You’re viewing a text-only version of this website that uses less data. View the main version of the website including all images and videos.
ਸਿੱਧੂ ਦਾ ਬਦਲਿਆ ਮਹਿਕਮਾ - ਪੰਜਾਬ ਮੰਤਰੀ ਮੰਡਲ ਕਈ ਮੰਤਰੀਆਂ ਦੇ ਵਿਭਾਗਾਂ ਚ ਰੱਦੋਬਦਲ
ਪੰਜਾਬ ਦੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਹੋਈ ਕੈਬਨਿਟ ਦੀ ਪਹਿਲੀ ਬੈਠਕ ਦੌਰਾਨ ਵਜ਼ਾਰਤ ਵਿੱਚ ਫੇਰ-ਬਦਲ ਦਾ ਫੈਸਲਾ ਲਿਆ ਗਿਆ।
ਬੈਠਕ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਕੈਬਨਿਟ ਵਿੱਚ ਤਾਜ਼ਾਪਣ ਆਵੇਗਾ ਤੇ ਕਾਰਜਕੁਸ਼ਲਤਾ ਵਿੱਚ ਸੁਧਾਰ ਆਵੇਗਾ।
ਨਵਜੋਤ ਸਿੰਘ ਸਿੱਧੂ ਤੋਂ ਉਨ੍ਹਾਂ ਦਾ ਸ਼ਹਿਰੀ ਵਿਕਾਸ ਦਾ ਮਹਿਕਮਾ ਲੈ ਕੇ ਬ੍ਰਹਮ ਮੋਹਿੰਦਰਾ ਨੂੰ ਦੇ ਦਿੱਤਾ ਗਿਆ ਹੈ।
ਜਦਕਿ ਸਿੱਧੂ ਨੂੰ ਪੰਜਾਬ ਦੇ ਨਵੇਂ ਬਿਜਲੀ ਮੰਤਰੀ ਲਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਸੂਬੇ ਵਿੱਚ ਕਾਂਗਰਸ ਵੱਲੋਂ ਸੀਟਾਂ ਹਾਰ ਜਾਣ ਦਾ ਜ਼ਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਠਹਿਰਾਇਆ ਸੀ।
ਮੁਖ ਤੌਰ 'ਤੇ ਸਿੱਧੂ ਨੇ ਕਿਹਾ ਹੈ ਕਿ ਜੇ ਪੁਲਿਸ ਉਨ੍ਹਾਂ ਦੇ ਵਿਭਾਗ ਹੇਠਾਂ ਹੁੰਦੀ ਤਾਂ ਉਹ ਨਸ਼ੇ ਦੇ ਕਥਿਤ ਵੱਡੇ ਕਾਰੋਬਾਰੀਆਂ ਨੂੰ ਅੰਦਰ ਡੱਕ ਚੁੱਕੇ ਹੁੰਦੇ। ਪੁਲਿਸ ਮੁੱਖ ਮੰਤਰੀ ਹੇਠਾਂ ਹੈ।
ਲੋਕ ਸਭਾ ਚੋਣਾਂ ਵੇਲੇ ਵੀ ਸਿੱਧੂ ਨੇ ਇਸ਼ਾਰਾ ਕੀਤਾ ਕਿ ਕੁਝ ਕਾਂਗਰਸੀ ਅਕਾਲੀ ਦਲ ਨਾਲ ਫਰੈਂਡਲੀ ਮੈਚ ਖੇਡ ਰਹੇ ਹਨ।
ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਦੇ ਮਹਿਕਮੇ ਹੇਠਾਂ ਆਉਣ ਵਾਲੇ ਸ਼ਹਿਰੀ ਵਿਕਾਸ ਮੰਤਰਾਲਾ ਦੁਆਰਾ ਸਹੀ ਕੰਮ ਨਾ ਹੋਣ ਕਰਕੇ ਨੁਕਸਾਨ ਹੋਇਆ।
ਪਰ ਸਿੱਧੂ ਨੇ ਜਵਾਬ ਵਜੋਂ ਕੁਝ ਅੰਕੜੇ ਪੇਸ਼ ਕੀਤੇ ਅਤੇ ਦਾਅਵਾ ਕੀਤਾ ਕਿ ਸ਼ਹਿਰੀ ਹਲਕਿਆਂ ਵਿੱਚ ਤਾਂ ਸਗੋਂ ਕਾਂਗਰਸ ਨੇ ਚੰਗਾ ਪ੍ਰਦਰਸ਼ਨ ਕੀਤਾ।
ਕਿਸ ਤੋਂ ਕਿਹੜਾ ਮਹਿਕਮਾ ਖੁਸਿਆ ਤੇ ਕਿਸ ਨੂੰ ਮਿਲਿਆ
ਸਥਾਨਕ ਸਰਕਾਰਾਂ ਬਾਰੇ ਮਹਿਕਮਾ ਮੁੱਖ ਮੰਤਰੀ ਨੇ ਆਪਣੇ ਸੀਨੀਅਰ ਸਾਥੀ ਬ੍ਰਹਮ ਮੋਹਿੰਦਰਾ ਨੂੰ ਦਿੱਤਾ ਹੈ। ਬ੍ਰਹਮ ਮਹਿੰਦਰਾ ਪਹਿਲਾਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਸੰਭਾਲ ਰਹੇ ਸਨ ਜੋ ਕਿ ਹੁਣ ਬਲਬੀਰ ਸਿੰਘ ਸਿੱਧੂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਸਿੱਧੂ ਦਾ ਦੂਸਰਾ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਗਿਆ ਹੈ।
ਚੰਨੀ ਪਹਿਲਾਂ ਤਕਨੀਕੀ ਸਿੱਖਿਆ ਤੇ ਸਨਅਤੀ ਸਿਖਲਾਈ ਤੇ ਰੁਜ਼ਗਾਰ ਜਰਨਲ ਸੰਭਾਲ ਰਹੇ ਸਨ। ਉਨ੍ਹਾਂ ਦਾ ਦੂਸਰਾ, ਵਿਗਿਆਨ ਤੇ ਤਕਨੀਕੀ ਵਿਭਾਗ ਹੁਣ ਮੁੱਖ ਮੰਤਰੀ ਨੇ ਆਪਣੇ ਕੋਲ ਰੱਖ ਲਿਆ ਹੈ।
ਬਲਬੀਰ ਸਿੰਘ ਸਿੱਧੂ ਦਾ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਮਹਿਕਮਾ ਨਵੇਂ ਰੱਦੋ-ਬਦਲ ਮੁਤਾਬਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਦਿੱਤਾ ਗਿਆ ਹੈ। ਬਾਜਵਾ ਨੂੰ ਉਚੇਰੀ ਸਿੱਖਿਆ ਮੰਤਰੀ ਵੀ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਬਾਜਵਾ ਕੋਲ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੀ ਬਣੇ ਰਹਿਣਗੇ।
ਬਾਜਵਾ ਤੋਂ ਹਾਊਸਿੰਗ ਤੇ ਸ਼ਹਿਰੀ ਵਿਕਾਸ ਵਿਭਾਗ ਲੈ ਕੇ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਦੇ ਦਿੱਤਾ ਗਿਆ ਹੈ।
ਸਰਕਾਰੀਆ ਤੋਂ ਮਾਲ ਮਹਿਕਮਾ ਲੈ ਕੇ ਗੁਰਪ੍ਰੀਤ ਸਿੰਘ ਕਾਂਗੜ ਨੂੰ ਸੌਂਪ ਦਿੱਤਾ ਗਿਆ ਹੈ। ਕਾਂਗੜ ਕੋਲ ਰੀਹੈਬਲੀਟੇਸ਼ਨ ਤੇ ਆਪਦਾ ਪ੍ਰਬੰਧਨ ਮਹਿਕਮਾ ਵੀ ਪਹਿਲਾਂ ਵਾਂਗ ਰਹੇਗਾ।
ਇਹ ਵੀ ਪੜ੍ਹੋ:
ਮਨਪ੍ਰੀਤ ਸਿੰਘ ਬਾਦਲ, ਵਿੱਤ, ਯੋਜਨਾਬੰਦੀ ਤੇ ਪ੍ਰੋਗਰਾਮ ਇੰਪਲੀਮੈਂਟੇਸ਼ਨ ਵਿਭਾਗ ਸੰਭਾਲਦੇ ਰਹਿਣਗੇ। ਜਦਕਿ ਉਨ੍ਹਾਂ ਦਾ ਦੂਸਰਾ, ਸਰਕਾਰੀ ਸੁਧਾਰਾਂ ਬਾਰੇ ਮਹਿਕਮਾ ਮੁੱਖ ਮੰਤਰੀ ਨੇ ਆਪਣੇ ਕੋਲ ਰੱਖ ਲਿਆ ਹੈ।
ਸਕੂਲ ਸਿੱਖਿਆ ਵਿਭਾਗ ਓਮ ਪ੍ਰਕਾਸ਼ ਸੋਨੀ ਤੋਂ ਲੈ ਕੇ ਵਿਜੇਇੰਦਰ ਸਿੰਗਲਾ ਨੂੰ ਦੇ ਦਿੱਤਾ ਗਿਆ ਹੈ।
ਸਿੰਗਲਾ ਕੋਲ ਪਬਲਿਕ ਵਰਕਸ ਵਿਭਾਗ ਬਣਿਆ ਰਹੇਗਾ ਪਰ ਮੁੱਖ ਮੰਤਰੀ ਨੇ ਉਨ੍ਹਾਂ ਤੋਂ ਸੂਚਨਾ ਤਕਨੌਲੋਜੀ ਵਿਭਾਗ ਲੈ ਲਿਆ ਹੈ।
ਸੋਨੀ ਹੁਣ ਮੈਡੀਕਲ ਸਿੱਖਿਆ ਤੇ ਖੋਜ, ਸੁਤੰਤਰਤਾ ਘੁਲਾਟੀਆਂ ਦਾ ਮਹਿਕਮਾ ਤੇ ਫੂਡ ਪ੍ਰੋਸੈਸਿੰਗ ਵਿਭਾਗਾਂ ਦੀ ਦੇਖਭਾਲ ਕਰਨਗੇ।
ਰਾਣਾ ਗੁਰਜੀਤ ਸਿੰਘ ਸੋਢੀ ਕੋਲ ਹੁਣ ਉਨ੍ਹਾਂ ਦੇ ਪਹਿਲੇ ਮਹਿਕਮੇ ਖੇਡਾਂ ਤੇ ਯੁਵਕ ਮਾਮਲਿਆਂ ਤੋਂ ਇਲਾਵਾ ਐੱਨਆਰਆਈ ਮਹਿਕਮਾ ਵੀ ਸੰਭਾਲਣਗੇ। ਇਹ ਪਹਿਲਾਂ ਮੁੱਖ ਮੰਤਰੀ ਦੀ ਆਪਣੀ ਨਿਗਰਾਨੀ ਹੇਠ ਸੀ।
ਰਜ਼ੀਆ ਸੁਲਤਾਨਾ ਨੂੰ ਸੂਬੇ ਦੀ ਨਵੀਂ ਟਰਾਂਸਪੋਰਟ ਮੰਤਰੀ ਬਣਾਇਆ ਗਿਆ ਹੈ। ਉਹ ਅਰੁਣਾ ਚੌਧਰੀ ਦੀ ਥਾਂ ਲੈਣਗੇ।
ਰਜ਼ੀਆ ਕੋਲ ਪਹਿਲਾਂ ਹੀ ਜਲ ਸਪਲਾਈ ਵਿਭਾਗ ਸੀ ਪਰ ਉਨ੍ਹਾਂ ਤੋਂ ਉਚੇਰੀ ਸਿੱਖਿਆ ਵਿਭਾਗ ਲੈ ਲਿਆ ਗਿਆ ਹੈ।
ਅਰੁਣਾ ਨੂੰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਲ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਸ ਤੋਂ ਇਲਵਾ ਚਾਰ ਮੰਤਰੀਆਂ ਦੇ ਵਿਭਾਗਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਹ ਮੰਤਰੀ ਹਨ— ਸਾਧੂ ਸਿੰਘ ਧਰਮਸੋਤ (ਜੰਗਲਾਤ, ਛਪਾਈ ਤੇ ਸਟੇਸ਼ਨਰੀ, ਐੱਸੀ ਬੀਸੀ ਭਲਾਈ), ਸੁਖਜਿੰਦਰ ਸਿੰਘ ਰੰਧਾਵਾ (ਕਾਰਪੋਰੇਸ਼ਨ, ਜੇਲ੍ਹ) ਸੁੰਦਰ ਸ਼ਾਮ ਅਰੋੜਾ (ਸਨਅਤ ਅਤੇ ਕਾਰੋਬਾਰ) ਅਤੇ ਭਾਰਤ ਭੂਸ਼ਣ ਆਸ਼ੂ (ਖ਼ੁਰਾਕ ਤੇ ਨਾਗਰਿਕ ਪੂਰਤੀ, ਗਾਹਕ ਮਾਮਲੇ)।
ਇਹ ਵੀ ਪੜੋ:
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ