ਵਿਸ਼ਵ ਕੱਪ 2019: ਕੋਹਲੀ ਜਾਂ ਸਮਿੱਥ – ਦੁਨੀਆਂ ਦਾ ਸਭ ਤੋਂ ਵਧੀਆ ਬੱਲੇਬਾਜ਼ ਕੌਣ?

    • ਲੇਖਕ, ਸਿਵਾਕੁਮਾਰ ਉਲਗਨਾਥਨ
    • ਰੋਲ, ਬੀਬੀਸੀ ਪੱਤਰਕਾਰ

ਸ਼ਨਿੱਚਰਵਾਰ ਨੂੰ ਨਿਕਲੀ ਧੁੱਪ ਨੇ ਲੰਡਨ ਦੇ ਓਵਲ ਵਿੱਚ ਭਾਰਤ ਕ੍ਰਿਕਟ ਪ੍ਰੇਮੀਆਂ ਦੇ ਚਿਹਰੇ 'ਤੇ ਮੁਸਕਾਨ ਲਿਆ ਦਿੱਤੀ। ਸ਼ੁੱਕਰਵਾਰ ਵਾਂਗ ਸ਼ਨਿੱਚਰਵਾਰ ਨੂੰ ਮੀਂਹ ਨਹੀਂ ਪਿਆ ਤੇ ਸਾਰਾ ਦਿਨ ਧੁੱਪ ਰਹੀ।

ਲੰਡਨ ਦੇ ਓਵਲ ਸਟੇਡੀਅਮ ਵਿੱਚ ਸ਼ਨਿੱਚਰਵਾਰ ਨੂੰ ਅਭਿਆਸ ਕਰਨ ਆਈ ਭਾਰਤੀ ਟੀਮ ਦੇ ਖਿਡਾਰੀਆਂ ਨਾਲ ਤਸਵੀਰ ਖਿਚਵਾਉਣ ਜਾਂ ਉਨ੍ਹਾਂ ਦੇ ਆਟੋਗਰਾਫ ਲੈਣ ਲਈ ਭਾਰਤੀ ਕ੍ਰਿਕਟ ਪ੍ਰੇਮੀਆਂ ਦੀ ਖ਼ਾਸੀ ਭੀੜ ਦੇਖਣ ਨੂੰ ਮਿਲੀ।

ਓਵਲ ਸਟੇਡੀਅਮ ਦੇ ਬਾਹਰ ਉਤਸੁਕਤਾ ਨਾਲ ਖੜ੍ਹੇ ਨਾਰਾਇਣ ਨੇ ਕਿਹਾ, "ਮੈਂ ਧੋਨੀ ਦੀ ਝਲਕ ਦੇਖਣ ਲਈ ਇੱਥੇ ਖੜ੍ਹਾ ਹਾਂ, ਸ਼ਾਇਦ ਕਿਸਮਤ ਨਾਲ ਆਟੋਗਰਾਫ ਵੀ ਮਿਲ ਜਾਣ।"

ਜਦੋਂ ਭਾਰਤੀ ਟੀਮ ਦੀ ਬੱਸ ਉੱਥੇ ਪਹੁੰਚੀ ਤਾਂ ਲੋਕਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ-

ਰੋਹਿਤ, ਧੋਨੀ, ਭੁਵਨੇਸ਼ਵਰ ਕੁਮਾਰ, ਧਵਨ ਅਤੇ ਹੋਰ ਖਿਡਾਰੀ ਜਿਵੇਂ ਹੀ ਬੱਸ 'ਚੋਂ ਉਤਰ ਕੇ ਸਟੇਡੀਅਮ ਵੱਲ ਜਾਣ ਲੱਗੇ ਤਾਂ ਲੋਕਾਂ ਦਾ ਸ਼ੋਰ ਹੋਰ ਵੱਧ ਗਿਆ।

ਇੱਕ ਨੇ ਪੁੱਛਿਆ, "ਕੋਹਲੀ ਕਿਉਂ ਨਹੀਂ ਆਇਆ।" ਉੱਥੇ ਖੜ੍ਹੇ ਦੂਜੇ ਵਿਅਕਤੀ ਨੇ ਜਵਾਬ ਦਿੰਦਿਆਂ ਕਿਹਾ, "ਉਹ ਕੱਲ੍ਹ ਆਇਆ ਸੀ, ਉਹ ਸ਼ਾਇਦ ਅੱਜ ਨਹੀਂ ਆਵੇਗਾ ਕਿਉਂਕਿ ਸਾਊਥਹੈਂਪਟਨ 'ਚ ਵੀ ਉਸ ਨੇ ਇੱਦਾਂ ਹੀ ਕੀਤਾ ਸੀ।"

ਇੰਝ ਜਾਪ ਰਿਹਾ ਸੀ ਜਿਵੇਂ ਉੱਥੇ ਖੜ੍ਹੇ ਲੋਕਾਂ ਕੋਲ ਸਾਰੇ ਜਵਾਬ ਸਨ।

ਇਸ ਤੋਂ ਪਹਿਲਾਂ ਫਿੰਚ ਨੇ ਦਾਅਵਾ ਕੀਤਾ ਕਿ ਸਟੀਵ ਸਮਿਥ ਦੁਨੀਆਂ ਦੇ ਸਭ ਤੋਂ ਵਧੀਆਂ ਬੱਲੇਬਾਜ਼ ਹਨ।

ਸ਼ਨਿੱਚਰਵਾਰ ਨੂੰ ਓਵਲ 'ਚ ਕੀਤੀ ਇੱਕ ਪ੍ਰੈਸ ਕਾਨਫਰੰਸ 'ਚ ਫਿੰਚ ਨੇ ਦਾਅਵਾ ਕੀਤਾ ਕਿ ਭਾਰਤ ਨਾਲ ਮੈਚ ਦੌਰਾਨ ਸਭ ਤੋਂ ਵਧੀਆ ਬੱਲੇਬਾਜ ਸਮਿੱਥ ਅਤੇ ਵਾਰਨਰ ਦੀ ਵਾਪਸੀ ਇੱਕ ਵਧੀਆ ਗੱਲ ਹੈ।

ਇਹ ਗੱਲ ਭਾਰਤ ਦੇ ਫੈਨਜ਼ ਨੂੰ ਪਸੰਦ ਨਹੀਂ ਆਈ।

ਨੋਟਿੰਘਮ ਤੋਂ ਕ੍ਰਿਕਟ ਪ੍ਰੇਮੀ ਅਜੇ ਨੇ ਉਤਸ਼ਾਹੀ ਟਿੱਪਣੀ ਕੀਤੀ, "ਫਿੰਚ ਕਿਵੇਂ ਕਹਿ ਸਕਦੇ ਹਨ ਕਿ ਸਮਿੱਥ ਦੁਨੀਆਂ ਦੇ ਸਭ ਤੋਂ ਬਿਹਤਰੀਨ ਬੱਲੇਬਾਜ਼ ਹਨ? ਕੋਹਲੀ ਦੇ ਵਨ ਡੇਅ ਅਤੇ ਟੀ-20 ਦੇ ਰਿਕਾਰਡ ਸਮਿੱਥ ਨਾਲੋਂ ਚੰਗੇ ਹਨ। ਫਿੰਚ ਭਾਰਤੀ ਕਪਤਾਨ ਅਤੇ ਟੀਮ ਦਾ ਮਨੋਬਲ ਸੁੱਟਣਾ ਚਾਹੁੰਦਾ ਹਨ ਪਰ ਇਹ ਤਰੀਕਾ ਕੰਮ ਨਹੀਂ ਆਵੇਗਾ।"

ਸੌਰਵ ਭੱਟਾਚਾਰਿਆ ਦਾ ਕਹਿਣਾ ਹੈ, "ਓਵਲ ਵਿੱਚ ਵਿਰਾਟ ਕੋਹਲੀ ਦਾ ਬੱਲਾ ਫਿੰਚ ਦਾ ਜਵਾਬ ਦੇਵੇਗਾ। ਉਨ੍ਹਾਂ ਨੇ ਪਹਿਲਾਂ ਵੀ ਅਜਿਹਾ ਕਈ ਵਾਰ ਕੀਤਾ ਹੈ ਅਤੇ ਅੱਜ ਵੀ ਕਰਨਗੇ।"

ਇਹ ਵੀ ਪੜ੍ਹੋ-

ਜਦੋਂ ਭਾਰਤ ਵੱਲੋਂ ਕੀਤੀ ਜਾ ਰਹੀ ਪ੍ਰੈਸ ਕਾਨਫਰੰਸ ਦੌਰਾਨ ਫਿੰਚ ਦੇ ਬਿਆਨ 'ਤੇ ਟਿੱਪਣੀ ਕਰਨ ਲਈ ਕਿਹਾ ਗਿਆ ਤਾਂ ਰੋਹਿਤ ਸ਼ਰਮਾ ਨੇ ਕੋਈ ਪ੍ਰਤੀਕਿਰਿਆ ਨਾ ਦਿੰਦਿਆਂ ਕਿਹਾ ਕਿ ਉਹ ਆਗਾਮੀ ਮੈਚ 'ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਅਤੇ ਆਸਟਰੇਲੀਆ ਦੋਵਾਂ ਨੇ ਹਾਲ ਹੀ ਵਿੱਚ ਸੀਰੀਜ਼ ਜਿੱਤੀਆਂ ਹਨ। ਰੋਹਿਤ ਸ਼ਰਮਾ ਮੁਤਾਬਕ ਮੈਚ ਵਾਲੇ ਦਿਨ 'ਤੇ ਸਭ ਕੁਝ ਨਿਰਭਰ ਕਰਦਾ ਹੈ।

ਭਾਰਤ ਬਨਾਮ ਆਸਟਰੇਲੀਆ 'ਚ ਮੁਕਾਬਲੇ

ਜਦੋਂ ਐਤਵਾਰ ਨੂੰ ਆਸਟਰੇਲੀਆ ਅਤੇ ਭਾਰਤ ਵਿਸ਼ਵ ਕੱਪ 2019 ਲਈ ਆਹਮੋ-ਸਾਹਮਣੇ ਮੈਦਾਨ 'ਚ ਹੋਣਗੇ ਤਾਂ ਇਨ੍ਹਾਂ ਦੋਵਾਂ ਵਿਚਾਲੇ ਖੇਡੇ ਗਏ ਪੁਰਾਣੇ ਮੈਚ ਦਿਮਾਗ਼ 'ਚ ਜ਼ਰੂਰ ਆਉਣਗੇ।

ਜੇਕਰ ਸਾਲ 2015 ਵਿੱਚ ਖੇਡਿਆ ਗਿਆ ਸੈਮੀਫਾਈਨਲ ਮੈਚ ਭਾਰਤ ਕਦੇ ਨਹੀਂ ਭੁੱਲ ਸਕਦਾ ਤਾਂ ਲਗਾਤਾਰ 3 ਵਾਰ ਵਿਸ਼ਵ ਕੱਪ ਟਰਾਫੀ ਜਿੱਤਣ ਤੋਂ ਬਾਅਦ ਆਸਟਰੇਲੀਆ ਲਈ ਸਾਲ 2011 'ਚ ਕੁਆਟਰ ਫਾਈਨਲ 'ਚ ਹਾਰ ਅਤੇ ਟੂਰਨਾਮੈਂਟ ਤੋਂ ਬਾਹਰ ਹੋਣਾ ਕਾਫੀ ਕੌੜਾ ਤਜ਼ਰੁਬਾ ਸੀ।

ਸਾਲ 2003 ਦਾ ਸੈਮੀਫਾਈਨਲ ਲਗਭਗ ਸਾਲ 2015 ਵਰਗਾ ਹੀ ਹੈ। ਇਨ੍ਹਾਂ ਦੋਵਾਂ ਮੈਚਾਂ ਦੌਰਾਨ ਆਸਟਰੇਲੀਆ ਨੇ ਪਹਿਲੀ ਪਾਰੀ 'ਚ ਵੱਡਾ ਸਕੌਰ ਬਣਾਇਆ ਸੀ ਅਤੇ ਭਾਰਤ ਵੱਡੇ ਫਰਕ ਨਾਲ ਹਾਰ ਗਿਆ ਸੀ।

ਸਾਲ 1999 ਦੇ ਸੁਪਰ ਸਿਕਸ ਮੈਚਾਂ ਦੌਰਾਨ ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 282 ਦੌੜਾਂ ਬਣਾਈਆਂ ਸਨ।

ਭਾਰਤੀ ਬੱਲੇਬਾਜ਼ਾਂ 'ਚ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ, ਰਾਹੁਲ ਡਰਾਵਿਡ ਅਤੇ ਅਜ਼ਹਰੁਦੀਨ ਸ਼ਾਮਿਲ ਸਨ, ਜਿਨ੍ਹਾਂ ਨੂੰ ਗਲੇਨ ਮੈਕਗਰਾ ਦੀ ਤੇਜ਼ ਗੇਂਦਬਾਜ਼ੀ ਨੇ ਚਕਮਾ ਦਿੱਤਾ ਸੀ।

ਇਨ੍ਹਾਂ ਮੈਚਾਂ ਦੌਰਾਨ ਆਸਟਰੇਲੀਆ ਦੇ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਨੇ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਜਿੱਤ ਆਪਣੇ ਦੇਸ ਦੀ ਝੋਲੀ 'ਚ ਪਾਈ।

ਸਾਲ 2003 ਵਿੱਚ ਰਿੱਕੀ ਪੌਂਟਿੰਗ ਅਤੇ ਡਾਮੀਨ ਮਾਰਟਨ ਅਤੇ 1999 ਵਿੱਚ ਮਾਰਕ ਵੌਗ ਅਤੇ ਮੈਕਗਰਾਥ ਵੱਡੇ ਖਿਡਾਰੀਆਂ ਵਜੋਂ ਉਭਰੇ ਸਨ।

ਆਸਟਰੇਲੀਆ ਦੀ ਟੀਮ ਦੇ ਵੱਡੇ ਖਿਡਾਰੀ ਵੱਡੇ ਦਿਨ ਫਾਰਮ 'ਚ ਆਉਂਦੇ ਹਨ। ਸੋ ਦੇਖਣਾ ਹੋਵੇਗਾ 2019 ਵਿੱਚ ਅਜਿਹਾ ਕਿਹੜਾ ਖਿਡਾਰੀ ਹੋਵੇਗਾ?

ਡੇਵਿਡ ਵਾਰਨਰ ਅਤੇ ਸਟੀਵਨ ਸਮਿੱਥ ਦੀ ਟੀਮ ਵਿੱਚ ਵਾਪਸੀ ਤੋਂ ਇਲਾਵਾ ਮਿਚਲ ਸਟਾਰਕ ਵੱਲੋਂ ਪਿਛਲੇ ਮੈਚ ਦੌਰਾਨ 5 ਵਿਕਟਾਂ ਲਈਆਂ ਸਨ, ਜਿਸ ਕਾਰਨ ਭਾਰਤ ਨੂੰ ਸਾਵਧਾਨ ਰਹਿਣਾ ਹੋਵੇਗਾ।

ਠੀਕ ਇਸੇ ਤਰ੍ਹਾਂ ਭਾਰਤੀ ਗੇਂਦਬਾਜ਼ਾਂ ਕੋਲੋਂ ਵੀ ਅਸਟਰੇਲੀਆ ਦੇ ਖ਼ਿਲਾਫ਼ ਅਜਿਹੀ ਆਸ ਰੱਖੀ ਜਾ ਰਹੀ ਹੈ।

ਅੱਜ ਐਤਵਾਰ ਨੂੰ ਮੌਸਮ ਦੀ ਵਧੀਆ ਭਵਿੱਖਬਾਣੀ ਤਹਿਤ ਲੰਡਨ ਦੇ ਓਵਲ ਵਿੱਚ ਭਾਰਤ ਬਨਾਮ ਆਸਟਰੇਲੀਆ ਦਾ ਮੈਚ ਹੋਣ ਜਾ ਜਾਣ ਰਿਹਾ ਹੈ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)