You’re viewing a text-only version of this website that uses less data. View the main version of the website including all images and videos.
ਸੋਸ਼ਲ ਮੀਡੀਆ ਬਹਿਸ: ਜਮਹੂਰੀਅਤ ਲਈ ਖਤਰਾ ਕੌਣ? ਆਰਚਬਿਸ਼ਪ ਜਾਂ ਆਰਐਸਐਸ
ਆਰਚਬਿਸ਼ਪ ਆਫ ਦਿੱਲੀ ਦੀ ਇੱਕ ਚਿੱਠੀ ਕਾਰਨ ਮੁਲਕ ਵਿੱਚ ਮੌਜੂਦਾ ਸਿਆਸੀ ਮਾਹੌਲ 'ਤੇ ਮੁੜ ਚਰਚਾ ਛਿੜ ਗਈ ਹੈ।ਈਸਾਈ ਧਰਮ ਗੁਰੂ ਅਨਿਲ ਕੌਟੋ ਦੀ ਚਿੱਠੀ ਕਾਰਨ ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਤਕਰੀਰਾਂ ਕਰਨ ਵਾਲਿਆਂ ਦੀ ਕਮੀ ਨਹੀਂ ਹੈ।
ਉਨ੍ਹਾਂ ਦੀ ਚਿੱਠੀ ਭਾਰਤ ਵਿੱਚ ਮੌਜੂਦਾ ''ਅਸਥਿਰ ਸਿਆਸੀ ਵਾਤਾਵਰਨ'' ਬਾਰੇ ਹੈ ਜਿਸਨੂੰ ਭਾਰਤ ਦੀ ਜਮਹੂਰੀਅਤ ਲਈ ਖ਼ਤਰਾ ਦੱਸਦਿਆਂ ਸਾਰੇ ਪਾਦਰੀਆਂ ਨੂੰ 2019 ਦੇ ਲੋਕ ਸਭਾ ਚੋਣਾਂ ਪਹਿਲਾਂ ''ਮੁਲਕ ਲਈ ਪ੍ਰਾਰਥਨਾ'' ਕਰਨ ਲਈ ਕਿਹਾ ਗਿਆ ਹੈ।
ਜਮਹੂਰੀਅਤ ਵਿਰੋਧੀ ਕੌਣ?
ਇਹ ਚਿੱਠੀ ਰਾਜਧਾਨੀ ਦਿੱਲੀ ਦੇ ਸਾਰੇ ਚਰਚਾਂ ਦੇ ਪਾਦਰੀਆਂ 8 ਮਈ ਨੂੰ ਲਿਖੀ ਗਈ ਸੀ। ਕਿਹਾ ਗਿਆ ਹੈ ਕਿ ਇਹ ਚਿੱਠੀ ਹਰ ਹਫ਼ਤੇ ਪ੍ਰਾਰਥਨਾ ਦੌਰਾਨ ਪੜ੍ਹੀ ਜਾਵੇ।
ਇਸ ਚਿੱਠੀ ਬਾਰੇ ਸੋਸ਼ਲ ਮੀਡੀਆ ਉੱਤੇ ਆਪਣੀ ਹੀ ਕਿਸਮ ਦੀ ਬਹਿਸ ਜਾਰੀ ਹੈ, ਆਰਐਸਐਸ ਆਗੂ ਆਰਚਬਿਸ਼ਪ ਦੀ ਚਿੱਠੀ ਤੋਂ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਨੂੰ ਜਮਹੂਰੀਅਤ ਲਈ ਖਤਰਾ ਦੱਸ ਰਹੇ ਹਨ।
ਉੱਧਰ ਆਰਚਬਿਸ਼ਪ ਦੇ ਸਮਰਥਕਾਂ ਦੀ ਵੀ ਕਮੀ ਨਹੀਂ ਹੈ। ਉਹ ਆਰਐਸਐਸ ਦੇ ਖ਼ਦਸ਼ਿਆ ਉੱਤੇ ਸਵਾਲ ਖੜਾ ਕਰਦੇ ਹੋਏ ਆਰਐਸਐਸ ਉੱਤੇ ਭਾਰਤ ਦੀਆਂ ਜਮਹੂਰੀ ਕਰਦਾਂ-ਕੀਮਤਾਂ ਵਿਰੋਧੀ ਹੋਣ ਦਾ ਇਲਜ਼ਾਮ ਲਾਉਦੇ ਹਨ।
ਇਹ ਮੁੱਦਾ ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਭਖਿਆ ਹੋਇਆ ਹੈ। ਆਰਚਿਬਿਸ਼ਪ ਆਫ ਦਿੱਲੀ ਦੀ ਇਸ ਚਿੱਠੀ ਦੇ ਖ਼ਿਲਾਫ ਅਤੇ ਹੱਕ ਵਿੱਚ ਕਈ ਲੋਕ ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆ ਦੇ ਰਹੇ ਹਨ।
ਕੁਝ ਬੀਜੇਪੀ ਨੇਤਾਵਾਂ ਤੇ ਆਰਐੱਸਐੱਸ ਵਿਚਾਰਕ ਰਾਕੇਸ਼ ਸਿਨਹਾ ਨੇ ਤਾਂ ਇਸ ਪੂਰੇ ਮਸਲੇ ਉੱਤੇ ਕਰੜਾ ਰੁਖ ਅਖਤਿਆਰ ਕਰ ਲਿਆ।
ਉਨ੍ਹਾਂ ਲਿਖਿਆ, ''ਕੀ ਸਾਨੂੰ ਮਿਸ਼ਨਰੀਆਂ ਦੀ ਲੋੜ ਹੈ? ਉਹ ਸਾਡੀ ਅਧਿਆਤਮਕ ਜਮਹੂਰੀਅਤ ਲਈ ਖ਼ਤਰਾ ਹਨ।''
ਉਨ੍ਹਾਂ ਇੱਕ ਕਮਿਸ਼ਨ ਦੀ ਰਿਪੋਰਟ ਅਤੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀਆਂ ਨੀਤੀਆਂ ਦਾ ਜ਼ਿਕਰ ਕੀਤਾ।
ਇੱਕ ਟਵਿੱਟਰ ਯੂਜ਼ਰ ਅਨੁਪਮ ਦੂਬੇ ਨੇ ਲਿਖਿਆ, ''ਮਿਸ਼ਨਰੀ ਸਾਰੇ ਮੁਲਕਾਂ ਲਈ ਖ਼ਤਰਨਾਕ ਹਨ। ਇਨ੍ਹਾਂ ਸੁਡਾਨ ਨੂੰ ਟੁਕੜਿਆਂ ਵਿੱਚ ਤੋੜ ਦਿੱਤਾ।''
ਹਿਊਮਨ ਨਾਂ ਦੇ ਟਵਿੱਟਰ ਹੈਂਡਲ ਤੋਂ ਲਿਖਿਆ ਗਿਆ, ''ਹੁਣ ਸਭ ਕੁਝ ਸਾਫ਼ ਹੋ ਗਿਆ ਕਿ ਪੱਛਮ ਧਰਮ ਨੂੰ ਇੱਕ ਹਥਿਆਰ ਵਜੋਂ ਵਰਤ ਰਿਹਾ ਹੈ।''
ਸੋਸ਼ਲ ਮੀਡੀਆ 'ਤੇ ਪਏ ਇਸ ਰੌਲੇ ਰੱਪੇ ਵਿੱਚ ਕੁਝ ਲੋਕ ਬੀਜੇਪੀ ਅਤੇ ਆਰਐੱਸਐੱਸ ਦੇ ਆਗੂਆਂ ਦੇ ਖ਼ਿਲਾਫ ਆਪਣੀ ਰਾਇ ਦੇ ਰਹੇ ਹਨ ਅਤੇ ਕੁਝ ਅਸਲ ਮੁੱਦਿਆਂ 'ਤੇ ਧਿਆਨ ਕੇਂਦਰਿਤ ਕਰਨ ਦੀ ਗੱਲ ਕਹਿ ਰਹੇ ਹਨ।
ਸੁਨੰਦਾ ਵਸ਼ਿਸ਼ਟ ਨੇ ਲਿਖਿਆ, ''ਮੈਂ ਆਰਚਬਿਸ਼ਪ ਦੀ ਅਪੀਲ ਦਾ ਸਵਾਗਤ ਕਰਦੀ ਹਾਂ। ਇਸ ਤਰ੍ਹਾਂ ਦੀ ਪਹਿਲ ਦੀ ਪ੍ਰਸ਼ੰਸਾ ਹੋਣੀ ਚਾਹੀਦੀ ਹੈ।''
ਕੱਟਰ ਭਾਰਤੀ ਨਾਮੀ ਟਵਿੱਟਰ ਹੈਂਡਲ ਤੋਂ ਲਿਖਿਆ ਗਿਆ, ''ਕੀ ਸਾਨੂੰ RSS ਦੀ ਲੋੜ ਹੈ? ਇਹ ਸਾਡੀ ਧਰਮ ਨਿਰਪੇਖ ਜਮਹੂਰੀਅਤ ਲਈ ਖ਼ਤਰਾ ਹਨ।''
ਸੁਨੀਲ ਕਰਨ ਨੇ ਲਿਖਿਆ, ''ਸਰ, ਕੀ ਸਾਡੇ ਕੋਲ ਚਰਚ ਤੋਂ ਇਲਾਵਾ ਕੋਈ ਮਸਲਾ ਨਹੀਂ ਹੈ। ਪੈਟਰੋਲ ਦੀਆਂ ਵੱਧ ਰਹੀਆਂ ਕੀਮਤਾਂ, ਕਿਸਾਨਾਂ ਦੀਆਂ ਮੌਤਾਂ, ਮਾੜੀ ਆਰਥਿਕਤਾ। ਕੀ ਸਾਨੂੰ ਧਰਮ ਨੂੰ ਵੱਖ ਨਹੀਂ ਕੀਤਾ ਜਾ ਸਕਦਾ।''
ਹਾਲਾਂਕਿ ਹੁਣ ਖ਼ਬਰਾਂ ਹਨ ਕਿ ਆਰਚਬਿਸ਼ਪ ਆਫ਼ ਦਿੱਲੀ ਨੇ ਕਿਹਾ ਹੈ ਕਿ ਮੁੱਦੇ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ ਅਤੇ ਉਹ ਕਿਸੇ ਪਾਰਟੀ ਜਾਂ ਸੱਤਾ ਦਾ ਜ਼ਿਕਰ ਨਹੀਂ ਕਰ ਰਹੇ ਹਨ।