ਵਿਸ਼ਵ ਕੱਪ 2019: ICC ਨੂੰ ਧੋਨੀ ਦੇ ਦਸਤਾਨਿਆਂ 'ਤੇ ਇਤਰਾਜ਼ ਕਿਉਂ?

ਕ੍ਰਿਕਟ ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਭਾਰਤੀ ਵਿਕਟਕੀਪਰ-ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ ਦਸਤਾਨੇ ਕਾਫ਼ੀ ਚਰਚਾ ਵਿੱਚ ਰਹੇ। ਇੰਨ੍ਹਾਂ ਦਸਤਾਨਿਆਂ 'ਤੇ ਇੰਡੀਅਨ ਪੈਰਾ ਸਪੈਸ਼ਲ ਫੋਰਸੇਜ਼ ਦਾ ਚਿੰਨ੍ਹ 'ਰੈਜੀਮੈਂਟਲ ਡੈਗਰ' ਬਣਿਆ ਹੋਇਆ ਸੀ।

ਭਾਰਤ ਵਿੱਚ ਉਨ੍ਹਾਂ ਦੇ ਫੈਨਜ਼ ਨੇ ਧੋਨੀ ਦਾ ਫੌਜ ਨਾਲ ਪਿਆਰ ਕਿਹਾ ਸੀ ਅਤੇ ਇਸ ਕਾਰਨ ਉਨ੍ਹਾਂ ਦੀ ਸ਼ਲਾਘਾ ਵੀ ਕੀਤੀ ਸੀ।

ਪਰ ਆਈਸੀਸੀ ਚਾਹੁੰਦਾ ਹੈ ਕਿ ਧੋਨੀ ਦੁਬਾਰਾ ਇਹ ਦਸਤਾਨੇ ਨਾ ਪਾਉਣ। ਵੀਰਵਾਰ ਨੂੰ ਆਈਸੀਸੀ ਨੇ ਬੀਸੀਸੀਆਈ ਨੂੰ ਬੇਨਤੀ ਕੀਤੀ ਹੈ ਕਿ ਧੋਨੀ ਦੇ ਦਸਤਾਨਿਆਂ ਤੋਂ ਉਹ ਨਿਸ਼ਾਨ ਹਟਵਾ ਦੇਣ।

ਪਹਿਲੀ ਉਲੰਘਣਾਂ 'ਤੇ ਸਜ਼ਾ ਨਹੀਂ

ਆਈਸੀਸੀ ਦੀ ਜਨਰਲ ਮੈਨੇਜਰ, ਸਟ੍ਰੈਟੇਜਿਕ ਕਮਿਯੂਨੀਕੇਸ਼ਨਸ ਕਲੇਅਰ ਫਰਲਾਂਗ ਨੇ ਪੀਟੀਆਈ ਨੂੰ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਕਿਹਾ, "ਇਹ ਨਿਯਮਾਂ ਦੇ ਖਿਲਾਫ਼ ਹੈ ਅਤੇ ਅਸੀਂ ਇਸ ਨੂੰ ਹਟਾਉਣ ਦੀ ਬੇਨਤੀ ਕੀਤਾ ਹੈ।"

ਇਹ ਵੀ ਪੜ੍ਹੋ:

ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਇਸ ਨਿਯਮ ਦੀ ਉਲੰਘਣਾ 'ਤੇ ਕੋਈ ਸਜ਼ਾ ਵੀ ਹੋ ਸਕਦੀ ਹੈ ਤਾਂ ਕਲੇਅਰ ਨੇ ਕਿਹਾ, "ਪਹਿਲਾਂ ਉਲੰਘਣਾਂ ਲਈ ਨਹੀਂ, ਸਿਰਫ਼ ਉਸ ਨੂੰ ਹਟਾਉਣ ਦੀ ਬੇਨਤੀ ਕੀਤੀ ਗਈ ਹੈ।"

ਭਾਰਤ ਦਾ ਅਗਲਾ ਮੈਚ 9 ਜੂਨ, ਐਤਵਾਰ ਨੂੰ ਆਸਟਰੇਲੀਆ ਦੇ ਖਿਲਾਫ਼ ਹੈ।

ਪਹਿਲੇ ਮੈਚ ਵਿੱਚ ਧੋਨੀ ਦੇ ਹਰੇ ਦਸਤਾਨਿਆਂ 'ਤੇ ਜਦੋਂ ਕੁਰਬਾਨੀ ਦਾ ਇਹ ਚਿੰਨ੍ਹ ਦਿਖਿਆ ਅਤੇ ਫੈਨਜ਼ ਨੇ ਜਦੋਂ ਇਸ ਨੂੰ ਪਛਾਣਿਆਂ ਤਾਂ ਦੇਸ ਅਤੇ ਸੁਰੱਖਿਆ ਮੁਲਾਜ਼ਮਾਂ ਪ੍ਰਤੀ ਧੋਨੀ ਦੇ ਪਿਆਰ ਅਤੇ ਵਚਨਬੱਧਤਾ ਦੀ ਸ਼ਲਾਘਾ ਹੋਣ ਲੱਗੀ।

ਮਹਿੰਦਰ ਸਿੰਘ ਧੋਨੀ ਨੂੰ ਸਾਲ 2011 ਵਿੱਚ ਪੈਰਾਸ਼ੂਟ ਰੈਜੀਮੈਂਟ ਵਿੱਚ ਲੈਫ਼ਟੀਨੈਂਟ ਕਰਨਲ ਦਾ ਆਨਰੇਰੀ ਰੈਂਕ ਦਿੱਤਾ ਗਿਆ। ਸਾਲ 2015 ਵਿੱਚ ਉਨ੍ਹਾਂ ਨੇ ਪੈਰਾ ਬ੍ਰਿਗੇਡ ਦੇ ਤਹਿਤ ਟਰੇਨਿੰਗ ਵੀ ਕੀਤੀ ਸੀ।

ਇਸ ਨਿਸ਼ਾਨ ਦੀ ਚਰਚਾ ਹੋਈ ਤਾਂ ਸੋਸ਼ਲ ਮੀਡੀਆ 'ਤੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਦੇ ਬਾਰੇ ਲਿਖਣਾ ਸ਼ੁਰੂ ਕਰ ਦਿੱਤਾ।

ਜਗਦੀਸ਼ ਡਾਂਗੀ ਨੇ ਲਿਖਿਆ, "ਮਹਿੰਦਰ ਸਿੰਘ ਧੋਨੀ ਨੂੰ ਸਲਾਮ ਅਤੇ ਉਨ੍ਹਾਂ ਦਾ ਸਨਮਾਨ ਜਿਨ੍ਹਾਂ ਨੇ ਆਪਣੀ ਵਿਕਟਕੀਪਿੰਗ ਗਲਵਜ਼ ਤੇ ਕੁਰਬਾਨੀ ਦਾ ਇਨਸਿਗਨਿਆ ਪ੍ਰਿੰਟ ਕਰਵਾਇਆ ਹੈ। ਇਹ ਰੈਜ਼ੀਮੈਂਟਲ ਡੈਗਰ ਇਨਸਿਗਨਿਆ ਪੈਰਾ ਐਸਐਫ਼, ਪੈਰਾਸ਼ੂਟ ਰੈਜੀਮੈਂਟ ਨਾਲ ਜੁੜੀ ਹੋਈ ਭਾਰਤੀ ਫੌਜ ਦੀ ਸਪੈਸ਼ਲ ਆਪਰੇਸ਼ੰਸ ਯੂਨਿਟ ਦੀ ਨੁਮਾਇੰਦਗੀ ਕਰਦਾ ਹੈ।"

ਵਿਵੇਕ ਸਿੰਘ ਨੇ ਲਿਖਿਆ ਹੈ, "ਜੇ ਤੁਸੀਂ ਧੋਨੀ ਦੀ ਵਿਕਟਕੀਪਿੰਗ ਗਲੱਬਜ਼ ਨੂੰ ਗੌਰ ਨਾਲ ਦੇਖਿਆ ਹੈ ਤਾਂ ਇਨ੍ਹਾਂ 'ਤੇ ਪੈਰਾ ਲੋਗੋ ਬਣਿਆ ਹੈ। ਇਹ ਸਵੈਗ ਦਾ ਲੈਜੇਂਡਰੀ ਲੇਬਲ ਹੈ।"

ਰਾਮ ਨੇ ਟਵੀਟ ਕੀਤਾ ਹੈ, "ਇਸ ਕਾਰਨ ਦੁਨੀਆਂ ਮਹਿੰਦਰ ਸਿੰਘ ਧੋਨੀ ਨਾਲ ਪਿਆਰ ਕਰਦੀ ਹੈ। ਮਿਲਿਟਰੀ ਪੈਰਾ ਐਸਐਫ਼ ਦੇ ਪ੍ਰਤੀ ਪਿਆਰ ਅਤੇ ਹਮਾਇਤ ਜਤਾਉਣ ਲਈ ਤੁਹਾਡਾ ਧੰਨਵਾਦ। ਗੋਲੇ ਵਿੱਚ ਤੁਹਾਨੂੰ ਰੈਜ਼ੀਮੈਂਟਲ ਡੈਗਰ ਇਨਸਿਗਨਿਆ ਦਿਖ ਰਿਹਾ ਹੈ, ਜੋ ਭਾਰਤੀ ਸਪੈਸ਼ਲ ਫੋਰਸੇਜ਼ ਦਾ ਚਿੰਨ੍ਹ ਹੈ।"

ਭਾਰਤੀ ਫੌਜ ਦੀ ਪੈਰਾਸ਼ੂਟ ਯੂਨਿਟ, ਦੁਨੀਆਂ ਦੀ ਸਭ ਤੋਂ ਪੁਰਾਣੀ ਏਅਰਬੋਰਨ ਯੂਨਿਟ ਵਿੱਚੋਂ ਇੱਕ ਹੈ। 50ਵੀਂ ਭਾਰਤੀ ਪੈਰਾਸ਼ੂਟ ਬ੍ਰਿਗੇਡ ਦਾ ਗਠਨ 27 ਅਕਤੂਬਰ, 1941 ਵਿੱਚ ਹੋਇਆ ਸੀ।

ਇਹ ਬਰਤਾਨਵੀ 151ਵੀਂ ਬਟਾਲੀਅਨ, ਬ੍ਰਿਟਿਸ਼ ਇੰਡੀਅਨ ਆਰਮੀ 152ਵੀਂ ਭਾਰਤੀ ਪੈਰਾਸ਼ੂਟ ਬਟਾਲੀਅਨ ਅਤੇ 153ਵੀਂ ਗੋਰਖਾ ਪੈਰਾਸ਼ੂਟ ਬਟਾਲੀਅਨ ਤੋਂ ਮਿਲ ਕੇ ਬਣੀ ਸੀ।

ਇਹ ਵੀ ਪੜ੍ਹੋ:

ਸਾਲ 1952 ਵਿੱਚ ਪੈਰਾਸ਼ੂਟ ਰੈਜੀਮੈਂਟ ਦਾ ਗਠਨ ਇਨ੍ਹਾਂ ਤੋਂ ਅਤੇ ਦੂਜੀਆਂ ਕਈ ਇਕਾਈਆਂ ਨਾਲ ਮਿਲਾ ਕੇ ਕੀਤਾ ਗਿਆ ਸੀ।

ਪੈਰਾਸ਼ੂਟ ਰੈਜੀਮੈਂਟ ਵਿੱਚ ਫਿਲਹਾਲ ਨੌ ਸਪੈਸ਼ਲ ਫੋਰਸੇਜ਼, ਪੰਜ ਏਅਰਬੋਰਨ, ਦੋ ਟੈਰੀਟੋਰੀਅਲ ਆਰਮੀ ਅਤੇ ਇੱਕ ਕਾਊਂਟਰ ਇਨਸਰਜੈਂਸੀ (ਕੌਮੀ ਰਾਈਫਲਜ਼) ਬਟਾਲੀਅਨ ਹੈ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)