ਬਲੂ ਸਟਾਰ ਦੀ ਬਰਸੀ: ਜਥੇਦਾਰ ਵੱਲੋਂ ਖੁਦਮੁਖਤਿਆਰੀ ਦੀ ਮੰਗ, ਖਾਲਿਸਤਾਨ ਦੇ ਨਾਅਰੇ ਲੱਗੇ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਦੇ ਲਈ

ਆਪਰੇਸ਼ਨ ਬਲੂ ਸਟਾਰ ਦੀ 34ਵੀਂ ਬਰਸੀ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਪੰਜਾਬ ਦੀ ਖੁਦਮੁਖਤਿਆਰੀ ਦੀ ਮੰਗ ਚੁੱਕੀ ਹੈ।

ਬਰਸੀ ਸਮਾਗਮ ਮੌਕੇ ਇਕੱਠ ਵਿੱਚ ਮੌਜੂਦ ਨੌਜਵਾਨ ਵੱਲੋਂ ਖਾਲਿਸਤਾਨ ਹਮਾਇਤੀ ਨਾਅਰੇ ਵੀ ਲਾਏ ਗਏ ਹਨ।

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਪੰਜਾਬੀ ਖੁਦਮੁਖਤਿਆਰ ਸੂਬਾ ਚਾਹੁੰਦੇ ਹਨ ਜਿਸ ਵਿੱਚ ਰੱਖਿਆ ਤੇ ਵਿੱਤ ਮਾਮਲਿਆਂ ਨੂੰ ਛੱਡ ਕੇ ਬਾਕੀ ਮਸਲਿਆਂ ਬਾਰੇ ਉਹ ਖੁਦ ਫੈਸਲਾ ਕਰ ਸਕਣ।''

"ਅਸੀਂ ਚਾਹੁੰਦੇ ਹਾਂ ਕਿ ਪੰਜਾਬ ਵਿੱਚ ਇੰਡਸਟਰੀ ਲੱਗੇ ਅਤੇ ਬੇਰੁਜ਼ਗਾਰੀ ਖ਼ਤਮ ਹੋਏ। ਇਸਦੇ ਨਾਲ ਹੀ ਸਾਨੂੰ ਆਪਣੀਆਂ ਫਸਲਾਂ ਬਾਰੇ ਕੀਮਤਾਂ ਤੈਅ ਕਰਨ ਦਾ ਵੀ ਹੱਕ ਮਿਲੇ।''

ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਖਾਲਿਸਤਾਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਹਮਾਇਤੀ ਪੋਸਟਰ ਲੈ ਕੇ ਪਹੁੰਚੇ ਹੋਏ ਸਨ। ਕੁਝ ਨੌਜਵਾਨ ਰੈਫਰੈਂਡਮ 2020 ਦੀਆਂ ਟੀ-ਸ਼ਰਟ ਪਾ ਕੇ ਪਹੁੰਚੇ ਹੋਏ ਸਨ।

ਸੰਦੇਸ਼ ਦੌਰਾਨ ਨਾਅਰੇਬਾਜ਼ੀ

ਸਵੇਰੇ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋਈ। ਸਮਾਪਤੀ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਸੰਦੇਸ਼ ਪੜ੍ਹਿਆ ਗਿਆ।

ਪਾਠ ਦੀ ਸਮਾਪਤੀ ਤੱਕ ਸਾਰਾ ਸਮਾਗਮ ਸ਼ਾਂਤੀ ਨਾਲ ਹੋਇਆ ਪਰ ਜਿਵੇਂ ਹੀ ਜਥੇਦਾਰ ਨੇ ਸੰਦੇਸ਼ ਪੜ੍ਹਨਾ ਸ਼ੁਰੂ ਕੀਤਾ ਤਾਂ ਉੱਥੇ ਮੌਜੂਦ ਲੋਕਾਂ ਵੱਲੋਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ।

ਅਕਾਲ ਤਖ਼ਤ ਦੇ ਜਥੇਦਾਰ ਨੇ ਆਪਣੇ ਸੰਦੇਸ਼ ਵਿੱਚ ਪੂਰੇ ਪੰਥ ਨੂੰ ਅਕਾਲ ਤਖ਼ਤ ਹੇਠ ਇਕੱਠੇ ਹੋਣ ਦੀ ਅਪੀਲ ਕੀਤੀ। ਆਪਣੇ ਸੰਦੇਸ਼ ਵਿੱਚ ਉਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਵਾਲਾ, ਭਾਈ ਅਮਰੀਕ ਸਿੰਘ, ਸੁਬੇਗ ਸਿੰਘ ਵਰਗੇ ਲੋਕਾਂ ਨੂੰ ਯਾਦ ਕੀਤਾ।

ਉਨ੍ਹਾਂ ਨੇ ਯੂਕੇ ਦੀ ਸਰਕਾਰ ਦੀ ਤਰਜ 'ਤੇ ਭਾਰਤ ਸਰਕਾਰ ਵੱਲੋਂ ਆਪਰੇਸ਼ਨ ਬਲੂ ਸਟਾਰ ਦੀਆਂ ਫਾਈਲਾਂ ਜਨਤਕ ਕਰਨ ਦੀ ਮੰਗ ਕੀਤੀ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਨੇ ਇਸ ਮੌਕੇ ਫਿਰ ਤੋਂ ਖਾਲਿਸਤਾਨ ਦੀ ਮੰਗ ਕੀਤੀ।

ਸਮਾਗਮ ਵਿੱਚ ਹਿੱਸਾ ਲੈਣ ਦੇ ਲਈ ਐੱਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਦਮਦਮੀ ਟਕਸਾਲ ਮੁਖੀ ਹਰਨਾਮ ਸਿੰਘ ਖਾਲਸਾ ਤੇ ਸਿੱਖ ਆਗੂ ਮੋਹਕਮ ਸਿੰਘ ਤੇ ਕੰਵਰਪਾਲ ਸਿੰਘ ਬਿੱਟੂ ਵੀ ਮੌਜੂਦ ਸਨ।

ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਪੁਲਿਸ ਸਾਦੇ ਕੱਪੜਿਆਂ ਵਿੱਚ ਤਾਇਨਾਤ ਕੀਤੀ ਗਈ ਸੀ ਤਾਂ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।

ਸ਼ਹਿਰ ਵਿੱਚ ਪੰਜਾਬ ਪੁਲਿਸ ਦੇ ਨਾਲ ਨਾਲ ਪੈਰਾ ਮਿਲਟਰੀ ਫੋਰਸ ਦੀਆਂ ਵੀ ਕਈ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ।

ਦਲ ਖਾਲਸਾ ਨੇ ਬੰਦ 'ਚ ਸਹਿਯੋਗ ਕਰਨ ਲਈ ਹਿੰਦੂ, ਈਸਾਈ ਅਤੇ ਸਿੱਖ ਭਾਈਚਾਰੇ ਸਮੇਤ ਸਮਾਜ ਦੇ ਸਾਰੇ ਵਰਗਾਂ ਦਾ ਧੰਨਵਾਦ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)