਰਣ ਤਰਜ਼ੇ ਜ਼ਿੰਦਗੀ ਬਹਾਲ ਹੋ ਰਹੀ ਹੈ।

ਹਰਿਆਣਾ ਦੇ ਗੁੜਗਾਓਂ, ਸੋਨੀਪਤ, ਫਰੀਦਾਬਾਦ, ਰੋਹਤਕ ਅਤੇ ਝੱਜਰ ਵਿੱਚ ਸਾਰੇ ਸਕੂਲ ਅਤੇ ਕਾਲਜ 31 ਮਾਰਚ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।

ਯੂਰਪ ਵਿੱਚ ਇਟਲੀ ਤੇ ਸਪੇਨ ਕੋਵਿਡ-19 ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹਨ। ਇਟਲੀ ਵਿੱਚ ਸ਼ੁੱਕਰਵਾਰ ਨੂੰ ਹੁਣ ਤੱਕ ਦੀਆਂ ਸਭ ਤੋਂ ਵੱਧ 250 ਮੌਤਾਂ ਹੋਈਆਂ ਜਿਸ ਨਾਲ ਮੌਤਾਂ ਦੀ 1,266 ਅਤੇ ਬਿਮਾਰਾਂ ਦੀ ਸੰਖਿਆ 17,660 ਹੋ ਗਈ ਹੈ। ਉੱਥੇ ਹੀ ਸਪੇਨ ਵਿੱਚ ਸ਼ੁੱਕਰਵਾਰ ਨੂੰ 120 ਮੌਤਾਂ ਦਰਜ ਕੀਤੀਆਂ ਗਈਆਂ।

ਨਿਊ ਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਐਰਡਿਰਨ ਨੇ ਕਿਹਾ ਕਿ ਦੇਸ਼ ਵਿੱਚ ਦਾਖ਼ਲ ਹੋਣ ਵਾਲੇ ਕਿਸੇ ਵੀ ਵਿਅਕਤੀ ਨੂੰ ਲਾਜ਼ਮੀ ਤੌਰ ਤੇ 14 ਦਿਨਾਂ ਦੀ ਅਲਹਿਦਗੀ ਵਿੱਚ ਰਹਿਣਾ ਪਵੇਗਾ।

ਰਾਸ਼ਟਰਪਤੀ ਟਰੰਪ ਵੱਲੋਂ 26 ਯੂਰਪੀ ਦੇਸ਼ਾਂ ਤੋਂ ਆਉਣ ਵਾਲਿਆਂ ਤੇ ਅਮਰੀਕਾ ਦਾਖ਼ਲੇ ’ਤੇ ਲਾਈ ਰੋਕ ਲਾਗੂ ਹੋ ਗਈ।

ਪੰਜਾਬ ਵਿੱਚ ਕੋਰੋਨਾਵਾਇਰਸ ਕਾਰਨ ਮਾਲ, ਸਿਨੇਮਾ ਹਾਲ ਬੰਦ

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ, ''ਪੰਜਾਬ ਵਿੱਚ ਸਿਨੇਮਾ ਹਾਲ, ਜਿਮ ਅਤੇ ਰੈਸਟੋਰੈਂਟ 31 ਮਾਰਚ ਤੱਕ ਬੰਦ ਰਹਿਣਗੇ। ਹਿਦਾਇਤਾਂ ਜਾਰੀ ਕੀਤੀਆਂ ਜਾਣਗੀਆਂ ਕਿ ਕੋਈ ਵੀ ਜਨਤਕ ਪ੍ਰੋਗਰਾਮ ਨਾ ਹੋਵੇ, ਜਿੱਥੇ ਪਬਲਿਕ ਇਕੱਠੀ ਹੋਵੇ।''

ਉਨ੍ਹਾਂ ਅੱਗੇ ਕਿਹਾ ਕਿ ਮਾਸਕ ਅਤੇ ਕਿੱਟ ਦੀ ਕੋਈ ਦਿੱਕਤ ਨਹੀਂ ਹੈ, ਧਰਮ ਗੁਰੂਆਂ ਨੂੰ ਅਪੀਲ ਕੀਤੀ ਗਈ ਹੈ ਉਹ ਆਪਣੇ ਸਮਾਗਮਾਂ ਨੂੰ ਰੱਦ ਕਰਨ ਜਾ ਅੱਗੇ ਪਾ ਦੇਣ।

ਭਾਰਤ ਵਿੱਚ ਪਹਿਲੀ ਮੌਤ, ਕਈ ਜਨਤਕ ਇਕੱਠ ਟਲੇ (13 ਮਾਰਚ)

ਭਾਰਤ ਵਿੱਚ ਕੋਰੋਨਾਵਾਇਰਸ ਕਾਰਨ ਦੂਜੀ ਮੌਤ ਹੋ ਗਈ ਹੈ। ਦਿੱਲੀ ਵਿੱਚ ਕੋਰੋਨਾਵਾਇਰਸ ਕਾਰਨ ਇੱਕ ਬਜ਼ੁਰਗ ਔਰਤ ਦੀ ਮੌਤ ਹੋਈ ਹੈ।

ਮ੍ਰਿਤਕ ਔਰਤ ਦਾ ਬੇਟਾ ਵੀ ਕੋਰੋਨਾਵਾਇਰਸ ਤੋਂ ਪੀੜਤ ਹੈ।ਮ੍ਰਿਤਕ ਔਰਤ ਦੀ ਉਮਰ 65 ਸਾਲ ਤੋਂ ਵੱਧ ਦੱਸੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਕਰਨਾਟਕ ਦੇ ਇੱਕ ਬਜ਼ੁਰਗ ਆਦਮੀ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਸੀ।

ਬੀਸੀਸੀਆਈ ਨੇ ਕੋਰੋਨਾਵਾਇਰਸ ਦੇ ਖ਼ਤਰੇ ਨੂੰ ਦੇਖਦਿਆਂ ਇੰਡੀਅਨ ਪ੍ਰੀਮੀਅਰ ਲੀਗ (IPL) 2020 ਨੂੰ 29 ਮਾਰਚ ਦੀ ਥਾਂ 15 ਅਪਰੈਲ ਤੋਂ ਕਰਵਾਉਣ ਦਾ ਫੈਸਲਾ ਕੀਤਾ ਹੈ।

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਜਾਣ ਵਾਲੇ ਦੋ ਵਨਡੇ ਰੱਦ ਕਰ ਦਿੱਤੇ ਗਏ ਹਨ। ਬੀਸੀਸੀਆਈ ਦੇ ਅਧਿਕਾਰੀਆਂ ਮੁਤਾਬਕ ਲਖਨਊ ਤੇ ਕੋਲਕਾਤਾ ਵਿੱਚ ਹੋਣ ਵਾਲੇ ਬਾਕੀ ਰਹਿੰਦੇ ਦੋਵੇਂ ਮੈਚ ਕੋਰੋਨਾਵਾਇਰਸ ਕਾਰਨ ਰੱਦ ਕੀਤੇ ਜਾ ਰਹੇ ਹਨ।

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਕੋਈ ਵੀ ਸੈਮੀਨਾਰ, ਸਪੋਰਟਸ ਈਵੈਂਟ ਹਨ ਤਾਂ ਇਨ੍ਹਾਂ ਨੂੰ ਹੁਣੇ ਬੰਦ ਕੀਤਾ ਜਾਵੇਗਾ। ਇਸ ਵਿੱਚ IPL ਵੀ ਸ਼ਾਮਲ ਹੈ।

ਪੰਜਾਬ ਸਰਕਾਰ ਨੇ 31 ਮਾਰਚ ਤੱਕ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ।

ਇਹ ਫੈਸਲਾ ਕੋਰੋਨਾਵਾਇਰਸ ਤੋਂ ਬਚਾਅ ਦੇ ਮੱਦੇਨਜ਼ਰ ਲਿਆ ਗਿਆ ਹੈ। ਹਾਲਾਂਕਿ ਪ੍ਰੀਖਿਆਵਾਂ ਤੈਅ ਪ੍ਰੋਗਰਾਮ ਤਹਿਤ ਹੁੰਦੀਆਂ ਰਹਿਣਗੀਆਂ।

ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 81 ਹੋ ਗਈ ਹੈ। ਇਸ ਵਿੱਚ 64 ਲੋਕ ਭਾਰਤੀ ਹਨ ਜਦੋਂਕਿ 17 ਵਿਦੇਸ਼ੀ ਨਾਗਰਿਕ ਹਨ।

ਭਾਰਤ ਸਰਕਾਰ ਮੁਤਾਬਕ ਸ਼ੁੱਕਰਵਾਰ ਸ਼ਾਮ ਤੱਕ 13 ਸੂਬਿਆਂ ਵਿੱਚ 81 ਲੋਕਾਂ ਨੂੰ ਕੋਰੋਨਾਵਾਇਰਸ ਨਾਲ ਇਨਫੈਕਸ਼ਨ ਹੋਣ ਦੀ ਪੁਸ਼ਟੀ ਹੋਈ ਹੈ।

ਕੇਰਲ ਵਿੱਚ ਸਭ ਤੋਂ ਵੱਧ 19 ਮਾਮਲੇ, ਉਸ ਤੋਂ ਬਾਅਦ ਮਹਾਰਾਸ਼ਟਰ ਵਿੱਚ 14, ਉੱਤਰ ਪ੍ਰਦੇਸ਼ ਵਿੱਚ 10 ਅਤੇ ਪੰਜਾਬ ਵਿੱਚ ਇੱਕ ਮਾਮਲਾ ਸਾਹਮਣੇ ਆਏ ਹਨ।

ਹਾਲਾਂਕਿ ਬੋਰਡ ਪ੍ਰੀਖਿਆ ਮਿੱਥੇ ਸਮੇਂ ਮੁਤਾਬਕ ਹੋਣਗੀਆਂ।

ਯੂਪੀ ਦੇ ਮੁੱਖ ਮੰਤਰੀ ਅਦਿਤਿਆਨਾਥ ਨੇ ਕਿਹਾ ਹੈ ਕਿ ਸੂਬੇ ਦੇ ਸਾਰੇ ਸਿੱਖਿਅਕ ਸੰਸਥਾਨ 22 ਮਾਰਚ ਤੱਕ ਬੰਦ ਰਹਿਣਗੇ। ਇਸ ਤੋਂ ਬਾਅਦ ਸਮੀਖਿਆ ਕੀਤੀ ਜਾਵੇਗੀ ਕਿ ਸੰਸਥਾਨ ਖੋਲ੍ਹੇ ਜਾਣ ਜਾਂ ਨਹੀਂ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਵੀ ਕੋਰੋਨਾਵਾਇਰਸ ਤੋਂ ਸੰਕ੍ਰਮਿਤ ਹੋਏ ਹਨ। ਇਸ ਤੋਂ ਇਲਾਵਾ ਪੂਰੀ ਦੁਨੀਆਂ ਵਿੱਚ ਵੀ ਕਈ ਹਸਤੀਆਂ ਇਸ ਦੀ ਚਪੇਟ ਵਿੱਚ ਆ ਚੁੱਕੀਆਂ ਹਨ।

ਆਸਟਰੇਲੀਆ ਦੇ ਗ੍ਰਹਿ ਮੰਤਰੀ ਪੀਟਰ ਡਟਨ ਵੀ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋਏ ਹਨ।

ਕੋਰਨੋਵਾਇਰਸ ਕਾਰਨ ਭਾਰਤ ਵਿੱਚ ਪਹਿਲੀ ਮੌਤ (12 ਮਾਰਚ )

ਭਾਰਤ ਵਿੱਚ ਕੋਰੋਨਾਵਾਇਰਸ ਕਰਕੇ ਪਹਿਲੀ ਮੌਤ ਹੋਣ ਦੀ ਪੁਸ਼ਟੀ ਹੋਈ । ਪੀਟੀਆਈ ਅਨੁਸਾਰ ਕਰਨਾਟਕ ਦੇ 76 ਸਾਲਾ ਵਿਅਕਤੀ ਦੀ ਮੰਗਲਵਾਰ ਨੂੰ ਹੋਈ ਮੌਤ ਕੋਰਨਾਵਾਇਰਸ ਕਰਕੇ ਹੋਈ ਹੈ।

ਕਰਨਾਟਕ ਦੇ ਸਿਹਤ ਮੰਤਰੀ ਬੀ ਸ੍ਰੀਰਾਮੁਲੂ ਨੇ ਇਸ ਮੌਤ ਦੀ ਪੁਸ਼ਟੀ ਕੀਤੀ ਹੈ।

ਇਹ ਵਿਅਕਤੀ ਕੁਝ ਸਮਾਂ ਪਹਿਲਾਂ ਹੀ ਸਾਊਦੀ ਅਰਬ ਤੋਂ ਵਾਪਸ ਆਇਆ ਸੀ।

ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਇੱਕ ਬਿਆਨ ਮੁਤਾਬਕ, ਸਾਊਦੀ ਅਰਬ ਤੋਂ ਵਾਪਸ ਆਉਣ ਤੋਂ ਬਾਅਦ ਇਸ ਵਿਅਕਤੀ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ, ਖੰਘ ਅਤੇ ਨਿਮੋਨੀਆ ਦੀ ਸ਼ਿਕਾਇਤ ਹੋਈ। ਇਸ ਤੋਂ ਬਾਅਦ 6 ਮਾਰਚ ਨੂੰ ਡਾਕਟਰਾਂ ਨੇ ਉਸ ਦੇ ਘਰ ਵਿੱਚ ਉਸ ਦਾ ਇਲਾਜ ਕੀਤਾ।

ਹਾਲਤ ਵਿਗੜਨ ਤੇ ਕਲਬੁਰਗੀ ਦੇ ਇੱਕ ਹਸਪਤਾਲ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ। ਜਾਂਚ ਵਿੱਚ ਉਸ ਨੂੰ ਕੋਰੋਨਾਵਾਇਰਸ ਦਾ ਸ਼ੱਕੀ ਪਾਇਆ ਗਿਆ।

ਟੈਸਟ ਤੋਂ ਬਾਅਦ ਪਤਾ ਚੱਲਿਆ ਕਿ ਉਸ ਨੂੰ ਕੋਰੋਨਾਵਾਇਰਸ ਹੈ।

ਟਰੰਪ ਨੂੰ ਮਿਲੇ ਬ੍ਰਾਜ਼ੀਲ ਦੇ ਅਧਿਕਾਰੀ ਕੋਰੋਨਾਵਾਇਰਸ ਨਾਲ ਪੀੜਤ

ਬ੍ਰਾਜ਼ੀਲ ਦੇ ਇੱਕ ਸਰਕਾਰੀ ਅਧਿਕਾਰੀ ਵਿੱਚ ਕੋਰੋਨਾਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਇਸ ਅਧਿਕਾਰੀ ਨੇ ਪਿਛਲੇ ਹੀ ਸ਼ਨੀਵਾਰ ਨੂੰ ਫਲੋਰਿਡਾ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਦੇ ਨਾਲ ਖੜ੍ਹੇ ਹੋ ਕੇ ਫੋਟੋ ਵੀ ਖਿੱਚਵਾਈ ਸੀ।

ਬ੍ਰਾਜ਼ੀਲ ਦੇ ਰਾਸ਼ਟਰਪਤੀ ਬੋਲੋਸੇਨਾਰੋ ਦੇ ਦੌਰੇ ਵਿੱਚ ਸ਼ਾਮਿਲ ਇਸ ਅਧਿਕਾਰੀ ਨੇ ਅਮਰੀਕਾ ਦੇ ਉਪ-ਰਾਸ਼ਟਰਪਤੀ ਮਾਈਕ ਪੇਂਸ ਨਾਲ ਵੀ ਮੁਲਾਕਾਤ ਕੀਤੀ ਸੀ।

ਬ੍ਰਾਜ਼ੀਲ ਵਾਪਸ ਆਉਣ 'ਤੇ ਉਸ ਵਿੱਚ ਫਲੂ ਦੇ ਲੱਛਣ ਮਿਲੇ ਅਤੇ ਜਾਂਚ ਵਿੱਚ ਉਨ੍ਹਾਂ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ।

ਦਿੱਲੀ ਵਿੱਚ ਸਿਨੇਮਾਘਰ 31 ਮਾਰਚ ਤੱਕ ਬੰਦ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਵਿੱਚ ਸਾਰੇ ਸਿਨੇਮਾ ਹਾਲ 31 ਮਾਰਚ ਤੱਕ ਬੰਦ ਰਹਿਣਗੇ। ਉਹ ਸਕੂਲ ਤੇ ਕਾਲਜ ਵੀ ਬੰਦ ਰਹਿਣਗੇ ਜਿੱਥੇ ਪੇਪਰ ਨਹੀਂ ਹੋ ਰਹੇ ਹਨ।

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਈਪੀਐੱਲ ਦੇ ਆਯੋਜਕਾਂ ਨੂੰ ਸਲਾਹ ਦਿੰਦੇ ਹਾਂ ਕਿ ਇਸ ਵੇਲੇ ਟੂਰਨਾਮੈਂਟ ਦਾ ਆਯੋਜਨ ਨਾ ਕੀਤਾ ਜਾਵੇ ਪਰ ਜੇ ਫਿਰ ਵੀ ਉਹ ਟੂਰਨਾਮੈਂਟ ਕਰਵਾਉਣ ਦਾ ਫੈਸਲਾ ਲੈਂਦੇ ਹਨ ਤਾਂ ਇਹ ਉਨ੍ਹਾਂ ਦੀ ਮਰਜ਼ੀ ਹੋਵੇਗੀ।

ਕੋਰੋਨਾਵਾਇਰਸ: ਇਟਲੀ ਦੇ ਸਾਰੇ ਬਾਰ, ਰੈਸਟੋਰੈਂਟ ਬੰਦ

ਕੋਰੋਨਾਵਾਇਰਸ ਕਾਰਨ ਯੂਰਪ ਦਾ ਸਭ ਤੋਂ ਸਖ਼ਤ ਲੌਕਡਾਊਨ ਅਮਲ ਵਿੱਚ ਲਿਆਉਂਦਿਆਂ ਇਟਲੀ ਨੇ ਖਾਣੇ ਤੇ ਦਵਾਈਆਂ ਦੀਆਂ ਛੱਡ ਕੇ ਸਾਰੀਆਂ ਦੁਕਾਨਾਂ ਬੰਦ ਕਰਨ ਦਾ ਐਲਾਨ ਕੀਤਾ ਹੈ। ਅਮਰੀਕੀ ਅਦਾਕਰ ਜੋੜੋ ਟੌਮ ਹੈਂਕਸ-ਰੀਟਾ ਵਿਲਸਨ ਵੀ ਕੋਰੋਨਾਵਾਇਰਸ ਦੇ ਅਸਰ ਹੇਠ ਹੈ।

ਪ੍ਰਧਾਨ ਮੰਤਰੀ ਜੁਸਾਪੇ ਕੌਂਟੀ ਨੇ ਕਿਹਾ ਕਿ, ਬਾਰ, ਰੈਸਟੋਰੈਂਟ, ਨਾਈ ਤੇ ਗ਼ੈਰ-ਜ਼ਰੂਰੀ ਦੁਕਾਨੀਆਂ ਬੰਦ ਰਹਿਣਗੀਆਂ। ਹੋਮ ਡਲਿਵਰੀ ਕੀਤੀ ਜਾ ਸਕੇਗੀ।

ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾ਼ ਟੈਡਰੋਸ ਨੇ ਕਿਹਾ ਹੈ ਕਿ ਪਿਛਲੇ ਦੋ ਹਫ਼ਤਿਆਂ ਦੌਰਾਨ ਕੋਰੋਨਾਵਾਇਰਸ ਚੀਨ ਤੋਂ ਬਾਹਰ 13 ਗੁਣਾਂ ਫੈਲ ਗਿਆ ਹੈ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕੋਰੋਨਾਵਾਇਰਸ ਕਾਰਨ ਯੂਰਪ ਤੋਂ ਅਮਰੀਕਾ ਲਈ ਹਰ ਤਰ੍ਹਾਂ ਦੀ ਯਾਤਰਾ 'ਤੇ ਅਗਲੇ 30 ਦਿਨਾਂ ਤੱਕ ਰੋਕ ਲਾ ਦਿੱਤੀ ਗਈ ਹੈ।

ਬੁੱਧਵਾਰ ਟਰੰਪ ਨੇ ਟੈਲੀਵਿਜ਼ਨ ਉੱਤੇ ਦਿੱਤੇ ਆਪਣੇ ਸੰਦੇਸ਼ ਵਿੱਚ ਇਹ ਐਲਾਨ ਕੀਤਾ ਹੈ।

ਕੋਰੋਨਾਵਾਇਰਸ: ਵੀਡੀਓ ਰਾਹੀਂ ਸਮਝੋ ਵਾਇਰਸ ਤੋਂ ਬਚਣ ਲਈ ਹੱਥ ਕਿਵੇਂ ਧੋਈਏ

ਅਮਰੀਕਾ ਵਿੱਚ 1135 ਕੋਰੋਨਾਵਾਇਰਸ ਦੇ ਕੇਸ ਸਾਹਮਣੇ ਆਏ ਹਨ ਜਦਕਿ 38 ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ।

ਇਹ ਪਾਬੰਦੀਆਂ ਯੂਕੇ ਉੱਤੇ ਲਾਗੂ ਨਹੀਂ ਹੋਣਗੀਆਂ ਜਿੱਥੇ ਯੂਕੇ ਵਿੱਚ ਕੋਰੋਨਾਵਾਇਰਸ ਦੇ 460 ਕੇਸਾਂ ਦੀ ਪੁਸ਼ਟੀ ਹੋਈ ਹੈ।

ਹਾਲੀਵੁੱਡ ਅਦਾਕਾਰ ਟੌਮ ਹੈਂਕਸ ਅਤੇ ਉਨ੍ਹਾਂ ਦੀ ਪਤਨੀ ਵੀ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋ ਗਏ ਹਨ।

ਅਮਰੀਕਾ ਵਿੱਚ ਨੈਸ਼ਨਲ ਬਾਸਕਿਟਬਾਲ ਐਸੋਸਿਏਸ਼ਨ ਨੇ ਇਸ ਸੀਜ਼ਨ ਦਾ ਖੇਡ ਮੁਲਤਵੀ ਕਰ ਦਿੱਤਾ ਹੈ।

ਕੋਰੋਨਾਵਾਇਰਸ ਨੂੰ ਪੈਨਡੈਮਿਕ ਐਲਾਨਿਆ ਗਿਆ (ਮਾਰਚ 11)

ਕੋਰੋਨਾਵਾਇਰਸ ਨੂੰ ਵਿਸ਼ਵ ਸਿਹਤ ਸੰਗਠਨ ਨੇ ਮਹਾਂਮਾਰੀ (ਪੈਨਡੈਮਿਕ) ਐਲਾਨ ਦਿੱਤਾ ਹੈ। ਭਾਰਤ ਦੇ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਵੀਜ਼ਾਂ 15 ਅਪ੍ਰੈਲ ਤੱਕ ਸਸਪੈਂਡ ਕਰ ਦਿੱਤੇ ਹਨ।

ਪੈਨਡੈਮਿਕ (ਮਹਾਂਮਾਰੀ) ਉਦੋਂ ਕਿਸੇ ਬਿਮਾਰੀ ਨੂੰ ਐਲਾਨਿਆ ਜਾਂਦਾ ਹੈ ਜਦੋਂ ਉਹ ਇੱਕ ਇਨਸਾਨ ਤੋਂ ਦੂਜੇ ਇਨਸਾਨ ਤੱਕ ਬੜੀ ਤੇਜ਼ੀ ਨਾਲ ਫੈਲ ਜਾਂਦੀ ਹੈ।

ਭਾਰਤ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੇ ਕੋਈ ਵਿਦੇਸ਼ੀ ਬੇਹੱਦ ਜ਼ਰੂਰੀ ਕੰਮ ਨਾਲ ਭਾਰਤ ਆਉਣਾ ਚਾਹੁੰਦਾ ਹੈ ਤਾਂ ਉਹ ਆਪਣੇ ਦੇਸ ਦੇ ਭਾਰਤੀ ਹਾਈ ਕਮਿਸ਼ਨ ਨੂੰ ਸੰਪਰਕ ਜ਼ਰੂਰ ਕਰੇ।

ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਭਾਰਤੀਆਂ ਸਣੇ ਕੋਈ ਵੀ ਵਿਅਕਤੀ ਜੇ ਇਟਲੀ, ਈਰਾਨ, ਰਿਪਬਲਿਕ ਆਫ ਕੋਰੀਆ, ਫਰਾਂਸ, ਜਰਮਨੀ ਅਤੇ ਸਪੇਨ ਤੋਂ 15 ਫਰਵਰੀ 2020 ਤੱਕ ਆਇਆ ਹੈ ਤਾਂ ਉਸ ਨੂੰ 14 ਦਿਨਾਂ ਤੱਕ ਵੱਖ ਹੋ ਕੇ ਰੱਖਣਾ ਜ਼ਰੂਰੀ ਹੈ।

ਵਾਇਰਸ ਦਾ ਫੈਲਾਅ ਰੋਕਣ ਦੇ ਜੰਗੀ ਪੱਧਰ ’ਤੇ ਕੀਤੇ ਜਾ ਰਹੇ ਯਤਨਾਂ ਦੇ ਹਿੱਸੇ ਵਜੋਂ ਜਿੰਮ, ਸਵਿਮਿੰਗ ਪੂਲ, ਅਜਾਇਬ ਘਰ ਤੇ ਬਰਫ਼ੀਲੇ ਮਨੋਰੰਜਨ ਨਾਲ ਜੁੜੇ ਮਨੋਰੰਜਨ ਵਾਲੀਆਂ ਥਾਵਾਂ ਨੂੰ ਬੰਦ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਕਾਰੋਬਾਰੀ ਕੇਂਦਰ ਮਿਲਾਨ ਤੇ ਵੈਨਿਸ ਦੀਆਂ ਸੈਰਗਾਹਾਂ ਵੀ ਬੰਦ ਰੱਖੀਆਂ ਜਾਣਗੀਆਂ।

ਇਸ ਤੋਂ ਇਲਾਵਾ ਕਾਰੋਬਾਰੀ ਕੇਂਦਰ ਮਿਲਾਨ ਤੇ ਵੈਨਿਸ ਦੀਆਂ ਸੈਰਗਾਹਾਂ ਵੀ ਬੰਦ ਰੱਖੀਆਂ ਜਾਣਗੀਆਂ। ਰੈਸਟੋਰੈਂਟ ਤੇ ਕਾਫ਼ੀ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ ਪਰ ਲੋਕਾਂ ਨੂੰ ਘੱਟੋ-ਘੱਟ ਇੱਕ ਮੀਟਰ ਦੂਰ ਬੈਠਣਾ ਪਵੇਗਾ। ਖੇਡਾਂ ਮੁਕਾਬਲੇ ਵੀ ਨਹੀਂ ਹੋਣਗੇ।

ਇਟਲੀ ਵਿੱਚ ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਤੋਂ ਪਾਰ (10 ਮਾਰਚ)

  • ਵਿਸ਼ਵ ਸਿਹਤ ਸੰਗਠਨ ਨੇ ਸਾਰੇ ਦੇਸ਼ਾਂ ਨੂੰ ਵਾਇਰਸ ਦਾ ਫੈਲਾਅ ਰੋਕਣ ਨੂੰ ਆਪਣੀ ਫ਼ੌਰੀ ਪਹਿਲ ਬਣਾਉਣ ਦੀ ਅਪੀਲ ਕੀਤੀ ਹੈ।
  • ਯੂਰਪ ਵਿੱਚ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਇਟਲੀ ਵਿੱਚ ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਤੋਂ ਪਾਰ ਹੋ ਗਈ ਹੈ।
  • ਜਰਮਨੀ ਦੀ ਚਾਂਸਲਰ ਮੈਰਕਲ ਨੇ ਕਿਹਾ ਹੈ ਕਿ ਦੇਸ ਦੀ 60-70 ਫੀਸਦ ਆਬਾਦੀ ਸੰਕਰਮਿਤ ਹੋ ਸਕਦੀ ਹੈ।
  • ਚੀਨ ਵਿੱਚ ਇਸ ਵਾਇਰਸ ਦਾ ਪਾਸਾਰ ਹੌਲੀ ਹੋਇਆ ਹੈ।
  • ਅਮਰੀਕਾ ਵਿੱਚ ਹੁਣ ਤੱਕ 1000 ਪੀੜਤਾਂ ਦੀ ਪੁਸ਼ਟੀ ਹੋ ਚੁੱਕੀ ਹੈ।
  • ਗੂਗਲ ਦੀ ਪੈਰੇਂਟ ਕੰਪਨੀ ਨੇ ਲੋਕਾਂ ਨੂੰ ਘਰ ਤੋਂ ਕੰਮ ਕਰਨ ਲਈ ਕਿਹਾ ਹੈ।
  • ਇਜ਼ਰਾਇਲ ਵਿੱਚ ਹੁਣ ਤੱਕ 40 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ।

ਭਾਰਤ 'ਚ ਕੋਰੋਨਾਵਾਇਰਸ ਦੇ ਮਰੀਜ਼ਾ ਦਾ ਅੰਕੜਾ 45 ਪੁੱਜਿਆ (ਮਾਰਚ 9)

9 ਮਾਰਚ ਤੱਕ ਭਾਰਤ ਵਿੱਚ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 45 ਹੋ ਗਈ ਹੈ। ਪੰਜਾਬ ਵਿੱਚ ਵੀ ਪਹਿਲੇ ਮਾਮਲੇ ਦੀ ਪੁਸ਼ਟੀ ਪੰਜਾਬ ਸਰਕਾਰ ਵੱਲੋਂ 9 ਮਾਰਚ ਨੂੰ ਕੀਤੀ ਗਈ ਗਈ ਹੈ।

ਕੇਰਲ ਦੇ ਸਿਹਤ ਮੰਤਰੀ ਕੇ ਕੇ ਸੈਲਜਾ ਨੇ ਰਾਜ ਦੇ ਪਠਾਨਕਥਿਤਾ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਰਿਵਾਰ ਨੇ ਗੈਰ ਜ਼ਿੰਮੇਵਾਰਾਨਾ ਵਿਵਹਾਰ ਕੀਤਾ। ਇਨ੍ਹਾਂ ਲੋਕਾਂ ਨੇ ਅਧਿਕਾਰੀਆਂ ਨੂੰ ਇਟਲੀ ਤੋਂ ਉਨ੍ਹਾਂ ਦੇ ਆਉਣ ਬਾਰੇ ਜਾਣਕਾਰੀ ਨਹੀਂ ਦਿੱਤੀ।

ਪਰਿਵਾਰ ਦੇ ਸੰਕਰਮਿਤ ਮੈਂਬਰਾਂ ਵਿੱਚ ਇੱਕ 54 ਸਾਲਾ ਆਦਮੀ, ਉਸਦੀ 53 ਸਾਲਾ ਪਤਨੀ ਅਤੇ 24 ਸਾਲਾ ਬੇਟਾ ਸ਼ਾਮਲ ਹੈ। ਪਰਿਵਾਰ ਦੇ 65 ਸਾਲਾ ਰਿਸ਼ਤੇਦਾਰ ਅਤੇ ਉਸ ਦੀ 61 ਸਾਲਾ ਪਤਨੀ ਵੀ ਇਸ ਵਾਇਰਸ ਨਾਲ ਸੰਕਰਮਿਤ ਹਨ।

ਸ਼ਨੀਵਾਰ ਤੱਕ ਭਾਰਤ ਵਿੱਚ ਇਸ ਵਾਇਰਸ ਨਾਲ ਸੰਕਰਮਿਤ ਹੋਣ ਦੇ 34 ਮਾਮਲੇ ਸਾਹਮਣੇ ਆਏ ਸਨ। ਐਤਵਾਰ ਨੂੰ ਇਹ ਗਿਣਤੀ 39 ਹੋ ਗਈ ਹੈ।

ਕੋਰੋਨਾਵਾਇਰਸ ਦੇ ਮਰੀਜ਼ ਹੁਣ 85 ਦੇਸਾਂ ਵਿੱਚ (ਮਾਰਚ 6)

ਵਿਸ਼ਵ ਸਿਹਤ ਸੰਗਠਨ ਮੁਤਾਬਕ ਕੋਰੋਨਾਵਾਇਰਸ ਕਾਰਨ ਦੁਨੀਆਂ ਦੇ 85 ਦੇਸ਼ਾਂ ਵਿੱਚ 95, 333 ਲੋਕਾਂ ਨੂੰ ਇਸ ਦੀ ਲਾਗ ਹੋ ਚੁੱਕੀ ਹੈ ਜਿਸ ਵਿੱਚੋਂ 80, 565 ਇਕੱਲੇ ਚੀਨ ਵਿੱਚ ਹਨ।

ਇਸ ਨਾਲ ਕੁੱਲ 3015 ਮੌਤਾਂ ਚੀਨ ਵਿੱਚ ਹੋਈਆਂ ਹਨ ਤੇ 267 ਚੀਨ ਤੋਂ ਬਾਹਰ।

ਕਿੱਥੇ ਕੀ ਹੋ ਰਿਹਾ ਹੈ?

ਦੱਖਣੀ ਕੋਰੀਆ: ਤੀਜੇ ਸ਼ਹਿਰ ਨੂੰ "ਸਪੈਸ਼ਲ ਕੇਅਰ ਜ਼ੋਨ" ਐਲਾਨ ਦਿੱਤਾ ਗਿਆ ਹੈ। ਇਨ੍ਹਾਂ ਇਲਾਕਿਆਂ ਵਿੱਚ ਲਾਗ ਦਾ ਫ਼ੈਲਣਾ ਜਾਰੀ ਹੈ। ਇਨ੍ਹਾਂ ਸ਼ਹਿਰਾਂ ਵਿੱਚ ਵਾਧੂ ਮੈਡੀਕਲ ਸੰਸਾਧਨ ਦੀ ਦਰਕਾਰ ਹੈ।

ਜਪਾਨ: ਸਰਕਾਰ ਨੇ ਚੀਨ ਦੇ ਪ੍ਰਧਾਨ ਮੰਤਰੀ ਸ਼ੀ-ਜ਼ਿਨਪਿੰਗ ਦੇ ਫੇਰੀ ਨੂੰ ਵਾਇਰਸ ਕਾਰਨ ਟਾਲ ਦਿੱਤਾ ਹੈ।

ਰਾਨ: ਸਾਰੇ ਈਰਾਨ ਵਿੱਚ ਹੀ ਮਸਜਿਦਾਂ ਵਿੱਚ ਹੋਣ ਜੁੰਮੇ ਦੀ ਨਮਾਜ਼ 'ਤੇ ਰੋਕ ਲਾ ਦਿੱਤੀ ਗਈ ਹੈ। ਦੇਸ਼ ਵਿੱਚ ਵਾਇਰਸ ਦਾ ਫ਼ੈਲਣਾ ਲਗਾਤਾਰ ਜਾਰੀ ਹੈ।

ਬ੍ਰਿਟੇਨ: ਬ੍ਰਿਟੇਨ ਵਿੱਚ ਵਾਇਰਸ ਦੇ 115 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। 25 ਕੇਸ ਲੰਡਨ ਵਿੱਚ ਹਨ।

ਅਮਰੀਕਾ: ਗਰੈਂਡ ਪ੍ਰਿੰਸਿਜ਼ ਤੋਂ ਪਰਤੇ ਨਾਗਰਿਕ ਦੀ ਮੌਤ ਤੋਂ ਬਾਅਦ ਐਮਰਜੈਂਸੀ ਲਾ ਦਿੱਤੀ ਗਈ ਹੈ।

ਅਫ਼ਰੀਕਾ: ਦੱਖਣੀ ਅਫ਼ਰੀਕਾ ਵਿੱਚ ਕੋਰੋਨਾ ਵਾਇਰਸ ਦੇ ਪਹਿਲੇ ਮਰੀਜ਼ ਦੀ ਪੁਸ਼ਟੀ ਹੋਈ ਹੈ।

ਕੋਰੋਨਾਵਾਇਰਸ ਕਾਰਨ ਅਮਰੀਕਾ ਵਿੱਚ ਪਹਿਲਾ ਮੌਤ (ਮਾਰਚ 5)

ਇਟਲੀ ਦੇ ਸਾਰੇ ਸਕੂਲ ਅਤੇ ਕਾਲਜ ਅਗਲੇ ਘੱਟੋ ਘੱਟ 10 ਦਿਨਾਂ ਲਈ ਬੰਦ ਕਰ ਦਿੱਤੇ ਗਏ ਹਨ। ਈਰਾਨ ਵਿੱਚ ਵੀ ਅਪ੍ਰੈਲ ਦੀ ਸ਼ੁਰੂਆਤ ਤੱਕ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬੰਦ ਕਰ ਦਿੱਤੀਆਂ ਗਈਆਂ।

ਅਮਰੀਕਾ ਦੇ ਕੈਲੇਫੋਰਨੀਆ ਸੂਬੇ ਨੇ ਕੋਰੋਨਾਵਾਇਰਸ ਨਾਲ ਹੋਈ ਪਹਿਲੀ ਮੌਤ ਤੋਂ ਬਾਅਦ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਇਸ ਮੌਤ ਨਾਲ ਅਮਰੀਕਾ ਵਿਚ ਕੋਰੋਨਾਵਾਇਰਸ ਕਾਰਨ ਹੋਈਆਂ ਮੌਤਾਂ ਦਾ ਅੰਕੜਾ 11 ਨੂੰ ਪਾਰ ਕਰ ਗਿਆ।

ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਾ ਵਿਅਕਤੀ 73 ਸਾਲ ਦਾ ਸੀ ਅਤੇ ਇਸ ਦੀ ਮੌਤ ਸੈਕਰਾਮੈਂਟੋ ਦੇ ਹਸਪਤਾਲ ਵਿੱਚ ਹੋਈ ਹੈ। ਇਹ ਵਿਅਕਤੀ ਸਮੁੰਦਰੀ ਜਹਾਜ਼ ਵਿਚ ਕੰਮ ਕਰਦਾ ਸੀ।

ਅਮਰੀਕਾ ਵਿਚ ਕੋਵਿਡ-19 ਨਾਲ 16 ਸੂਬਿਆਂ ਵਿੱਚ ਇੰਨਫੈਕਸ਼ ਫੈਲ ਚੁੱਕੀ ਹੈ ਅਤੇ ਹੁਣ ਤੱਕ 150 ਕੇਸਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ।

ਚੀਨ ਵਿਚ ਕੋਰੋਨਾਵਾਇਰਸ ਦੇ ਫ਼ੈਲਣ ਦੀ ਰਫ਼ਤਾਰ ਭਾਵੇਂ ਥੋੜੀ ਘਟ ਗਈ ਹੈ ਪਰ ਮਰੀਜ਼ਾ ਦੀ ਗਿਣਤੀ ਦਾ ਅੰਕੜਾਂ 92,000 ਹਜ਼ਾਰ ਨੂੰ ਪੁੱਜ ਗਿਆ ਹੈ। ਇੱਥੇ ਹੁਣ ਤੱਕ 3000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

ਦੱਖਣੀ ਕੋਰੀਆ ਵਿੱਚ ਮਾਸਕ ਦੇ ਐਕਸਪੋਰਟ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕੌਮਾਂਤਰੀ ਮੋਨੇਟਰੀ ਫੰਡ ਨੇ ਪ੍ਰਭਾਵਿਤ ਮੁਲਕਾਂ ਦੀ ਮਦਦ ਲਈ 50 ਬਿਲੀਅਨ ਡਾਲਰ ਦੀ ਮਦਦ ਦਾ ਐਲਾਨ ਕੀਤਾ ਹੈ।

ਕੋਰੋਨਾਵਾਇਰਸ ਕਾਰਨ ਈਰਾਨ ਨੇ 54 ਹਜ਼ਾਰ ਕੈਦੀਆਂ ਨੂੰ ਰਿਹਾਅ ਕੀਤਾ (4 ਮਾਰਚ)

ਕੋਰੋਨਾਵਾਇਰਸ ਦੇ ਫ਼ੈਲਣ ਦੇ ਡਰ ਤੋਂ ਈਰਾਨ ਨੇ 54 ਹਜ਼ਾਰ ਕੈਦੀਆਂ ਨੂੰ ਅਸਥਾਈ ਤੌਰ ਉੱਤੇ ਰਿਹਾਅ ਕਰ ਦਿੱਤਾ ਹੈ।

ਜਿਹੜੀਆਂ ਜੇਲ੍ਹਾਂ ਵਿੱਚ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਜੇਲ੍ਹਾਂ ਭਰੀਆਂ ਹੋਈਆਂ ਹਨ, ਉੱਤੇ ਕੋਰੋਨਾਵਾਇਰਸ ਦੀ ਲਾਗ ਲੱਗਣ ਤੋਂ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ।

ਅਦਾਲਤੀ ਬੁਲਾਰੇ ਘੋਲਮਹੁਸੈਨ ਇਸਮਾਇਲੀ ਨੇ ਮੀਡੀਆ ਨੂੰ ਦੱਸਿਆ ਕਿ ਕੈਂਦੀਆਂ ਦੀ ਜਾਂਚ ਕੀਤੀ ਗਈ ਹੈ ਅਤੇ ਇਨ੍ਹਾਂ ਦੇ ਸੈਂਪਲ ਨੈਗੇਟਿਵ ਪਾਏ ਗਏ ਹਨ,ਇਸ ਤੋਂ ਬਾਅਦ ਇਨ੍ਹਾਂ ਨੂੰ ਜਮਾਨਤ ਉੱਤੇ ਛੱਡਿਆ ਗਿਆ ਹੈ। ਭਾਵੇਂ ਕਿ ਸੁਰੱਖਿਆ ਜੇਲ੍ਹਾਂ ਵਿਚ 5 ਸਾਲ ਤੋਂ ਵੱਧ ਦੀ ਸਜ਼ਾ ਭੁਗਤ ਰਹੇ ਕੈਦੀਆਂ ਨੂੰ ਇਹ ਰਾਹਤ ਨਹੀਂ ਦਿੱਤੀ ਗਈ ਹੈ।

ਬਰਤਾਨਵੀ-ਇਰਾਨੀ ਸਮਾਜ ਸੇਵੀ ਨਾਜ਼ਨੀਨ ਜ਼ਘਾਰੀ-ਰੈਟਕਿਲਫ ਨੂੰ ਵੀ ਛੇਤੀ ਹੀ ਰਿਹਾਅ ਕਰ ਦਿੱਤਾ ਜਾਵੇਗਾ

ਨਾਜ਼ਨੀਨ ਦੇ ਪਤੀ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦੀ ਪਤਨੀ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੈ, ਉਹ ਇਸ ਸਮੇਂ ਤਹਿਰਾਨ ਦੀ ਏਵਨ ਜੇਲ੍ਹ ਵਿਚ ਬੰਦ ਹੈ ਪਰ ਅਧਿਕਾਰੀਆਂ ਨੇ ਉਨ੍ਹਾਂ ਦੀ ਜਾਂਚ ਕਰਨ ਤੋਂ ਇਨਕਾਰ ਕੀਤਾ ਸੀ।

ਨਾਜ਼ਨੀਨ ਨੂੰ ਜਾਸੂਸੀ ਦੇ ਇਲਜ਼ਾਮ ਵਿਚ ਦੋਸ਼ੀ ਠਹਿਰਾਇਆ ਗਿਆ ਸੀ, ਉਹ 2016 ਤੋਂ ਪੰਜ ਸਾਲ ਕੈਦ ਦੀ ਸਜ਼ਾ ਭੁਗਤ ਰਹੀ ਹੈ, ਬਰਤਾਨੀਆ ਉਸ ਨੂੰ ਨਿਰਦੋਸ਼ ਦੱਸਦਾ ਰਿਹਾ ਹੈ।

ਕੋਰੋਨਾਵਾਇਰਸ ਕਾਰਨ ਦਿੱਲੀ ਦੇ ਦੋ ਸਕੂਲ ਬੰਦ

ਦਿੱਲੀ ਵਿੱਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਦੇ ਨਾਲ ਲੱਗਦੇ ਨੌਇਡਾ ਵਿੱਚ ਦੋ ਪ੍ਰਾਈਵੇਟ ਸਕੂਲ ਅਗਲੇ ਕੁਝ ਦਿਨਾਂ ਲਈ ਬੰਦ ਕਰ ਦਿੱਤੇ ਗਏ ਹਨ।

ਵਿਦਿਆਰਥੀਆਂ ਦੇ ਮਾਪਿਆਂ ਨੂੰ ਸੰਦੇਸ ਪਹੁੰਚਾ ਦਿੱਤਾ ਗਿਆ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ।

ਦਿੱਲੀ ਦੇ ਜਿਸ ਵਿਅਕਤੀ ਨੂੰ ਕੋਰੋਨਾਵਾਇਰਸ ਹੋਣ ਦੀ ਗੱਲ ਸਾਹਮਣੇ ਆਈ ਹੈ, ਉਸ ਦੇ ਬੱਚੇ ਨੌਇਡਾ ਦੇ ਸਕੂਲ ਵਿੱਚ ਪੜ੍ਹਦੇ ਸਨ।

ਵਿਦੇਸ਼ ਤੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਦੇ ਘਰ ਪਾਰਟੀ ਸੀ। ਉਸ ਪਾਰਟੀ 'ਚ ਪੰਜ ਪਰਿਵਾਰ ਤੇ 10 ਬੱਚੇ ਸ਼ਾਮਲ ਹੋਏ ਸਨ।

ਉਸ ਤੋਂ ਬਾਅਦ ਬੱਚੇ ਸਕੂਲ ਵੀ ਗਏ। ਪਾਰਟੀ ਤੋਂ ਬਾਅਦ ਉਸ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆਈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਲੋਕਾਂ ਨੂੰ ਕਿਹਾ ਕਿ ਘਬਰਾਉਣ ਦੀ ਕੋਈ ਗੱਲ ਨਹੀਂ।

ਕੋਰੋਨਾਵਾਇਰਸ ਨਾਲ ਈਰਾਨ ਵਿੱਚ 210 ਲੋਕਾਂ ਦੀ ਮੌਤ (2 ਮਾਰਚ)

ਭਾਰਤ ਵਿੱਚ ਵੀ ਕੋਰੋਨਾਵਾਇਰਸ ਦੇ ਦੋ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਇੱਕ ਦਿੱਲੀ ਵਿੱਚ ਅਤੇ ਦੂਜਾ ਤੇਲੰਗਾਨਾ ਵਿੱਚ।

ਭਾਰਤ ਦੇ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਹੈ ਕਿ ਇਹ ਉਹੀ ਮਾਮਲੇ ਹਨ ਜੋ ਲੋਕ ਬਾਹਰੋਂ ਯਾਤਰਾ ਕਰਕੇ ਆਏ ਹਨ। ਦੋਹਾਂ ਮਰੀਜ਼ਾਂ ਦਾ ਇਲਾਜ ਵੱਖ ਵੱਖ ਰੱਖ ਕੇ ਕੀਤਾ ਜਾ ਰਿਹਾ ਹੈ।

ਕੁੱਲ ਮੌਤਾਂ ਦਾ 90% ਤੋਂ ਵੀ ਵੱਧ ਅੰਕੜਾ ਚੀਨ ਦੇ ਸੂਬੇ ਹੂਬੇ 'ਚੋਂ ਸਾਹਮਣੇ ਆਇਆ ਹੈ, ਜਿੱਥੇ ਪਿਛਲੇ ਸਾਲ ਵਾਇਰਸ ਦੀ ਸ਼ੁਰੂਆਤ ਹੋਈ ਮੰਨੀ ਜਾ ਰਹੀ ਹੈ।

ਪਰ ਚੀਨ ਤੋਂ ਇਲਾਵਾ 10 ਹੋਰ ਦੇਸ਼ਾਂ ਵਿੱਚ ਵੀ ਮੌਤਾਂ ਹੋਈਆਂ ਹਨ ਜਿਸ ਵਿੱਚ ਈਰਾਨ 'ਚ 50 ਤੋਂ ਵੱਧ ਅਤੇ ਇਟਲੀ 'ਚ 30 ਤੋਂ ਵੱਧ ਮੌਤਾਂ ਹਨ।

ਈਰਾਨ ਵਿੱਚ ਕੋਰੋਨਾਵਾਇਰਸ ਕਾਰਨ ਘੱਟੋ-ਘੱਟ 210 ਲੋਕਾਂ ਦੀ ਮੌਤ ਹੋ ਗਈ ਹੈ। ਈਰਾਨ ਦੀਆਂ ਸਿਹਤ ਸੇਵਾਵਾਂ ਨਾਲ ਜੁੜੇ ਸੂਤਰਾਂ ਨੇ ਬੀਬੀਸੀ ਫ਼ਾਰਸੀ ਨੂੰ ਇਹ ਜਾਣਕਾਰੀ ਦਿੱਤੀ ਹੈ।

ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਰਾਜਧਾਨੀ ਤਹਿਰਾਨ ਵਿੱਚ ਸਭ ਤੋਂ ਵੱਧ ਹੈ, ਜਿੱਥੇ ਸਭ ਤੋਂ ਪਹਿਲਾਂ ਇਸਦੇ ਮਾਮਲੇ ਸਾਹਮਣੇ ਆਏ ਸਨ।

ਸ਼ੁੱਕਰਵਾਰ ਨੂੰ ਸਿਹਤ ਮੰਤਰੀ ਨੇ ਵਾਇਰਸ ਦੀ ਲਪੇਟ ਵਿੱਚ ਆਉਣ ਕਾਰਨ ਮਰਨ ਵਾਲਿਆਂ ਦੀ ਗਿਣਤੀ 34 ਦੱਸੀ ਸੀ। ਹਾਲਾਂਕਿ ਜੋ ਅੰਕੜੇ ਹੁਣ ਸਾਹਮਣੇ ਆ ਰਹੇ ਹਨ ਉਹ ਇਸ ਤੋਂ ਕਿਤੇ ਵੱਧ ਹਨ।

ਇਹ ਵੀ ਪੜ੍ਹੋ:

ਈਰਾਨੀ ਸਿਹਤ ਮੰਤਰਾਲੇ ਨੇ ਬੀਬੀਸੀ ਦੀ ਰਿਪੋਰਟ ਨੂੰ ਰੱਦ ਕਰ ਦਿੱਤਾ ਹੈ।

ਇਹ ਰਿਪੋਰਟ ਉਦੋਂ ਸਾਹਮਣੇ ਆਈ ਹੈ ਜਦੋਂ ਸੰਸਦ ਦੇ ਇੱਕ ਮੈਂਬਰ ਨੇ ਪ੍ਰਸ਼ਾਸਨ ਉੱਤੇ ਅਮਰੀਕਾ ਵੱਲੋਂ ਪ੍ਰਗਟ ਕੀਤੀ ਚਿੰਤਾ ਕਾਰਨ ਮਾਮਲਿਆਂ ਨੂੰ ਦਬਾਉਣ ਅਤੇ ਜਾਣਕਾਰੀ ਲੁਕਾਉਣ ਦਾ ਇਲਜ਼ਾਮ ਲਾਇਆ ਸੀ।

ਅਮਰੀਕਾ ਨੇ ਕੀਤੀ ਮਦਦ ਦੀ ਪੇਸ਼ਕਸ਼ (1 ਮਾਰਚ)

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਵਿੱਚ ਇੱਕ ਪਾਰਲੀਮਾਨੀ ਕਮੇਟੀ ਨੂੰ ਦੱਸਿਆ, "ਅਸੀਂ ਇਸਲਾਮਿਕ ਰਿਪਬਲਿਕ ਈਰਾਨ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ।"

ਉਨ੍ਹਾਂ ਕਿਹਾ, "ਈਰਾਨ ਦੀਆਂ ਸਿਹਤ ਸੇਵਾਵਾਂ ਮਜ਼ਬੂਤ ਅਤੇ ਆਧੁਨਿਕ ਨਹੀਂ ਹਨ। ਉਹ ਇਸ ਬਾਰੇ ਖੁੱਲ੍ਹ ਕੇ ਜਾਣਕਾਰੀ ਵੀ ਨਹੀਂ ਦੇ ਰਹੇ ਕਿ ਉੱਥੇ ਕੀ ਹੋ ਰਿਹਾ ਹੈ। ਈਰਾਨ ਮਜ਼ਬੂਤ ਨਹੀਂ ਹੈ।"

ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅੱਬਾਸ ਮੌਸਾਵੀ ਨੇ ਅਮਰੀਕੀ ਮਦਦ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ।

ਉਨ੍ਹਾਂ ਨੇ ਕਿਹਾ, "ਈਰਾਨ ਦੀ ਕੋਰੋਨਾਵਾਇਰਸ ਨਾਲ ਲੜਨ ਵਿੱਚ ਮਦਦ ਦਾ ਦਾਅਵਾ ਉਸ ਦੇਸ ਨੇ ਕੀਤਾ ਹੈ ਜਿਸਨੇ ਆਪਣੇ ਆਰਥਿਕ ਅੱਤਵਾਦ ਦੇ ਜ਼ੋਰ 'ਤੇ ਈਰਾਨ 'ਤੇ ਵੱਡੀਆਂ ਪਾਬੰਦੀਆਂ ਲਗਾਉਂਦਿਆਂ ਦਵਾਈਆਂ ਅਤੇ ਜ਼ਰੂਰੀ ਡਾਕਟਰੀ ਉਪਕਰਣਾਂ ਦੀ ਖਰੀਦ ਕਰਨ ਦੇ ਰਾਹ ਨੂੰ ਰੋਕ ਦਿੱਤਾ ਹੈ। ਇਹ ਹਾਸੋਹੀਣਾ ਅਤੇ ਸਿਆਸੀ-ਮਨੋਵਿਗਿਆਨਕ ਖੇਡ ਹੈ"

ਈਰਾਨ ਵਿੱਚ ਕੋਰੋਨਾਵਾਇਰਸ ਦੇ ਟੈਸਟ ਵਿੱਚ ਉੱਥੋਂ ਦੇ ਇੱਕ ਉਪ-ਰਾਸ਼ਟਰਪਤੀ, ਇੱਕ ਡਿਪਟੀ ਮਿਨਿਸਟਰ ਅਤੇ ਦੋ ਸੰਸਦ ਮੈਂਬਰ ਵੀ ਪਾਜ਼ੀਟਿਵ ਪਾਏ ਗਏ ਹਨ।

28 ਫ਼ਰਵਰੀ ਦੀ ਅਪਡੇਟ:

ਪੈਰਿਸ ਫ਼ੈਸ਼ਨ ਵੀਕ ਵਿੱਚ ਮਾਡਲਾਂ ਨੇ ਕੋਰੋਨਾਵਾਇਰਸ ਤੋਂ ਬਚਣ ਲਈ ਮਾਸਕ ਸਮੇਤ ਤਿਆਰ ਪਹਿਰਾਵੇ ਪਾ ਕੇ ਕੈਟਵਾਕ ਕੀਤੀ।

ਕੋਰੋਨਾਵਾਇਰਸ ਕਾਰਨ ਨੀਦਰਲੈਂਡਸ ਦੀ ਇੱਕ 44 ਸਾਲਾ ਔਰਤ ਨੂੰ ਅਜੀਬ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਔਰਤ ਦਾ ਨਾਮ ਕੋਰੋਨਾ ਹੈ। ਔਰਤ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਨਾਮ ਨਾਲ ਪਿਆਰ ਹੈ। ਹਾਲਾਂਕਿ ਹੁਣ ਇਸ ਨਾਮ ਨੂੰ ਬਦਲਣ ਬਾਰੇ ਵਿਚਾਰ ਕਰਨਾ ਪੈ ਰਿਹਾ ਹੈ।

ਇਸੇ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ 'ਜੇ ਸਾਰੇ ਨਹੀਂ ਤਾਂ ਜ਼ਿਆਦਾਤਰ ਦੇਸ਼ਾਂ ਵਿੱਚ ਤਾਂ ਪਹੁੰਚ ਹੀ ਸਕਦਾ ਹੈ’।

ਵਿਸ਼ਵ ਭਰ ਦੇ ਸ਼ੇਅਰ ਬਜ਼ਾਰਾਂ ਵਿੱਚ ਸਾਲ 2008 ਤੋਂ ਬਾਅਦ ਸਭ ਤੋਂ ਮਾੜਾ ਹਫ਼ਤਾ ਚੱਲ ਰਿਹਾ ਹੈ।

ਜਪਾਨ ਵਿੱਚ ਪਹਿਲੇ ਬ੍ਰਿਟਿਸ਼ ਨਾਗਰਿਕ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਹ ਵਿਅਕਤੀ ਜਪਾਨ ਦੀ ਯੋਕਾਹੋਮਾ ਬੰਦਰਗਾਹ 'ਤੇ ਰੋਕੇ ਹੋਏ ਡਾਇਮੰਡ ਪ੍ਰਿੰਸਿਸ ਜਹਾਜ਼ ਦਾ ਯਾਤਰੀ ਸੀ।

ਨਾਈਜੀਰੀਆ ਤੇ ਮੈਕਸੀਕੋ ਨੇ ਵੀ ਪਹਿਲੇ ਮਾਮਲਿਆਂ ਦੀ ਪੁਸ਼ਟੀ ਕਰ ਦਿੱਤੀ ਹੈ।

ਇਸ ਤੋਂ ਇਲਾਵਾ ਨਿਊਜ਼ੀ ਲੈਂਡ,ਬੇਲਾਰੂਸ ਤੇ ਨੀਦਰਲੈਂਡਸ ਤੇ ਲਿਥੂਆਨੀਆ ਨੇ ਵੀ ਪਹਿਲੇ ਕੇਸਾਂ ਦੀ ਪੁਸ਼ਟੀ ਕੀਤੀ ਹੈ।

ਕਈ ਦਹਾਕਿਆਂ ਬਾਅਦ ਈਰਾਨ ਨੇ ਪਹਿਲੀ ਵਾਰ ਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਸ਼ੁੱਕਰਵਾਰ ਦੀ ਨਮਾਜ਼ ਰੱਦ ਕੀਤੀ ਹੈ।

ਚੀਨ ਨੇ 327 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ।

ਸਵਿਟਜ਼ਰਲੈਂਡ ਨੇ ਪ੍ਰਸਿੱਧ ਜੀਨੇਵਾ ਕਾਰ ਸ਼ੋਅ ਸਮੇਤ ਸਾਰੇ ਜਨਤਕ ਸਮਾਗਮ ਨੂੰ ਰੱਦ ਕਰ ਦਿੱਤੇ ਹਨ। ਜਿਨ੍ਹਾਂ ਵਿੱਚ ਕੋਈ 1 ਹਜ਼ਾਰ ਲੋਕਾਂ ਨੇ ਭਾਗ ਲੈਣਾ ਸੀ।

ਸਾਊਦੀ ਅਰਬ ਨੇ ਜ਼ਿਆਰਤ ਲਈ ਆਉਣ ਵਾਲੇ ਵਿਦੇਸ਼ੀਆਂ ਤੇ ਲਗਾਈ ਰੋਕ (27 ਫਰਵਰੀ)

ਪਿਛਲੇ ਦਿਨਾਂ ਦੌਰਾਨ ਇਟਲੀ ਤੇ ਈਰਾਨ ਵਿੱਚ ਕੋਰੋਨਾਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਹ ਗੱਲ ਸਪਸ਼ਟ ਹੋ ਰਹੀ ਹੈ ਕਿ ਸਮੱਸਿਆ ਹੁਣ ਸਿਰਫ਼ ਚੀਨ ਤੱਕ ਮਹਿਦੂਦ ਨਹੀਂ ਰਹੀ ਹੈ।

ਯੂਰਪ ਏਸ਼ੀਆ ਤੇ ਪੱਛਮੀ ਏਸ਼ੀਆ ਵਿੱਚ ਕਈ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ:

ਸਾਊਦੀ ਅਰਬ ਨੇ ਜ਼ਿਆਰਤ ਲਈ ਆਉਣ ਵਾਲੇ ਵਿਦੇਸ਼ੀਆਂ ਦੇ ਦੇਸ਼ ਵਿੱਚ ਦਾਖ਼ਲੇ 'ਤੇ ਰੋਕ ਲਾ ਦਿੱਤੀ ਹੈ। ਇਸ ਨਾਲ ਮੁਸਲਮਾਨਾਂ ਦੀ ਸਭ ਤੋਂ ਵੱਡੀ ਧਾਰਮਿਕ ਯਾਤਰਾ ਹੱਜ ਜੋ ਕਿ ਜੁਲਾਈ ਤੋਂ ਅਗਸਤ ਦੇ ਦਰਮਿਆਨ ਹੁੰਦੀ ਹੈ ਬਾਰੇ ਅਨਿਸ਼ਚਿਤਤਾ ਦੇ ਬੱਦਲ ਛਾ ਗਏ ਹਨ।

ਈਰਾਨ ਵਿੱਚ ਮੌਤਾਂ ਦੀ ਗਿਣਤੀ 20 ਤੋਂ ਪਾਰ ਹੋ ਗਈ ਹੈ।

ਬ੍ਰਿਟੇਨ ਨੇ ਦੋ ਹੋਰ ਕੇਸਾਂ ਦਾ ਐਲਾਨ ਕੀਤਾ ਹੈ। ਇਸ ਮਗਰੋਂ ਦੇਸ਼ ਵਿੱਚ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 15 'ਤੇ ਪਹੁੰਚ ਗਈ ਹੈ।

ਯੂਰਪੀ ਦੇਸ਼ਾਂ ਨੇ ਹੋਰ ਪੀੜਤਾਂ ਦੀ ਪੁਸ਼ਟੀ ਕੀਤੀ ਹੈ। ਰੋਮਾਨੀਆ ਵਿੱਚ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ।

ਜਪਾਨ 2 ਮਾਰਚ ਤੋਂ ਸਾਰੇ ਸਕੂਲਾਂ ਨੂੰ ਅਹਿਤਿਆਤੀ ਤੌਰ 'ਤੇ ਬੰਦ ਕਰਨ ਬਾਰੇ ਵਿਚਾਰ ਕਰ ਰਿਹਾ ਹੈ।

ਆਸਟਰੇਲੀਆ ਸਮੇਤ ਹੋਰ ਵੀ ਆਪੋ-ਆਪਣੇ ਅਹਿਤਿਆਤੀ ਕਦਮਾਂ ਦਾ ਐਲਾਨ ਕਰ ਰਹੇ ਹਨ।

ਕੋਰੋਨਾਵਾਇਰਸ ਦੇ ਚੱਲਦੇ ਇਟਲੀ ਨੇ 50 ਹਜ਼ਾਰ ਲੋਕਾਂ ਨੂੰ ਘਰ ਰਹਿਣ ਲਈ ਕਿਹਾ (23 ਫ਼ਰਵਰੀ)

ਇਟਲੀ ਨੇ ਯੂਰਪ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਕੋਰੋਨਾਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ "ਅਤਿਵਿਸ਼ੇਸ਼ ਇੰਤਜ਼ਾਮ" ਕੀਤੇ ਹਨ।

ਦੂਜੇ ਪਾਸੇ ਦੱਖਣੀ ਕੋਰੀਆ ਨੇ ਕੋਰੋਨਾਵਾਇਰਸ ਬਾਰੇ ਆਪਣੇ ਸੁਚੇਤਤਾ ਨੂੰ ਸਿਖਰਲੇ ਪੱਧਰ ਤੱਕ ਵਧਾ ਦਿੱਤਾ ਹੈ। ਉੱਥੇ ਪੰਜ ਮੌਤਾਂ ਦੀ ਪੁਸ਼ਟੀ ਹੋਈ ਹੈ ਅਤੇ 500 ਤੋਂ ਵਧੇਰੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਇਟਲੀ ਦੇ ਪ੍ਰਧਾਨ ਮੰਤਰੀ ਜੁਸਾਪੇ ਕੌਂਟੀ ਨੇ ਇਸ ਐਮਰਜੈਂਸੀ ਯੋਜਨਾ ਦਾ ਐਲਾਨ ਸ਼ਨਿੱਚਰਵਾਰ ਨੂੰ ਦੇਰ ਰਾਤ ਐਲਾਨ ਕੀਤਾ। ਇਸ ਦੇ ਨਾਲ ਹੀ ਇਟਲੀ ਵਿੱਚ ਵਾਇਰਸ ਤੋਂ ਪੀੜਤਾਂ ਦੀ ਗਿਣਤੀ 79 ਪਹੁੰਚ ਗਈ ਹੈ।

ਇਨ੍ਹਾਂ ਇੰਤਜ਼ਾਮਾਂ ਦਾ ਐਲਾਨ ਕੋਰੋਨਾਵਾਇਰਸ ਨਾਲ ਦੋ ਇਤਲਾਵੀਆਂ ਦੀ ਮੌਤ ਦੀ ਪੁਸ਼ਟੀ ਹੋਣ ਮਗਰੋਂ ਕੀਤਾ ਗਿਆ

ਅਧਿਕਾਰੀਆਂ ਨੇ ਦੇਸ਼ ਦੇ ਉੱਤਰ ਦੇ ਦੋ ਖੇਤਰਾਂ ਵਿੱਚ ਲਗਭਗ 50, 000 ਸ਼ਹਿਰਵਾਸੀਆਂ ਨੂੰ ਘਰਾਂ ਵਿੱਚ ਰਹਿਣ ਲਈ ਕਿਹਾ ਹੈ।

ਬਿਨਾਂ ਆਗਿਆ ਇਨ੍ਹਾਂ ਇਲਾਕਿਆਂ ਦੇ ਨਾਗਰਿਕ ਕਿਤੇ ਆ-ਜਾ ਨਹੀਂ ਸਕਣਗੇ।

ਸਾਰੇ ਸਕੂਲ ਤੇ ਖੇਡਾਂ ਰੋਕ ਦਿੱਤੀਆਂ ਗਈਆਂ ਹਨ।

ਲੋੜ ਪੈਣ ਤੇ ਹਥਿਆਰਬੰਦ ਦਸਤਿਆਂ ਨੂੰ ਸਖ਼ਤੀ ਨਾਲ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਵਾਉਣ ਲਈ ਸਖ਼ਤੀ ਵਰਤਣ ਦੀ ਸੁਤੰਤਰਤਾ ਦੇ ਦਿੱਤੀ ਗਈ ਹੈ।

ਇਤਲਾਵੀ ਇੰਤਜ਼ਾਮੀਆ ਦਾ ਮੰਨਣਾ ਹੈ ਕਿ ਵਾਇਰਸ ਇੱਕਾ-ਦੁੱਕਾ ਕੇਸਾਂ ਤੋਂ ਅਗਾਂਹ ਫ਼ੈਲ ਗਿਆ ਹੈ। ਜਿਸ ਕਾਰਨ ਰੋਕਥਾਮ ਮੁਸ਼ਕਲ ਹੋ ਗਈ ਹੈ।

ਕੋਰੋਨਾਵਾਇਰਸ ਨੂੰ ਦੱਖਣੀ ਕੋਰੀਆ ਨੇ ਐਲਾਨੀਆ ਐਮਰਜੰਸੀ (21 ਫਰਵਰੀ)

ਦੇਸ਼ ਵਿੱਚ ਕੋਰਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਣ ਤੋਂ ਬਾਅਦ, ਦੱਖਣੀ ਕੋਰੀਆ ਨੇ ਜਾਨਲੇਵਾ ਕੋਰੋਨਾਵਾਇਰਸ ਨਾਲ ਮੁਕਾਬਲਾ ਕਰਨ ਲਈ ਆਪਣੇ ਅਹਿਤਿਆਤੀ ਕਦਮਾਂ ਵਿੱਚ ਵਾਧਾ ਕੀਤਾ ਹੈ।

ਪ੍ਰਧਾਨ ਮੰਤਰੀ ਚੰਗ ਸੇ-ਕਿਉਂ ਨੇ ਕਿਹਾ ਹੈ ਕਿ 100 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਇਹ ਹੁਣ ਇੱਕ ਐਮਰਜੈਂਸੀ ਬਣ ਚੁੱਕੀ ਹੈ।

ਦੱਖਣੀ ਕੋਰੀਆ ਵਿੱਚ ਤਿੰਨ ਫੌਜੀਆਂ ਦੇ ਟੈਸਟ ਵਿੱਚ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਦੇਸ਼ ਦੇ ਸਾਰੇ ਮਿਲਟਰੀ ਸਟੇਸ਼ਨਾਂ ਵਿੱਚ ਆਵਾਜਾਈ ਬੰਦ ਹੈ।

ਇੱਕ ਧਾਰਮਿਕ ਸਮੂਹ ਦੇ ਮੈਂਬਰਾਂ ਵਿੱਚ ਵਾਇਰਸ ਦੀ ਲਾਗ ਵੱਡੀ ਗਿਣਤੀ ਵਿੱਚ ਮਿਲਣ ਤੋਂ ਲਗਭਗ 9,000 ਮੈਂਬਰਾਂ ਨੂੰ ਆਪਣੇ ਆਪ ਨੂੰ ਵੱਖ ਰੱਖਣ ਲਈ ਕਿਹਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਹਸਪਤਾਲ ਵਿੱਚ ਮਰੀਜ਼ਾਂ ਲਈ ਬਿਸਤਰਿਆਂ, ਮੈਡੀਕਲ ਉਪਕਰਣਾਂ ਤੇ ਦਵਾਈਆਂ ਅਤੇ ਹੈਲਥ ਵਰਕਰਾਂ ਦਾ ਬੰਦੋਬਸਤ ਕੀਤਾ ਜਾਵੇਗਾ। ਉਨ੍ਹਾਂ ਨੇ ਵਾਇਰਸ ਦੇ ਸਥਾਨਕ ਪੱਧਰ ਤੇ ਫੈਲਣ ਖ਼ਿਲਾਫ਼ ਸੁਚੇਤ ਕੀਤਾ।

ਕਰੂਜ਼ਸ਼ਿਪ 'ਚ ਕੋਰੋਨਾਵਾਇਰਸ ਦੇ ਮਰੀਜ਼ (20 ਫਰਵਰੀ)

ਜਪਾਨੀ ਬੰਦਰਗਾਹ ਯੋਕੋਹਾਮਾ ਵਿੱਚ ਖੜ੍ਹੀ ਕਰੂਜ਼ਸ਼ਿਪ ਵਿੱਚ ਦੇਸ਼ ਦੀਆਂ ਦੋ ਸਵਾਰੀਆਂ ਦੀ ਵਾਇਰਸ ਨਾਲ ਮੌਤ ਹੋ ਗਈ ਹੈ।

ਮਰਨ ਵਾਲਿਆਂ ਵਿੱਚ ਇੱਕ ਦੀ ਮੌਤ ਕੋਵਿਡ-19 ਜਦਕਿ ਦੂਜੇ ਦੀ ਨਿਮੋਨੀਏ ਨਾਲ ਹੋਈ। ਦੋਹਾਂ ਦੀ ਉਮਰ 80 ਸਾਲ ਤੋਂ ਵਧੇਰੇ ਦੱਸੀ ਜਾ ਰਹੀ ਹੈ ਤੇ ਉਹ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ।

ਦੋਵੇਂ ਜਣੇ ਪਿਛਲੇ ਹਫ਼ਤੇ ਜਹਾਜ਼ ਤੋਂ ਉਤਾਰੇ ਜਾਣ ਤੋਂ ਬਾਅਦ ਹਸਪਤਾਲ ਵਿੱਚ ਜ਼ੇਰੇ-ਇਲਾਜ ਸਨ।

ਇਹ ਜਹਾਜ਼ 3,700 ਸਵਾਰੀਆਂ ਲਿਜਾ ਰਿਹਾ ਸੀ। ਜਹਾਜ਼ ’ਤੇ ਵਾਇਰਸ ਦੇ ਕੇਸ ਮਿਲਣ ਤੋਂ ਬਾਅਦ ਤੰਦਰੁਸਤ ਪਾਏ ਗਏ ਲੋਕਾਂ ਨੂੰ 14 ਦਿਨ ਕੁਅਰੰਟੀਨ ਰੱਖਣ ਤੋਂ ਬਾਅਦ ਜਾਣ ਦਿੱਤਾ ਗਿਆ ਸੀ।

ਇਸ ਜਹਾਜ਼ 'ਤੇ ਕੁੱਲ 621 ਸਵਾਰੀਆਂ ਦੀ ਜਾਂਚ ਦੇ ਨਤੀਜੇ ਹਾਂਮੁਖੀ ਆਏ ਸਨ। ਇਹ ਗਿਣਤੀ ਚੀਨ ਦੀ ਮੁੱਖ ਭੂਮੀ ਤੋਂ ਬਾਹਰ ਕਿਤੇ ਵੀ ਮਰੀਜ਼ਾਂ ਦੀ ਸਭ ਤੋਂ ਜ਼ਿਆਦਾ ਹੈ।

ਕੋਰੋਨਾਵਾਇਰਸ ਕਾਰਨ ਏਸ਼ੀਆ ਤੋਂ ਬਾਹਰ ਪਹਿਲੀ ਮੌਤ (15 ਫਰਵਰੀ)

ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾਵਾਇਰਸ ਕਾਰਨ ਏਸ਼ੀਆ ਤੋਂ ਬਾਹਰ ਪਹਲੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ।

ਫਰਾਂਸ ਘੁਮਣ ਗਏ ਇੱਕ ਚੀਨੀ ਟੂਰਿਸਟ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ।

ਫਰਾਂਸ ਦੇ ਸਿਹਤ ਮੰਤਰੀ ਕਾਰਨ ਮਰਨ ਵਾਲਾ 80 ਸਾਲ ਦਾ ਸ਼ਖ਼ਸ ਸੀ। ਉਹ 16 ਜਨਵਰੀ ਨੂੰ ਫਰਾਂਸ ਆਇਆ ਸੀ ਅਤੇ 25 ਫਰਵਰੀ ਨੂੰ ਉਸ ਨੂੰ ਪੈਰਿਸ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਇਸ ਤੋਂ ਪਹਿਲਾਂ ਚੀਨ ਤੋਂ ਬਾਹਰ ਹਾਂਗਕਾਂਗ, ਫਿਲੀਪੀਨਜ਼ ਅਤੇ ਜਪਾਨ ਵਿੱਚ ਕੋਰੋਨਾਵਾਇਰਸ ਕਾਰਨ ਮੌਤਾਂ ਹੋਈਆਂ ਹਨ।

ਇਹ ਵੀ ਪੜ੍ਹੋ:

ਕੋਰੋਨਾਵਾਇਰਸ ਕਰਕੇ ਚੀਨ ਵਿੱਚ ਮੌਤਾਂ ਦੀ ਗਿਣਤੀ ਵਿੱਚ ਇਜ਼ਾਫ਼ਾ (13 ਫਰਵਰੀ)

ਕੋਰੋਨਾਵਾਇਰਸ ਕਰਕੇ ਚੀਨ ਵਿੱਚ ਮੌਤਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਇਜ਼ਾਫ਼ਾ ਦਿਖਿਆ। ਚੀਨ ਦੇ ਹੁਬੇ ਸੂਬੇ ਵਿੱਚ ਬੁੱਧਵਾਰ ਨੂੰ ਘੱਟੋ-ਘੱਟ 242 ਮੌਤਾਂ ਦੀ ਸਿਰਫ਼ ਇੱਕ ਦਿਨ ਦੇ ਅੰਦਰ ਖ਼ਬਰ ਆਈ ਹੈ।

ਜਦਕਿ ਭਾਰਤ ਵਿੱਚ ਕੋਰੋਨਾਵਾਇਰਸ ਨੂੰ ਲੈ ਕੇ ਜੰਗੀ ਪੱਧਰ ਉੱਤੇ ਤਿਆਰੀਆਂ ਕੀਤੀਆਂ ਹਨ, ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਬਾਬਤ ਇੱਕ ਮੰਤਰੀ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।

ਇਸ ਕਮੇਟੀ ਦੀ ਬੈਠਕ ਵਿਚ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ , ਸਮੁੰਦਰੀ ਆਵਾਜਾਈ ਰਾਜ ਮੰਤਰੀ ਮਨਸੁਖ ਸੰਡਾਵਿਆ, ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਅਤੇ ਸਿਹਤ ਰਾਜ ਮੰਤਰੀ ਅਸ਼ਵਨੀ ਚੌਬੇ ਦਾ ਨਾ ਸ਼ਾਮਲ ਹੈ।

ਸਿਹਤ ਮੰਤਰੀ ਨੇ ਕਿਹਾ ਕਿ ਕੇਰਲ ਵਿੱਚ ਤਿੰਨ ਮਰੀਜ਼ਾਂ ਵਿੱਚ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਸੀ ਪਰ ਹੁਣ ਉਨ੍ਹਾਂ ਵਿੱਚੋਂ ਇੱਕ ਹਸਪਤਾਲ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਅਤੇ ਦੋ ਨੂੰ ਪੂਰੀ ਨਿਗਰਾਨੀ ਹੇਠ ਰੱਖਿਆ ਗਿਆ ਹੈ।ਇਹ ਤਿੰਨੇ ਵੂਹਾਨ ਸ਼ਹਿਰ ਤੋਂ ਆਏ ਸਨ।

ਵਿਦੇਸ਼ 'ਚ ਫਸੇ ਭਾਰਤੀਆਂ ਦਾ ਹਾਲ (12 ਫਰਵਰੀ)

ਡਾ ਹਰਸ਼ ਵਰਧਨ ਨੇ ਦੱਸਿਆ ਕਿ ਡਾਇਮੰਡ ਕਰੂਜ਼ ਸਮੁੰਦਰੀ ਜਹਾਜ਼ ਵਿੱਚ ਸਵਾਰ 3700 ਯਾਤਰੀ ਸਵਾਰ ਹਨ ਅਤੇ ਕੁਝ ਭਾਰਤੀ ਵੀ ਚਾਲਕ ਦਲ ਵਿੱਚ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਲਗਭਗ 15991 ਲੋਕਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ, ਜਿਨ੍ਹਾਂ ਵਿੱਚੋਂ 497 ਦੇ ਲਗਭਗ ਲੋਕਾਂ ਨੂੰ ਲੱਛਣਾਂ ਦੇ ਅਧਾਰ 'ਤੇ ਇਲਾਜ ਦਿੱਤਾ ਜਾ ਰਿਹਾ ਹੈ।

41 ਲੋਕਾਂ ਨੂੰ ਵੱਖ ਰੱਖਿਆ ਗਿਆ ਹੈ। ਹਾਲਾਂਕਿ, ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਨੂੰ ਹਸਪਤਾਲ ਤੋਂ ਵੱਖ ਰੱਖਣ ਦਾ ਇਹ ਮਤਲਬ ਨਹੀਂ ਹੈ ਕਿ ਉਹ ਵਾਇਰਸ ਨਾਲ ਪੀੜਤ ਹੈ।

ਸਰਕਾਰ ਨੇ ਕੋਰੋਨਾ ਵਾਇਰਸ ਬਾਰੇ ਸ਼ਿਕਾਇਤਾਂ ਅਤੇ ਸੁਝਾਵਾਂ ਲਈ ਇੱਕ ਕਾਲ ਸੈਂਟਰ ਸ਼ੁਰੂ ਕੀਤਾ, ਜਿਸਦਾ ਨੰਬਰ 01123978046 ਹੈ। ਇਹ 24 ਘੰਟੇ ਕੰਮ ਕਰਦਾ ਹੈ।

ਹੁਣ ਤੱਕ ਤਕਰੀਬਨ ਚਾਰ ਹਜ਼ਾਰ ਫੋਨ ਕਾਲ ਆ ਚੁੱਕੇ ਹਨ, ਜਿਸ ਵਿੱਚ ਲੋਕ ਜਾਣਕਾਰੀ ਲੈ ਰਹੇ ਹਨ ਅਤੇ ਸਮੱਸਿਆਵਾਂ ਵੀ ਦੱਸ ਰਹੇ ਹਨ।

ਮੰਨਿਆ ਜਾ ਰਿਹਾ ਹੈ ਕਿ 12 ਫਰਵਰੀ ਬੁੱਧਵਾਰ ਹੁਣ ਤੱਕ ਦਾ ਸਭ ਤੋਂ ਮਾੜਾ ਦਿਨ ਰਿਹਾ ਹੈ ਜਦੋਂ ਇਸ ਵਾਇਰਸ ਕਾਰਨ ਇੰਨੀਆਂ ਮੌਤਾਂ ਇਕੱਠੀਆਂ ਹੋਈਆਂ ਹਨ।

ਕੋਰੋਨਾਵਾਇਰਸ ਦਾ ਮੋਬਾਇਲ ਕਾਂਗਰਸ 'ਤੇ ਅਸਰ (ਫਰਵਰੀ 12)

ਹਰ ਸਾਲ ਅਮਰੀਕਾ ਵਿੱਚ ਹੋਣ ਵਾਲੀ ਵਾਇਰਲੈੱਸ ਇੰਡਸਟਰੀ ਅਤੇ ਟੈਸੀਕਾਮ ਕੰਪਨੀਆ ਦਾ ਖਾਸ ਸਮਾਗਮ ਵਰਲਡ ਮੋਬਾਇਲ ਕਾਂਗਰਸ ਇਸ ਸਾਲ ਨਹੀਂ ਹੋਵੇਗਾ।

ਇਸ ਦਾ ਕਾਰਨ ਹੈ ਕਿ ਕੋਰੋਨਾਵਾਇਰਸ ਕਰਕੇ ਕਈ ਕੰਪਨੀਆਂ ਨੇ ਬਾਰਸੀਲੋਨਾ ਵਿੱਚ ਹੋਣ ਵਾਲੇ ਪ੍ਰਗੋਰਾਮ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਨਵੇਂ ਕੋਰੋਵਾਇਰਸ ਨਾਲ ਫੈਲੀ ਬਿਮਾਰੀ ਨੂੰ ਅਧਿਕਾਰਤ ਨਾਮ ਦੇ ਦਿੱਤਾ ਗਿਆ ਹੈ।

ਵਿਸ਼ਵ ਸਿਹਤ ਸੰਗਠਨ ਦੇ ਮੁੱਖੀ ਟੈਡਰੋਸ ਅਧਾਨਮ ਗੈਰੇਏਸਸ ਨੇ ਜੇਨੇਵਾ ਵਿੱਚ ਪੱਤਰਕਾਰਾਂ ਨੂੰ ਦੱਸਿਆ, "ਹੁਣ ਸਾਡੇ ਕੋਲ ਇਸ ਲਈ ਨਾਮ ਹੈ ਅਤੇ ਇਹ ਹੈ ਕੋਵਿਡ-19।"

ਕੋਰੋਨਾਵਾਇਰਸ ਕਾਰਨ ਇੱਕ ਦਿਨ ਚ 103 ਮੌਤਾਂ (11 ਫਰਵਰੀ)

ਚੀਨ ਵਿੱਚ ਕੋਰੋਨਾਵਾਇਰਸ ਕਾਰਨ ਇੱਕ ਦਿਨ ਵਿੱਚ ਮਰਨ ਵਾਲਿਆਂ ਦਾ ਅੰਕੜਾ 103 ਪਹੁੰਚ ਗਿਆ ਹੈ। ਇਸ ਨਾਲ ਮ੍ਰਿਤਕਾਂ ਦੀ ਗਿਣਤੀ 1000 ਪਾਰ ਕਰ ਗਈ ਹੈ।

ਪਰ ਨਵੀ ਇਨਫੈਕਸ਼ਨ ਦੇ ਕੇਸ 20 ਫੀਸਦ ਘੱਟ ਗਏ ਹਨ।

ਚੀਨ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ 42200 ਕੇਸ ਸਾਹਮਣੇ ਅਏ ਹਨ।

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬੀਜਿੰਗ ਵਿੱਚ ਸਿਹਤ ਕਰਮੀਆਂ ਨੂੰ ਮਿਲੇ ਜੋ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ।

ਹਾਂਗਕਾਂਗ ਕਰੂਜ਼ ਸ਼ਿਪ ਵਿੱਚ ਫਸੇ ਲੋਕਾਂ ਨੂੰ ਛੱਡਿਆ ਗਿਆ (10 ਫਰਵਰੀ)

ਪੂਰੇ ਚੀਨ ਵਿੱਚ ਹੁਣ ਤੱਕ 40 ਹਜ਼ਾਰ ਤੋਂ ਵੱਧ ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋਏ ਹਨ ਅਤੇ 1 ਲੱਖ 87 ਹਜ਼ਾਰ ਲੋਕਾਂ ਨੂੰ ਮੈਡੀਕਲ ਟੀਮਾਂ ਦੀ ਦੇਖ ਰੇਖ ਵਿੱਚ ਰੱਖਿਆ ਗਿਆ ਹੈ।

ਵਰਲਡ ਹੈਲਥ ਆਰਗਨਾਈਜੇਸ਼ ਨੇ ਮਾਹਿਰਾਂ ਦੀ ਇੱਕ ਟੀਮ ਨੂੰ ਵਾਇਰਸ ਬਾਰੇ ਹੋਰ ਪਤਾ ਲਗਾਉਣ ਲਈ ਬੀਜਿੰਗ ਭੇਜਿਆ ਹੈ।

ਚੀਨ ਮੁਤਾਬਕ ਹੁਣ ਤੱਕ 3200 ਤੋਂ ਵੱਧ ਲੋਕਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।

ਹਾਂਗਕਾਂਗ ਵਿੱਚ 5 ਦਿਨਾਂ ਤੋਂ ਇੱਕ ਕਰੂਜ਼ ਸ਼ਿੱਪ ਵਿੱਚ ਫਸੇ ਹਜ਼ਾਰਾਂ ਲੋਕਾਂ ਨੂੰ ਕੋਰੋਨਾਵਾਇਰਸ ਟੈਸਟ ਨੈਗੇਟਿਵ ਆਉਣ ਤੋਂ ਬਾਅਦ ਬਾਹਰ ਜਾਣ ਦੀ ਇਜਾਜ਼ਤ ਮਿਲ ਗਈ ਹੈ।

ਵਰਲਡ ਡਰੀਮ ਸ਼ਿੱਪ ਵਿੱਚ ਸਵਾਰ ਕਰੀਬ 3600 ਯਾਤਰੀਆਂ ਅਤੇ ਕਰੂ ਮੈਂਬਰਾਂ ਨੂੰ ਯਾਤਰਾ ਦੌਰਾਨ ਵਾਇਰਸ ਦੇ ਸੰਪਰਕ 'ਚ ਆਉਣ ਦੇ ਖਦਸ਼ੇ ਕਾਰਨ ਰੋਕਿਆ ਗਿਆ ਸੀ।

ਹੋਰ ਕਰੂਜ਼ ਸ਼ਿੱਪ ਜਿਸ ਵਿੱਚ ਦਰਜਨਾਂ ਲੋਕਾਂ ਨੂੰ ਕੋਰੋਨਾਵਾਇਰਸ ਦੀ ਪੁਸ਼ਟੀ ਹੋ ਗਈ ਹੈ, ਉਹ ਅਜੇ ਵੀ ਜਾਪਾਨ ਤੋਂ ਬਾਹਰ ਹੈ।

ਇਹ ਵੀ ਪੜ੍ਹੋ:

ਕੋਰੋਨਾਵਾਇਰਸ ਨੇ ਸਾਰਸ ਨਾਲੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। 2003 ਵਿੱਚ ਫੈਲੇ ਸਾਰਸ ਨਾਲ ਦੋ ਦਰਜਨ ਤੋਂ ਵੱਧ ਦੇਸਾਂ ਵਿੱਚ 774 ਲੋਕਾਂ ਦੀ ਮੌਤ ਹੋਈ ਸੀ।

ਖੇਤਰੀ ਸਿਹਤ ਅਧਿਕਾਰੀਆਂ ਮੁਤਾਬਕ ਚੀਨ ਵਿੱਚ ਇਕੱਲੇ ਹੁਬੇਈ ਵਿੱਚ ਹੀ ਇਸ ਵਾਇਰਸ ਨਾਲ 800 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।

ਐਮਾਜ਼ੋਨ ਨਹੀਂ ਲੈ ਰਿਹਾ ਦੁਨੀਆਂ ਦੇ ਵੱਡੇ ਟੈੱਕ ਸ਼ੋਅ ਵਿੱਚ ਹਿੱਸਾ (ਫਰਵਰੀ 10)

ਪੂਰੇ ਵਿਸ਼ਵ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦਾ ਅੰਕੜਾ 40 ਹਜ਼ਾਰ ਤੋਂ ਪਾਰ ਪਹੁੰਚ ਗਿਆ ਹੈ। ਇਸ ਵਿੱਚ ਬਹੁਤੀ ਗਿਣਤੀ ਚੀਨ ਦੇ ਲੋਕਾਂ ਦੀ ਹੈ।

ਕੋਰੋਨਾਵਾਇਰਸ ਕਰਕੇ ਐਮਾਜ਼ੋਨ ਕੰਪਨੀ ਦੁਨੀਆਂ ਦੇ ਵੱਡੇ ਟੈੱਕ ਸ਼ੋਅ ਵਿੱਚ ਹਿੱਸਾ ਨਹੀਂ ਲੈ ਰਹੀ।

ਐਮਾਜ਼ੋਨ ਦਾ ਕਹਿਣਾ ਹੈ, "ਕੋਰੋਨਾਵਾਇਰਸ ਦੇ ਪ੍ਰਕੋਪ ਅਤੇ ਲਗਾਤਾਰ ਬਣੀ ਚਿੰਤਾ ਕਾਰਨ ਬਾਰਸੀਲੋਨਾ ਵਿੱਚ ਮੋਬਾਈਲ ਵਰਲਡ ਕਾਂਗਰਸ ਵਿੱਚ ਹਿੱਸਾ ਨਹੀਂ ਲੈ ਰਹੇ।"

ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਇਵੈਂਟ ਵਿੱਚ ਇੱਕ ਲੱਖ ਲੋਕਾਂ ਸ਼ਿਰਕਤ ਕਰ ਸਕਦੇ ਹਨ ਪਰ ਇਸ ਸਭ ਵਿਚਾਲੇ ਕੰਪਨੀਆਂ ਇਸ 'ਤੇ ਵਿਚਾਰ ਕਰ ਰਹੀਆਂ ਹਨ ਕਿ ਇਸ ਵਿੱਚ ਹਿੱਸਾ ਲੈਣ ਜਾਂ ਨਹੀਂ।

ਕੋਰੋਨਾਵਾਇਰਸ ਦੀ ਚਿਤਾਵਨੀ ਦੇਣ ਵਾਲੇ ਡਾਕਟਰ ਦੀ ਮੌਤ ਤੋਂ ਬਾਅਦ ਸੋਗ (9 ਫਰਵਰੀ)

ਕੋਰੋਨਾਵਾਇਰਸ ਨਾਲ ਹੋਈਆਂ ਮੌਤਾਂ ਦੀ ਗਿਣਤੀ ਸਾਲ 2003 ਵਿੱਚ ਫੈਲੀ ਸਾਰਸ ਮਹਾਂਮਾਰੀ ਤੋਂ ਟੱਪ ਗਈ ਹੈ।

ਅਧਿਕਾਰੀਆਂ ਮੁਤਾਬਕ ਇਕੱਲੇ ਚੀਨ ਦੇ ਹੋਬੇਈ ਸੂਬੇ ਵਿੱਚ ਜਿਸ ਵਿੱਚ ਕਿ ਵਾਇਰਸ ਦਾ ਕੇਂਦਰ ਵੁਹਾਨ ਸਥਿਤ ਹੈ, ਮਰਨ ਵਾਲਿਆਂ ਦੀ ਗਿਣਤੀ 910 ਹੋ ਗਈ ਹੈ।

ਸਾਲ 2003 ਵਿੱਚ ਦੋ ਦਰਜਨ ਤੋਂ ਵਧੇਰੇ ਦੇਸ਼ਾਂ ਵਿੱਚ ਸਾਰਸ ਮਹਾਂਮਾਰੀ ਨਾਲ 774 ਮੌਤਾਂ ਹੋਈਆਂ ਸਨ।

ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਬਿਮਾਰਾਂ ਦੀ ਸੰਖਿਆ 34,800 ਹੋ ਗਈ ਹੈ। ਜਿਸ ਵਿੱਚ ਬਹੁਗਿਣਤੀ ਮਰੀਜ਼ ਚੀਨ ਵਿੱਚ ਹਨ।

ਸ਼ੱਨਿਚਰਵਾਰ ਨੂੰ ਜਾਰੀ ਤਾਜ਼ਾ ਹੈਲਥ ਬੁਲਿਟਨ ਵਿੱਚ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਹੁਬੇਈ ਸੂਬੇ ਵਿੱਚ ਮਰਨ ਵਾਲਿਆਂ ਦੀ ਗਿਣਤੀ 81 ਹੋ ਗਈ ਹੈ। ਜਿਸ ਨਾਲ ਖੇਤਰ ਵਿੱਚ ਵਾਇਰਸ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਧ ਕੇ 780 ਹੋ ਗਈ ਹੈ।

ਇਹ ਵੀ ਪੜ੍ਹੋ-

ਪਿਛਲੇ ਮਹੀਨੇ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾਵਾਇਰਸ ਨੂੰ ਵਿਸ਼ਵੀ ਸਿਹਤ ਐਮਰਜੈਂਸੀ ਐਲਾਨ ਦਿੱਤਾ ਸੀ।

ਕੋਰੋਨਾਵਾਇਰਸ ਬਾਰੇ ਚੀਨ ਵਿੱਚ ਸਭ ਤੋਂ ਪਹਿਲੀ ਚਿਤਾਵਨੀ ਦੇਣ ਵਾਲੇ ਡਾ. ਲੀ ਵੇਨਲਿਯਾਂਗ ਦੀ ਨੂੰ ਮੌਤ ਤੋਂ ਬਾਅਦ ਦੇਸ਼ ਵਿੱਚ ਗੁੱਸੇ ਤੋ ਸੋਗ ਦੀ ਲਹਿਰ ਹੈ।

ਹਾਂਗ-ਕਾਂਗ ਨੇ ਚੀਨ ਤੋਂ ਆਉਣ ਵਾਲੇ ਵਿਅਕਤੀਆਂ ਲਈ ਆਈਸੋਲੇਸ਼ਨ ਦੇ ਹੁਕਮ (8 ਫਰਵਰੀ)

ਕੋਰੋਨਾਵਾਇਰਸ ਨੂੰ ਰੋਕਣ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਦਿਆਂ ਹਾਂਗ-ਕਾਂਗ ਨੇ ਚੀਨ ਤੋਂ ਆਉਣ ਵਾਲੇ ਕਿਸੇ ਵੀ ਵਿਅਕਤੀ ਲਈ ਦੋ ਹਫ਼ਤਿਆਂ ਤੱਕ ਲਾਜ਼ਮੀ ਤੌਰ 'ਤੇ ਵੱਖਰੇ ਰਹਿਣ ਦੇ ਹੁਕਮ ਜਾਰੀ ਕੀਤੇ ਹਨ।

ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਜਿੱਥੇ ਕਿਸੇ ਹੋਟਲ ਜਾਂ ਸਰਕਾਰੀ ਕੇਂਦਰਾਂ ਵਿੱਚ ਇਕੱਲਿਆਂ ਰਹਿਣਾ ਲਾਜ਼ਮੀ ਕੀਤਾ ਗਿਆ ਹੈ ਉੱਥੇ ਹੀ ਹਾਂਗਕਾਂਗ ਦੇ ਚੀਨ ਤੋਂ ਵਾਪਸ ਆਉਣ ਵਾਲੇ ਨਾਗਰਿਕਾਂ ਲਈ ਆਪਣੇ ਘਰਾਂ ਵਿੱਚ ਇਕੱਲੇ ਰਹਿਣ ਨੂੰ ਕਿਹਾ ਗਿਆ ਹੈ।

ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਤੇ ਕੈਦ ਦੀ ਸਜ਼ਾ ਦੀ ਤਜਵੀਜ਼ ਕੀਤੀ ਗਈ ਹੈ।

ਹਾਂਗ-ਕਾਂਗ ਵਿੱਚ ਕੋਰੋਨਾਵਾਇਰਸ ਦੇ 26 ਮਾਮਲਿਆਂ ਦੀ ਪੁਸ਼ਟੀ ਅਤੇ ਇੱਕ ਮੌਤ ਹੋਈ ਹੈ। ਜਦ ਕਿ ਚੀਨ ਵਿੱਚ ਵਾਇਰਸ ਦੇ 34, 546 ਕੇਸਾਂ ਦੀ ਪੁਸ਼ਟੀ ਹੋਈ ਹੈ ਤੇ 722 ਮੌਤਾਂ ਹੋ ਚੁੱਕੀਆਂ ਹਨ।

ਕੋਰੋਨਾਵਾਇਰਸ ਦੀ ਸਕਰੀਨਿੰਗ ਟੋਲ ਪਲਾਜ਼ਾ 'ਤੇ (7 ਫਰਵਰੀ)

ਹਰਿਆਣਾ ਦੇ ਸਿਰਸਾ ਵਿੱਚ ਕੋਰੋਨਾਵਾਇਰਸ ਨੂੰ ਲੈ ਕੇ ਪ੍ਰਸ਼ਾਸਨ ਖਾਸਾ ਸੁਚੇਤ ਹੋ ਗਿਆ ਹੈ। ਇਸ ਦੇ ਮੱਦੇਨਜ਼ਰ ਟੋਲ ਪਲਾਜ਼ਾ ਤੋਂ ਹੋ ਕੇ ਲੰਘਣ ਵਾਲੀ ਹਰੇਕ ਗੱਡੀ ਨੂੰ ਰੋਕਿਆ ਜਾ ਰਿਹਾ ਹੈ।

ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਮੁਤਾਬਕ ਸਿਰਸਾ ਦੇ ਭਾਵਦੀਨ ਪਿੰਡ ਨੇੜੇ ਬਣੇ ਟੋਲ ਪਲਾਜਾ 'ਤੇ ਸਿਹਤ ਵਿਭਾਗ ਦੀ ਟੀਮ ਤਾਇਨਾਤ ਕੀਤੀ ਗਈ ਹੈ।

ਟੋਲ ਪਲਾਜਾ 'ਤੇ ਸਿਹਤ ਵਿਭਾਗ ਦੇ ਅਧਿਕਾਰੀ ਡਾ. ਸੰਜੈ ਕੁਮਾਰ ਨੇ ਦੱਸਿਆ ਹੈ ਕਿ ਦਿੱਲੀ ਵੱਲੋਂ ਆਉਣ ਵਾਲੇ ਹਰ ਗੱਡੀ ਦੇ ਚਾਲਕ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਟੋਲ ਪਲਾਜ਼ਾ ਮੁਲਾਜ਼ਮ ਵੀ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਕੋਲੋਂ ਇੱਕ ਫਾਰਮ ਵੀ ਭਰਵਾ ਰਹੇ ਹਨ।

ਚੀਨ ਤੋਂ ਆਉਣ ਵਾਲਿਆਂ ਤੋਂ ਦਿਨ 'ਚ ਦੋ ਵਾਰ ਸਿਹਤ ਵਿਭਾਗ ਦੇ ਡਾਕਟਰਾਂ ਵੱਲੋਂ ਫੋਨ 'ਤੇ ਸਿਹਤ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

ਸਿਰਸਾ ਵਿੱਚ ਚੀਨ ਜਾਂ ਵਾਇਆ ਚੀਨ ਆਉਣ ਵਾਲਿਆਂ ਦੀ ਗਿਣਤੀ 26 ਤੋਂ ਵੱਧ ਕੇ 32 ਹੋ ਗਈ ਹੈ। ਚੀਨ ਤੋਂ ਆਉਣ ਵਾਲਿਆਂ ਵਿੱਚ 10 ਔਰਤਾਂ ਵੀ ਸ਼ਾਮਲ ਹਨ।

ਚੀਨ ਜਾਂ ਵਾਇਆ ਚੀਨ ਆਉਣ ਵਾਲੇ ਸਾਰਿਆਂ ਦੀ ਸਿਹਤ ਵਿਭਾਗ ਵੱਲੋਂ ਪਛਾਣ ਕੀਤੀ ਗਈ ਹੈ ਅਤੇ ਫਿਲਹਾਲ ਕਿਸੇ ਵੀ ਵਿਅਕਤੀ ਵਿੱਚ ਕੋਰੋਨਾਵਾਇਰਸ ਦੇ ਲੱਛਣ ਨਹੀਂ ਮਿਲੇ ਹਨ।

ਚੀਨ ਵਿੱਚ ਹੁਣ ਤੱਕ ਕੋਰੋਨਾਵਾਇਰਸ ਕਰਕੇ 600 ਤੋਂ ਵੱਧ ਮੌਤਾਂ ਹੋ ਗਈਆਂ ਹਨ ਅਤੇ ਕਰੀਬ 30 ਹਜ਼ਾਰ ਕੇਸ ਮਿਲੇ ਹਨ।

ਕਰੂਜ਼ਸ਼ਿਪ ਦੀਆਂ 61 ਸਵਾਰੀਆਂ ਨੂੰ ਕਰੋਨਾਵਾਇਰਸ (7 ਫਰਵਰੀ)

ਇਸ ਤੋਂ ਇਲਾਵਾ 7 ਫਰਵਰੀ ਨੂੰ ਸਿਹਤ ਅਧਿਕਾਰੀਆਂ ਮੁਤਾਬਕ, ਜਪਾਨੀ ਬੰਦਰਗਾਹ ਯੋਕੋਹਾਮਾ ਵਿੱਚ ਖੜ੍ਹੀ ਇੱਕ ਕਰੂਜ਼ਸ਼ਿਪ ਦੀਆਂ ਘੱਟੋ-ਘੱਟ 61 ਸਵਾਰੀਆਂ ਦੇ ਕੋਰੋਨਾਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।

ਕਰੂਜ਼ ਸ਼ਿਪ 5 ਫਰਵਰੀ ਤੋਂ ਕੁਆਰੰਟੀਨ ਕਰਕੇ ਬੰਦਰਗਾਹ ’ਤੇ ਖੜ੍ਹਾ ਕੀਤਾ ਹੋਇਆ ਹੈ।

ਡਾਇਮੰਡ ਪ੍ਰਿੰਸਿਜ਼ ਨਾਮਕ ਇਸ ਜਹਾਜ਼ ਦੀਆਂ 3,700 ਸਵਾਰੀਆਂ ਵਿੱਚੋਂ ਸਕਰੀਨਿੰਗ ਕੀਤੀ ਗਈ। ਜਾਂਚ ਪੂਰੀ ਹੋਣ ਤੋਂ ਬਾਅਦ ਗ੍ਰਸਤ ਲੋਕਾਂ ਦੀ ਸੰਖਿਆ ਵੱਧ ਸਕਦੀ ਹੈ।

ਵੀਡੀਓ: ਮਾਸਕ ਵਾਇਰਸ ਤੋਂ ਬਚਾ ਸਕਦੇ ਹਨ?

ਜਹਾਜ਼ ਦੇ ਯਾਤਰੀਆਂ ਦੀ ਜਾਂਚ ਪਿਛਲੇ ਮਹੀਨੇ ਹਾਂਗ-ਕਾਂਗ ਦੇ ਇੱਕ 80 ਸਾਲਾ ਯਾਤਰੀ ਦੇ ਵਾਇਰਸ ਕਾਰਨ ਬਿਮਾਰ ਪੈਣ ਪਿੱਛੋਂ ਸ਼ੁਰੂ ਕੀਤੀ ਗਈ।

ਜਪਾਨ ਦੇ ਸਰਕਾਰੀ ਟੀਵੀ ਚੈਨਲ ਐੱਨਐੱਚਕੇ ਮੁਤਾਬਕ ਇਨ੍ਹਾਂ ਵਿੱਚੋਂ ਲਗਭਗ ਅੱਧੇ ਕੇਸ 50 ਸਾਲ ਤੋਂ ਵਡੇਰੀ ਉਮਰ ਦੇ ਹਨ।

ਕੋਰੋਨਾਵਾਇਰਸ ਦੀ ਜਾਣਕਾਰੀ ਦੇਣ ਵਾਲੇ ਡਾਕਟਰ ਦੀ ਮੌਤ (6 ਫਰਵਰੀ)

ਕੋਰੋਨਾਵਾਇਰਸ ਬਾਰੇ ਚੀਨ ਵਿੱਚ ਸਭ ਤੋਂ ਪਹਿਲੀ ਚਿਤਾਵਨੀ ਦੇਣ ਵਾਲੇ ਅੱਖਾਂ ਦੇ ਡਾਕਟਰ ਲੀ ਵੇਨਲਿਯਾਂਗ ਦੀ ਵੀਰਵਾਰ ਨੂੰ ਵਾਇਰਸ ਦੀ ਲਾਗ ਨਾਲ ਬਿਮਾਰ ਰਹਿਣ ਤੋਂ ਬਾਅਦ ਮੌਤ ਹੋ ਗਈ

ਉਨ੍ਹਾਂ ਦੀ ਮੌਤ ਬਾਰੇ ਆਪਾ-ਵਿਰੋਧੀ ਖ਼ਬਰਾਂ ਆਈਆਂ। ਪਹਿਲਾਂ ਚੀਨ ਦੇ ਸਰਕਾਰੀ ਮੀਡੀਆ ਤੇ ਫਿਰ ਵਿਸ਼ਵ ਸਿਹਤ ਸੰਗਠਨ ਨੇ ਉਨ੍ਹਾਂ ਦੀ ਮੌਤ ਬਾਰੇ ਦੱਸਿਆ।

ਫਿਰ ਵੁਹਾਨ ਦੇ ਸੈਂਟਰਲ ਹਸਪਤਾਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਦੱਸਿਆ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ ਤੇ ਉਨ੍ਹਾਂ ਦੀ ਜਾਨ ਬਚਾਉਣ ਲਈ ਹਰ ਸੰਭਵ ਚਾਰਾਜੋਈ ਕੀਤੀ ਜਾ ਰਹੀ ਹੈ।

34 ਸਾਲਾ ਮਰਹੂਮ ਡਾਕਟਰ ਨੂੰ ਚੀਨ ਵਿੱਚ ਹੀਰੋ ਦੱਸਿਆ ਜਾ ਰਿਹਾ ਸੀ। ਜਿਨ੍ਹਾਂ ਨੇ ਲੋਕਾਂ ਨੂੰ ਇਸ ਜਾਨਲੇਵਾ ਵਾਇਰਸ ਬਾਰੇ ਸੁਚੇਤ ਕੀਤਾ ਸੀ।

ਇਹ ਵੀ ਪੜ੍ਹੋ

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: ਚੀਨ ਨੇ ਇੰਝ ਬਣਾਇਆ 10 ਦਿਨਾਂ ’ਚ 1000 ਬਿਸਤਰਿਆਂ ਦਾ ਹਸਪਤਾਲ

ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)