ਐਪਲ ਨੇ ਬੰਦ ਕੀਤੇ ਫੇਸਬੁੱਕ ਦੇ ਵੈਬ-ਟ੍ਰੈਕਿੰਗ ਟੂਲ

ਐਪਲ ਨੇ ਆਪਣੇ ਅਗਲੇ ਵਰਜ਼ਨ iOS 12 ਵਿੱਚ ਫੇਸਬੁੱਕ ਵੱਲੋਂ ਸਵੈਚਾਲਿਤ ਤੌਰ 'ਤੇ ਯੂਜ਼ਰ ਨੂੰ ਟ੍ਰੈਕ ਕਰਨ ਵਾਲੇ ਟੂਲ ਨੂੰ ਬੰਦ ਕਰ ਦਿੱਤਾ ਹੈ।

ਡਬਲਿਊਡਬਲਿਊਡੀਸੀ ਦੀ ਕਾਨਫਰੰਸ ਵਿੱਚ ਐਪਲ ਸਾਫਟਵੇਅਰ ਦੇ ਮੁਖੀ ਕ੍ਰੈਗ ਫੈਡੇਰਿਗੀ ਨੇ ਐਲਾਨ ਕੀਤਾ, "ਅਸੀਂ ਇਸ ਨੂੰ ਬੰਦ ਕਰ ਰਹੇ ਹਾਂ।"

ਉਸ ਦੇ ਨਾਲ ਉਨ੍ਹਾਂ ਨੇ ਦੱਸਿਆ ਕਿ ਵੈਬ ਸਫਾਰੀ ਸੋਸ਼ਲ ਨੈਟਵਰਕਿੰਗ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨ ਤੋਂ ਪਹਿਲਾਂ ਮਾਲਕ ਦੀ ਆਗਿਆ ਲਵੇਗਾ।

ਇਸ ਦੇ ਨਾਲ ਦੋਵਾਂ ਕੰਪਨੀਆਂ ਵਿਚਾਲੇ ਮਤਭੇਦ ਵਧ ਸਕਦਾ ਹੈ।

ਐਪਲ ਦੇ ਕਾਰਜਕਾਰੀ ਮੁਖੀ ਟਿਮ ਕੁਕ ਨੇ ਪਹਿਲਾਂ ਵੀ ਫੇਸਬੁੱਕ ਉੱਤੇ ਇਲਜ਼ਾਮ ਲਗਾਉਂਦਿਆ ਕਿਹਾ ਸੀ ਕਿ ਫੇਸਬੁੱਕ "ਨਿੱਜਤਾ ਵਿੱਚ ਦਖ਼ਲਅੰਦਾਜ਼ੀ" ਕਰਦਾ ਹੈ। ਜਦਕਿ ਫੇਸਬੁੱਕ ਸੰਸਥਾਪਕ ਮਾਰਕ ਜ਼ਕਰਬਰਗ ਨੇ ਹਮੇਸ਼ਾ ਇਸ ਨੂੰ ਨਕਾਰਿਆ ਹੈ।

ਫੈਡੇਰਿਗੀ ਦਾ ਕਹਿਣਾ ਹੈ ਕਿ ਫੇਸਬੁੱਕ ਲੋਕਾਂ 'ਤੇ ਇਸ ਤਰ੍ਹਾਂ ਨਜ਼ਰ ਰੱਖ ਰਿਹਾ ਹੈ ਜਿਵੇਂ ਉਹ ਸੋਚ ਵੀ ਨਹੀਂ ਸਕਦੇ।

"ਅਸੀਂ ਇਹ ਸਭ ਕੁਝ ਦੇਖਿਆ ਹੈ, ਜਿਵੇਂ ਬਟਨ ਅਤੇ ਸ਼ੇਅਰ ਬਟਨ ਤੇ ਕੁਮੈਂਟ ਫੀਲਡ ਨੂੰ।"

"ਪਤਾ ਲੱਗਾ ਹੈ ਕਿ ਤੁਹਾਨੂੰ ਟ੍ਰੈਕ ਕਰਨ ਲਈ ਇਸ ਦਾ ਪ੍ਰਯੋਗ ਕੀਤਾ ਜਾਂਦਾ ਹੈ, ਭਾਵੇਂ ਤੁਸੀਂ ਇਨ੍ਹਾਂ 'ਤੇ ਕਲਿੱਕ ਕਰੋ ਜਾਂ ਨਹੀਂ।"

ਫੇਰ ਉਹ ਸਕਰੀਨ 'ਤੇ ਆਉਂਦੇ ਇੱਕ ਅਲਰਟ ਵੱਲ ਇਸ਼ਾਰਾ ਕਰਦਾ ਹੈ, ਜਿਸ ਵਿੱਚ ਲਿਖਿਆ ਸੀ, "ਤੁਸੀਂ ਬ੍ਰਾਊਜ਼ਿੰਗ ਦੌਰਾਨ Facebook.com ਨੂੰ ਕੁਕੀਸ ਅਤੇ ਮੌਜੂਦਾ ਡਾਟਾ ਨੂੰ ਵਰਤਣ ਦੀ ਇਜ਼ਾਜਤ ਦਿੰਦੇ ਹੋ?"

"ਤੁਸੀਂ ਆਪਣੀਆਂ ਜਾਣਕਾਰੀਆਂ ਨੂੰ ਗੁਪਤ ਰੱਖਣ ਦਾ ਫੈਸਲਾ ਲੈ ਸਕਦੇ ਹੋ।"

ਸਾਈਬਰ ਸੁਰੱਖਿਆ ਮਾਹਿਰ ਬਿਊਮੌਂਟ ਨੇ ਐਪਲ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਐਪਲ ਨੇ ਕਈ ਵੱਡੇ ਬਦਲਾਅ ਕੀਤੇ ਹਨ ਜੋ ਨਿੱਜਤਾ ਦੀ ਸੁਰੱਖਿਆ ਲਈ ਕਾਫੀ ਅਹਿਮ ਹਨ।

ਨਵੇਂ ਲਾਂਚ ਹੋਏ iOS 12 ਦੇ 7 ਨਵੇਂ ਖਾਸ ਫੀਚਰ

  • ਐਪਲ ਵੱਲੋਂ ਜਾਰੀ ਕੀਤਾ ਗਿਆ iOS 12 'ਚ ਸਮਾਂ ਹੱਦ ਹੈ। ਜਿਸ ਨਾਲ ਯੂਜ਼ਰ ਨੂੰ ਪਹਿਲਾਂ ਹੀ ਆਪਣੇ ਲਈ ਸਮਾਂ ਤੈਅ ਕਰਨਾ ਹੋਵੇਗਾ ਕਿ ਉਹ ਕਿੰਨਾ ਸਮਾਂ ਕਿਸੇ ਵਿਸ਼ੇਸ਼ ਐਪ 'ਤੇ ਬਿਤਾਉਣਾ ਚਾਹੁੰਦਾ ਹੈ ਅਤੇ ਸਮਾਂ ਪੂਰਾ ਹੋਣ 'ਤੇ ਫੁੱਲ ਸਕਰੀਨ ਅਲਰਟ ਭੇਜਿਆ ਜਾਵੇਗਾ।
  • ਹਾਲਾਂਕਿ ਬਾਲਗ਼ ਆਪਣੀ ਸਮਾਂ ਹੱਦ ਵਧਾ ਸਕਦੇ ਹਨ ਅਤੇ ਨਾਲ ਹੀ ਆਪਣੇ ਬੱਚਿਆਂ ਨੂੰ ਅਜਿਹਾ ਕਰਨ ਤੋਂ ਰੋਕ ਵੀ ਸਕਦੇ ਹਨ।
  • ਇਸ ਦੇ ਨਾਲ ਹੀ ਮਾਪੇ ਦਿਨ ਵਿੱਚ ਕੁਝ ਸਮਾਂ ਵਿਸ਼ੇਸ਼ ਐਪ ਦੇ ਐਕਸਸ ਨੂੰ ਬਲਾਕ ਕਰਕੇ, ਨੌਜਵਾਨਾਂ ਤੱਕ ਪਹੁੰਚਣ ਵਾਲੀ ਸਮੱਗਰੀ 'ਤੇ ਪਾਬੰਦੀ ਲਾ ਕੇ ਆਪਣੇ ਬੱਚਿਆਂ ਵੱਲੋਂ ਲੰਬਾ ਸਮਾਂ ਐਪ 'ਤੇ ਬਿਤਾਏ ਜਾਣ ਨੂੰ ਰੋਕ ਸਕਦੇ ਹਨ।
  • ਵਰਚੂਅਲ ਅਸਿਸਟੈਂਟ ਸਿਰੀ ਰਾਹੀਂ ਹੁਣ ਬਿਨਾਂ ਥਰਡ-ਪਾਰਟੀ ਐਪ ਨੂੰ ਓਪਨ ਕੀਤਿਆਂ ਯੂਜ਼ਰ ਵੱਲੋਂ ਕੰਟ੍ਰੋਲ ਕੀਤਾ ਜਾ ਸਕਦਾ ਹੈ।
  • ਇਸ ਸ਼ੌਰਟਕੱਟ ਫੰਕਸ਼ਨ ਰਾਹੀਂ ਯੂਜ਼ਰ ਡਿਵਾਈਸ ਨੂੰ ਆਪਣੇ ਲਫਜ਼ਾਂ 'ਚ ਕਮਾਂਡ ਦੇਣ ਦੀ ਵੀ ਸਹੂਲਤ ਦਿੰਦਾ ਹੈ ਅਤੇ ਇਕ ਤਰ੍ਹਾਂ ਦੀ ਕਮਾਂਡ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਲਈ ਵਰਤੀ ਜਾ ਸਕਦੀ ਹੈ।
  • ਇਸ ਤੋਂ ਇਸ ਵਿੱਚ ਮੈਮੋਜੀ (ਐਨੀਮੈਟਿਡ ਇਮੋਜੀ) ਨੂੰ ਡਿਵਾਈਸ ਦੇ ਮਾਲਕ ਵਾਂਗ ਦਿਖਣਯੋਗ ਸੈੱਟ ਕੀਤਾ ਜਾ ਸਕਦਾ ਹੈ।
  • ਗਰੁੱਪ ਫੇਸਟਾਈਮ 'ਚ ਇਕੋ ਵੇਲੇ 32 ਲੋਕ ਆਡੀਓ ਅਤੇ ਵੀਡੀਓ ਕਾਲ ਕਰ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)