ਸੋਸ਼ਲ: 'ਆਰਚਬਿਸ਼ਪ ਨੇ ਸਹੀ ਕਿਹਾ ਕਿ ਸੰਵਿਧਾਨ ਖ਼ਤਰੇ 'ਚ ਹੈ, ਭਗਤਾਂ ਅਤੇ ਚੈਨਲਾਂ ਨੂੰ ਸ਼ਾਮ ਵਾਸਤੇ ਕੰਮ ਮਿਲ ਗਿਆ ਹੈ'

'ਭਾਰਤ ਦਾ ਸੰਵਿਧਾਨ ਖ਼ਤਰੇ ਵਿੱਚ ਹੈ, ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਮਨੁੱਖੀ ਅਧਿਕਾਰਾਂ ਨੂੰ ਢਾਹ ਲੱਗੀ ਹੈ।'

ਇਨ੍ਹਾਂ ਸ਼ਬਦਾਂ ਨਾਲ ਵੱਖ-ਵੱਖ ਅਖ਼ਬਾਰਾਂ 'ਚ ਪ੍ਰਕਾਸ਼ਿਤ ਗੋਆ ਦੇ ਆਰਚਬਿਸ਼ਪ ਫ਼ਿਲਿਪ ਨੇਰੀ ਫੇਰਾਓ ਦੇ ਸਾਲਾਨਾ ਪੱਤਰ ਵਿੱਚੋਂ ਕੁਝ ਅੰਸ਼ ਸ਼ਾਮਿਲ ਹਨ।

ਦੂਜੇ ਪਾਸੇ ਆਰਐਸਐਸ ਵਿਚਾਰਕ ਪ੍ਰੋ. ਰਾਕੇਸ਼ ਸਿਨਹਾ ਨੇ ਅਖ਼ਬਾਰ ਦਿ ਇੰਡੀਅਨ ਐਕਸਪ੍ਰੈੱਸ 'ਚ ਲਿਖਿਆ ਹੈ ਕਿ ਆਰਚਬਿਸ਼ਪ ਦਾ ਪੱਤਰ ਹਿੰਦੂਵਾਦ ਤੇ ਨਰਿੰਦਰ ਮੋਦੀ ਸਰਕਾਰ ਖ਼ਿਲਾਫ਼ ਇੱਕ ਮੁਹਿੰਮ ਹੈ।

ਆਰਚਬਿਸ਼ਪ ਦਾ ਪੱਤਰ

ਦੇਸ ਦੀਆਂ ਕਈ ਮੁੱਖ ਅਖ਼ਬਾਰਾਂ ਦੀਆਂ ਖ਼ਬਰਾਂ ਮੁਤਾਬਕ ਗੋਆ ਦੇ ਆਰਚਬਿਸ਼ਪ ਫਿਲਿਪ ਨੇਰੀ ਫੇਰਾਓ ਨੇ ਆਪਣੇ ਸਾਲਾਨਾ ਪੱਤਰ ਵਿੱਚ ਲਿਖਿਆ ਹੈ ਕਿ ਭਾਰਤ ਦੇ ਸੰਵਿਧਾਨ ਨੂੰ ਖ਼ਤਰਾ ਹੈ, ਘੱਟ ਗਿਣਤੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਮਨੁੱਖੀ ਅਧਿਕਾਰਾਂ ਨੂੰ ਢਾਹ ਲੱਗੀ ਹੈ।

ਅੰਗਰੇਜ਼ੀ ਅਖ਼ਬਾਰ ਦਿ ਇੰਡੀਅਨ ਐਕਸਪ੍ਰੈੱਸ 'ਚ ਛਪੀ ਖ਼ਬਰ ਮੁਤਾਬਕ ਗੋਆ ਦੇ ਆਰਚਬਿਸ਼ਪ ਫਿਲਿਪ ਨੇਰੀ ਫੇਰਾਓ ਨੇ 2019 ਦੀਆਂ ਚੋਣਾਂ ਨੂੰ ਨੇੜੇ ਆਉਂਦਿਆਂ ਦੇਖ ਕੇ ਕੈਥੋਲਿਕ ਚਰਚਾਂ ਨੂੰ ਇਹ ਸਲਾਹ ਦਿੱਤੀ ਹੈ ਕਿ ਉਹ ਸਿਆਸਤ ਵਿੱਚ ''ਸਰਗਰਮ ਭੂਮਿਕਾ'' ਅਦਾ ਕਰਨ ਅਤੇ ਨਾਲ ਹੀ ਚੇਤਾਵਨੀ ਦਿੱਤੀ ਗਈ ਹੈ ਕਿ ''ਭਾਰਤੀ ਸੰਵਿਧਾਨ ਖ਼ਤਰੇ ਵਿੱਚ ਹੈ।''

ਅਖ਼ਬਾਰ ਅਨੁਸਾਰ ਐਤਵਾਰ ਨੂੰ ਰਿਲੀਜ਼ ਹੋਏ ਆਪਣੇ ਸਾਲਾਨਾ ਪਾਸਟੋਰਲ ਪੱਤਰ (2018-2019) 'ਚ ਆਰਚਬਿਸ਼ਪ ਨੇ ਚੇਤਾਵਨੀ ਦਿੱਤੀ ਹੈ, ''ਮਨੁੱਖੀ ਅਧਿਕਾਰਾਂ ਨੂੰ ਢਾਹ ਲੱਗੀ ਹੈ।''

ਅਖ਼ਬਾਰ ਦਿ ਹਿੰਦੂ ਦੀ ਖ਼ਬਰ ਅਨੁਸਾਰ ਗੋਆ ਤੇ ਦਮਨ ਦੇ ਆਰਕਬਿਸ਼ਪ ਫਿਲਿਪ ਨੇਰੀ ਫੇਰਾਓ ਨੇ ਆਪਣੇ ਸਾਲਾਨਾ ਪਾਸਟੋਰਲ ਪੱਤਰ 'ਚ ਲਿਖਿਆ ਹੈ ਕਿ ਸੰਵਿਧਾਨ ਖ਼ਤਰੇ ਵਿੱਚ ਹੈ ਅਤੇ ਬਹੁਤੇ ਲੋਕ ਅਸੁਰੱਖਿਅਤ ਮਹਿਸੂਸ ਕਰਦੇ ਹੋਏ ਜੀ ਰਹੇ ਹਨ।

ਅਖ਼ਬਾਰ ਮੁਤਾਬਕ ਆਰਚਬਿਸ਼ਪ ਫਿਲਿਪ ਨੇ ਲੋਕਾਂ ਨੂੰ ਸੰਵਿਧਾਨ ਬਾਰੇ ਜਾਣੂ ਹੋਣ ਲਈ ਕਿਹਾ ਹੈ ਅਤੇ ਨਾਲ ਹੀ ਸੰਵਿਧਾਨ ਦੀ ਰੱਖਿਆ ਲਈ ਸਖ਼ਤ ਮਿਹਨਤ ਕਰਨ ਨੂੰ ਕਿਹਾ ਹੈ।

RSS ਦੇ ਰਾਕੇਸ਼ ਸਿਨਹਾ ਦਾ ਜਵਾਬ

ਉਧਰ ਆਰਐਸਐਸ ਦੇ ਪ੍ਰਚਾਰਕ ਪ੍ਰੋ. ਰਾਕੇਸ਼ ਸਿਨਹਾ ਨੇ ਅੰਗਰੇਜ਼ੀ ਅਖ਼ਬਾਰ ਦਿ ਇੰਡੀਅਨ ਐਕਸਪ੍ਰੈੱਸ 'ਚ ਆਪਣੇ ਵਿਚਾਰ ਰੱਖਦੇ ਹੋਏ ਤਫ਼ਸੀਲ 'ਚ ਲਿਖਿਆ ਹੈ।

ਆਪਣੇ ਲੇਖ 'ਚ ਉਨ੍ਹਾਂ ਲਿਖਿਆ, ''ਆਰਚਬਿਸ਼ਪ ਦਾ ਪੱਤਰ ਹਿੰਦੂਵਾਦ ਤੇ ਨਰਿੰਦਰ ਮੋਦੀ ਸਰਕਾਰ ਖ਼ਿਲਾਫ਼ ਇੱਕ ਮੁਹਿੰਮ ਹੈ।''

''ਆਰ ਐਸ ਐਸ ਖ਼ਿਲਾਫ਼ ਇਹ ਇੱਕ ਮੁਹਿੰਮ ਦਾ ਹਿੱਸਾ ਹੈ।''

ਇਸ ਲੇਖ 'ਚ ਰਾਕੇਸ਼ ਸਿਨਹਾ ਅੱਗੇ ਲਿਖਦੇ ਹਨ, ''ਆਰਚਬਿਸ਼ਪ ਵੈਟੀਕਨ ਦੇ ਏਜੰਡੇ ਤਹਿਤ ਚੱਲ ਰਹੇ ਹਨ।''

ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆ

ਟਵਿੱਟਰ ਯੂਜ਼ਰ ਸੁਮਨ ਸੇਨਗੁਪਤਾ ਨੇ ਲਿਖਿਆ, ''ਆਰਚਬਿਸ਼ਪ ਨੇ ਸਹੀ ਕਿਹਾ ਕਿ ਸੰਵਿਧਾਨ ਖ਼ਤਰੇ 'ਚ ਹੈ, ਭਗਤਾਂ ਅਤੇ ਚੈਨਲਾਂ ਨੂੰ ਸ਼ਾਮ ਵਾਸਤੇ ਕੰਮ ਮਿਲ ਗਿਆ ਹੈ।''

ਰਾਘਵੇਂਦਰ ਨੇ ਆਪਣੇ ਟਵੀਟ 'ਚ ਲਿਖਿਆ ਹੈ, ''ਅਚਾਨਕ ਲੱਗ ਰਿਹਾ ਹੈ ਕਿ ਭਾਰਤ ਦੇ ਸਾਰੇ ਆਰਚਬਿਸ਼ਪ ਨੂੰ ਖ਼ੁਰਕ ਪੈ ਗਈ ਹੈ, ਹਰ ਕੋਈ ਅਚਾਨਕ ਸਿਆਸਤ 'ਚ ਦਿਲਚਸਪੀ ਰੱਖਦਾ ਹੈ, ਇਹ ਬਿਸ਼ਪ ਪਿਛਲੇ 60 ਸਾਲਾਂ 'ਚ ਕਿੱਥੇ ਸਨ?''

ਜੇ ਰਿਆਨ ਪਿੰਟੋ ਨੇ ਆਪਣੇ ਟਵੀਟ 'ਚ ਲਿਖਿਆ ਹੈ, ''ਚੰਗਾ ਸੁਨੇਹਾ ਹੈ ਕਿ ਸੰਵਿਧਾਨ ਨੂੰ ਸਮਝੋ ਤੇ ਉਸਦੀ ਰਾਖੀ ਕਰੋ।''

ਇੱਕ ਹੋਰ ਟਵਿੱਟਰ ਯੂਜ਼ਰ ਅਵਿਨੰਦਨ ਬੋਸ ਨੇ ਲਿਖਿਆ, ''ਆਰਚਬਿਸ਼ਪ, ਜੇ ਸਾਡਾ ਸੰਵਿਧਾਨ ਖ਼ਤਰੇ 'ਚ ਹੈ ਤੇ ਤੁਸੀਂ ਡਰਿਆ ਹੋਇਆ ਮਹਿਸੂਸ ਕਰਦੇ ਹੋ ਤਾਂ ਤੁਸੀਂ ਇਸ ਮਿੱਟੀ (ਦੇਸ) 'ਚ ਕਿਵੇਂ ਰਹਿ ਸਕਦੇ ਹੋ।''

ਰਿਹਾਨ ਪਟੇਲ ਨੇ ਲਿਖਿਆ, ''ਮੈਂ ਆਰਚਬਿਸ਼ਪ ਨਾਲ ਖੜ੍ਹਾ ਹਾਂ ਕਿਉਂਕਿ ਉਹ ਲੋਕਤੰਤਰ, ਸੰਵਿਧਾਨ ਤੇ ਭਾਰਤ ਨੂੰ ਬਚਾਉਣ ਲਈ ਖੜ੍ਹੇ ਹਨ।''

ਲੇਖਕ ਕੰਚਨ ਗੁਪਤਾ ਨੇ ਲਿਖਿਆ, ''ਇਹ ਸਾਬਿਤ ਕਰਦਾ ਹੈ ਕਿ ਬਹੁਤਾਤ ਹਿੰਦੂ ਘੱਟ ਗਿਣਤੀ ਲੋਕਾਂ ਖ਼ਿਲਾਫ਼ ਜੁਰਮ ਕਰ ਰਹੇ ਹਨ।''

ਬ੍ਰਿਜੇਸ਼ ਪਾਂਡੇ ਨੇ ਲਿਖਿਆ, ''ਦਰਅਸਲ ਸਰਕਾਰ ਨੇ ਇਨ੍ਹਾਂ ਦੀ ਭਾਰਤ ਵਿੱਚ ਪਰਿਵਰਤਨ ਦੀਆਂ ਫ਼ੈਕਟਰੀਆਂ ਬੈਨ ਕਰ ਦਿੱਤੀਆਂ ਹਨ ਅਤੇ ਇਨ੍ਹਾਂ ਨੂੰ ਵਿਦੇਸ਼ ਤੋਂ ਬਹੁਤਾ ਫੰਡ ਨਹੀਂ ਮਿਲ ਰਿਹਾ, ਇਸ ਲਈ ਇਹ ਕਹਿ ਰਹੇ ਹਨ ਕਿ ਸੰਵਿਧਾਨ ਖ਼ਤਰੇ 'ਚ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)