ਪ੍ਰਕਾਸ਼ ਸਿੰਘ ਬਾਦਲ ਪੁਲਿਸ ਕਾਰਵਾਈ ਤੋਂ ਅਣਜਾਣ ਨਹੀਂ ਸਨ: ਜਸਟਿਸ ਰਣਜੀਤ ਸਿੰਘ ਕਮਿਸ਼ਨ

    • ਲੇਖਕ, ਅਰਵਿੰਦ ਛਾਬੜਾ ਅਤੇ ਸਰਬਜੀਤ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

2015 ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਕੋਟਕਪੂਰਾ ਵਿਖੇ ਮੁਜਾਹਰੇ 'ਤੇ ਹੋਈ "ਪੁਲਿਸ ਕਾਰਵਾਈ ਤੋਂ ਅਣਜਾਣ ਨਹੀਂ ਸਨ।"

ਬਾਦਲ ਬਾਰੇ ਇਹ ਗੱਲ ਬਰਗਾੜੀ ਅਤੇ ਹੋਰ ਬੇਅਦਬੀ ਦੇ ਮਾਮਲਿਆਂ ਦੀ ਤਫਤੀਸ਼ ਲਈ ਪੰਜਾਬ ਸਰਕਾਰ ਵਲੋਂ ਬਣਾਏ ਜਸਟਿਸ (ਰਿਟਾ.) ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਕਹੀ ਹੈ।

ਰਣਜੀਤ ਸਿੰਘ ਕਮਿਸ਼ਨ ਬਾਰੇ

2015 ਵਿੱਚ ਕੋਟਕਪੂਰਾ ਦੇ ਬਰਗਾੜੀ ਪਿੰਡ ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਵਿੱਚ ਦੋ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਕਾਰਵਾਈ ਦੌਰਾਨ ਮੌਤ ਦੀ ਜਾਂਚ ਇਸ ਕਮਿਸ਼ਨ ਨੇ ਕੀਤੀ।

ਇਹ ਕਮਿਸ਼ਨ ਸੂਬੇ ਵਿੱਚ ਪਿਛਲੇ ਸਾਲ ਆਈ ਕਾਂਗਰਸ ਸਰਕਾਰ ਵਲੋਂ ਅਪ੍ਰੈਲ 2017 ਵਿੱਚ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ:

ਇਸ ਦਾ ਕੰਮ ਪੰਜਾਬ ਵਿੱਚ ਹੋਈਆਂ ਬੇਅਦਬੀਆਂ ਦੇ ਮਾਮਲਿਆਂ ਦੀ ਤਫਤੀਸ਼ ਕਰਨਾ ਸੀ।

ਇਹ ਰਿਪੋਰਟ 27 ਅਗਸਤ ਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ ਹੈ। ਇਸ ਰਿਪੋਰਟ ਉੱਤੇ ਬਹਿਸ ਭਾਵੇਂ 28 ਅਗਸਤ ਨੂੰ ਰੱਖੀ ਗਈ ਹੈ ਪਰ ਸਿਆਸੀ ਉਬਾਲ ਪਹਿਲਾਂ ਹੀ ਚੜ੍ਹ ਗਿਆ ਲੱਗਦਾ ਹੈ।

ਰਿਪੋਰਟ ਵਿਧਾਨ ਸਭਾ ਅੰਦਰ ਪੇਸ਼ ਹੋਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਰਿਪੋਰਟ ਦੀਆਂ ਕਾਪੀਆਂ ਵਿਧਾਨ ਸਭਾ ਦੇ ਬਾਹਰ ਪਾੜ ਕੇ ਸੁੱਟੀਆਂ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਇੱਕ ਸਾਜਿਸ਼ ਕਰਾਰ ਦਿੱਤਾ।

ਸੁਖਬੀਰ ਬਾਦਲ ਨੇ ਕਿਹਾ, ''ਇਹ ਰਿਪੋਰਟ ਮੌਜੂਦਾ ਮੁੱਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਦੇ ਘਰ 'ਚ ਤਿਆਰ ਕੀਤੀ ਗਈ ਹੈ ਅਤੇ ਸਾਰੇ ਝੂਠੇ ਇਲਜ਼ਾਮ ਲਾਉਂਦੀ ਹੈ।''

ਉਨ੍ਹਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ "ਸਾਜ਼ਿਸ਼ ਰਚਣ ਲਈ" ਮੁੱਖ ਮੰਤਰੀ ਨੇ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ, ਜੋ ਕਿ ਬਾਦਲਾਂ ਦੀ ਇਸ ਮਾਮਲੇ ਵਿੱਚ ਨਿਖੇਧੀ ਕਰਦੇ ਆਏ ਹਨ, ਨਾਲ ਪਿਛਲੀ ਰਾਤ ਮੁਲਾਕਾਤ ਕੀਤੀ ਸੀ।

ਹਾਲਾਂਕਿ ਦਾਦੂਵਾਲ ਨੇ ਵੀ ਇੱਕ ਟੀਵੀ ਚੈਨਲ ਨਾਲ ਗੱਲ ਕਰਦਿਆਂ ਇਸ ਇਲਜ਼ਾਮ ਨੂੰ ਖਾਰਜ ਕੀਤਾ ਹੈ।

ਮੁੱਖ ਮੰਤਰੀ ਨੇ ਕੀ ਕਿਹਾ?

ਕੁਝ ਘੰਟਿਆਂ ਬਾਅਦ ਹੀ ਅਮਰਿੰਦਰ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਸਿਰਿਓਂ ਖਾਰਜ ਕੀਤਾ ਅਤੇ ਕਿਹਾ ਕਿ ਸੁਖਬੀਰ ਬਾਦਲ ਅਤੇ ਬਾਕੀ ਅਕਾਲੀ ਆਗੂ ਰਿਪੋਰਟ ਉੱਤੇ ਹੋਣ ਵਾਲੀ ਬਹਿਸ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ।

ਵਿਧਾਨ ਸਭਾ ਦੇ ਅੰਦਰ ਵੀ ਰਿਪੋਰਟ ਉੱਪਰ ਕਾਫੀ ਰੌਲਾ ਪਿਆ। ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਬਾਦਲ ਨੂੰ ਚੁਣੌਤੀ ਦਿੱਤੀ ਕਿ ਉਹ ਰਿਪੋਰਟ ਬਾਰੇ ਹੋਣ ਵਾਲੀ ਬਹਿਸ ਵੇਲੇ ਮੌਜੂਦ ਰਹਿਣ।

ਕੈਪਟਨ ਨੇ ਟਵੀਟ ਕਰਕੇ ਕਿਹਾ ਕਿ ਵਿਧਾਨ ਸਭਾ ਅੰਦਰ ਮੰਗਲਵਾਰ ਨੂੰ ਵਿਸਥਾਰ ਵਿੱਚ ਚਰਚਾ ਹੋਵੇਗੀ।

ਕੀ ਕਹਿੰਦੀ ਹੈ ਰਿਪੋਰਟ?

ਕਮਿਸ਼ਨ ਨੇ ਪਹਿਲਾਂ ਕਿਹਾ ਸੀ ਕਿ ਕੁਝ ਤੱਥ ਮੁੱਖ ਮੰਤਰੀ ਦਫਤਰ ਦੇ ਕੋਟਕਪੂਰਾ ਦੇ ਘਟਨਾਕ੍ਰਮ ਵਿੱਚ "ਸ਼ਾਮਲ ਹੋਣ ਵੱਲ ਇਸ਼ਾਰਾ ਕਰਦੇ ਸਨ" ਪਰ "ਹੁਣ ਇਹ ਸਾਫ ਹੈ ਕਿ ਮੁੱਖ ਮੰਤਰੀ (ਬਾਦਲ) ਅਤੇ ਮੁੱਖ ਮੰਤਰੀ ਦਫਤਰ ਨੂੰ ਕੋਟਕਪੂਰਾ ਵਿੱਚ ਕੀਤੀ ਗਈ ਪੁਲਿਸ ਕਾਰਵਾਈ ਬਾਰੇ ਜਾਣਕਾਰੀ ਸੀ।"

ਰਿਪੋਰਟ ਮੁਤਾਬਕ, ''ਪੰਜਾਬ ਦੇ ਤਤਕਾਲੀ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਦੀ ਦੱਸੀ ਗੱਲ ਦਾ ਵੀ ਹਵਾਲਾ ਦਿੰਦੀ ਹੈ ਕਿ 13 ਅਤੇ 14 ਅਕਤੂਬਰ ਦੀ ਦਰਮਿਆਨੀ ਰਾਤ ਨੂੰ 2 ਵਜੇ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਫੋਨ ਕੀਤਾ ਅਤੇ ਕੀਤੀ ਜਾ ਰਹੀ ਕਾਰਵਾਈ ਬਾਰੇ ਜਾਣਕਾਰੀ ਲਈ।''

ਰਿਪੋਰਟ ਵਿੱਚ ਅੱਗੇ ਕਿਹਾ ਗਿਆ, "ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਡੀਜੀਪੀ ਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਨੂੰ ਪੁਲਿਸ ਦੁਆਰਾ ਕੋਟਕਪੂਰਾ ਵਿੱਚ ਕੀਤੀ ਕਾਰਵਾਈ ਤੋਂ ਅਣਜਾਣ ਨਹੀਂ ਮੰਨਿਆ ਜਾ ਸਕਦਾ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)