ਡੇਰਾ ਪ੍ਰੇਮੀ ਪਰਿਵਾਰ ਦਾ ਪੁੱਤਰ - 'ਜੇ ਮੈਂ ਅੱਗੇ ਪੜ੍ਹਨ ਲੱਗ ਗਿਆ ਤੇ ਕਮਾਈ ਕੌਣ ਕਰੇਗਾ'

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਬਰਨਾਲਾ ਤੋਂ ਬੀਬੀਸੀ ਪੰਜਾਬੀ ਲਈ

ਹਰਜੀਤ ਕੌਰ ਨੂੰ ਆਪਣੇ ਪਤੀ ਅਤੇ ਬੱਚਿਆਂ ਦੀਆਂ ਜਨਮ ਤਰੀਕਾਂ ਯਾਦ ਨਹੀਂ, ਪਰ ਆਪਣੇ ਪਤੀ ਦੀ ਮੌਤ ਦੀ ਤਰੀਕ ਅਤੇ ਉਸ ਦਿਨ ਦੀ ਪੂਰੀ ਤਫ਼ਸੀਲ ਉਨ੍ਹਾਂ ਦੇ ਚੇਤਿਆਂ 'ਚ ਹੈ।

ਇੱਕ ਸਾਲ ਪਹਿਲਾਂ 25 ਅਗਸਤ 2017 ਨੂੰ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਬਲਾਤਕਾਰ ਦੇ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਹਿੰਸਾ ਅਤੇ ਪੁਲਿਸ ਦੇ ਲਾਠੀਚਾਰਜ ਅਤੇ ਫਾਇਰਿੰਗ ਵਿੱਚ ਕਈ ਲੋਕ ਮਾਰੇ ਗਏ ਸਨ।

ਮ੍ਰਿਤਕਾਂ ਵਿੱਚ ਬਰਨਾਲਾ ਜ਼ਿਲ੍ਹੇ ਦੇ ਪਿੰਡ ਬਡਬਰ ਦੇ ਜਗਰੂਪ ਸਿੰਘ ਵੀ ਸ਼ਾਮਲ ਸਨ।

ਇਹ ਵੀ ਪੜ੍ਹੋ:

ਮਜ਼ਦੂਰ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਜਗਰੂਪ ਸਿੰਘ ਦਾ ਘਰ ਪਿੰਡ ਦੇ ਬੱਸ ਅੱਡੇ ਲਾਗੇ ਹੈ। ਛੇ ਫੁੱਟੀ ਗਲੀ ਵਿੱਚੋਂ ਲੰਘ ਕੇ ਜਗਰੂਪ ਸਿੰਘ ਦਾ ਘਰ ਆਉਂਦਾ ਹੈ।

ਅੱਧ ਬਣੇ ਇੱਕ ਕਮਰੇ ਸਣੇ ਤਿੰਨ ਕਮਰਿਆਂ ਵਾਲੇ ਮਕਾਨ ਵਿੱਚ ਜਗਰੂਪ ਦਾ ਪਰਿਵਾਰ ਰਹਿੰਦਾ ਹੈ। ਘਰ ਦੀ ਬਿਨਾਂ ਦਰਵਾਜ਼ੇ ਵਾਲੀ ਰਸੋਈ ਦੀ ਪੱਲੀਆਂ ਨਾਲ ਢਕੀ ਹੋਈ ਬਾਰੀ ਤੋਂ ਘਰ ਦੀ ਮਾਲੀ ਹਾਲਤ ਦਾ ਅੰਦਾਜ਼ਾ ਹੋ ਜਾਂਦਾ ਹੈ।

ਰੰਗਾਂ ਤੋਂ ਸੱਖਣੇ ਘਰ ਦੇ ਇੱਕ ਕਮਰੇ ਦੀ ਕੰਧ ਉੱਤੇ ਜਗਰੂਪ ਸਿੰਘ ਅਤੇ ਉਸ ਦੇ ਪਰਿਵਾਰ ਦੀਆਂ ਫੋਟੋਆਂ ਵਿਚਾਲੇ ਸ੍ਰੀ ਗੁਰੂ ਨਾਨਕ ਦੀ ਤਸਵੀਰ ਵੀ ਹੈ।

ਦੂਜੀ ਕੰਧ 'ਤੇ ਜਗਰੂਪ ਦੀ ਸਵਰਗਵਾਸੀ ਮਾਤਾ ਦੀ ਤਸਵੀਰ ਲੱਗੀ ਹੈ ਅਤੇ ਉਸ ਤੋਂ ਹੇਠਾਂ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ ਸ਼ਾਹ ਸਤਨਾਮ ਦੀਆਂ ਤਸਵੀਰਾਂ ਹਨ।

ਉਸ ਦੇ ਥੱਲੇ ਸ਼ੀਸ਼ੇ ਉੱਤੇ ਬਣੀ ਹੋਈ ਪੇਂਟਿੰਗ ਜੜੀ ਹੈ ਜਿਸ ਉੱਤੇ ਸਦਾ ਸੁਹਾਗਣ ਲਿਖਿਆ ਹੋਇਆ ਹੈ।

ਜਗਰੂਪ ਸਿੰਘ ਦੀ ਵਿਧਵਾ ਹਰਜੀਤ ਕੌਰ ਆਪਣੇ ਦੋਵੇਂ ਪੁੱਤਰਾਂ ਨਾਲ ਇੱਥੇ ਰਹਿ ਰਹੀ ਹੈ। ਛੋਟੀ ਕੁੜੀ ਆਪਣੇ ਨਾਨਕੇ ਰਹਿ ਕੇ ਪੜ੍ਹਾਈ ਕਰ ਰਹੀ ਹੈ।

ਘਰ ਦੀ ਇੱਕ ਕੰਧ ਉੱਤੇ ਜਗਰੂਪ ਦੀ ਪਰਿਵਾਰਕ ਤਸਵੀਰ ਦੇ ਨਾਲ ਭਗਤ ਰਵਿਦਾਸ ਦਾ ਬੈਨਰ ਲੱਗਿਆ ਹੋਇਆ ਹੈ।

ਇਹ ਵੀ ਪੜ੍ਹੋ:

ਜਗਰੂਪ ਪੱਥਰ ਦੀ ਰਗੜਾਈ ਦਾ ਕੰਮ ਕਰਦੇ ਸਨ। ਦੂਜੇ ਕਮਰੇ ਵਿੱਚ ਜਗਰੂਪ ਦੀ ਰਗੜਾਈ ਵਾਲੀ ਮਸ਼ੀਨ ਪਈ ਹੈ। ਹਰਜੀਤ ਕੌਰ ਨੇ ਇਹ ਮਸ਼ੀਨ ਬੱਚਿਆਂ ਦੇ ਰੋਜ਼ਗਾਰ ਉੱਤੇ ਲੱਗਣ ਦੀ ਆਸ ਵਿੱਚ ਸਾਂਭੀ ਹੋਈ ਹੈ।

ਹਰਜੀਤ ਕੌਰ ਨੇ ਉਸ ਦਿਨ ਨੂੰ ਯਾਦ ਕਰਦੇ ਹੋਏ ਦੱਸਿਆ, "ਉਸ ਦਿਨ ਮੈਂ ਕੰਮ 'ਤੇ ਸੀ, ਮੇਰੇ ਪੁੱਤਰ ਦੇ ਫੋਨ 'ਤੇ ਕਿਸੇ ਪੁਲਿਸ ਮੁਲਾਜ਼ਮ ਨੇ ਉਨ੍ਹਾਂ ਦੀ ਮੌਤ ਬਾਰੇ ਦੱਸਿਆ ਸੀ।"

"ਪਿੰਡ ਵਿੱਚੋਂ ਕੋਈ ਗੱਡੀ ਕਿਰਾਏ ਉੱਤੇ ਦੇਣ ਲਈ ਤਿਆਰ ਨਹੀਂ ਸੀ, ਮਸਤੂਆਣਾ ਸਾਹਿਬ ਤੋਂ ਐਂਬੂਲੈਂਸ ਮਿਲੀ। ਪੌਣੇ ਇੱਕ ਵਜੇ ਸਾਡੇ ਬਾਪੂ ਜੀ ਪੰਚਕੂਲਾ ਲਈ ਚੱਲੇ ਸੀ। ਰਾਤ ਨੂੰ ਉਨ੍ਹਾਂ ਦੀ ਲਾਸ਼ ਘਰ ਆਈ ਸੀ।"

ਜਗਰੂਪ ਦੀ ਲਾਸ਼ ਦੀ ਸ਼ਨਾਖ਼ਤ ਉਨ੍ਹਾਂ ਦੇ ਪੈਰਾਂ ਤੋਂ ਹੋਈ ਸੀ ਕਿਉਂਕਿ ਉਨ੍ਹਾਂ ਦੀ ਧੌਣ ਵਿੱਚ ਗੋਲੀ ਲੱਗੀ ਸੀ।

ਪਤੀ ਦੀ ਮੌਤ ਤੋਂ ਬਾਅਦ ਦੇ ਸਮੇਂ ਬਾਰੇ ਹਰਜੀਤ ਕੌਰ ਨੇ ਦੱਸਿਆ, "ਜੇ ਇੱਕ ਦਿਨ ਬੰਦਾ ਘਰ ਨਾ ਮੁੜੇ ਤਾਂ ਹਨੇਰ ਪੈ ਜਾਂਦਾ ਹੈ। ਉਨ੍ਹਾਂ ਨੂੰ ਗਏ ਤਾਂ ਸਾਲ ਹੋ ਗਿਆ ਹੈ, ਹਾਲੇ ਬੱਚੇ ਵੀ ਨਿਆਣੇ ਹਨ।''

''ਮੈਂ ਜੰਗਲਾਤ ਮਹਿਕਮੇ ਵਿੱਚ ਦਿਹਾੜੀ ਕਰਦੀ ਹਾਂ, ਡੇਰਾ ਪ੍ਰੇਮੀ ਘਰ ਦਾ ਰਾਸ਼ਨ ਦੇ ਜਾਂਦੇ ਹਨ। ਸਾਡਾ ਘਰ ਪਹਿਲਾਂ ਮਾੜੇ ਹਾਲਾਤ ਵਿੱਚ ਸੀ। ਇਹ ਵੀ ਪ੍ਰੇਮੀਆਂ ਦੀ ਮਦਦ ਨਾਲ ਪਾਇਆ ਹੈ।"

ਜਗਰੂਪ ਸਿੰਘ ਦੇ ਵੱਡੇ ਪੁੱਤਰ ਗੁਰਪ੍ਰੀਤ ਸਿੰਘ ਦੀ ਵੀ ਸਾਰੇ ਪਰਿਵਾਰ ਵਾਂਗ ਡੇਰੇ ਵਿੱਚ ਸ਼ਰਧਾ ਹੈ, ਪਰ ਪਿਤਾ ਦੀ ਮੌਤ ਤੋਂ ਬਾਅਦ ਉਸਦਾ ਮਨ ਉਦਾਸ ਹੈ।

ਗੁਰਪ੍ਰੀਤ ਦੱਸਦਾ ਹੈ, "ਹੁਣ ਕਦੇ-ਕਦੇ ਗੁੱਸਾ ਵੀ ਚੜ੍ਹਦਾ ਹੈ, ਕਦੇ ਰੋਣਾ ਵੀ ਆ ਜਾਂਦਾ ਹੈ, ਇਕੱਲਾਪਣ ਵੀ ਮਹਿਸੂਸ ਹੁੰਦਾ ਹੈ...ਮੈਂ ਓਦੋਂ 12ਵੀਂ ਜਮਾਤ ਵਿੱਚ ਸੀ ਤੇ ਪੜ੍ਹਾਈ ਵਿੱਚ ਜੀਅ ਨਹੀਂ ਲੱਗਦਾ ਸੀ। ਇਸੇ ਕਾਰਨ ਦੋ ਪਰਚਿਆਂ ਵਿੱਚੋਂ ਰਹਿ ਗਿਆ।"

ਹਾਲਾਤ ਨੇ ਗੁਰਪ੍ਰੀਤ ਨੂੰ ਉਮਰ ਤੋਂ ਵੱਧ ਸਿਆਣਾ ਕਰ ਦਿੱਤਾ ਹੈ।

ਉਹ ਕਹਿੰਦਾ ਹੈ, "ਬਾਰਵੀਂ ਪਾਸ ਕਰ ਕੇ ਕਿਸੇ ਫ਼ੈਕਟਰੀ ਵਿੱਚ ਕੰਮ ਕਰਨ ਦਾ ਇਰਾਦਾ ਹੈ, ਵੱਡਾ ਹੋਣ ਕਰਕੇ ਜ਼ਿੰਮੇਵਾਰੀ ਮੇਰੇ ਉੱਤੇ ਹੈ। ਜੇ ਮੈਂ ਅੱਗੇ ਪੜ੍ਹਨ ਲੱਗ ਗਿਆ ਤਾਂ ਕਮਾਈ ਕੌਣ ਕਰੇਗਾ।"

ਗੁਰਪ੍ਰੀਤ ਦੀਆਂ ਅੱਖਾਂ ਵਿੱਚ ਖੁਦਾਰੀ ਝਲਕਦੀ ਹੈ ਜੋ ਉਸ ਦੇ ਬੋਲਾਂ ਵਿੱਚ ਵੀ ਆ ਜਾਂਦੀ ਹੈ।

ਉਹ ਕਹਿੰਦਾ ਹੈ, "ਜਿਹੜਾ ਮਿਹਨਤ ਕਰਕੇ ਆਪਣੇ ਪੈਰਾ 'ਤੇ ਆਪ ਖੜ੍ਹਾ ਹੋਵੇ ਉਹ ਬੰਦਾ ਹੀ ਬੰਦਾ ਹੁੰਦਾ ਹੈ। ਇਹ ਡੈਡੀ ਦੀਆਂ ਦੱਸੀਆਂ ਹੋਈਆਂ ਗੱਲਾਂ ਹਨ।"

ਗੁਰਪ੍ਰੀਤ ਨੇ ਆਪਣੇ ਪਿਤਾ ਦੀ ਸਾਰੀਆਂ ਗੱਲਾਂ ਨਹੀਂ ਮੰਨੀਆਂ।

ਉਹ ਆਪ ਹੀ ਕਾਰਨ ਬਿਆਨ ਕਰਦਾ ਹੈ, "ਡੈਡੀ ਅਤੇ ਸਾਡਾ ਸਾਰਿਆਂ ਦਾ ਵੀ ਨਾਮ ਲਿਆ ਹੋਇਆ ਸੀ। ਡੈਡੀ ਦੀ ਮੌਤ ਤੋਂ ਬਾਅਦ ਦੁਬਾਰਾ ਡੇਰੇ ਜਾਣ ਦਾ ਮਨ ਨਹੀਂ ਕੀਤਾ।''

''ਪਹਿਲਾਂ ਜਦੋਂ ਉੱਥੇ ਜਾਂਦੇ ਸੀ ਤਾਂ ਮਨ ਨੂੰ ਸਕੂਨ ਮਿਲਦਾ ਸੀ। ਉੱਥੇ ਜਾ ਕੇ ਸਭ ਫ਼ਿਕਰ ਦੂਰ ਹੋ ਜਾਂਦੇ ਸਨ। ਪਰ ਹੁਣ ਪਤਾ ਨਹੀਂ ਕੀ ਗੱਲ ਹੈ ਜਾਣ ਨੂੰ ਮਨ ਨਹੀਂ ਕਰਦਾ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)