ਰੋਜ਼ 8 ਘੰਟੇ ਤੈਰ ਕੇ 9, 000 ਕਿਲੋਮੀਟਰ ਦੇ ਸਮੁੰਦਰੀ ਸਫ਼ਰ 'ਤੇ ਨਿਕਲਣ ਵਾਲਾ ਤੈਰਾਕ

ਫਰਾਂਸ ਦੇ ਇੱਕ ਤੈਰਾਕ ਨੇ ਨਵਾਂ ਰਿਕਾਰਡ ਕਾਇਮ ਕਰਨ ਲਈ ਪੁਲਾਂਘ ਪੁੱਟ ਦਿੱਤੀ ਹੈ। 51 ਸਾਲਾ ਬੈੱਨ ਲਕੋਮਟੇ ਨੇ ਪ੍ਰਸ਼ਾਂਤ ਮਹਾਂਸਾਗਰ ਪਾਰ ਕਰਨ ਲਈ ਜਪਾਨ ਤੋਂ ਤੈਰਨਾ ਸ਼ੁਰੂ ਕਰ ਦਿੱਤਾ ਹੈ।

ਬੈੱਨ ਲਕੋਮਟੇ ਅਮਰੀਕੀ ਪੱਛਮੀ ਕੰਢੇ 'ਤੇ ਪਹੁੰਚਣ ਲਈ ਰੋਜ਼ਾਨਾ 8 ਘੰਟੇ ਤੈਰਣਗੇ ਅਤੇ ਇਹ ਸਫ਼ਰ ਇਸੇ ਤਰ੍ਹਾਂ 6 ਮਹੀਨੇ ਤੱਕ ਚੱਲਦਾ ਰਹੇਗਾ।

ਇਸ ਦੌਰਾਨ ਉਨ੍ਹਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਏਗਾ ਜਿਵੇਂ ਕਿ ਸ਼ਾਰਕ, ਤੂਫ਼ਾਨ, ਜੈਲੀਫਿਸ਼ ਦੇ ਝੁੰਡ ਅਤੇ ਬਹੁਤ ਘੱਟ ਤਾਪਮਾਨ।

ਬੈੱਨ ਨੂੰ ਉਮੀਦ ਹੈ ਕਿ ਵਾਤਾਵਰਨ ਬਦਲਾਅ ਪ੍ਰਤੀ ਲੋਕ ਜਾਗਰੂਕ ਹੋਣਗੇ ਅਤੇ ਵਿਗਿਆਨੀਆਂ ਦੀ ਇੱਕ ਟੀਮ ਉਨ੍ਹਾਂ ਵੱਲੋਂ 9,000 ਕਿਲੋਮੀਟਰ ਤੈਰਨ ਦੌਰਾਨ ਸਰਵੇਖਣ ਕਰੇਗੀ।

ਵਿਗਿਆਨੀ ਕਰਣਗੇ ਸਰਵੇਖਣ

ਵਿਗਿਆਨੀ ਪਲਾਸਟਿਕ ਦੇ ਕੂੜੇ, ਇੰਨੀ ਕਸਰਤ ਦਾ ਦਿਲ 'ਤੇ ਪੈਣ ਵਾਲਾ ਅਸਰ ਅਤੇ ਫੁਕੂਸ਼ਿਮਾ ਪਰਮਾਣੂ ਤਬਾਹੀ ਦੇ ਸਮੁੰਦਰ ਉੱਤੇ ਪਏ ਅਸਰ ਦਾ ਸਰਵੇਖਣ ਕਰਣਗੇ।

ਅਮਰੀਕਾ ਦੇ ਰਹਿਣ ਵਾਲੇ ਲਕੋਮਟੇ ਰੋਜ਼ਾਨਾ ਕਈ ਘੰਟੇ ਖੁਲ੍ਹੇ ਪਾਣੀ ਵਿੱਚ ਤੈਰਨ ਦੀ ਤਿਆਰੀ ਕਰ ਰਹੇ ਹਨ। ਇਹ ਯਕੀਨੀ ਬਣਾਉਣ ਲਈ ਕਿ ਉਹ ਮਾਨਸਿਕ ਤੌਰ 'ਤੇ ਤਿਆਰ ਹਨ ਉਨ੍ਹਾਂ ਨੇ ਕਈ ਘੰਟੇ ਦਿਮਾਗ ਨਾਲ ਜੁੜੀ 'ਵਿਜ਼ੁਅਲਾਈਜ਼ੇਸ਼ਨ ਅਤੇ ਡਿਸੋਸੀਏਸ਼ਨ' ਕਸਰਤ ਵੀ ਕੀਤੀ।

ਉਨ੍ਹਾਂ ਏਐੱਫ਼ਪੀ ਖ਼ਬਰ ਏਜੰਸੀ ਨੂੰ ਦੱਸਿਆ, "ਸਰੀਰਕ ਨਾਲੋਂ ਮਾਨਸਿਕ ਤੰਦਰੁਸਤੀ ਵਧੇਰੇ ਔਖੀ ਹੈ। ਤੁਹਾਨੂੰ ਹਮੇਸ਼ਾਂ ਇਹ ਸਮਝਣਾ ਪਏਗਾ ਕਿ ਤੁਸੀਂ ਹਮੇਸ਼ਾਂ ਕੁਝ ਸਕਾਰਾਤਮਕ ਸੋਚੋ।"

"ਜਦੋਂ ਤੁਹਾਡੇ ਦਿਮਾਗ ਵਿੱਚ ਕੁਝ ਵੀ ਨਹੀਂ ਹੈ ਫਿਰ ਉਹ ਚੱਕਰਾਂ ਵਿੱਚ ਪੈ ਜਾਂਦਾ ਹੈ ਅਤੇ ਇਹ ਉਹੀ ਸਮਾਂ ਹੈ ਜਦੋਂ ਔਕੜ ਸ਼ੁਰੂ ਹੁੰਦੀ ਹੈ।"

ਲੰਮੇ ਸਫ਼ਰ ਦੌਰਾਨ ਚੁਣੌਤੀਆਂ

ਇਸ ਸਫ਼ਰ ਦੀ ਤਿਆਰੀ ਕਰਨ ਵਿੱਚ ਹੀ 6 ਮਹੀਨਿਆਂ ਤੋਂ ਵੱਧ ਸਮਾਂ ਲੱਗ ਗਿਆ ਪਰ ਲਕੋਮਟੇ ਲਈ ਇਸ ਤੋਂ ਵੀ ਵੱਡੀਆਂ ਚੁਣੌਤੀਆਂ ਹਨ।

1998 ਵਿੱਚ ਉਹ ਪਹਿਲੇ ਸ਼ਖ਼ਸ ਸਨ ਜਿਨ੍ਹਾਂ ਨੇ 6400 ਕਿਲੋਮੀਟਰ ਦਾ ਅਟਲਾਂਟਿਕ ਦਾ ਸਫ਼ਰ 73 ਦਿਨਾਂ ਵਿੱਚ ਪੂਰਾ ਕੀਤਾ ਸੀ।

ਜਦੋਂ ਉਹ ਸੁੱਕੇ ਇਲਾਕੇ ਫਰਾਂਸ ਵਿੱਚ ਪਹੁੰਚੇ ਤਾਂ ਉਨ੍ਹਾਂ ਨੇ ਕਿਹਾ ਸੀ, "ਹੁਣ ਦੁਬਾਰਾ ਕਦੇ ਨਹੀਂ" ਪਰ ਉਹ ਛੇਤੀ ਹੀ ਨਵੀਂ ਚੁਣੌਤੀ ਦੀ ਉਡੀਕ ਕਰ ਰਹੇ ਸਨ।

ਉਨ੍ਹਾਂ ਨੇ ਐੱਨਪੀਆਰ ਨੂੰ ਕਿਹਾ, "ਮੈਨੂੰ ਆਪਣਾ ਵਿਚਾਰ ਬਦਲਣ ਵਿੱਚ ਜ਼ਿਆਦਾ ਸਮਾਂ ਨਹੀਂ ਲਗਾਇਆ। ਤਿੰਨ-ਚਾਰ ਮਹੀਨਿਆਂ ਬਾਅਦ ਹੀ ਮੈਂ ਆਪਣੇ ਨਵੇਂ ਮਿਸ਼ਨ 'ਤੇ ਕੁਝ ਪਹਿਲਾਂ ਵਰਗਾ ਹੀ ਕਰਨ ਬਾਰੇ ਸੋਚ ਰਿਹਾ ਸੀ।"

ਕੀ ਰਹੇਗੀ ਰੁਟੀਨ

ਇਸ ਸਫ਼ਰ ਦੌਰਾਨ ਲਕੋਮਟੇ ਹਰ ਰੋਜ਼ ਉਹ 8 ਘੰਟੇ ਤੱਕ ਤੈਰਨਗੇ, ਮਦਦ ਲਈ ਬਣੀ ਕਿਸ਼ਤੀ 'ਤੇ ਹੀ ਖਾਣਗੇ ਅਤੇ ਸੌਣਗੇ ਅਤੇ ਫਿਰ ਤੈਰਨਗੇ।

ਐਨਰਜੀ ਲਈ ਈ ਉਨ੍ਹਾਂ ਦਾ ਰੋਜ਼ਾਨਾ 8000 ਕੈਲੋਰੀਜ਼ ਖਾਣ ਦਾ ਟੀਚਾ ਹੈ।

ਇਸ ਮਹੀਨੇ ਰੈਡਿਟ ਇੰਟਰਵਿਊ ਦੌਰਾਨ ਉਨ੍ਹਾਂ ਨੇ ਪੋਸਟ ਕੀਤਾ ਸੀ, "ਮੈਂ ਬਿਲਕੁਲ ਵੀ ਮਿੱਠਾ ਨਹੀਂ ਖਾਂਦਾ। ਮੈਨੂੰ ਜ਼ਿਆਦਾਤਰ ਕੈਲੋਰੀਜ਼ ਜ਼ਿਆਦਾ ਚਰਬੀ ਵਾਲੇ ਖਾਣੇ ਤੋਂ ਹੀ ਮਿਲਣਗੀਆਂ। ਇਸ ਵਿੱਚ ਵਧੇਰੇ ਜਮਾਇਆ ਹੋਇਆ ਸੁੱਕਾ ਖਾਣਾ, ਚੌਲ, ਪਾਸਤਾ ਅਤੇ ਕਈ ਤਰ੍ਹਾਂ ਦੇ ਸੂਪ ਹੋਣਗੇ।"

ਮਦਦ ਕਰਨ ਵਾਲੀ ਇਸ ਕਿਸ਼ਤੀ ਵਿੱਚ ਇੱਕ ਜੀਪੀਐੱਸ ਲੱਗਿਆ ਹੋਇਆ ਹੈ ਜਿਸ ਰਾਹੀਂ ਦਰਸ਼ਕ ਲਕੋਮਟੇ ਦੀ ਵੈੱਬਸਾਈਟ 'ਤੇ ਉਸ ਦੇ ਰੂਟ ਦੀ ਪੂਰੀ ਅਪਡੇਟ ਲੈ ਸਕਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)