ਇਲਾਹਾਬਾਦ ਯੂਨੀਵਰਸਿਟੀ: ਅਮਿਤ ਸ਼ਾਹ ਨੂੰ ਕਾਲਾ ਝੰਡਾ ਦਿਖਾਉਣ ਵਾਲੀ ਵਿਦਿਆਰਥਣ ਨੂੰ ਸਸਪੈਂਡ ਕਰ ਦਿੱਤਾ ਹੈ

    • ਲੇਖਕ, ਸਮੀਰਾਤਮਜ ਮਿਸ਼ਰ
    • ਰੋਲ, ਬੀਬੀਸੀ ਲਈ

ਕਰੀਬ ਇੱਕ ਸਾਲ ਪਹਿਲਾਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਕਾਲਾ ਝੰਡਾ ਦਿਖਾ ਕੇ ਸੁਰਖ਼ੀਆਂ 'ਚ ਆਈ ਇਲਾਹਾਬਾਦ ਯੂਨੀਵਰਸਿਟੀ ਦੀ ਖੋਜ ਵਿਦਿਆਰਥਣ ਨੇਹਾ ਯਾਦਵ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਸਪੈਂਡ ਕਰ ਦਿੱਤਾ ਹੈ।

ਨੇਹਾ ਯਾਦਵ 'ਤੇ ਅਨੁਸ਼ਾਸਹੀਣਤਾ 'ਤੇ ਕਈ ਇਲਜ਼ਾਮ ਲੱਗੇ ਹਨ।

ਇਲਾਹਾਬਾਦ ਯੂਨੀਵਰਸਿਟੀ ਦੇ ਅਨੁਸ਼ਾਸਨੀ ਅਧਿਕਾਰੀ ਰਾਮਸੇਵਕ ਦੁਬੇ ਨੇ ਬੀਬੀਸੀ ਨੂੰ ਦੱਸਿਆ ਕਿ ਨੇਹਾ ਯਾਦਵ ਸਿਰਫ਼ ਦੋ ਸਾਲਾ ਤੋਂ ਹੀ ਇੱਥੇ ਪੜ੍ਹਾਈ ਕਰ ਰਹੀ ਹੈ ਪਰ ਇਸ ਦੌਰਾਨ ਉਨ੍ਹਾਂ ਦੇ ਖ਼ਿਲਾਫ਼ ਅਨੁਸ਼ਾਸਹੀਣਤਾ ਦੀਆਂ ਕਈ ਸ਼ਿਕਾਇਤਾਂ ਮਿਲੀਆਂ ਹਨ।

ਉਨ੍ਹਾਂ ਦਾ ਕਹਿਣਾ ਹੈ, "ਹੋਸਟਲ 'ਚ ਆਨੁਸ਼ਾਸਨਹੀਣਤਾ ਕਰਨਾ ਅਤੇ ਕਰਵਾਉਣਾ ਉਨ੍ਹਾਂ ਦਾ ਕੰਮ ਹੈ। ਦੇਰ ਰਾਤ ਹੋਸਟਲ 'ਚ ਜਾਣਾ, ਗਾਰਡਜ਼ ਨਾਲ ਮਾੜਾ ਵਤੀਰਾ, ਅਜਿਹੇ ਕਈ ਇਲਜ਼ਾਮ ਹਨ। ਇਹ ਪਹਿਲਾ ਮਾਮਲਾ ਹੈ ਜਦ 70-80 ਵਿਦਿਆਰਥੀਆਂ ਨੇ ਕਿਸੇ ਖ਼ਿਲਾਫ਼ ਲਿਖਤੀ ਸ਼ਿਕਾਇਤ ਦਿੱਤੀ ਹੈ।"

ਇਹ ਵੀ ਪੜ੍ਹੋ-

ਉੱਥੇ ਹੀ ਨੇਹਾ ਯਾਦਵ ਦਾ ਇਲਜ਼ਾਮ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਉਨ੍ਹਾਂ ਦੇ ਖ਼ਿਲਾਫ਼ ਮਾੜੀ ਭਾਵਨਾ ਤਹਿਤ ਕਾਰਵਾਈ ਕਰ ਰਿਹਾ ਹੈ।

ਇਲਾਹਾਬਾਦ ਯੂਨੀਵਰਸਿਟੀ 'ਚ ਵਿਦਿਆਰਥੀਆਂ ਕੋਲੋਂ ਹੋਸਟਲ ਖਾਲੀ ਕਰਵਾਉਣ ਦਾ ਕੁਝ ਵਿਦਿਆਰਥੀਆਂ ਨੇ ਇਹ ਕਹਿ ਕੇ ਵਿਰੋਧ ਕੀਤਾ ਕਿ ਉਨ੍ਹਾਂ ਨੂੰ ਕੁਝ ਸਮਾਂ ਹੋਰ ਰਹਿਣ ਦਿੱਤਾ ਜਾਵੇ ਕਿਉਂਕਿ ਆਉਣ ਵਾਲੇ ਦਿਨਾਂ 'ਚ ਯੂਜੀਸੀ ਦੀ ਪ੍ਰੀਖਿਆ ਹੈ।

ਅਕਾਦਿਮਕ ਸ਼ੈਸਨ ਖ਼ਤਮ ਹੋਣ ਕਾਰਨ ਵਿਦਿਆਰਥੀਆਂ ਕੋਲੋਂ ਹੋਸਟਲ ਖਾਲੀ ਕਰਵਾਇਆ ਜਾ ਰਿਹਾ ਸੀ।

ਨੇਹਾ ਯਾਦਵ ਅਤੇ ਕਈ ਹੋਰ ਵਿਦਿਆਰਥਣਾਂ ਇਸ ਅੰਦੋਲਨ ਦੀ ਅਗਵਾਈ ਕਰ ਰਹੀਆਂ ਸਨ।

ਇਲਜ਼ਾਮ ਹਨ ਕਿ ਇਸ ਅੰਦੋਲਨ ਕਾਰਨ ਸੜਕ 'ਤੇ ਜਾਮ ਲੱਗ ਗਿਆ ਸੀ ਅਤੇ ਪ੍ਰਸ਼ਾਸਨ ਨੂੰ ਜਾਮ ਹਟਾਉਣਾ ਪਿਆ।

'ਇਲਜ਼ਾਮ ਬੇਬੁਨਿਆਦ'

ਅਨੁਸ਼ਾਸਨੀ ਅਧਿਕਾਰੀ ਦੁਬੇ ਦੱਸਦੇ ਹਨ ਕਿ ਨੇਹਾ ਯਾਦਵ ਦੀ ਪਹਿਲਾਂ ਵੀ ਕਈ ਮਾਮਲਿਆਂ 'ਚ ਸ਼ਮੂਲੀਅਤ ਰਹੀ ਹੈ, ਜਿਨ੍ਹਾਂ ਨੂੰ ਅਨੁਸ਼ਾਸਹੀਣਤਾ ਦੇ ਦਾਇਰੇ 'ਚ ਰੱਖਿਆ ਜਾ ਸਕਦਾ ਹੈ।

ਇਸ ਲਈ ਉਨ੍ਹਾਂ ਨੂੰ ਸਸਪੈਂਡ ਕਰਦਿਆਂ ਹੋਇਆ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਧਰਨਾ-ਪ੍ਰਦਰਸ਼ਨ 'ਚ ਸ਼ਾਮਿਲ ਹੋਰਨਾਂ ਵਿਦਿਆਰਥਣਾਂ ਖ਼ਿਲਾਫ਼ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।

ਪ੍ਰੋਫੈਸਰ ਰਾਮਸੇਵਕ ਦੁਬੇ ਕਹਿੰਦੇ ਹਨ, "ਇਸ ਮਾਮਲੇ 'ਚ ਕੁਲਪਤੀ ਪ੍ਰੋ. ਰਤਨ ਲਾਲ ਹਾਂਗਲੂ ਨੇ ਪੰਜ ਮੈਂਬਰੀ ਜਾਂਚ ਕਮੇਟੀ ਗਠਿਤ ਕੀਤੀ ਸੀ। ਕਮੇਟੀ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਇਸ 'ਤੇ ਹੀ ਕੁਲਪਤੀ ਨੇ ਕਾਰਵਾਈ ਕੀਤੀ ਹੈ, ਇਹ ਜਵਾਬ ਤੋਂ ਬਾਅਦ ਪਤਾ ਲੱਗੇਗਾ।"

ਉੱਥੇ ਹੀ ਨੇਹਾ ਦਾ ਕਹਿਣਾ ਹੈ ਕਿ ਉਨ੍ਹਾਂ 'ਤੇ ਜੋ ਵੀ ਇਲਜ਼ਾਮ ਲੱਗੇ ਲਗਾਏ ਗਏ ਹਨ, ਉਹ ਬਿਲਕੁਲ ਬੇਬੁਨਿਆਦ ਹਨ।

ਬੀਬੀਸੀ ਨਾਲ ਗੱਲ ਕਰਦਿਆਂ ਨੇਹਾ ਨੇ ਕਿਹਾ ਹੈ, "ਅੰਦੋਲਨ 'ਚ ਕਿੰਨੀਆਂ ਵਿਦਿਆਰਥਣਾਂ ਸਨ, ਕੁਝ ਅਜਿਹੀਆਂ ਵੀ ਹਨ ਜਿਨ੍ਹਾਂ ਨੇ ਵਿਦਿਆਰਥੀ ਸੰਘ ਦੀ ਚੋਣਾਂ ਵੀ ਲੜੀਆਂ ਹਨ ਪਰ ਕਾਰਵਾਈ ਸਿਰਫ਼ ਮੇਰੇ ਖ਼ਿਲਾਫ਼ ਹੋਈ। ਮੇਰੇ 'ਤੇ ਇਲਜ਼ਾਮ ਹੈ ਕਿ ਮੇਰੇ ਖ਼ਿਲਾਫ਼ ਕਈ ਮਾਮਲੇ ਦਰਜ ਹਨ, ਜਦ ਕਿ ਜੋ ਵੀ ਮਾਮਲੇ ਦਰਜ ਹਨ ਉਹ ਵਿਦਿਆਰਥੀ ਹਿੱਤਾਂ ਦੀ ਲੜਾਈ ਲੜਣ ਦੇ ਇਲਜ਼ਾਮ 'ਚ ਦਰਜ ਹਨ।"

"ਮੈਂ ਯੂਨੀਵਰਸਿਟੀ ਦੀ ਦਾਖ਼ਲਾ ਪ੍ਰੀਖਿਆ ਦੀ ਟੌਪਰ ਰਹੀ ਹਾਂ ਅਤੇ ਉਸੇ ਆਧਾਰ 'ਤੇ ਮੈਨੂੰ ਇੱਥੇ ਦਾਖ਼ਲਾ ਮਿਲਿਆ ਹੈ ਪਰ ਯੂਨੀਵਰਸਿਟੀ ਪ੍ਰਸ਼ਾਸਨ 'ਚ ਬੈਠੇ ਕੁਝ ਲੋਕਾਂ ਮਾੜੀ ਨੀਤ ਨਾਲ ਮੇਰਾ ਕਰੀਅਰ ਖ਼ਰਾਬ ਕਰਨ 'ਤੇ ਤੁਲੇ ਹਨ। ਉਸ ਦਾ ਕਾਰਨ ਸਿਰਫ਼ ਇਹ ਹੈ ਕਿ ਮੈਂ ਇੱਥੋਂ ਦੀਆਂ ਕਮੀਆਂ ਖ਼ਿਲਾਫ਼ ਆਵਾਜ਼ ਚੁੱਕਦੀ ਹਾਂ।"

ਇਹ ਵੀ ਪੜ੍ਹੋ-

ਨੇਹਾ ਯਾਦਵ ਦਾ ਇਲਜ਼ਾਮ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਦੇ ਨਿਸ਼ਾਨੇ 'ਤੇ ਉਹ ਉਦੋਂ ਤੋਂ ਹਨ ਜਦੋਂ ਉਨ੍ਹਾਂ ਨੇ ਪਿਛਲੇ ਸਾਲ ਅਮਿਤ ਸ਼ਾਹ ਨੂੰ ਕਾਲਾ ਝੰਡਾ ਦਿਖਾਇਆ ਸੀ ਅਤੇ ਉਸ ਇਲਜ਼ਾਮ 'ਚ ਉਹ ਜੇਲ੍ਹ ਵੀ ਗਈ ਸੀ।

ਨੇਹਾ ਯਾਦਵ ਯੂਨੀਵਰਸਿਟੀ ਦੇ ਫੂਡ ਅਤੇ ਟੈਕਨੋਲੌਜੀ ਵਿਭਾਗ 'ਚ ਖੋਜ ਵਿਦਿਆਰਥਣ ਹੈ ਅਤੇ ਹਾਲ ਆਫ ਰੈਜੀਡੈਂਸ (ਐਚਓਆਰ) ਹੋਸਟਲ 'ਚ ਰਹਿੰਦੀ ਹੈ।

ਇਸ ਹਾਲ 'ਚ ਕੁੱਲ 6 ਹੋਸਟਲ ਹਨ ਜਿਨ੍ਹਾਂ 'ਚ ਕਰੀਬ 2000 ਵਿਦਿਆਰਥਣਾਂ ਰਹਿੰਦੀਆਂ ਹਨ।

ਨੇਹਾ ਨੇ ਕਿਹਾ ਹੈ ਕਿ ਯੂਨੀਵਰਸਿਟੀ ਦਾ ਉਨ੍ਹਾਂ ਦੇ ਖ਼ਿਲਾਫ਼ ਇਕਪਾਸੜ ਰਵੱਈਆ ਹੈ ਅਤੇ ਉਨ੍ਹਾਂ ਕੋਈ ਚੇਤਾਵਨੀ ਪੱਤਰ ਤੱਕ ਨਹੀਂ ਦਿੱਤਾ ਗਿਆ ਤੇ ਸਿੱਧਾ ਸਸਪੈਂਡ ਕਰ ਦਿੱਤਾ ਹੈ ਅਤੇ ਕਾਰਨ ਦੱਸੋ ਨੋਟਿਸ 'ਚ ਪੁੱਛਿਆ ਗਿਆ ਹੈ ਕਿ 'ਕਿਉਂ ਨਾ ਤੁਹਾਨੂੰ ਸਸਪੈਂਡ ਕੀਤਾ ਜਾਵੇ।'

'ਆਵਾਜ਼ ਚੁੱਕਣ ਲਈ ਕੀਤਾ ਜਾਂਦਾ ਹੈ ਸਸਪੈਂਡ'

ਇਸ ਮਾਮਲੇ 'ਚ ਹੋਰਨਾਂ ਪੱਖਾਂ ਨਾਲ ਗੱਲ ਕਰ 'ਤੇ ਪ੍ਰਸ਼ਾਸਨ ਕਟਹਿਰੇ 'ਚ ਖੜ੍ਹਾ ਨਜ਼ਰ ਆਉਂਦਾ ਹੈ।

ਕੁਝ ਵਿਦਿਆਰਥੀਆਂ ਨੇ ਆਪਣੀ ਪਛਾਣ ਨਾ ਜ਼ਾਹਿਰ ਕਰਨ ਦੀ ਸ਼ਰਤ 'ਤੇ ਦੱਸਿਆ ਹੈ ਕਿ ਪਿਛਲੇ ਕੁਝ ਸਾਲਾਂ ਯੂਨੀਵਰਸਿਟੀ ਦੀ ਇਹ ਪਰੰਪਰਾ ਬਣ ਗਈ ਹੈ ਕਿ ਇੱਥੋਂ ਦੀਆਂ ਖਾਮੀਆਂ ਬਾਰੇ ਆਵਾਜ਼ ਚੁੱਕਣ 'ਤੇ ਪਹਿਲਾਂ ਤੰਗ-ਪਰੇਸ਼ਾਨ ਕੀਤਾ ਜਾਂਦਾ ਹੈ ਅਤੇ ਫਿਰ ਸਸਪੈਂਡ ਤੇ ਬਰਖ਼ਾਸਤ ਕਰ ਦਿੱਤਾ ਜਾਂਦਾ ਹੈ।

ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਇਸੇ ਡਰ ਕਾਰਨ ਕੋਈ ਵਿਦਿਆਰਥੀ ਆਵਾਜ਼ ਨਹੀਂ ਚੁੱਕਦਾ।

ਅਨੁਸ਼ਾਸਨੀ ਅਧਿਕਾਰੀ ਦਾ ਜਵਾਬ

ਨੇਹਾ ਯਾਦਵ ਕਹਿੰਦੀ ਹੈ, "ਮੈਂ ਤਾਂ ਮੁਆਫ਼ੀ ਵੀ ਮੰਗੀ ਹੈ ਕਿ ਕੁਝ ਗ਼ਲਤ ਕੀਤਾ ਹੋਵਾ ਤਾਂ ਮੁਆਫ਼ ਕਰ ਦਿੱਤਾ ਜਾਵੇ ਪਰ ਮੇਰੀ ਗੱਲ ਕੋਈ ਸੁਣ ਹੀ ਨਹੀਂ ਰਿਹਾ। ਕੁਲਪਤੀ ਨਾਲ ਵੀ ਮੁਲਾਕਾਤ ਦੀ ਦੋ ਦਿਨ ਕੋਸ਼ਿਸ਼ ਕੀਤਾ ਪਰ ਮਿਲ ਨਹੀਂ ਸਕੀ।"

ਅਨੁਸ਼ਾਸਨੀ ਰਾਮਸੇਵਕ ਦੁਬੇ ਨੇਹਾ ਯਾਦਵ ਦੇ ਖ਼ਿਲਾਫ਼ ਜਿਨ੍ਹਾਂ ਵਿਦਿਆਰਥੀਆਂ ਦੀ ਲਿਖਿਤ ਸ਼ਿਕਾਇਤ ਦਾ ਹਵਾਲਾ ਦਿੰਦੇ ਹਨ, ਉਨ੍ਹਾਂ ਵਿਚੋਂ ਕੁਝ ਵਿਦਿਆਰਥਣਾਂ ਅਜਿਹੀ ਕਿਸੇ ਸ਼ਿਕਾਇਤ ਤੋਂ ਇਨਕਾਰ ਹੈ।

ਇੱਕ ਵਿਦਿਆਰਥਣ ਨੇ ਨਾਮ ਨਾ ਜ਼ਾਹਿਰ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਉਨ੍ਹਾਂ ਨੇ ਅਜਿਹੀ ਕੋਈ ਸ਼ਿਕਾਇਤ ਨਹੀਂ ਕੀਤੀ।

ਰਾਮਸੇਵਕ ਦੁਬੇ ਵੀ ਨੇਹਾ ਦੇ ਦਾਖ਼ਲਾ ਪ੍ਰੀਖਿਆ 'ਚ ਟੌਪਰ ਹੋਣ ਦੀ ਗੱਲ ਤੋਂ ਇਨਕਾਰ ਨਹੀਂ ਕਰਦੇ ਪਰ ਉਹ ਕਹਿੰਦੇ ਹਨ, "ਅਕਾਦਮਿਕ ਰਿਕਾਰਡ ਵਧੀਆ ਹੋਣਾ ਕਿਸੇ ਦੀ ਤੇਜ਼-ਤਰਾਰ ਹੋਣ ਦੀ ਪਛਾਣ ਹੈ ਪਰ ਇਸ ਗੱਲ ਦੀ ਨਹੀਂ ਕਿ ਉਹ ਗ਼ਲਤ ਕੰਮ ਨਹੀਂ ਕਰੇਗਾ। ਆਈਐਐਸ ਅਤੇ ਪੀਸੀਐਸ ਦੀਆਂ ਪ੍ਰੀਖਿਆਵਾਂ 'ਚ ਟੌਪ ਕਰਨ ਵਾਲੇ ਕਿੰਨੇ ਹੀ ਲੋਕ ਅੱਜ ਜੇਲ੍ਹਾਂ ਕਟ ਰਹੇ ਹਨ।"

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)