You’re viewing a text-only version of this website that uses less data. View the main version of the website including all images and videos.
ਗੁਰਦਾਸਪੁਰ ਦੇ ਅਕਾਲੀ ਆਗੂ ’ਤੇ 6 ਸਾਲਾ ਦਲਿਤ ਬੱਚੇ ਦੀ ਕੁੱਟਮਾਰ ਦੇ ਇਲਜ਼ਾਮ
- ਲੇਖਕ, ਗੁਰਪ੍ਰੀਤ ਸਿੰਘ ਚਾਵਲਾ
- ਰੋਲ, ਗੁਰਦਾਸਪੁਰ ਤੋਂ ਬੀਬੀਸੀ ਪੰਜਾਬੀ ਲਈ
ਗੁਰਦਾਸਪੁਰ ਦੇ ਪਿੰਡ ਕੋਂਟਾ ਵਿੱਚ ਇੱਕ ਕਿਸਾਨ ’ਤੇ ਆਪਣੇ ਖੇਤ ਵਿੱਚ ਵੜ ਜਾਣ ਕਾਰਨ ਇੱਕ ਦਲਿਤ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਹਨ।
ਬੱਚੇ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ 6 ਸਾਲ ਦਾ ਹੈ ਤੇ ਚੌਥੀ ਜਮਾਤ ਵਿੱਚ ਪੜ੍ਹਦਾ ਹੈ।
ਬੱਚੇ ਦੇ ਪਿਤਾ ਨੇ ਦੱਸਿਆ, "6 ਜੂਨ ਨੂੰ ਬੱਚੇ ਦੀ ਮਾਂ ਖੇਤ ਦੇ ਨਾਲ ਲਗਦੀ ਹਵੇਲੀ ਵਿੱਚ ਜਿੰਮੀਂਦਾਰ ਦੇ ਪਸ਼ੂਆਂ ਨੂੰ ਪਾਣੀ ਪਿਲਾ ਰਹੀ ਸੀ ਕਿ ਬੱਚਾ ਖੇਡਦਾ-ਖੇਡਦਾ ਖੇਤ ਵਿੱਚ ਚਲਿਆ ਗਿਆ।"
ਇਹ ਵੀ ਪੜ੍ਹੋ:
“ਉੱਥੇ ਮੌਜੂਦ ਜਿਮੀਂਦਾਰ ਨੇ ਉਸ ਬੱਚੇ ਨੂੰ ਖੇਤ ਵਿੱਚ ਲੰਮਾ ਪਾ ਲਿਆ ਅਤੇ ਆਪਣੇ ਹੱਥ ਵਿੱਚ ਫੜੀ ਸੋਟੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।”
ਬੱਚੇ ਦੇ ਪਿਤਾ ਸੰਜੀਵ ਕੁਮਾਰ ਨੇ ਇਲਜ਼ਾਮ ਲਾਉਂਦਿਆਂ ਕਿਹਾ, "ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਜਦੋਂ ਮਾਂ ਹਵੇਲੀ ਤੋਂ ਬਾਹਰ ਨਿਕਲੀ ਤਾਂ ਵੀ ਜਿੰਮੀਦਾਰ ਨੇ ਉਸ ਨੂੰ ਵੀ ਗਾਲਾਂ ਕੱਢੀਆਂ ਤੇ ਜਾਤੀ ਸੂਚਕ ਸ਼ਬਦ ਕਹੇ।"
ਪੁਲਿਸ ਨੇ ਮੁਲਜ਼ਮ ਮੋਹਿੰਦਰਪਾਲ ਸਿੰਘ ਖਿਲਾਫ਼ ਐੱਸਸੀ/ਐੱਸਟੀ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਮੁਲਜ਼ਮ ਦੀ ਭਾਲ ਜਾਰੀ
ਮੁਲਜ਼ਮ ਮੋਹਿੰਦਰਪਾਲ ਸਿੰਘ ਕੌਂਟਾ ਪਿੰਡ ਦਾ ਹੀ ਰਹਿਣ ਵਾਲਾ ਅਕਾਲੀ ਨੇਤਾ ਹੈ ਅਤੇ ਸ਼ੂਗਰ ਮਿਲ ਪਨਿਆੜ (ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ) ਦਾ ਚੇਅਰਮੈਨ ਹੈ।
ਸੰਜੀਵ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਨੇ ਤੇ ਉਨ੍ਹਾਂ ਦੀ ਪਤਨੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਮਗਰੋਂ ਮੋਹਿੰਦਰ ਸਿੰਘ ਭੱਜ ਗਏ।
ਇਸ ਤੋਂ ਬਾਅਦ ਸਵਾਰੀ ਦਾ ਇੰਤਜ਼ਾਮ ਕਰਕੇ ਬੱਚੇ ਨੂੰ ਸਿਵਲ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰ ਨੇ ਬੱਚੇ ਨੂੰ ਮੁੱਢਲੀ ਸਹਾਇਤਾ ਦੇ ਕੇ, ਛੁੱਟੀ ਕਰ ਦਿੱਤੀ।
ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਪੈਂਦੇ ਦੀਨਾਨਗਰ ਥਾਣੇ ਦੇ ਐੱਸਐੱਚਓ ਮਨੋਜ ਕੁਮਾਰ ਨੇ ਦੱਸਿਆ, "ਪੀੜਤ ਬੱਚੇ ਦੀ ਮੈਡੀਕਲ ਰਿਪੋਰਟ ਅਤੇ ਉਸਦੇ ਪਿਤਾ ਸੰਜੀਵ ਕੁਮਾਰ ਦੇ ਬਿਆਨ ਹੇਠ ਉਹਨਾਂ ਵੱਲੋਂ ਪਿੰਡ ਕੌਂਟਾ ਦੇ ਰਹਿਣ ਵਾਲੇ ਮੋਹਿੰਦਰਪਾਲ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਮੋਹਿੰਦਰਪਾਲ ਸਿੰਘ ਦੇ ਖ਼ਿਲਾਫ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।"
ਉਨ੍ਹਾਂ ਦੱਸਿਆ ਕਿ ਮੋਹਿੰਦਰ ਸਿੰਘ ਖ਼ਿਲਾਫ਼ ਐੱਸਸੀ/ਐੱਸਟੀ ਐਕਟ ਤੋਂ ਇਲਾਵਾ ਜੁਵਿਨਾਈਲ ਜਸਟਿਸ ਐਕਟ ਦੀਆਂ ਧਾਰਾਵਾਂ ਲਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।"
ਮਨੋਜ ਕੁਮਾਰ ਮੁਤਾਬਕ ਪੁਲਿਸ ਪਾਰਟੀ ਵਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਉਹ ਫਰਾਰ ਹੈ। ਅਤੇ ਉਹਨਾਂ ਦਾਅਵਾ ਕੀਤਾ ਕਿ ਜਲਦ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।
ਪਰਿਵਾਰ ਤੇ ਅਕਾਲੀ ਦਲ ਦਾ ਪੱਖ
ਮੁਲਜ਼ਮ ਮੋਹਿੰਦਰਪਾਲ ਦੇ ਭਰਾ ਨਰਿੰਦਰਪਾਲ ਨੇ ਆਪਣੇ ਭਰਾ ਤੇ ਲਾਏ ਗਏ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ।
ਉਨ੍ਹਾਂ ਕਿਹਾ, "ਮੋਹਿੰਦਰਪਾਲ ਖੇਤਾਂ ਵੱਲ ਉਸ ਦਿਨ ਜਦੋਂ ਫੇਰਾ ਮਾਰਨ ਗਏ ਤਾ ਦੇਖਿਆ ਕਿ 6-7 ਬੱਚੇ ਖੇਤਾਂ 'ਚ ਖੇਡ ਰਹੇ ਸਨ ਅਤੇ ਉਨ੍ਹਾਂ ਪਹਿਲਾਂ ਬੱਚਿਆਂ ਨੂੰ ਬਾਹਰ ਨਿਕਲ ਜਾਣ ਦਾ ਦਬਕਾ ਮਾਰਿਆ ਅਤੇ ਜਦ ਬੱਚਾ ਬਾਹਰ ਨਹੀਂ ਨਿਕਲਿਆ ਤਾਂ ਮੋਹਿੰਦਰਪਾਲ ਨੇ ਉਸ ਬੱਚੇ ਨੂੰ ਥੱਪੜ ਮਾਰਿਆ ਅਤੇ ਉਸ ਦੇ ਬਾਅਦ ਬੱਚਾ ਵੀ ਉਥੋਂ ਚਲਾ ਗਿਆ।"
ਇਸਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਜਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਇਸ ਮਾਮਲੇ ਨੂੰ ਸਿੱਧੀ ਸਿਆਸੀ ਰੰਜਸ਼ ਕਰਾਰ ਦਿਤਾ।
ਉਨ੍ਹਾਂ ਕਿਹਾ ਕਿ ਇਹ ਕੋਈ ਇੰਨਾ ਵੱਡਾ ਮਾਮਲਾ ਨਹੀਂ ਹੈ ਜਿੰਨਾਂ ਵੱਡਾ ਬਣਾ ਕੇ ਪੇਸ਼ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ