ਬਲੂ ਸਟਾਰ ਦੇ ਦਸਤਾਵੇਜ਼ ਜਨਤਕ ਨਾ ਹੋਏ, ਤਾਂ ਸਵਾਲ ਉੱਠਦੇ ਰਹਿਣਗੇ - ਨਜ਼ਰੀਆ

    • ਲੇਖਕ, ਜਗਤਾਰ ਸਿੰਘ
    • ਰੋਲ, ਸੀਨੀਅਰ ਪੱਤਰਕਾਰ, ਬੀਬੀਸੀ ਪੰਜਾਬੀ ਦੇ ਲਈ

ਆਪਰੇਸ਼ਨ ਬਲੂ ਸਟਾਰ ਦੇ ਤਿੰਨ ਦਹਾਕਿਆਂ ਬਾਅਦ ਵੀ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਹ ਖ਼ਦਸ਼ਾ ਜ਼ਾਹਰ ਕਰਨਾ ਪਿਆ ਕਿ ਅੱਤਵਾਦ ਵਰਗਾ ਮਾਹੌਲ ਮੁੜ ਪੈਦਾ ਹੋ ਸਕਦਾ ਹੈ।

ਇਸ ਨਾਲ ਨਿਪਟਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਇਸ ਸਬੰਧ ਵਿੱਚ 19 ਅਪ੍ਰੈਲ,2019 ਨੂੰ ਮੁੱਖ ਮੰਤਰੀ ਨੇ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਸੀ। ਇਸ ਨਾਲ ਕੇਂਦਰ ਸਰਕਾਰ ਵੱਲੋਂ ਹਰਿਮੰਦਰ ਸਾਹਿਬ 'ਤੇ ਫੌਜੀ ਕਾਰਵਾਈ ਉੱਤੇ ਪ੍ਰਸ਼ਨ ਚਿੰਨ੍ਹ ਲਗਦਾ ਹੈ।

ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਵਿੱਚ ਖਾੜਕੂਆਂ ਦੀ ਅਗਵਾਈ ਕਰਨ ਵਾਲੇ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਕੱਢਣ ਲਈ ਫੌਜ ਵੱਲੋਂ ਟੈਂਕਾਂ ਤੇ ਬੰਦੂਕਾਂ ਦੀ ਵਰਤੋਂ ਕੀਤੀ ਗਈ ਸੀ। ਆਪਰੇਸ਼ਨ ਬਲੂ ਸਟਾਰ ਦੇ ਵਿਰੋਧ 'ਚ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਸੰਸਦ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ।

(ਇਹ ਲੇਖ ਮੂਲ ਤੌਰ ’ਤੇ ਪਹਿਲੀ ਵਾਰ ਜੂਨ 2018 ਵਿੱਚ ਛਪਿਆ ਸੀ)

ਕੈਪਟਨ ਅਮਰਿੰਦਰ ਸਿੰਘ ਹੀ ਸੀ ਜਿਨ੍ਹਾਂ ਨੇ ਸਵਾਲ ਚੁੱਕਿਆ ਸੀ ਕਿ ਆਪਰੇਸ਼ਨ ਦੀ ਲੋੜ ਕਿਉਂ ਪਈ ਅਤੇ ਕਿਉਂ ਕੀਤਾ ਗਿਆ।

ਆਪਰੇਸ਼ਨ ਬਲੂ ਸਟਾਰ ਕਾਰਨ ਹੀ ਦੋ ਸਿੱਖਾਂ ਨੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ 31 ਅਕਤੂਬਰ 1984 ਨੂੰ ਕਤਲ ਕਰ ਦਿੱਤਾ ਸੀ।

ਹਮਲਾ ਟਾਲਿਆ ਜਾ ਸਕਦਾ ਸੀ

ਪੰਜਾਬੀਆਂ ਦੀ ਖਾਸੀਅਤ ਹੈ ਕਿ ਉਹ ਪੁਰਾਣੀਆਂ ਗੱਲਾਂ ਭੁਲਾ ਕੇ ਹਮੇਸ਼ਾ ਅੱਗੇ ਵਧਦੇ ਰਹਿੰਦੇ ਹਨ। ਇਸ ਕੇਸ ਵਿੱਚ ਵੀ ਉਹ ਅੱਗੇ ਵਧੇ ਪਰ ਜਿਹੜਾ ਜ਼ਖ਼ਮਾਂ ਦਾ ਦਰਦ ਸੀ ਉਹ ਸਮੇਂ ਨਾਲ ਵਧਦਾ ਗਿਆ ਅਤੇ ਉਸ ਦਾ ਇੱਕ ਵੱਡਾ ਕਾਰਨ ਵੀ ਸੀ।

ਉਹ ਇਹ ਸੀ ਕਿ ਹਮਲਾ ਟਾਲਿਆ ਜਾ ਸਕਦਾ ਸੀ, ਇਸ ਨੂੰ ਬਹੁਤ ਲੰਮੇ ਸਮੇਂ ਤੋਂ ਪੰਜਾਬ ਮਸਲਿਆਂ ਨਾਲ ਸਬੰਧ ਰੱਖਣ ਵਾਲੀਆਂ ਅਹਿਮ ਸ਼ਖਸੀਅਤਾਂ ਨੇ ਮਹਿਸੂਸ ਕੀਤਾ।

ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਲਗਭਗ ਇੱਕ ਦਹਾਕੇ ਤੱਕ ਪੰਜਾਬ ਵਿੱਚ ਕਾਲਾ ਦੌਰ ਚੱਲਦਾ ਰਿਹਾ। ਹਾਲਾਂਕਿ ਭਿੰਡਰਾਂਵਾਲੇ ਦੀ ਛਾਪ ਅਜੇ ਵੀ ਬਰਕਰਾਰ ਹੈ।

ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਅੱਜ ਵੀ ਭਿਡਰਾਂਵਾਲੇ ਅਤੇ ਉਨ੍ਹਾਂ ਦੇ ਸਹਿਯੋਗੀ ਜਿਹੜੇ ਭਾਰਤੀ ਫੌਜ ਨਾਲ ਲੜਦੇ 1984 'ਚ ਮਾਰੇ ਗਏ, ਉਨ੍ਹਾਂ ਦੀ ਯਾਦਗਾਰ ਬਣਾਈ ਗਈ ਹੈ।

ਸਿੱਖਾਂ ਦੇ ਵੱਖ ਹੋਣ ਦਾ ਜਿਹੜਾ ਮੁੱਦਾ ਹੈ, ਮੰਨਿਆ ਜਾਂਦਾ ਹੈ ਕਿ ਉਸਦੀਆਂ ਜੜ੍ਹਾਂ ਕਿਤੇ ਨਾ ਕਿਤੇ ਆਪਰੇਸ਼ਨ ਬਲੂ ਸਟਾਰ ਨਾਲ ਜੁੜੀਆਂ ਹੋਈਆਂ ਹਨ।

ਆਪਰੇਸ਼ਨ ਵਿੱਚ ਬ੍ਰਿਟੇਨ ਦੀ ਸਲਾਹ ਲਈ ਗਈ ਸੀ

ਮੀਡੀਆ ਵਿੱਚ ਇਹ ਮੁੱਦਾ ਫਰਵਰੀ 2018 ਵਿੱਚ ਮੁੜ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਫੇਰੀ ਸਮੇਂ ਗਰਮਾਇਆ ਸੀ। ਬ੍ਰਿਟੇਨ ਸੰਸਦ ਦੀਆਂ ਪਿਛਲੀਆਂ ਚੋਣਾਂ ਵਿੱਚ ਵੀ ਆਪਰੇਸ਼ਨ ਬਲੂ ਸਟਾਰ ਦਾ ਮੁੱਦਾ ਖ਼ੂਬ ਭਖਿਆ ਰਿਹਾ।

ਮੁੱਦਾ ਇਹ ਗਰਮਾਇਆ ਰਿਹਾ ਕਿ ਆਪਰੇਸ਼ਨ ਬਲੂ ਸਟਾਰ ਵਿੱਚ ਭਾਰਤ ਵੱਲੋਂ ਬ੍ਰਿਟੇਨ ਦੀ ਸਲਾਹ ਲਈ ਗਈ ਸੀ।

ਭਾਰਤ ਸਰਕਾਰ ਵੱਲੋਂ ਕੁਝ ਖ਼ਾਸ ਤੱਥ ਗੁਪਤ ਰੱਖਣਾ, ਜਨਤਕ ਨਾ ਕਰਨਾ ਇਨ੍ਹਾਂ ਗੱਲਾਂ ਕਰਕੇ ਬਲੂ ਸਟਾਰ ਦਾ ਕਾਲਾ ਪੰਨਾ ਅਜੇ ਵੀ ਘਿਰਿਆ ਹੋਇਆ ਹੈ।

ਇਸ ਆਪਰੇਸ਼ਨ ਵਿੱਚ ਕੁੱਲ ਕਿੰਨੇ ਲੋਕ ਮਾਰੇ ਗਏ, ਉਸ ਬਾਰੇ ਅਜੇ ਤੱਕ ਕੋਈ ਸਹੀ ਅੰਕੜਾ ਨਹੀਂ ਹੈ। ਸਰਕਾਰ ਵੱਲੋਂ ਮ੍ਰਿਤਕਾਂ ਦਾ ਜਿਹੜਾ ਅੰਕੜਾ ਵ੍ਹਾਈਟ ਪੇਪਰ ਵਿੱਚ ਦਰਜ ਕੀਤਾ ਗਿਆ ਸੀ, ਉਸ 'ਤੇ ਵਾਰ-ਵਾਰ ਕਈ ਪੱਤਰਕਾਰਾਂ, ਵਿਦਵਾਨਾਂ ਅਤੇ ਖੋਜਕਾਰਾਂ ਵੱਲੋਂ ਸਵਾਲ ਚੁੱਕੇ ਗਏ ਹਨ।

ਇਸ ਆਪਰੇਸ਼ਨ ਵਿੱਚ ਫੌਜ ਵੱਲੋਂ ਕਿੰਨੇ ਮਰਦ, ਔਰਤਾਂ ਅਤੇ ਖਾੜਕੂ ਮਾਰੇ ਗਏ, ਇਸ ਬਾਰੇ ਸਰਕਾਰ ਨੂੰ ਸਹੀ ਅੰਕੜਾ ਪੇਸ਼ ਕਰਨਾ ਚਾਹੀਦਾ ਹੈ। ਇਸ ਕਿਸਮ ਦੇ ਆਪਰੇਸ਼ਨ ਲਈ ਵੱਡੀ ਗਿਣਤੀ 'ਚ ਫੌਜੀਆਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ। ਇਸ ਬਾਰੇ ਵੀ ਖੁਲਾਸਾ ਕੀਤਾ ਜਾਣਾ ਚਾਹੀਦਾ ਹੈ।

ਸਬੰਧਿਤ ਰਿਕਾਰਡ ਜਨਤਕ ਕੀਤੇ ਜਾਣ

ਅਖ਼ੀਰ ਤੱਕ ਸਰਕਾਰ ਅਤੇ ਭਿੰਡਰਾਂਵਾਲੇ ਵਿਚਕਾਰ ਗੱਲਬਾਤ ਹੋਈ, ਹਮਲਾ ਕਰਨ ਤੋਂ ਕਈ ਘੰਟੇ ਪਹਿਲਾਂ ਹੀ ਕਰਫਿਊ ਲਗਾ ਦਿੱਤਾ ਗਿਆ ਸੀ। ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਲੋਕ ਕੌਣ ਸਨ ਅਤੇ ਉਸਦਾ ਨਤੀਜਾ ਕੀ ਸੀ?

ਸਰਕਾਰ ਨੇ ਅਕਾਲੀ ਲੀਡਰਾਂ ਨਾਲ 9 ਗੁਪਤ ਬੈਠਕਾਂ ਕੀਤੀਆਂ। ਪ੍ਰਕਾਸ਼ ਸਿੰਘ ਬਾਦਲ ਨੂੰ ਇਕੱਲੇ ਹੀ 28 ਮਾਰਚ ਨੂੰ ਦਿੱਲੀ ਲਿਜਾਇਆ ਗਿਆ ਸੀ ਭਾਵੇਂ ਚੰਡੀਗੜ੍ਹ ਵਿੱਚ ਤਿੰਨ ਦਿਨਾਂ ਗੁਪਤ ਗੱਲਬਾਤ ਚਲਦੀ ਰਹੀ ਸੀ। ਸਰਕਾਰ ਵੱਲੋਂ ਇਨ੍ਹਾਂ ਬੈਠਕਾਂ ਨੂੰ ਵ੍ਹਾਈਟ ਪੇਪਰ ਵਿੱਚ ਉਜਾਗਰ ਕੀਤਾ ਗਿਆ ਪਰ ਬੈਠਕ ਵਿੱਚ ਕੀ ਹੋਇਆ, ਉਸ ਬਾਰੇ ਕਦੇ ਵੀ ਕੁਝ ਨਹੀਂ ਦੱਸਿਆ ਗਿਆ।

ਆਪਰੇਸ਼ਨ ਬਲੂ ਸਟਾਰ ਨਾਲ ਸਬੰਧਿਤ ਜੋ ਵੀ ਰਿਕਾਰਡ ਹਨ, ਉਸ ਨੂੰ ਜਨਤਕ ਕੀਤਾ ਜਾਵੇ।

ਤੱਥ ਸਾਹਮਣੇ ਲਿਆਉਣ ਲਈ ਇੱਕ ਉੱਚ-ਪੱਧਰੀ ਜਾਂਚ ਲਈ ਹੁਕਮ ਦਿੱਤੇ ਜਾਣੇ ਚਾਹੀਦੇ ਹਨ। ਇਹ ਉਦੋਂ ਹੀ ਸੰਭਵ ਹੈ ਜਦੋਂ ਸਾਰੇ ਰਿਕਾਰਡ ਇੱਕ ਜਾਂਚ ਪੈਨਲ ਗਠਿਤ ਕਰਕੇ ਉਸਦੇ ਸਾਹਮਣੇ ਰੱਖੇ ਜਾਣ।

ਇਹ ਅਜਿਹਾ ਆਪਰੇਸ਼ਨ ਸੀ ਜਿਸ ਨੇ ਪੰਜਾਬ 'ਚ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਵੀ ਸਿਆਸੀ ਅਤੇ ਸਮਾਜਿਕ ਪੱਧਰ 'ਤੇ ਤਬਾਹੀ ਮਚਾ ਦਿੱਤੀ ਸੀ। ਹਾਲਾਂਕਿ ਕੁਝ ਸੈਨਿਕਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਆਪਰੇਸ਼ਨ ਭਾਰਤੀ ਫੌਜ ਵੱਲੋਂ ਕੀਤਾ ਸਭ ਤੋਂ ਲਾਪਰਵਾਹੀ ਵਾਲਾ ਆਪਰੇਸ਼ਨ ਸੀ।

ਭਿਡਰਾਂਵਾਲਾ ਵਾਪਸ ਪਰਤਣ ਲਈ ਤਿਆਰ ਸੀ

25 ਮਈ 1984 ਨੂੰ ਜਦੋਂ ਫੌਜ ਨੂੰ ਅੰਮ੍ਰਿਤਸਰ ਵਿੱਚ ਹਮਲਾ ਕਰਨ ਦੇ ਹੁਕਮ ਮਿਲ ਚੁੱਕੇ ਸੀ ਉਸ ਸਮੇਂ ਲੇਖਕ ਨੇ ਅਕਾਲ ਤਖ਼ਤ ਸਾਹਿਬ ਵਿੱਚ ਭਿਡਰਾਂਵਾਲੇ ਨਾਲ ਕਰੀਬ ਇੱਕ ਘੰਟਾ ਗੱਲਬਾਤ ਕੀਤੀ।

ਭਿੰਡਰਾਂਵਾਲਾ ਗੱਲਬਾਤ ਲਈ ਤਿਆਰ ਸੀ। ਉਹ ਇਹ ਵੀ ਚਾਹੁੰਦੇ ਸੀ ਕਿ ਸਰਕਾਰ ਅਕਾਲੀਆਂ ਨਾਲ ਸਨਮਾਨਪੂਰਨ ਇਸ ਸਾਰੀ ਗੱਲਬਾਤ ਦਾ ਨਿਪਟਾਰਾ ਕਰੇ। ਇੱਥੋਂ ਤੱਕ ਕਿ ਭਿੰਡਰਾਂਵਾਲਾ ਵਾਪਸ ਆਪਣੇ ਹੈੱਡਕੁਆਟਰ ਮਹਿਤਾ ਚੌਕ ਆਪਣੇ ਸਾਥੀਆਂ ਨਾਲ ਜਾਣ ਲਈ ਤਿਆਰ ਸੀ।

ਇਹ ਗੱਲ ਇੱਕ ਕਾਂਗਰਸੀ ਲੀਡਰ ਰਾਹੀਂ ਦੋ ਦਿਨ ਪਹਿਲਾਂ ਹੀ ਇੰਦਰਾ ਗਾਂਧੀ ਤੱਕ ਪਹੁੰਚਾ ਦਿੱਤੀ ਗਈ ਸੀ।

ਜੇਕਰ ਭਿੰਡਰਾਂਵਾਲੇ ਗੱਲਬਾਤ ਕਰਨ ਲਈ ਤਿਆਰ ਸੀ ਤਾਂ ਸਵਾਲ ਇਹ ਉੱਠਦਾ ਹੈ ਕਿ ਐਨਾ ਵੱਡਾ ਕਦਮ ਕਿਉਂ ਚੁੱਕਿਆ ਗਿਆ।

ਅਮਰੀਕਾ, ਕੈਨੇਡਾ ਅਤੇ ਯੂਕੇ ਵਿੱਚ ਪੰਜਾਬ 'ਚ ਰਾਏਸ਼ੁਮਾਰੀ ਕਰਵਾਉਣ ਲਈ ਜਿਹੜੀ ਮੁਹਿੰਮ ਛਿੜੀ ਹੋਈ ਹੈ ਉਸ ਨੂੰ ਹੋਰ ਹੁਲਾਰਾ ਮਿਲਿਆ ਹੈ। ਹਾਲਾਂਕਿ ਇਹ ਮੁਹਿੰਮ ਗੈਰ-ਸੰਸਥਾਵਾਂ ਵੱਲੋਂ ਚਲਾਈ ਜਾ ਰਹੀ ਹੈ। ਹੁਣ ਇਹ ਗੱਲ ਪੰਜਾਬ ਸਰਕਾਰ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।

ਹਾਲਾਂਕਿ ਇਸ ਚੀਜ਼ ਨੂੰ ਪੰਜਾਬ ਵਿੱਚ ਬਹੁਤ ਘੱਟ ਸਮਰਥਨ ਹੈ, ਪਰ ਇਹ ਅੱਗੇ ਹੀ ਅੱਗੇ ਵਧਦੀ ਜਾ ਰਹੀ ਹੈ।

ਸੰਘਰਸ਼ ਨੇ ਇੱਕ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੀ ਜਾਨ ਲਈ

ਹੋਰ ਦੇਸ, ਜਿੱਥੇ ਸਿੱਖਾਂ ਦੀ ਤਦਾਦ ਵੱਧ ਹੈ ਅਤੇ ਉਹ ਕਾਫ਼ੀ ਵੱਡੇ ਅਹੁਦਿਆਂ 'ਤੇ ਵੀ ਬੈਠੇ ਹੋਏ ਹਨ ਉਨ੍ਹਾਂ ਨੇ ਭਾਰਤ 'ਤੇ ਪ੍ਰਭਾਵ ਬਣਾਉਣਾ ਸ਼ੁਰੂ ਕਰ ਦਿੱਤਾ ਹੈ।

ਇਹੀ ਕਾਰਨ ਹੈ ਕਿ ਭਾਰਤ ਸਰਕਾਰ ਨੂੰ ਹੁਣ ਉਸ ਫੌਜੀ ਹਮਲੇ ਨਾਲ ਜੁੜੇ ਅਸਲੀ ਤੱਥ ਸਾਹਮਣੇ ਲੈ ਕੇ ਆਉਣੇ ਚਾਹੀਦੇ ਹਨ।

ਇਹ ਭਾਰਤ ਦਾ ਇਕੱਲਾ ਅਜਿਹਾ ਖਾੜਕੂ ਸੰਘਰਸ਼ ਹੈ ਜਿਸ ਵਿੱਚ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਜਾਨ ਚਲੀ ਗਈ ਸੀ।

ਇਸੇ ਤਰ੍ਹਾਂ ਕੁਝ ਸਾਲਾਂ ਬਾਅਦ, ਜੂਨ 1984 ਦੇ ਆਪਰੇਸ਼ਨ ਵੇਲੇ ਫੌਜ ਚੀਫ਼ ਜਨਰਲ ਏ ਐਸ ਵੈਦਿਆ, ਜੋ ਪੁਣੇ ਵਿੱਚ ਰਹਿ ਰਹੇ ਸੀ ਉੱਥੇ ਸਿੱਖ ਲੜਾਕੂਆਂ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਸੀ।

ਪੰਜਾਬ ਵਿੱਚ ਮੌਜੂਦਾ ਹਾਲਾਤ ਸ਼ਾਂਤੀਪੂਰਨ ਜ਼ਰੂਰ ਹੋ ਸਕਦੇ ਹਨ ਪਰ ਇਹ ਆਮ ਵਰਗੇ ਨਹੀਂ ਹਨ ਅਤੇ ਇਸ ਗੱਲ ਨੂੰ ਖ਼ੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੰਨ ਰਹੇ ਹਨ।

ਜੇਕਰ ਪੰਜਾਬ ਹਮੇਸ਼ਾ ਲਈ ਸ਼ਾਂਤੀ ਅਤੇ ਸਾਧਾਰਨ ਹਾਲਾਤ ਚਾਹੁੰਦਾ ਹੈ ਤਾਂ ਆਪਰੇਸ਼ਨ ਬਲੂ ਸਟਾਰ ਨਾਲ ਜੁੜੇ ਦਸਤਾਵੇਜ ਜਨਤਕ ਕਰਨਾ ਜ਼ਰੂਰੀ ਹੈ। ਇਹ ਸ਼ੁਰੂਆਤ ਭਾਰਤ ਸਰਕਾਰ ਵੱਲੋਂ ਹੋਣੀ ਚਾਹੀਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)