ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਇਸ ਹਾਲਤ 'ਚ ਨੇ ਡੇਰੇ ਦੇ ਕਾਰੋਬਾਰ

    • ਲੇਖਕ, ਪ੍ਰੂਭੂ ਦਿਆਲ
    • ਰੋਲ, ਬੀਬੀਸੀ ਪੰਜਾਬੀ ਲਈ

ਡੇਰਾ ਮੁਖੀ ਦੇ ਜੇਲ੍ਹ ਜਾਣ ਮਗਰੋਂ ਡੇਰਾ ਸੱਚਾ ਸੌਦਾ ਵਿੱਚ ਬਣੇ ਸ਼ਾਹ ਸਤਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਸਟਾਫ ਨੇ ਡਾਢੀਆਂ ਔਕੜਾਂ ਹੰਢਾਈਆਂ ਹਨ।

ਡੇਰਾ ਮੁਖੀ ਨੂੰ ਸਜ਼ਾ ਹੋਣ ਤੋਂ ਬਾਅਦ ਸ਼ਾਹ ਸਤਨਾਮ ਜੀ ਸਪੈਸ਼ਲਿਟੀ ਹਸਪਤਾਲ ਵੀ ਵਿਵਾਦਾਂ ਵਿੱਚ ਆ ਗਿਆ ਸੀ। ਹਸਪਤਾਲ ਦੇ ਖਾਤਿਆਂ ਅਤੇ ਸਕਿਨ ਬੈਂਕ ਨੂੰ ਸੀਲ ਕਰ ਦਿੱਤਾ ਗਿਆ ਸੀ।

ਹਸਪਤਾਲ ਦੇ ਖਾਤੇ ਸੀਲ ਹੋਣ ਕਾਰਨ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਅੱਗੇ ਆਰਥਿਕ ਸਮੱਸਿਆ ਖੜ੍ਹੀ ਹੋ ਗਈ ਤੇ ਹਸਪਤਾਲ ਵਿੱਚ ਮਰੀਜ਼ ਘੱਟ ਗਏ।

ਡੇਰਾ ਮੁਖੀ ਦੇ ਜੇਲ੍ਹ ਜਾਣ ਤੋਂ ਪਹਿਲਾਂ ਹਸਪਤਾਲ ਵਿੱਚ ਰੋਜ਼ਾਨਾ ਪੰਜ-ਛੇ ਸੌ ਦੀ ਓ.ਪੀ.ਡੀ. ਹੁੰਦੀ ਸੀ, ਜੋ ਚਾਰ ਪੰਜ ਮਹੀਨੇ ਤਾਂ ਇੱਕਾ-ਦੁੱਕਾ ਹੀ ਰਹੀ ਪਰ ਹੁਣ ਹੌਲੀ-ਹੌਲੀ ਮਰੀਜ ਹਸਪਤਾਲ ਆਉਣੇ ਸ਼ੁਰੂ ਹੋ ਗਏ ਹਨ। ਹੁਣ ਓ.ਪੀ.ਡੀ. ਦੀ ਫੀਸ 50 ਰੁਪਏ ਕਰ ਦਿੱਤੀ ਗਈ ਹੈ ਜੋ ਕਿ ਪਹਿਲਾਂ ਸੌ ਰੁਪਏ ਸੀ।

ਇਹ ਵੀ ਪੜ੍ਹੋ:

ਮਰੀਜ਼ਾਂ ਨੂੰ ਖਿੱਚਣ ਲਈ ਹੋਰ ਟੈਸਟਾਂ ਦੇ ਰੇਟ ਵੀ ਘਟਾਏ ਗਏ ਹਨ ਅਤੇ ਇਸ ਦੇ ਪ੍ਰਚਾਰ ਲਈ ਲੋਕ ਸੰਪਰਕ ਅਫ਼ਸਰ ਵੀ ਰੱਖਿਆ ਗਿਆ ਹੈ।

ਹਸਪਤਾਲ ਦੇ ਡਿਪਟੀ ਸੀ.ਐਮ.ਓ. ਗੌਰਵ ਅਗਰਵਾਲ ਦਾ ਕਹਿਣਾ ਸੀ ਕਿ ਹਸਪਤਾਲ ਦੇ ਖਾਤਿਆਂ ਨੂੰ ਸੀਲ ਕੀਤੇ ਜਾਣ ਮਗਰੋਂ ਸਾਰੇ ਅਮਲੇ ਨੂੰ ਆਰਥਿਕ ਪੱਖੋਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਅਤੇ “ਪੁਲੀਸ ਵੱਲੋਂ ਪੁੱਛਗਿਛ ਦੇ ਨਾਂ ਉੱਤੇ ਡਾਕਟਰਾਂ ਅਤੇ ਹੋਰ ਸਟਾਫ ਨੂੰ ਵੀ ਖੱਜਲ-ਖੁਆਰ ਹੋਣਾ ਪਿਆ”।

ਉਨ੍ਹਾਂ ਕਿਹਾ, "ਇੱਕ-ਇੱਕ ਚੀਜ਼ ਦੀ ਪੁੱਛਗਿਛ ਕਰਨ ਲਈ ਸੱਤ-ਸੱਤ ਟੀਮਾਂ ਦਾ ਗਠਨ ਕੀਤਾ ਗਿਆ। ਇੱਕੋ ਚੀਜ਼ ਵਾਰ-ਵਾਰ ਪੁੱਛੀ ਗਈ, ਇਸ ਪ੍ਰੇਸ਼ਾਨੀ ਦੇ ਚਲਦਿਆਂ 70 'ਚੋਂ 25-30 ਡਾਕਟਰ ਅਤੇ 50 ਫ਼ੀਸਦ ਅਮਲਾ ਹਸਪਤਾਲ ਛੱਡਣ ਲਈ ਮਜਬੂਰ ਹੋ ਗਏ ਸਨ।"

ਸਿਰਸਾ ਸਦਰ ਥਾਣੇ ਦੇ ਐੱਸਐਚਓ ਇੰਸਪੈਕਟਰ ਜਗਦੀਸ਼ ਜੋਸ਼ੀ ਨੇ ਕਿਹਾ ਕਿ ਸਾਰੀ ਪੁੱਛਗਿੱਛ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਕੀਤੀ ਗਈ ਹੈ। ਉਨ੍ਹਾਂ ਕਿਹਾ, ''ਡੇਰੇ ਦੇ ਕੁਝ ਅਧਿਕਾਰੀ ਭਗੌੜੇ ਹਨ ਤੇ ਉਨ੍ਹਾਂ ਦੇ ਉੱਪਰ ਇਨਾਮ ਵੀ ਹਨ। ਪੁੱਛਗਿੱਛ ਚੰਗੀ ਤਰ੍ਹਾਂ ਕਰਨਾ ਬਹੁਤ ਜ਼ਰੂਰੀ ਹੈ ਪਰ ਕਾਰਵਾਈ ਕਾਨੂੰਨੀ ਢੰਗ ਨਾਲ ਹੀ ਕੀਤੀ ਗਈ ਹੈ।''

ਤਨਖ਼ਾਹ ਤੋਂ ਵਾਂਝਾ ਸਟਾਫ

ਡਾ. ਅਗਰਵਾਲ ਨੇ ਕਿਹਾ, “ਹਸਪਤਾਲ ਦੇ ਖਾਤੇ ਸੀਲ ਹੋਣ ਕਰਕੇ ਡਾਕਟਰਾਂ ਨੂੰ ਚਾਰ-ਪੰਜ ਮਹੀਨੇ ਤੱਕ ਤਨਖ਼ਾਹ ਨਹੀਂ ਮਿਲੀ। ਸਟਾਫ ਨਰਸਾਂ, ਲੈਬ ਟੈਕਨੀਸ਼ੀਅਨ ਅਤੇ ਸਫ਼ਾਈ ਕਰਮਚਾਰੀ ਵੀ ਤਨਖ਼ਾਹ ਤੋਂ ਵਾਂਝੇ ਰਹੇ। ਚਾਰ ਪੰਜ ਮਹੀਨੇ ਬਾਅਦ ਹੌਲੀ-ਹੌਲੀ ਥੋੜੀ-ਥੋੜੀ ਤਨਖ਼ਾਹ ਸਟਾਫ ਨੂੰ ਮਿਲਣੀ ਸ਼ੁਰੂ ਹੋਈ ਤਾਂ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਹੋਣ ਲੱਗਿਆ।”

ਡਾ. ਅਗਰਵਾਲ ਮੁਤਾਬਕ ਸਬਜ਼ੀ ਵਾਲੇ ਇਸ ਪਾਸੇ ਫੇਰੀ ਲਗਾਉਣ ਤੋਂ ਗੁਰੇਜ਼ ਕਰਦੇ ਸਨ ਅਤੇ ਜਦੋਂ ਕੋਈ ਲੋੜੀਂਦਾ ਸਾਮਾਨ ਖਰੀਦਣ ਬਾਜ਼ਾਰ ਜਾਂਦਾ ਸੀ ਤਾਂ ਤਲਾਸ਼ੀਆਂ ਅਤੇ ਪੁੱਛ-ਗਿੱਛ ਦਾ ਸਾਹਮਣਾ ਕਰਨਾ ਪੈਂਦਾ ਸੀ।

ਬੀਤੀ 12 ਜੁਲਾਈ ਤੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਹਸਪਤਾਲ ਨੂੰ ਆਪਣੇ ਅਧੀਨ ਲੈ ਲਿਆ ਹੈ। ਸਿਵਲ ਸਰਜਨ ਦੀ ਅਗਵਾਈ ਵਿੱਚ ਬਣੀ ਕਮੇਟੀ ਡੇਰੇ ਦੇ ਹਸਪਤਾਲ ਦੀ ਨਿਗਰਾਨੀ ਕਰੇਗੀ ਜਦਕਿ ਹਸਪਤਾਲ ਦਾ ਖਰਚਾ ਪਹਿਲਾਂ ਵਾਂਗ ਪ੍ਰਬੰਧਕ ਕਮੇਟੀ ਹੀ ਕਰੇਗੀ।

ਸਿਰਸਾ ਦੇ ਸਿਵਲ ਸਰਜਨ ਡਾ. ਗੋਬਿੰਦ ਗੁਪਤਾ ਨੂੰ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਤੇ ਡਾਕਟਰ ਰਾਜ ਕੁਮਾਰ ਨੂੰ ਨੋਡਲ ਅਧਿਕਾਰੀ ਬਣਾਇਆ ਗਿਆ ਹੈ। ਕਮੇਟੀ ਵਿੱਚ ਹੋਰ ਸਰਕਾਰੀ ਡਾਕਟਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।

ਡੇਰਾ ਮੁਖੀ ਦੇ ਜੇਲ੍ਹ ਜਾਣ ਮਗਰੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਉੱਤੇ ਚਲਾਏ ਗਏ ਸਰਚ ਅਭਿਆਨ ਦੌਰਾਨ ਡੇਰੇ ਦੇ ਹਸਪਤਾਲ ਦੀ ਵੀ ਪੁਣਛਾਣ ਕੀਤੀ ਗਈ ਸੀ।

ਸਕਿਨ ਟਰਾਂਸਪਲਾਂਟ ਯੂਨਿਟ ਵੀ ਸਥਾਪਿਤ ਕੀਤਾ ਗਿਆ ਸੀ ਜਿਸ ਨੂੰ ਹਾਲੇ ਤੱਕ ਸੀਲ ਕੀਤਾ ਹੋਇਆ ਹੈ। ਸਿਵਲ ਸਰਜਨ ਡਾ. ਗੋਬਿੰਦ ਗੁਪਤਾ ਨੇ ਦੱਸਿਆ, ''ਹਸਪਤਾਲ ਦਾ ਸਕਿਨ ਬੈਂਕ ਸ਼ੁਰੂ ਤੋਂ ਹੀ ਸੀਲ ਕਰ ਦਿੱਤਾ ਗਿਆ ਸੀ ਅਤੇ ਹਾਲੇ ਤੱਕ ਸੀਲ ਹੈ ਜਦਕਿ ਹਸਪਤਾਲ ਦੇ ਬੈਂਕ ਖਾਤੇ ਖੋਲ੍ਹ ਦਿੱਤੇ ਗਏ ਹਨ।''

ਸਕੂਲਾਂ ਦੀ ਕੀ ਹੈ ਹਾਲਤ?

ਡੇਰਾ ਮੁਖੀ ਦੇ ਜੇਲ੍ਹ ਜਾਣ ਮਗਰੋਂ ਡੇਰੇ ਦੇ ਸਕੂਲਾਂ ਦੇ ਖਾਤਿਆਂ ਨੂੰ ਵੀ ਸੀਲ ਕਰ ਦਿੱਤਾ ਗਿਆ ਸੀ ਪਰ ਡੇਰੇ ਦੇ ਸਕੂਲਾਂ ਤੇ ਕਾਲਜਾਂ ਵਿੱਚ ਵਿਦਿਆਰਥੀਆਂ ਨੇ ਦਾਖ਼ਲੇ ਕਰਵਾਏ ਹਨ। ਜ਼ਿਲ੍ਹਾ ਸਿੱਖਿਆ ਅਧਿਕਾਰੀ ਮੁਤਾਬਕ ਇਨ੍ਹਾਂ ਦਾਖ਼ਲਿਆਂ ਵਿੱਚ 20 ਤੋਂ 25 ਫ਼ੀਸਦ ਕਮੀ ਆਈ ਹੈ।

ਡੇਰੇ ਦੇ ਸਕੂਲਾਂ ਦਾ ਪ੍ਰਬੰਧ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਿਆ ਗਿਆ ਹੈ।

ਡਿਪਟੀ ਕਮਿਸ਼ਨਰ ਇਸ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਇਸ ਦੀ ਦੇਖਰੇਖ ਸੰਭਾਲ ਰਹੇ ਹਨ।

ਡੇਰਾ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਕੋਲ ਡੇਰੇ ਦੇ ਸਕੂਲਾਂ ਦੇ ਸੀਲ ਕੀਤੇ ਖਾਤਿਆਂ ਨੂੰ ਖੋਲਣ ਦੀ ਅਰਜੀ ਦਿੱਤੀ ਗਈ ਹੈ ਜਿਸ ਉੱਤੇ ਵਿਚਾਰ ਕਰਨ ਮਗਰੋਂ ਬੈਂਕਾਂ ਤੋਂ ਸਲਾਹ ਮੰਗੀ ਗਈ ਹੈ।

ਡੇਰੇ ਦੀਆਂ ਸਨਅਤੀ ਇਕਾਈਆਂ ਅਤੇ ਖੇਤੀ ਬੇਗੂ ਪਿੰਡ ਦੇ ਨੇੜੇ ਡੇਰਾ ਸੱਚਾ ਸੌਦਾ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਤਕਰੀਬਨ ਡੇਢ ਦਰਜਨ ਫੈਕਟਰੀਆਂ ਲਗਾਈਆਂ ਹੋਈਆਂ ਹਨ, ਜਿਨ੍ਹਾਂ ਵਿੱਚ ਸੱਚ ਮਸਾਲਾ ਫੈਕਟਰੀ, ਐਮ.ਐਸ.ਜੀ. ਬੈਟਰੀ, ਐੱਮ.ਐੱਸ.ਜੀ. ਫੂਡ ਪ੍ਰੋਡਕਟਸ, ਐੱਮ. ਐੱਸ.ਜੀ. ਬਿਸਕੂਟ, ਸੱਚ ਹਾਰਬੋ ਪ੍ਰੋਡੈਕਟਸ, ਮਿੱਤਰ ਮਿਨਰਲ ਵਾਟਰ, ਕੈਟਲ ਫੀਡ ਆਦਿ ਸ਼ਾਮਲ ਹਨ।

ਜ਼ਿਲ੍ਹਾ ਉਦਯੋਗ ਕੇਂਦਰ ਦੇ ਇੱਕ ਅਧਿਕਾਰੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ਉੱਤੇ ਦੱਸਿਆ ਕਿ ਡੇਰੇ ਵਿੱਚ ਤਕਰੀਨਬ ਡੇਢ ਦਰਜਨ ਫੈਕਟਰੀਆਂ ਅਤੇ ਕੁਝ ਵਰਕਸ਼ਾਪ ਸਥਾਪਿਤ ਹਨ।

ਇਹ ਵੀ ਪੜ੍ਹੋ:

ਪੰਚਕੂਲਾ ਦੀ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ 25 ਅਗਸਤ 2017 ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਹੋਈ ਸਿਰਸਾ ਵਿੱਚ ਹੋਈ ਸਾੜ ਫੂਕ ਮਗਰੋਂ ਸਿਰਸਾ ਵਿੱਚ ਕਰਫਿਊ ਲਗਾ ਦਿੱਤਾ ਗਿਆ ਜੋ ਸਿਰਸਾ ਸ਼ਹਿਰ ਦੇ ਨਾਲ ਲਗਦੇ ਪੁਰਾਣਾ ਡੇਰਾ, ਨਵਾਂ ਡੇਰਾ ਤੋਂ ਇਲਾਵਾ ਸ਼ਾਹਪੁਰ ਬੇਗੂ, ਨੇਜੀਆ ਅਤੇ ਬਾਜੇਕਾਂ ਪਿੰਡ ਦੇ ਖੇਤਰ ਵਿੱਚ ਤਕਰੀਬਨ 21 ਦਿਨ ਤੱਕ ਜਾਰੀ ਰਿਹਾ।

ਡੇਰਾ ਵਿਵਾਦ ਮਗਰੋਂ ਡੇਰੇ ਵਿੱਚ ਲੱਗੀਆਂ ਕਈ ਫੈਕਟਰੀਆਂ ਦੇ ਬਿਜਲੀ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਜਿਨ੍ਹਾਂ ਨੂੰ ਹੁਣ ਪਿਛਲੇ ਦਿਨੀਂ ਚਾਲੂ ਕੀਤਾ ਗਿਆ ਹੈ। ਹਰਿਆਣਾ ਬਿਜਲੀ ਵਿਤਰਣ ਨਿਗਮ ਦੇ ਨਾਥੂਸਰੀ ਚੌਪਟਾ ਬਿਜਲੀ ਘਰ ਦੇ ਸੀ.ਏ. ਸੁਰੇਸ਼ ਕੁਮਾਰ ਨੇ ਦੱਸਿਆ ਹੈ ਕਿ ਡੇਰੇ ਵਿੱਚ ਲੱਗੀਆਂ 13 ਫੈਕਟਰੀਆਂ ਦੇ ਕੁਨੈਕਸ਼ਨਾਂ ਨੂੰ ਚਾਲੂ ਕਰ ਦਿੱਤਾ ਗਿਆ ਹੈ।

ਤਿੰਨ ਹੋਰ ਫੈਕਟਰੀਆਂ ਦੇ ਕੁਨੈਸ਼ਕਸ਼ਨ ਚਾਲੂ ਕਰਨ ਦੀ ਪ੍ਰਕ੍ਰਿਆ ਜਾਰੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਵੀ ਚਾਲੂ ਕਰ ਦਿੱਤਾ ਜਾਵੇਗਾ। ਡੇਰੇ ਦੇ ਬੁਲਾਰੇ ਅਜੈ ਧਮੀਜਾ ਨੇ ਦੱਸਿਆ ਹੈ ਕਿ ਡੇਰੇ ਦੀਆਂ ਸਾਰੀਆਂ ਫੈਕਟਰੀਆਂ ਨੂੰ ਚਾਲੂ ਕਰਵਾਉਣ ਲਈ ਪਹਿਲ ਕੀਤੀ ਜਾ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)