ਨਵਜੋਤ ਸਿੱਧੂ ਦੀ ਜੱਫ਼ੀ ਦੀ ਆਲੋਚਨਾ 'ਤੇ ਪੰਜਾਬੀਆਂ ਦੀ ਰਾਇ ਇਸ ਲਈ ਵੱਖਰੀ ਹੈ - ਨਜ਼ਰੀਆ

    • ਲੇਖਕ, ਜਗਤਾਰ ਸਿੰਘ
    • ਰੋਲ, ਸੀਨੀਅਰ ਪੱਤਰਕਾਰ

ਜੱਫ਼ੀ ਇਮਾਨਦਾਰੀ ਨਾਲ ਅਤੇ ਅਸਲ ਪੰਜਾਬੀ ਅੰਦਾਜ਼ ਵਿੱਚ ਪਾਈ ਗਈ ਸੀ।

ਨਵਜੋਤ ਸਿੱਧੂ ਵੱਲੋਂ ਪਾਕਿਸਤਾਨ ਦੇ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਜੱਫ਼ੀ ਪਾਉਣ ਵਾਲੀ ਥਾਂ ਇਸਲਾਮਾਬਾਦ ਸੀ। ਮੌਕਾ ਸੀ ਸਿੱਧੂ ਦੇ ਪੁਰਾਣੇ ਦੋਸਤ ਇਮਰਾਨ ਖ਼ਾਨ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਮਾਗਮ ਦਾ।

ਇਹ ਵੀ ਪੜ੍ਹੋ:

ਜੱਫ਼ੀ ਪਾਉਣਾ ਮਸਲਾ ਨਹੀਂ ਹੈ ਦਰਅਸਲ ਮਸਲਾ ਉਹ ਵਿਅਕਤੀ ਸੀ ਜਿਸ ਨੂੰ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਜੱਫ਼ੀ ਪਾਈ ਸੀ। ਉਹ ਵਿਅਕਤੀ ਪਾਕਿਸਤਾਨ ਦੇ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਸਨ।

ਭਾਰਤ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਫ਼ੌਜ ਦੇ ਜਵਾਨਾਂ ਅਤੇ ਅਫ਼ਸਰਾਂ 'ਤੇ ਪਾਕਿਸਤਾਨ ਵੱਲੋਂ ਹੁੰਦੀ ਗੋਲੀਬਾਰੀ ਦੌਰਾਨ ਕਸ਼ਮੀਰ ਵਿੱਚ ਐਲਓਸੀ 'ਤੇ ਮਾਰੇ ਜਾਣ ਪਿੱਛੇ ਜਨਰਲ ਬਾਜਵਾ ਜ਼ਿੰਮੇਵਾਰ ਹਨ।

ਉਂਝ ਭਾਰਤ ਦੇ ਪ੍ਰਧਾਨ ਮੰਤਰੀ ਵੀ ਆਪਣੀ ਜੱਫ਼ੀ ਡਿਪਲੋਮੈਸੀ ਕਾਰਨ ਮਸ਼ਹੂਰ ਹਨ।

ਇਸ ਨਫ਼ਰਤ ਭਰੀ ਮੁਹਿੰਮ ਵਿੱਚ ਉਹ ਬੁਨਿਆਦੀ ਪਹਿਲੂ ਨਜ਼ਰਅੰਦਾਜ਼ ਕੀਤੇ ਜਾ ਰਹੇ ਹਨ, ਜਿਸ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧਾਉਂਦੀ ਸਿਆਸਤ ਦੋਵਾਂ ਪਾਸਿਆਂ 'ਤੇ ਸਰਹੱਦ ਉੱਤੇ ਫੌਜੀ ਅਤੇ ਆਮ ਨਾਗਰਿਕਾਂ ਦੀ ਹੱਤਿਆ ਕਰ ਰਹੀ ਹੈ।

ਨਵਜੋਤ ਸਿੰਘ ਸਿੱਧੂ ਨੇ ਆਪਣੀ ਜੱਫ਼ੀ ਨੂੰ ਜਨਰਲ ਬਾਜਵਾ ਵੱਲੋਂ ਦਿੱਤੀ ਜਾਣਕਾਰੀ ਦਾ ਪ੍ਰਤੀਕਰਮ ਦੱਸਿਆ।

ਨਵਜੋਤ ਸਿੱਧੂ ਨੇ ਜੱਫ਼ੀ ਨੂੰ ਉਸ ਪਲ਼ ਦਾ ਭਾਵਨਾਤਮਕ ਪ੍ਰਤੀਕਰਮ ਦੱਸਿਆ, ਜਦੋਂ ਜਨਰਲ ਬਾਜਵਾ ਨੇ ਉਨ੍ਹਾਂ ਨਾਲ ਕਰਤਾਰ ਪੁਰ ਲਾਂਘੇ ਬਾਰ ਜਾਣਕਾਰੀ ਸਾਂਝੀ ਕੀਤੀ।

ਸਹੁੰ ਚੁੱਕ ਸਮਾਗਮ ਦੇ ਮਹਿਮਾਨਾਂ ਵਿਚਾਲੇ ਨਵਜੋਤ ਸਿੱਧੂ ਇਕੱਲੇ ਸਿੱਖ ਸਨ। ਇਸ ਤੋਂ ਇਲਾਵਾਂ ਉਨ੍ਹਾਂ ਨੂੰ ਪਹਿਲੀ ਕਤਾਰ ਵਿੱਚ ਬਿਠਾਇਆ ਗਿਆ।

ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਮੁੱਦਾ

ਜਨਰਲ ਬਾਜਵਾ ਨੇ ਭਾਰਤ ਤੋਂ ਆਏ ਮਹਿਮਾਨ (ਨਵਜੋਤ ਸਿੰਘ ਸਿੱਧੂ) ਨੂੰ ਦੱਸਿਆ ਕਿ ਭਾਰਤ ਦੇ ਸਿੱਖਾਂ ਲਈ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਸਿੱਧੇ ਤੇ ਆਸਾਨੀ ਨਾਲ ਹੋ ਜਾਣ, ਪਾਕਿਸਤਾਨ ਇਸ ਗੱਲ 'ਤੇ ਵਿਚਾਰ ਕਰ ਰਿਹਾ ਹੈ।

ਕਰਤਾਰਪੁਰ ਸਾਹਿਬ ਉਹ ਥਾਂ ਹੈ ਜਿੱਥੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਨੇ ਆਪਣੇ ਆਖਰੀ 17 ਸਾਲ ਬਿਤਾਏ ਅਤੇ ਉੱਥੇ ਹੀ ਜੋਤੀ ਜੋਤ ਸਮਾਏ ਸਨ।

ਇਹ ਗੁਰਦੁਆਰਾ ਰਾਵੀ ਦਰਿਆ ਦੇ ਪਾਰ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਦੇ ਉਲਟ ਹੈ ਅਤੇ ਉੱਥੋਂ ਸਾਫ਼ ਨਜ਼ਰੀ ਪੈਂਦਾ ਹੈ।

ਕਈ ਸਾਲਾਂ ਤੋਂ ਕਰਤਾਰਪੁਰ ਸਾਹਿਬ ਵੱਲ ਜਾਣ ਲਈ ਮੁਫ਼ਤ ਪਹੁੰਚ ਦੀ ਮੰਗ ਨੇ ਰਫ਼ਤਾਰ ਫੜੀ ਹੈ।

ਰਾਵੀ ਦੇ ਕੰਢੇ 'ਤੇ ਗੁਰਦੁਆਰੇ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਸਹੂਲੀਅਤ ਲਈ ਦੂਰਬੀਨਾਂ ਲਗਾਈਆਂ ਗਈਆਂ ਹਨ।

ਜਿੱਥੇ ਇਹ ਦੂਰਬੀਨਾਂ ਲਗਾਈਆਂ ਗਈਆਂ ਹਨ ਉਸ ਥਾਂ ਨੂੰ ਦਰਸ਼ਨ ਅਸਥਾਨ ਕਿਹਾ ਜਾਂਦਾ ਹੈ। ਇਸ ਸਹੂਲਤ ਦਾ ਪ੍ਰਬੰਧ ਬੀਐਸਐਫ਼ ਵੱਲੋਂ ਕੀਤਾ ਗਿਆ ਹੈ।

ਸ੍ਰੀ ਗੁਰੂ ਨਾਨਕ ਦੇਵ ਦਾ ਜਨਮ ਨਨਕਾਣਾ ਸਾਹਿਬ ਵਿਖੇ ਹੋਇਆ ਸੀ ਅਤੇ ਉਹ ਕਰਤਾਰਪੁਰ ਵਿੱਚ ਜੋਤੀ ਜੋਤ ਸਮਾਏ ਸਨ। ਇਹ ਦੋਵੇਂ ਮੁੱਖ ਥਾਵਾਂ ਪਾਕਿਸਤਾਨ ਵਿੱਚ ਹਨ।

ਇਨ੍ਹਾਂ ਗੁਰਦੁਆਰਿਆਂ ਦਾ ਦੌਰਾ ਸੰਸਾਰ ਭਰ ਦੇ ਸਿੱਖਾਂ ਲਈ ਇੱਕ ਭਾਵਨਾਤਮਕ ਮਸਲਾ ਹੈ। ਨਨਕਾਣਾ ਸਾਹਿਬ ਅਤੇ ਹੋਰ ਪਵਿੱਤਰ ਅਸਥਾਨਾਂ ਲਈ ਤੀਰਥ ਯਾਤਰਾ ਪਾਕਿਸਤਾਨ ਵੱਲੋਂ ਮਨਜ਼ੂਰ ਹੈ।

ਮੁੱਦਾ ਕਰਤਾਰਪੁਰ ਸਾਹਿਬ ਤੱਕ ਇੱਕ ਵਿਸ਼ੇਸ਼ ਲਾਂਘੇ ਰਾਹੀਂ ਦਾ ਹੈ ਕਿਉਂਕਿ ਇਹ ਐਨ ਸਰਹੱਦ ਪਾਰ ਸਥਿਤ ਹੈ ਅਤੇ ਜੇ ਗੱਲ ਸਿਰੇ ਚੜ੍ਹੀ ਤਾਂ ਲੋਕ ਉੱਥੇ ਪੈਦਲ ਜਾ ਸਕਦੇ ਹਨ।

ਡੇਰਾ ਬਾਬਾ ਨਾਨਕ ਨੂੰ ਨਾਰੋਵਾਲ ਨਾਲ ਜੋੜਨ ਵਾਲਾ ਇੱਕ ਰੇਲਵੇ ਪੁਲ ਵਰਤਿਆ ਜਾਂਦਾ ਸੀ, ਜੋ 1965 ਦੀ ਜੰਗ ਵਿੱਚ ਨੁਕਸਾਨਿਆ ਗਿਆ ਸੀ।

ਜੇਕਰ ਪਾਕਿਸਤਾਨ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਲਾਂਘੇ ਲਈ ਸਹਿਮਤ ਹੁੰਦਾ ਹੈ ਜਿਸ ਬਾਰੇ ਜਨਰਲ ਬਾਜਵਾ ਨੇ ਸੰਕੇਤ ਦਿੱਤੇ ਹਨ ਤਾਂ ਇੱਕ ਅਸਥਾਈ ਪੁਲ ਉਸ ਥਾਂ 'ਤੇ ਬਣਾਉਣਾ ਪਵੇਗਾ।

ਲਾਂਘੇ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਨਾਲ ਲੈਸ ਕਰਨਾ ਹੋਵੇਗਾ। ਇਹ ਮੰਗ ਸਥਾਈ ਪ੍ਰਬੰਧਾਂ ਲਈ ਹੈ।

ਇਹ ਵੀ ਪੜ੍ਹੋ:-

ਇੰਸਟੀਚਿਊਟ ਆਫ ਮਲਟੀਟਾਸਕ ਡਿਪਲੋਮੇਸੀ ਨੇ ਨਵੰਬਰ 2013 ਵਿੱਚ ਰਿਲੀਜ਼ ਕੀਤੀ ਇੱਕ ਰਿਪੋਰਟ ਵਿੱਚ ਲਾਂਘੇ ਲਈ 17 ਮਿਲੀਅਨ ਡਾਲਰ ਦੀ ਲਾਗਤ ਦਾ ਅੰਦਾਜ਼ਾ ਲਗਾਇਆ ਸੀ ਜਿਸ ਵਿਚ ਭਾਰਤ (2.2 ਮਿਲੀਅਨ ਡਾਲਰ) ਅਤੇ ਪਾਕਿਸਤਾਨ (14.8 ਮਿਲੀਅਨ ਡਾਲਰ) ਦਾ ਹਿੱਸਾ ਰਹੇਗਾ।

ਜੁਲਾਈ 2012 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਅਵਤਾਰ ਸਿੰਘ ਮੱਕੜ ਨੇ ਇਸ ਕੋਰੀਡੋਰ (ਲਾਂਘੇ) ਦੀ ਵਕਾਲਤ ਕਰਦੇ ਹੋਏ ਕਿਹਾ ਸੀ ਕਿ ਪਾਕਿਸਤਾਨ ਨੇ 1999 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਪਾਕਿਸਤਾਨ ਫੇਰੀ ਸਮੇਂ ਇਸ ਕੋਰੀਡੋਰ ਨੂੰ ਖੋਲ੍ਹਣ ਦੀ ਪੇਸ਼ਕਸ਼ ਕੀਤੀ ਸੀ, ਪਰ ਭਾਰਤ ਵੱਲੋਂ ਗੱਲ ਅੱਗੇ ਨਹੀਂ ਵਧੀ।

ਸਥਾਈ ਕੋਰੀਡੋਰ ਦੀ ਮੰਗ ਕਰਨ ਵਾਲਿਆਂ ਦੀ ਉਮੀਦ ਉਸ ਸਮੇਂ ਢਹਿ ਢੇਰੀ ਹੋ ਗਈ ਗਈ ਜਦੋਂ 2 ਜੁਲਾਈ, 2017 ਨੂੰ ਸ਼ਸ਼ੀ ਥਰੂਰ ਦੀ ਪ੍ਰਧਾਨਗੀ ਵਾਲੇ ਵਿਦੇਸ਼ ਮਾਮਲਿਆਂ ਦੀ 7 ਮੈਂਬਰੀ ਸੰਸਦ ਦੀ ਸਥਾਈ ਕਮੇਟੀ ਨੇ ਇਸ ਕੋਰੀਡੋਰ ਦੇ ਨਿਰਮਾਣ ਦੀ ਗੱਲ ਨੂੰ ਰੱਦ ਕਰ ਦਿੱਤਾ ਸੀ, ਜਿਸ ਵਿੱਚ ਕਿਹਾ ਗਿਆ ਕਿ ਮੌਜੂਦਾ ਸਿਆਸੀ ਮਾਹੌਲ ਅਜਿਹਾ ਰਸਤਾ ਬਣਾਉਣ ਲਈ ਅਨੁਕੂਲ ਨਹੀਂ ਹੈ।

ਵਫ਼ਦ ਡੇਰਾ ਬਾਬਾ ਨਾਨਕ ਵਿੱਚ ਉਹ ਥਾਂ ਦੇਖਣ ਗਿਆ ਸੀ ਜਿੱਥੋਂ ਕਰਤਾਰਪੁਰ ਸਾਹਿਬ ਦਿਖਾਈ ਦਿੰਦਾ ਹੈ।

ਤਤਕਾਲ ਮੁੱਦਾ ਅਸਥਾਈ ਲਾਂਘੇ ਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਪਾਕਿਸਤਾਨ ਨਾਲ ਇਸ ਮੁੱਦੇ ਬਾਬਤ ਗੱਲ ਕਰਨ ਲਈ ਨਿੱਜੀ ਦਖਲ ਦੀ ਮੰਗ ਕਰਨ ਲਈ ਲਿਖਿਆ।

ਹਾਲਾਂਕਿ, ਜਨਰਲ ਬਾਜਵਾ ਦਾ ਪ੍ਰਤੀਕਰਮ ਪਹਿਲਾਂ ਹੀ ਸਕਾਰਾਤਮਕ ਜਾਪਿਆ ਹੈ ਜਿਸ ਕਾਰਨ ਨਵਜੋਤ ਸਿੱਧੂ 'ਚ ਭਾਵੁਕ ਪ੍ਰਤੀਕਰਮ ਜੱਫ਼ੀ ਦੇ ਰੂਪ 'ਚ ਦੇਖਣ ਨੂੰ ਮਿਲਿਆ।

ਇਹ ਤੱਥ ਹੈ ਕਿ ਪਾਕਿਸਤਾਨ ਦੀ ਵਿਦੇਸ਼ ਨੀਤੀ ਸ਼ਕਤੀਸ਼ਾਲੀ ਫ਼ੌਜ ਵੱਲੋਂ ਪ੍ਰਭਾਵਿਤ ਹੈ। ਇਹ ਇਸ ਸੰਦਰਭ ਵਿਚ ਹੈ ਕਿ ਜਨਰਲ ਬਾਜਵਾ ਨੇ ਜੋ ਸੰਦੇਸ਼ ਦਿੱਤਾ ਹੈ ਉਹ ਅਹਿਮ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਸਿੱਖਾਂ ਦੇ ਮੁੱਦਿਆਂ ਪ੍ਰਤੀ ਲਗਾਤਾਰ ਪ੍ਰਤੀਕਿਰਿਆ ਦਿੰਦਾ ਰਿਹਾ ਹੈ। ਇਸ ਕੇਸ ਵਿੱਚ ਫ਼ੈਸਲਾ ਭਾਰਤ ਸਰਕਾਰ ਵੱਲੋਂ ਲਿਆ ਜਾਣਾ ਚਾਹੀਦਾ ਹੈ।

ਇਹ ਮੁੱਦਾ ਸਿਰਫ਼ ਸੁਰੱਖਿਆ ਦਾ ਨਹੀਂ ਸਗੋਂ ਬਹੁਪੱਖੀ ਹੈ।ਪਾਕਿਸਤਾਨ ਨੇ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਦੀ ਵਰਤੋਂ ਕਰਦਿਆਂ ਨਵਜੋਤ ਸਿੰਘ ਸਿੱਧੂ ਰਾਹੀਂ ਸੁਨੇਹਾ ਘੱਲਿਆ ਹੈ ਤਾਂ ਜੋ ਰਮਝ ਨੂੰ ਸਮਝਿਆ ਜਾ ਸਕੇ।

ਭਾਜਪਾ ਦੇ ਨਵਜੋਤ ਸਿੱਧੂ ਨੂੰ ਘੇਰਨ ਪਿੱਛੇ ਜਨਰਲ ਬਾਜਵਾ ਨੂੰ ਜੱਫ਼ੀ ਪਾਉਣਾ ਮੁੱਖ ਮੁੱਦਾ ਨਹੀਂ ਹੈ। ਮਸਲਾ ਦਰਅਸਲ ਸਿੱਖਾਂ ਦੇ ਮਸਲਿਆਂ ਪ੍ਰਤੀ ਪਾਕਿਸਤਾਨ ਦੇ ਰਵੱਈਏ ਦਾ ਹੈ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)