ਕੋਰੋਨਾਵਾਇਰਸ: ਟਰੂਡੋ ਦੀ ਪਤਨੀ ਸੋਫੀ ਨੂੰ ਕੋਰੋਨਾਵਾਇਰਸ, ਬਿਮਾਰੀ ਨੇ ਹੋਰ ਕਿਹੜੇ ਵੀਆਈਪੀ ਢਾਹੇ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਪਤਨੀ ਸੋਫ਼ੀਆ ਟਰੂਡੋ ਦੇ ਕੋਰੋਨਾਵਾਇਰਸ ਮਰੀਜ਼ ਵਜੋਂ ਪੁਸ਼ਟੀ ਹੋ ਜਾਣ ਤੋਂ ਬਾਅਦ ਜੋੜਾ 14 ਦਿਨਾਂ ਲਈ ਕੁਅਰੰਟੀਨ ਵਿੱਚ ਰਹੇਗਾ।

ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸੋਫੀ ਗਰੇਗੋਰੀ ਟਰੂਡੇ "ਠੀਕ ਹਨ"।

ਟਰੂਡੋ ਹਾਲਾਂਕਿ ਕੁਆਰੰਟੀਨ ਰਹਿਣਗੇ ਪਰ ਲੱਛਣ ਨਜ਼ਰ ਨਾ ਆਉਣ ਕਾਰਨ ਉਨ੍ਹਾਂ ਦੀ ਫਿਲਹਾਲ ਜਾਂਚ ਨਹੀਂ ਕੀਤੀ ਜਾਵੇਗੀ।

ਟਵਿੱਟਰ 'ਤੇ ਸੋਫ਼ੀ ਟਰੂਡੋ ਨੇ ਲਿਖਿਆ ਕਿ ਉਨ੍ਹਾਂ ਨੂੰ "ਬੇਚੈਨੀ ਮਹਿਸੂਸ ਹੋ ਰਹੀ ਸੀ"। ਹਾਲਾਂਕਿ ਉਨ੍ਹਾਂ ਨੇ ਲਿਖਿਆ, "ਕੁਆਰੰਟੀਨ ਕੀਤਾ ਜਾਣਾ ਉਨ੍ਹਾਂ ਕੈਨੇਡੀਅਨ ਪਰਿਵਾਰਾਂ ਦੇ ਮੁਕਾਬਲੇ ਕੁਝ ਵੀ ਨਹੀਂ ਹੈ ਜੋ ਇਸ ਵਿੱਚੋਂ ਲੰਘ ਰਹੇ ਹਨ।"

ਇਹ ਵੀ ਪੜ੍ਹੋ:

ਚੈਲਸੀ ਦੀ ਸਮੁੱਚੀ ਫੁੱਟਬਾਲ ਟੀਮ ਕੁਅਰੰਟੀਨ

ਚੈਲਸੀ ਦੇ ਫੁੱਟਬਾਲ ਖਿਡਾਰੀ ਹਡਸਨ-ਊਡੀ ਦੇ ਕੋਵਿਡ-19 ਦੇ ਮਰੀਜ਼ ਹੋਣ ਦੀ ਪੁਸ਼ਟੀ ਹੋ ਗਈ ਹੈ।

ਪ੍ਰੀਮੀਅਰ ਲੀਗ ਕਲੱਬ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਨ੍ਹਾਂ ਦੇ ਸੰਪਰਕ ਵਿੱਚ ਰਹੇ ਟੀਮ ਅਮਲੇ ਦੇ ਸਾਰੇ ਮੈਂਬਰਾਂ ਜਿਸ ਵਿੱਚ ਪੁਰਸ਼ਾਂ ਦੀ ਪੂਰੀ ਟੀਮ ਸ਼ਾਮਲ ਹੈ, ਨੁੰ 14 ਦਿਨਾਂ ਲਈ ਕੁਆਰੰਟੀਨ ਕਰ ਦਿੱਤਾ ਗਿਆ ਹੈ।

ਆਸਟਰੇਲੀਆ ਦੇ ਗ੍ਰਹਿ ਮੰਤਰੀ

ਆਸਟਰੇਲੀਆ ਦੇ ਗ੍ਰਹਿ ਮੰਤਰੀ ਪੀਟਰ ਡੂਟਨ ਨੇ ਇੱਕ ਬਿਆਨ ਵਿੱਚ ਆਪਣੇ ਕੋਰੋਨਾਵਾਇਰਸ ਦਾ ਮਰੀਜ਼ ਹੋਣ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰ ਉਹ ਬੁਖ਼ਾਰ ਤੇ ਦੁਖ਼ਦੇ ਗਲੇ ਨਾਲ ਉੱਠੇ ਦੇ ਤੁਰੰਤ ਸਿਹਤ ਵਿਭਾਗ ਨੂੰ ਸੰਪਰਕ ਕੀਤਾ।

ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ:

ਬੋਲਸੋਨਾਰੋ ਨੂੰ ਨਤੀਜਿਆਂ ਦੀ ਉਡੀਕ

ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਰ ਬੋਲਸੋਨਾਰੋ ਦੀ ਵੀ ਵਾਇਰਸ ਲਈ ਜਾਂਚ ਤੋਂ ਬਾਅਦ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

ਹਾਲ ਹੀ ਵਿੱਚ ਉਨ੍ਹਾਂ ਦੇ ਸੰਚਾਰ ਸਕੱਤਰ ਅਮਰੀਕਾ ਦੌਰੇ ਤੋਂ ਰਾਸ਼ਟਰਪਤੀ ਟਰੰਪ ਨੂੰ ਮਿਲਣ ਤੋਂ ਬਾਅਦ ਵਾਪਸ ਆਏ ਹਨ। ਉਨ੍ਹਾਂ ਦੇ ਕੋਵਿਡ-19 ਮਰੀਜ਼ ਹੋਣ ਦੀ ਪੁਸ਼ਟੀ ਹੋ ਗਈ ਹੈ।

ਬੋਲਸੋਨਾਰੋ ਨੇ ਇਸ ਤੋਂ ਪਹਿਲਾਂ ਕੋਰੋਨਾਵਾਇਰਸ ਦੇ ਸੰਕਟ ਨੂੰ "ਇੱਕ ਖੱਬਤ" ਕਰਾਰ ਦਿੱਤਾ ਸੀ।

ਬ੍ਰਿਟੇਨ ਦੀ ਸਿਹਤ ਮੰਤਰੀ ਦੇ ਮਰੀਜ਼ ਹੋਣ ਦੀ ਪੁਸ਼ਟੀ

ਬ੍ਰਿਟੇਨ ਦੀ ਸਿਹਤ ਮੰਤਰੀ ਤੇ ਕੰਜ਼ਰਵੇਟਿਵ ਐੱਮਪੀ ਨੈਡੀਨ ਡੋਰਿਸ ਦੇ ਕੋਵਿਡ-19 ਦੇ ਮਰੀਜ਼ ਹੋਣ ਦੀ ਪੁਸ਼ਟੀ ਹੋ ਗਈ ਹੈ।

ਉਨ੍ਹਾਂ ਨੇ ਦੱਸਿਆ ਕਿ ਉਹ ਘਰ ਹੀ ਰਹਿ ਰਹੇ ਹਨ। ਲੇਬਰ ਐੱਮਪੀ ਰੈਸ਼ਲ ਮਾਸਕੈਲ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਘਰੇ ਰਹਿਣ ਲਈ ਕਿਹਾ ਗਿਆ ਹੈ। ਉਹ ਵੀ ਮੰਤਰੀ ਮਿਲੇ ਸਨ।

ਸਿਹਤ ਮਹਿਕਮੇ ਮੁਤਾਬਕ ਮੰਤਰੀ ਵਿੱਚ ਵੀਰਵਾਰ ਨੂੰ ਲੱਛਣ ਦਿਖਾਈ ਦਿੱਤੇ ਸਨ। ਉਸੇ ਦਿਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਵੱਲੋਂ ਰੱਖੇ ਇੱਕ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ।

ਸਪੇਨ ਦੀ ਸਾਰੀ ਵਜਾਰਤ ਕਰਾ ਰਹੀ ਹੈ ਟੈਸਟ

ਸਪੇਨ ਦੀ ਸਮੁੱਚੀ ਵਜਾਰਤ ਕੋਰੋਨਾਵਾਇਰਸ ਦੀ ਜਾਂਚ ਲਈ ਆਪਣਾ ਟੈਸਟ ਕਰਵਾ ਰਹੀ ਹੈ।

ਸਪੇਨ ਦੀ ਬਰਾਬਰੀ ਮੰਤਰੀ ਇਰਨੇ ਮੋਨਟੇਰੋ ਤੇ ਉਨ੍ਹਾਂ ਦੇ ਸਾਥੀ ਦੀ ਕੋਵਿਡ-19 ਦੇ ਮਰੀਜ਼ ਹੋਣ ਦੀ ਪੁਸ਼ਟੀ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।

ਉੱਥੋਂ ਦੇ ਉਪ ਪ੍ਰਧਾਨ ਮੰਤਰੀ ਪੈਬਲੋ ਲੈਗਲੈਸਿਆਸ ਨੂੰ ਵੀ ਕੁਆਰੰਟੀਨ ਕਰ ਦਿੱਤਾ ਗਿਆ ਹੈ।

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਰਨੇ ਮੋਨਟੇਰੋ ਦੀ ਸਿਹਤ ਹਾਲਾਂਕਿ ਠੀਕ ਸੀ ਪਰ ਜਾਂਚ ਵਿੱਚ ਉਨ੍ਹਾਂ ਨੂੰ ਲਾਗ ਦੀ ਪੁਸ਼ਟੀ ਹੋ ਗਈ।

ਵੀਰਵਾਰ ਤੱਕ ਸਪੇਨ ਵਿੱਚ ਕੋਰੋਨਾਵਾਇਰਸ ਦੇ 2,200 ਮਾਮਲਿਆਂ ਦੀ ਪੁਸ਼ਟੀ ਹੋਈ ਸੀ। ਇਸ ਨਾਲ 50 ਮੌਤਾਂ ਹੋਈਆਂ ਹਨ।

ਟੌਮ ਹੈਂਕਸ ਜੋੜੇ ਦੇ ਮਰੀਜ਼ ਹੋਣ ਦੀ ਪੁਸ਼ਟੀ

ਔਸਕਰ ਪੁਰਸਕਾਰ ਜੇਤੂ ਹੌਲੀਵੁੱਡ ਅਦਾਕਾਰ ਟੌਮ ਹੈਂਕਸ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਪਤਨੀ ਦੇ ਕੋਰੋਨਾਵਾਇਰਸ ਦੇ ਮਰੀਜ਼ ਹੋਣ ਦੀ ਪੁਸ਼ਟੀ ਹੋਈ ਹੈ।

63 ਸਾਲਾ ਹੈਂਕਸ ਨੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਜ਼ੁਕਾਮ ਦੇ ਲੱਛਣਾਂ ਮਗਰੋਂ ਡਾਕਟਰੀ ਸਲਾਹ ਲਈ।

ਜੋੜਾ ਹੈਂਕਸ ਦੀ ਐਲਵਿਸ ਪ੍ਰਿਸਲੀ ਬਾਰੇ ਬਣ ਰਹੀ ਫ਼ਿਲਮ ਦੀ ਸ਼ੂਟਿੰਗ ਲਈ ਆਸਟਰੇਲੀਆ ਦੇ ਗੋਲਡ ਕੋਸਟ ਗਿਆ ਹੋਇਆ ਸੀ।

ਉਨ੍ਹਾਂ ਨੇ ਇਹ ਜਾਂਚ ਕੋਰੋਨਾਵਾਇਰਸ ਨੂੰ ਵਿਸ਼ਵੀ ਮਹਾਂਮਾਰੀ ਐਲਾਨਣ ਤੋਂ ਬਾਅਦ ਕਰਵਾਈ।

ਕੋਰੋਨਾਵਾਇਰਸ ਦੇ ਮਾਮਲੇ ਭਾਰਤ ਵਿੱਚ ਕਿੱਥੇ-ਕਿੱਥੇ ਆਏ ਹਨ, ਇਸ ਬਾਰੇ ਤੁਸੀਂ ਇਸ ਨਕਸ਼ੇ ਰਾਹੀਂ ਸਮਝ ਸਕਦੇ ਹੋ।

ਇਹ ਵੀ ਪੜ੍ਹੋ:

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: ਬਜ਼ੁਰਗ ਦੌੜਾਕ ਮਾਨ ਕੌਰ ਦੀ ਮੋਦੀ ਨੂੰ ਅਸੀਸ

ਵੀਡੀਓ: ਚੁਣੌਤੀਆਂ ਨੂੰ ਮਾਤ ਦੇ ਕੇ ਕੁਸ਼ਤੀ 'ਚ ਵਾਪਸੀ ਕਰਨ ਵਾਲੀ ਮਾਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)