1984 ਆਪਰੇਸ਼ਨ ਬਲੂ ਸਟਾਰ : ਜਥੇਦਾਰ ਦਾ 'ਸੰਵਾਦ' ਦੀ ਪੁਨਰ ਸੁਰਜੀਤੀ ਦਾ ਸੰਦੇਸ਼ ਤੇ ਮੁਤਵਾਜ਼ੀ ਜਥੇਦਾਰ ਨੇ ਕੀਤੀ ਸੰਸਦ ਤੋਂ ਮਾਫ਼ੀ ਦੀ ਮੰਗ

ਜੂਨ 1984 ਵਿੱਚ ਭਾਰਤੀ ਫੌਜ ਵਲੋਂ ਵਰਤਾਏ ਗਏ ਸਾਕਾ ਨੀਲਾ ਤਾਰਾ ਦੀ 35ਵੀਂ ਬਰਸੀ ਮੌਕੇ ਅਕਾਲ ਤਖ਼ਤ ਉੱਤੇ ਸਮਾਗਮ ਹੋਏ।

ਦਰਬਾਰ ਸਾਹਿਬ ਕੰਪਲੈਕਸ ਵਿਚ ਕੁਝ ਲੋਕ ਹੱਥਾਂ ਵਿਚ ਖਾਲਿਸਤਾਨ ਪੱਖੀ ਤਖਤੀਆਂ ਫੜ ਕੇ ਪਹੁੰਚੇ। ਉਹ 6 ਜੂਨ ਨੂੰ ਖਾਲਿਸਤਾਨ ਦਿਵਸ ਐਲਾਨਣ ਦੀ ਮੰਗ ਕਰ ਰਹੇ ਸਨ। ਉਨ੍ਹਾਂ ਵਲੋਂ ਕੰਪਲੈਕਸ ਵਿਚ ਗਰਮਪੱਖੀ ਨਾਅਰੇ ਵੀ ਲਾਏ ਗਏ।

ਧੱਕਾ ਮੁੱਕੀ ਦੌਰਾਨ ਅਕਾਲ ਤਖਤ ਅੱਗੇ ਲਾਈਆ ਰੋਕਾ ਨੂੰ ਵੀ ਤੋੜ ਦਿੱਤਾ ਗਿਆ। ਕੁਝ ਲੋਕ ਜਰਨੈਲ ਸਿੰਘ ਭਿੰਡਰਾਵਾਲੇ ਦੇ ਬੈਨਰ ਫੜ ਕੇ ਖਾਲਿਸਤਾਨ ਪੱਖੀ ਨਾਅਰੇ ਲਾ ਰਹੇ ਸਨ।

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਕੁਝ ਸਿੱਖ ਨੌਜਵਾਨ ਨੰਗੀਆਂ ਤਲਵਾਰਾਂ ਲੈ ਕੇ ਪਰਿਕਰਮਾ ਵਿਚ ਨੰਗੀਆਂ ਤਲਵਾਰਾਂ ਲੈ ਕੇ ਨਾਅਰੇ ਲਾਉਦੇ ਮਾਰਚ ਕਰਦੇ ਵੀ ਦੇਖੇ ਗਏ। ਇਨ੍ਹਾਂ ਦੇ ਨਾਅਰਿਆਂ ਵਿਚ 'ਖਾਲਿਸਤਾਨ ਜ਼ਿੰਦਾਬਾਦ' ਤੋਂ ਲੈ ਕੇ 'ਪੰਜਾਬ ਸਰਕਾਰ ਮੁਰਦਾਬਾਦ' ਤੱਕ ਦੇ ਕਈ ਨਾਅਰੇ ਸ਼ਾਮਲ ਸਨ।

ਅਕਾਲੀ ਆਗੂ ਸਿਮਰਨਜੀਤ ਸਿੰਘ ਮਾਨ ਦੀ ਅਕਾਲ ਤਖਤ ਆਮਦ ਮੌਕੇ ਉਨ੍ਹਾਂ ਨਾਲ ਚੱਲ ਰਹੇ ਉਨ੍ਹਾਂ ਦੇ ਸਮਰਥਕ ਵੀ ਨਾਅਰੇਬਾਜ਼ੀ ਕਰਦੇ ਦਿਖ ਰਹੇ ਸਨ।

ਜਥੇਦਾਰ ਹਰਪ੍ਰੀਤ ਸਿੰਘ ਨੇ ਕੀ ਕਿਹਾ

ਅਕਾਲ ਤਖ਼ਤ ਸਾਹਿਬ ਤੋਂ ਬੋਲਦਿਆ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ, ''ਅੱਜ ਕੌਮ ਸੰਕਟ ਵਿੱਚੋਂ ਗੁਜ਼ਰ ਰਹੀ ਹੈ। ਆਓ ਰਲ ਮਿਲ ਕੇ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਰਵਾਇਤਾਂ ਨੂੰ ਪੁਨਰ ਸੁਰਜੀਤ ਕਰੀਏ ਜਦੋਂ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਬੈਠ ਕੇ ਸੰਵਾਦ ਰਚਾਉਂਦੇ ਸੀ ਅਤੇ ਮਤਭੇਦ ਖ਼ਤਮ ਕਰਦੇ ਸਨ।

ਜਥੇਦਾਰ ਨੇ ਸੰਖੇਪ ਜਿਹੇ ਸੰਦੇਸ਼ ਵਿਚ ਦੂਜਾ ਮਸਲਾ ਪੰਜਾਬੀ ਨੌਜਵਾਨੀ ਦੇ ਪਰਵਾਸ ਦਾ ਚੁੱਕਿਆ।

ਉਨ੍ਹਾਂ ਕਿਹਾ, ''ਸਾਡੀ ਨੌਜਵਾਨੀ ਵਿਦੇਸ਼ ਵੱਲ ਜਾ ਰਹੀ ਹੈ। ਉੱਥੇ ਜਾ ਕੇ ਡਾਕਟਰ ਬਣਦੀ, ਇੰਜੀਨਿਅਰ ਬਣਦੀ ਵਕੀਲ ਬਣਦੀ ਸਾਨੂੰ ਕੋਈ ਚਿੰਤਾ ਨਹੀਂ ਸੀ। ਪਰ ਲੇਬਰ ਕਰਨ ਵਾਸਤੇ ਜਾ ਰਹੀ ਹੈ।"

"ਹਾਲਾਤ ਇਹੀ ਰਹੇ ਤਾਂ ਸਟੇਟ ਵਿਚ ਚੀਫ ਸੈਕਟਰੀ ਅਤੇ ਡੀਜੀਪੀ ਵਰਗਿਆਂ ਅਹੁਦਿਆਂ ਉੱਤੇ ਭਾਰਤ ਤਾਂ ਕੀ ਪੰਜਾਬ ਵਿਚ ਇੱਕ ਸਿੱਖ ਅਫਸਰ ਨਹੀਂ ਦਿਖਣਾ। ਇਸ ਲਈ ਪੜ੍ਹੋ-ਲਿਖੋ, ਜੇਕਰ ਵਿਦੇਸ਼ ਵੀ ਜਾਣਾ ਹੈ ਤਾਂ ਪੜ੍ਹ ਕੇ ਉੱਚ ਅਹੁਦਿਆਂ ਉੱਤੇ ਕੰਮ ਕਰਨ ਲਈ ਜਾਓ, ਵਿਦੇਸ਼ਾਂ ਵਿਚ ਚਾਕਰੀ ਕਰਨ ਲਈ ਨਹੀਂ।''

ਸਾਕਾ ਜੂਨ '84

ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾਂ ਦੇ ਮਸਲੇ ਬੇਬਾਕੀ ਨਾਲ ਚੁੱਕਣ ਕਾਰਨ ਸਿਆਸਤ ਦੇ ਕੇਂਦਰ ਬਿੰਦੂ ਬਣ ਚੁੱਕੇ ਸਨ। ਅਕਤੂਬਰ 1983ਵਿੱਚ ਢਿੱਲਵਾਂ ਬੱਸ ਕਾਂਡ ਦੌਰਾਨ 6 ਹਿੰਦੂ ਮਾਰੇ ਗਏ ਤੇ ਪੰਜਾਬ 'ਚ ਕਾਂਗਰਸ ਦੀ ਦਰਬਾਰਾ ਸਿੰਘ ਸਰਕਾਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ਉੱਤੇ ਭੰਗ ਕਰ ਦਿੱਤਾ ਗਿਆ। ਪੰਜਾਬ ਵਿੱਚ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਤੇ 1984 ਵਿੱਚ ਜੂਨ ਤੱਕ ਹਿੰਸਕ ਵਾਰਦਾਤਾਂ ਵਿੱਚ ਦਰਜਨਾਂ ਆਮ ਲੋਕ ਅਤੇ ਪੁਲਿਸ ਮੁਲਾਜ਼ਮ ਮਾਰੇ ਜਾ ਚੁੱਕੇ ਸਨ। ਉਸ ਤੋਂ ਬਾਅਦ ਜੂਨ 1984 ਦੌਰਾਨ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤਾ ਗਿਆ ਹਮਲਾ 'ਆਪਰੇਸ਼ਨ ਬਲੂ ਸਟਾਰ' ਵਜੋਂ ਜਾਣਿਆਂ ਜਾਂਦਾ ਹੈ। ਸਰਕਾਰ ਮੁਤਾਬਕ ਇਹ ਹਮਲਾ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਅਕਾਲ ਤਖ਼ਤ ਉੱਤੇ ਬੈਠੇ ਹਥਿਆਰਬੰਦ ਖਾੜਕੂਆਂ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਚੋਂ ਕੱਢਣ ਲਈ ਕੀਤਾ ਗਿਆ। ਹਮਲੇ ਦੌਰਾਨ ਫੌਜ ਦੀ ਅਗਵਾਈ ਕਰ ਰਹੇ ਜਨਰਲ ਕੁਲਦੀਪ ਸਿੰਘ ਬਰਾੜ ਦਾਅਵਾ ਕਰਦੇ ਹਨ ਕਿ ਭਿੰਡਰਾਂਵਾਲੇ ਜਾਂ ਉਨ੍ਹਾਂ ਦੇ ਸਾਥੀ ਵੱਖਰੇ ਰਾਜ ਖਾਲਿਸਤਾਨ ਦਾ ਐਲਾਨ ਕਰਨ ਵਾਲੇ ਸਨ ਅਤੇ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਦੀ ਮਦਦ ਮਿਲ ਸਕਦੀ ਸੀਇਸ ਲਈ ਫੌਜੀ ਐਕਸ਼ਨ ਕਰਨਾ ਜ਼ਰੂਰੀ ਸੀ। ਪਰ ਸਿੱਖ ਵਿਦਵਾਨ ਤੇ ਭਿੰਡਰਾਂਵਾਲਿਆਂ ਦੇ ਸਲਾਹਾਕਾਰ ਰਹੇ ਡਾਕਟਰ ਭਗਵਾਨ ਸਿੰਘ ਇਸ ਦਾਅਵੇ ਨੂੰ ਰੱਦ ਕਰਦੇ ਹਨ ਉਨ੍ਹਾਂ ਮੁਤਾਬਕ ਇਹ ਯੋਜਨਾ ਪਹਿਲਾਂ ਗਿਣੀ-ਮਿਥੀ ਗਈ ਸੀ।ਸਿੱਖ ਆਗੂਆਂ ਮੁਤਾਬਕ ਇਸ ਹਮਲੇ ਰਾਹੀਂ ਦੇਸ਼ ਦੀਆਂ ਕੁਝ ਸਿਆਸੀ ਧਿਰਾਂ ਮੁਲਕ ਵਿੱਚ ਫਿਰਕੂ ਧਰੁਵੀਕਰਨ ਕਰਕੇ ਆਪਣੇ ਸਿਆਸੀ ਹਿੱਤ ਪੂਰਨਾ ਚਾਹੁੰਦੀਆਂ ਸਨ। ਸਰਕਾਰੀ ਵਾਟ ਪੇਪਰ ਮੁਤਾਬਕ ਹਮਲੇ 'ਚ 83 ਫੌਜੀ ਤੇ 493 ਆਮ ਲੋਕ ਮਾਰੇ ਗਏ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਵਿੱਚ 743 ਨਾਂ ਸ਼ਾਮਲ ਹਨ। ਪੰਜਾਬ ਪੁਲਿਸ ਦੇ ਤਤਕਾਲੀਅਧਿਕਾਰੀ ਅਪਾਰ ਸਿੰਘ ਬਾਜਵਾ ਨੇ ਬੀਬੀਸੀ ਨੂੰ 2004 ਵਿੱਚ ਦੱਸਿਆ ਸੀ ਕਿ ਉਨ੍ਹਾਂ 800 ਲਾਸ਼ਾਂ ਆਪ ਗਿਣੀਆਂ ਸਨ। ਜਦਕਿ ਮਨੁੱਖੀ ਅਧਿਕਾਰ ਕਾਰਕੁਨ ਇੰਦਰਜੀਤ ਸਿੰਘ ਜੇਜੀ ਅਤੇ ਕਈ ਮੰਨੇ-ਪ੍ਰਮੰਨੇ ਪੱਤਰਕਾਰ ਤੇ ਵਿਦਵਾਨ ਮ੍ਰਿਤਕਾਂ ਦੀ ਗਿਣਤੀ 4,000 ਤੋਂ 5,000 ਹੋਣ ਦਾ ਦਾਅਵਾ ਕਰਦੇ ਹਨ। ਇਸ ਸਾਕੇ ਦੇ ਵੱਖ-ਵੱਖ ਪਹਿਲੂਆਂ ਨੂੰ ਬਿਆਨ ਕਰ ਰਹੀ ਖਾਸ ਲੜੀ ਜੂਨ 2018 ਵਿਚ ਪ੍ਰਕਾਸ਼ਿਤ ਕੀਤੀ ਗਈ ਸੀ।

ਭਾਰਤੀ ਸੰਸਦ ਹਮਲੇ ਲਈ ਮਾਫ਼ੀ ਮੰਗੇ

ਇਸ ਮੌਕੇ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਸੰਦੇਸ਼ ਦਾ ਪੋਸਟਰ ਛਾਪ ਕੇ ਉਨ੍ਹਾਂ ਦਾ ਸਮਰਥਕ ਵੀ ਪਹੁੰਚੇ ਹੋਏ ਸਨ।

ਮੁਤਵਾਜ਼ੀ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਰਤੀ ਸੰਸਦ ਨੂੰ ਮਤਾ ਪਾਸ ਕਰਕੇ ਅਕਾਲ ਤਖ਼ਤ ਸਾਹਿਬ ਉੱਤੇ ਫੌਜੀ ਹਮਲੇ ਲਈ ਮਾਫ਼ੀ ਮੰਗਣੀ ਚਾਹੀਦੀ ਸੀ।

ਮੰਡ ਦਾ ਕਹਿਣ ਸੀ ਕਿ ਜੇਕਰ ਅਜਿਹਾ ਨਹੀਂ ਹੋਇਆ ਤੇ ਮਾਫੀ ਨਹੀਂ ਮੰਗੀ ਤਾਂ ਇਸ ਦਾ ਅਰਥ ਹੈ ਕਿ ਘੱਟ ਗਿਣਤੀਆਂ ਦੇ ਕਤਲਾਂ ਦਾ ਦੇਸ ਨੇ ਕਦਮ ਚੁੱਕਿਆ ਹੈ। ਇਹ ਦੇਸ ਲਈ ਬਹੁਤ ਖਤਰੇ ਵਾਲੀ ਗੱਲ ਹੈ।

ਧਿਆਨ ਸਿੰਘ ਮੰਡ ਨੇ ਕਿਹਾ ਕਿ ਜਦੋਂ ਤੱਕ ਭਾਰਤੀ ਸੰਸਦ ਇਸ ਬਾਰੇ ਮਤਾ ਪਾਕੇ ਮਾਫ਼ੀ ਨਹੀਂ ਮੰਗਦੀ ਉਦੋਂ ਤੱਕ ਅਸੀਂ ਚੁੱਪ ਕਰਕੇ ਬੈਠਾਂਗੇ। ਉਨ੍ਹਾਂ ਸਿੱਖ ਨੌਜਵਾਨਾਂ ਦੀਆਂ ਗੈਰ ਕਾਨੂੰਨੀ ਹਿਰਾਸਤਾਂ ਖਤਮ ਕਰਨ ਦੀ ਮੰਗ ਕੀਤੀ ।

ਉਨ੍ਹਾਂ ਕਿਹਾ ਕਿ ਗੁਰੂ ਘਰ ਵਿਚ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਗਿਆ ਅਤੇ ਅਕਾਲ ਤਖ਼ਤ ਨੂੰ ਜੰਜੀਰਾਂ ਵਿਚ ਜਕੜ ਕੇ ਰੱਖਿਆ ਗਿਆ ਹੈ। ਇਹ ਕੁਝ ਪਰਿਵਾਰਾਂ ਦਾ ਇੱਥੇ ਕਬਜ਼ਾ ਹੈ ਅਤੇ ਉਨ੍ਹਾਂ ਨੇ ਆਪਣਾ ਰੌਅਬ ਇੱਥੇ ਦਿਖਾਇਆ।

ਅਕਾਲ ਤਖਤ ਉੱਤੇ ਹੁੱਲੜਬਾਜ਼ੀ ਸੰਗਤਾਂ ਵਿਚੋਂ ਕਿਸੇ ਨੇ ਨਹੀਂ ਕੀਤੀ ਬਲਕਿ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਮਰਿਆਦਾ ਨੂੰ ਭੰਗ ਕੀਤਾ ਹੈ।

ਸੁਰੱਖਿਆ ਦੇ ਸਖ਼ਤ ਇੰਤਜਾਮ

ਸਮਾਗਮ ਮੌਕੇ ਕਿਸੇ ਵੀ ਸੰਭਾਵੀ ਗੜਬੜ ਨੂੰ ਰੋਕਣ ਲਈ 500 ਦੇ ਕਰੀਬ ਪੁਲਿਸ ਮੁਲਾਜ਼ਮ ਦਰਬਾਰ ਸਾਹਿਬ ਕੰਪਲੈਕਸ ਵਿਚ ਤੈਨਾਤ ਕੀਤੇ ਗਏ ਸਨ ।

ਪੂਰੇ ਅੰਮ੍ਰਿਤਸਰ ਸ਼ਹਿਰ ਵਿਚ 5 ਹਜ਼ਾਰ ਸੁਰੱਖਿਆ ਮੁਲਾਜ਼ਮ ਤੈਨਾਤ ਕੀਤੇ ਗਏ ਸਨ।

ਦਰਬਾਰ ਸਾਹਿਬ ਕੰਪਲੈਕਸ ਵਿਚ ਸ਼੍ਰੋਮਣੀ ਕਮੇਟੀ ਪੱਖੀ ਸਿੱਖ ਸੰਗਠਨਾਂ ਅਤੇ ਚੱਬਾ ਦੇ ਸਰਬੱਤ ਖਾਲਸਾ ਨਾਂ ਦੇ ਇਕੱਠ ਦੌਰਾਨ ਥਾਪੇ ਗਏ ਮੁਤਵਾਜ਼ੀ ਜਥੇਦਾਰਾਂ ਦੇ ਸਮਰਥਕਾਂ ਵਿਚਾਲੇ ਮੰਚ ਤੋਂ ਬੋਲਣ ਸਮੇਂ ਖਿੱਚੋਤਾਣ ਹੋਣ ਦਾ ਡਰ ਸੀ।

ਇਹ ਵੀ ਪੜ੍ਹੋ:

ਅਕਾਲ ਤਖ਼ਤ ਤੋਂ ਕੌਮ ਦੇ ਨਾਂ ਸੰਦੇਸ਼ ਦਾ ਰੇੜਕਾ

ਹਰ ਸਾਲ 6 ਜੂਨ ਨੂੰ ਦਰਬਾਰ ਸਾਹਿਬ ਕੰਪਲੈਕਸ ਵਿਚ ਹੋਣ ਵਾਲੇ ਸਮਾਗਮਾਂ ਮੌਕੇ ਅਕਾਲ ਤਖ਼ਤ ਸਾਹਿਬ ਤੋਂ ਮੌਜੂਦਾ ਜਥੇਦਾਰ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਾ ਹੈ। ਪਰ ਪਿਛਲੇ ਸਮੇਂ ਦੌਰਾਨ ਦੇਖਿਆ ਗਿਆ ਹੈ ਕਿ ਇਨ੍ਹਾਂ ਸਮਾਗਮਾਂ ਦੌਰਾਨ ਮੰਚ ਉੱਤੋਂ ਬੋਲਣ ਨੂੰ ਲੈ ਕੇ ਕਾਫ਼ੀ ਖਿੱਚੋਤਾਣ ਹੁੰਦੀ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਉੱਤੇ ਅਕਾਲੀ ਦਲ ਬਾਦਲ ਦਾ ਕਬਜ਼ਾ ਹੈ ਅਤੇ ਉਨ੍ਹਾਂ ਦੇ ਸਮਰਥਕਾਂ ਅਤੇ ਹੋਰ ਪੰਥਕ ਸੰਗਠਨਾਂ ਤੇ ਸਿਮਰਨਜੀਤ ਸਿੰਘ ਮਾਨ ਦੇ ਅਕਾਲੀ ਦਲ ਵਰਗੀਆਂ ਧਿਰਾਂ ਵਿਚਾਲੇ ਝਗੜਾ ਤੱਕ ਹੋਰ ਜਾਂਦਾ ਹੈ।

ਕਈ ਵਾਰ ਤਾਂ ਤਲਵਾਰਾਂ ਤੱਕ ਚੱਲ ਜਾਂਦੀਆਂ ਹਨ। ਗਰਮ ਤੇ ਨਰਮ ਦਲੀਆਂ ਦੇ ਸਮਰਥਕ ਆਹਮੋ-ਸਾਹਮਣੇ ਹੁੰਦੇ ਹਨ।

ਇਸ ਵਾਰ ਵੀ ਅਕਾਲ ਤਖ਼ਤ ਦੇ ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਮਾਂਤਰ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਦੇ ਬੋਲਣ ਨੂੰ ਲੈ ਕੇ ਗੜਬੜ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ। ਦੋਵਾਂ ਧਿਰਾਂ ਵਲੋਂ ਇੱਕ ਦੂਜੇ ਉੱਤੇ ਗੜਬੜ ਕਰਾਉਣ ਦੇ ਦੋਸ਼ ਵੀ ਲਾਏ ਗਏ।

ਇਹ ਵੀ ਪੜ੍ਹੋ:

ਜਿੱਥੇ ਇੱਕ ਪਾਸੇ ਸਿੱਖ ਸੰਗਠਨ ਆਪਣੀ ਸਿਆਸਤ ਕਰਦੇ ਹਨ , ਉੱਥੇ ਵੱਡੀ ਗਿਣਤੀ ਵਿਚ ਸ਼ਰਧਾਵਾਨ ਸਿੱਖ ਵੀ ਦਰਬਾਰ ਸਾਹਿਬ ਪਹੁੰਚ ਕੇ ਨਤਮਸਤਕ ਹੁੰਦੇ ਹਨ। ਇਸ ਵਾਰ ਵੀ ਵੱਡੀ ਗਿਣਤੀ ਵਿਚ ਸ਼ਰਧਾਲੂ ਦਰਬਾਰ ਸਾਹਿਬ ਪਹੁੰਚੇ ਹੋਏ ਹਨ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)