You’re viewing a text-only version of this website that uses less data. View the main version of the website including all images and videos.
ਅਮਰੀਕਾ 'ਚ ਇੰਝ ਫਸਾਏ ਗਏ 129 ਭਾਰਤੀ ਵਿਦਿਆਰਥੀ
ਅਮਰੀਕਾ ਵਿਚ ਜਾਅਲੀ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਦੇ ਇਲਜ਼ਾਮ ਤਹਿਤ 129 ਭਾਰਤ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਦਾ ਭਾਰਤ ਨੇ ਤਿੱਖਾ ਕੂਟਨੀਤਿਕ ਪ੍ਰਤੀਕਰਮ ਕੀਤਾ ਹੈ।
ਯੂਨੀਵਰਸਿਟੀ ਆਫ਼ ਫਾਰਮਿੰਗਟਨ ਬਾਰੇ ਇਸ਼ਤਿਹਾਰ ਦਿੱਤਾ ਗਿਆ ਕਿ ਇਹ ਅਮਰੀਕਾ ਦੇ ਮਿਸ਼ੀਗਨ ਸੂਬੇ ਵਿੱਚ ਸਥਿਤ ਹੈ। ਇਸ ਵਿੱਚ ਹੋਮ ਲੈਂਡ ਸਕਿਉਰਿਟੀ ਦੇ ਏਜੰਟਾਂ ਨੂੰ ਅੰਡਕ ਕਵਰ ਮੁਲਾਜ਼ਮ ਬਣਾਇਆ ਗਿਆ ਤਾਂ ਕਿ "ਪੇਅ ਟੂ ਸਟੇਅ" ਇੰਮੀਗਰੇਸ਼ਨ ਧੋਖਾਧੜੀ ਦਾ ਪਾਜ ਉਘਾੜਿਆ ਜਾ ਸਕੇ।
ਇਹ ਵੀ ਪੜ੍ਹੋ:
ਅਮਰੀਕੀ ਏਜੰਸੀਆਂ ਦਾ ਦਾਅਵਾ ਹੈ ਕਿ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਪਤਾ ਸੀ ਕਿ ਯੂਨੀਵਰਸਿਟੀ ਗੈਰ ਕਾਨੂੰਨੀ ਹੋਵੇਗੀ।
ਹਾਲਾਂਕਿ, ਭਾਰਤੀ ਅਧਿਕਾਰੀਆਂ ਮੁਤਾਬਕ ਵਿਦਿਆਰਥੀਆਂ ਨਾਲ ਦਾਖਲੇ ਦੇ ਨਾਂ 'ਤੇ ਧੋਖਾ ਹੋਇਆ ਹੈ।
ਸ਼ਨੀਵਾਰ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕਾ ਦੇ ਭਾਰਤੀ ਸਫਾਰਤਖ਼ਾਨੇ ਕੋਲ ਆਪਣਾ ਵਿਰੋਧ ਦਰਜ ਕਰਾਇਆ ਅਤੇ ਇਨ੍ਹਾਂ ਵਿਦਿਆਰਥੀਆਂ ਨੂੰ ਕਾਨੂੰਨੀ ਮਦਦ ਮੁਹਈਆ ਕਰਵਾਉਣ ਦੀ ਮੰਗ ਕੀਤੀ।
ਕਿਵੇਂ ਫਸਾਏ ਗਏ ਵਿਦਿਆਰਥੀ
ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ 2015 ਵਿਚ ਇਹ ਜਾਅਲੀ ਯੂਨੀਵਰਸਿਟੀ ਕਾਇਮ ਕੀਤੀ ਗਈ ਸੀ। ਇਸ ਦਾ ਮਕਸਦ ਅਜਿਹੇ ਵਿਦੇਸ਼ੀਆਂ ਨੂੰ ਕਾਬੂ ਕਰਨਾ ਸੀ ਜੋ ਸਟੱਡੀ ਵੀਜ਼ੇ 'ਤੇ ਅਮਰੀਕਾ ਆ ਕੇ ਰਹਿਣਾ ਚਾਹੁੰਦੇ ਸਨ।
ਯੂਨੀਵਰਸਿਟੀ ਆਫ਼ ਫਾਰਮਿੰਗਟਨ ਦੀ ਵੈੱਬਸਾਈਟ ਉੱਤੇ ਵਿਦਿਆਰਥੀਆਂ ਦੀਆਂ ਕਲਾਸਾਂ ਵਿੱਚ ਪੜ੍ਹਦਿਆਂ ਦੀਆਂ, ਲਾਇਬ੍ਰੇਰੀ ਅਤੇ ਕੈਂਪਸ ਵਿੱਚ ਬੈਠਿਆਂ ਦੀਆਂ ਤਸਵੀਰਾਂ ਪਾਈਆਂ ਗਈਆਂ ਸਨ।
ਇਸ ਦੇ ਇਸ਼ਤਿਹਾਰ ਵਿਚ ਅੰਡਰ ਗਰੈਜ਼ੂਏਟ ਕੋਰਸ ਲਈ 6500 ਅਮਰੀਕੀ ਡਾਲਰ ਅਤੇ ਗਰੈਜੂਏਟ ਕੋਰਸ ਲਈ 11000 ਡਾਲਰ ਦੀ ਸਾਲਾਨਾ ਫੀਸ ਦਰਸਾਈ ਗਈ ਸੀ। ਇਸ ਯੂਨੀਵਰਸਿਟੀ ਦੀਆਂ ਗਤੀਵਿਧੀਆਂ ਨੂੰ ਦਿਖਾਉਣ ਵਾਲਾ ਇੱਕ ਜਾਅਲੀ ਫੇਸਬੁੱਕ ਪੇਜ਼ ਵੀ ਬਣਾਇਆ ਗਿਆ ਸੀ।
ਪਿਛਲੇ ਹਫ਼ਤੇ ਜਾਰੀ ਕੀਤੇ ਗਏ ਅਦਾਲਤੀ ਦਸਤਾਵੇਜ਼ਾਂ ਤੋਂ ਇਹ ਗੱਲ ਸਾਫ਼ ਹੋਈ ਕਿ ਯੂਨੀਵਰਸਿਟੀ ਆਫ਼ ਫਾਰਮਿੰਗਟਨ ਦੇ ਮੁਲਾਜ਼ਮ ਅਸਲ ਵਿੱਚ ਇੰਮੀਰਗੇਸ਼ਨ ਤੇ ਕਸਟਮ ਵਿਭਾਗ ਦੇ ਅੰਡਰ ਕਵਰ ਏਜੰਟ ਹਨ।
ਇਸ ਯੂਨੀਵਰਸਿਟੀ ਦਾ "ਕੈਂਪਸ" ਡਿਟਰੋਇਟ ਦੇ ਅਰਧ ਸ਼ਹਿਰੀ ਇਲਾਕੇ ਦੇ ਇੱਕ ਬਿਜ਼ਨਸ ਪਾਰਕ ਵਿਚ ਬਣਾਇਆ ਗਿਆ ਸੀ।
ਕਿਹੋ-ਜਿਹੇ ਇਲਜ਼ਾਮ ਲਾਏ ਜਾ ਰਹੇ ਹਨ
ਈਸਟਰਨ ਡਿਸਟਰਿਕਟ ਆਫ਼ ਮਿਸ਼ੀਗਨ ਦੀਆਂ ਜਿਲ੍ਹਾ ਕਚਹਿਰੀਆਂ ਵਿੱਚ ਸਰਕਾਰੀ ਧਿਰ ਨੇ ਦਾਅਵਾ ਕੀਤਾ ਕਿ ਵਿਦਿਆਰਥੀਆਂ ਨੂੰ ਸਕੀਮ ਦੇ ਗੈਰਕਾਨੂੰਨੀ ਹੋਣ ਦੀ ਜਾਣਕਾਰੀ ਸੀ।
ਸਰਕਾਰੀ ਪੱਖ ਦਾ ਇਹ ਵੀ ਕਹਿਣਾ ਸੀ ਕਿ ਇਸ ਜਾਅਲੀ ਯੂਨੀਵਰਸਿਟੀ ਦੀ ਸਕੀਮ ਦੀ ਵਰਤੋਂ ਪੈਸੇ ਦੇ ਕੇ ਅਮਰੀਕਾ ਵਿੱਚ ਰਹਿਣ ਲਈ ਕੀਤੀ ਗਈ ਸੀ। ਇਸ ਨਾਲ ਲੋਕਾਂ ਨੂੰ ਅਮਰੀਕਾ ਵਿੱਚ ਕਾਨੂੰਨੀ ਤਰੀਕੇ ਨਾਲ ਲਿਆਂਦਾ ਜਾਂਦਾ ਅਤੇ ਫਿਰ ਕੰਮ ਦੁਆ ਕੇ ਇੱਥੇ ਹੀ ਰੱਖ ਲਿਆ ਜਾਂਦਾ।
ਡਿਟਰੋਇਟ ਦੀ ਫਰੀ ਪ੍ਰੈਸ ਅਖ਼ਬਰਾ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ 130 ਵਿਦਿਆਰਥੀਆਂ ਵਿੱਚੋਂ 129 ਭਾਰਤੀ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਸਿਵਲ ਇੰਮੀਗਰੇਸ਼ਨ ਦੇ ਇਲਜ਼ਾਮ ਲਾਏ ਗਏ।
ਜੇਕਰ ਇਹ ਵਿਦਿਆਰਥੀਆਂ ਖਿਲਾਫ਼ ਲਾਏ ਇਲਜ਼ਾਮ ਸਾਬਤ ਹੋ ਜਾਂਦੇ ਹਨ ਤਾਂ ਇਨ੍ਹਾਂ ਨੂੰ ਭਾਰਤ ਵਾਪਸ ਭੇਜਿਆ ਜਾਵੇਗਾ। ਇਸ ਤੋਂ ਇਲਾਵਾ "ਮੁਨਾਫ਼ੇ ਦੇ ਮੰਤਵ ਨਾਲ ਅਤੇ ਵਿਦੇਸ਼ੀਆਂ ਨੂੰ ਪਨਾਹ ਦੇਣ" ਦਾ ਕੰਮ ਕਰਨ ਵਾਲੇ 8 ਵਿਅਕਤੀਆਂ ਖਿਲਾਫ਼ ਵੀ ਵੀਜ਼ਾ ਧੋਖਾਧੜੀ ਦੇ ਇਲਜ਼ਾਮ ਲਾਏ ਗਏ ਹਨ।
ਭਾਰਤ ਦੀ ਦਲੀਲ
ਭਾਰਤ ਸਰਕਾਰ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਦਾਖਲਾ ਦੇ ਨਾਂ 'ਤੇ ਧੋਖੇ ਨਾਲ ਫਸਾਇਆ ਹੋ ਸਕਦਾ ਹੈ।
ਭਾਰਤੀ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਭਾਰਤੀ ਵਿਦਿਆਰਥੀਆਂ ਨਾਲ ਪੰਜੀਕਰਣ ਦੇ ਨਾਂ 'ਤੇ ਠੱਗੀ ਹੋਈ ਹੈ ਅਤੇ ਇਸ ਮਾਮਲੇ ਨੂੰ ਇਸੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ, "ਅਸੀਂ ਅਮਰੀਕਾ ਨੂੰ ਕਿਹਾ ਹੈ ਕਿ ਮਾਮਲੇ ਦੀ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇ। ਸਾਨੂੰ ਲਗਾਤਾਰ ਇਸ ਮਾਮਲੇ ਬਾਰੇ ਦੱਸਿਆ ਜਾਵੇ। ਸਾਡੇ ਵਕੀਲਾਂ ਨੂੰ ਪੀੜਤਾਂ ਨਾਲ ਰਾਬਤਾ ਕੀਤਾ ਹੈ ਤਾਂ ਕਿ ਉਨ੍ਹਾਂ ਤੱਕ ਮਦਦ ਪਹੁੰਚਾਈ ਜਾ ਸਕੇ।"
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ ਹੈ ਕਿ ਹੁਣ ਤੱਕ 30 ਵਿਦਿਆਰਥੀਆਂ ਨੇ ਸਾਡੇ ਵਕੀਲਾਂ ਨਾਲ ਸੰਪਰਕ ਕੀਤਾ ਹੈ। ਸਾਡੀ ਕੋਸ਼ਿਸ਼ ਹੈ ਕਿ ਬਾਕੀਆਂ ਨਾਲ ਵੀ ਸੰਪਰਕ ਹੋ ਸਕੇ।
ਵਿਦੇਸ਼ ਮੰਤਰਾਲੇ ਨੇ ਵਿਦਿਆਰਥੀਆਂ ਦੇ ਫਿਕਰਮੰਦ ਸੰਬੰਧੀਆਂ ਲਈ ਵਾਸ਼ਿੰਗਟਨ ਵਿਚਲੇ ਭਾਰਤੀ ਸਫ਼ਾਰਤਖ਼ਾਨੇ ਵਿੱਚ ਇੱਕ ਹੈਲਪ-ਲਾਈਨ ਨੰਬਰ ਵੀ ਜਾਰੀ ਕੀਤਾ ਹੈ।
ਹੈਲਪ-ਲਾਈਨ ਨੰਬਰ +1-202-322-1190 ਅਤੇ +1-202-340-2590 ਈਮੇਲ-[email protected]
ਦਿੱਲੀ ਵਿਚਲੀ ਅਮਰੀਕੀ ਅੰਬੈਸੀ ਨੇ ਭਾਰਤੀ ਵਿਦੇਸ਼ ਮੰਤਰਾਲੇ ਦਾ ਪੱਤਰ ਮਿਲਣ ਦੀ ਪੁਸ਼ਟੀ ਤਾਂ ਕੀਤੀ ਹੈ ਪਰ ਇਸ ਮਾਮਲੇ ਤੇ ਕੋਈ ਹੋਰ ਟਿੱਪਣੀ ਕਰਨ ਤੋਂ ਮਨ੍ਹਾਂ ਕਰ ਦਿੱਤਾ।
ਅਮਰੀਕੀ ਮੁਹਿੰਮ ਦਾ ਮਕਸਦ
ਪਿਛਲੇ ਕੁਝ ਸਾਲਾਂ ਤੋਂ ਅਮਰੀਕਾ ਦੀਆਂ ਇੰਮੀਗੇਰਸ਼ਨ ਏਜੰਸੀਆਂ ਕਾਫ਼ੀ ਸਖ਼ਤੀ ਵਰਤ ਰਹੀਆਂ ਹਨ।
ਇਸੇ ਤਰ੍ਹਾਂ 2016 ਵਿੱਚ ਰਾਸ਼ਟਰਪਤੀ ਓਬਾਮਾ ਦੇ ਕਾਰਜਕਾਲ ਵਿੱਚ ਇੰਮੀਗਰੇਸ਼ਨ ਵਿਭਾਗ ਨੇ ਨਾਰਦਨ ਨਿਊਯਰਸੀ ਵਿੱਚ ਇੱਕ ਜਾਅਲੀ ਯੂਨੀਵਰਸਿਟੀ ਬਣਾ ਕੇ 21 ਜਣੇ ਗ੍ਰਿਫ਼ਤਾਰ ਕੀਤੇ ਸਨ। ਫੜੇ ਗਏ ਵਿਦਿਆਰਥੀਆਂ ਵਿੱਚੋਂ ਬਹੁਤਿਆਂ ਦਾ ਸੰਬੰਧ ਚੀਨ ਅਤੇ ਭਾਰਤ ਨਾਲ ਸੀ।
ਪਿਛਲੇ ਦੋ ਸਾਲਾਂ ਵਿੱਚ ਟਰੰਪ ਪ੍ਰਸਾਸ਼ਨ ਨੇ ਬਿਨਾਂ ਕਾਗਜ਼ਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਤੇ ਵੀਜ਼ੇ ਦੀ ਮਿਆਦ ਪੁੱਗਣ ਤੋਂ ਬਾਅਦ ਵੀ ਰਹਿ ਰਹੇ ਪਰਵਾਸੀਆਂ ਖ਼ਿਲਾਫ਼ ਸਿਕੰਜਾ ਕੱਸਿਆ ਹੈ।
ਕੰਮਕਾਜ ਵਾਲੀਆਂ ਥਾਵਾਂ ਉੱਤੇ ਛਾਪੇਮਾਰੀ ਕਰਕੇ ਸੈਂਕੜੇ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸੇ ਤਰ੍ਹਾਂ ਦੀਆਂ ਮੁਹਿੰਮਾ ਤਹਿਤ ਆਈਸੀਈ ਏਜੰਟਾਂ ਨੇ ਓਹਾਈਓ ਵਿੱਚ ਮੀਟ ਸਪਲਾਈ ਕਰਨ ਵਾਲਿਆਂ ਕੋਲੋਂ 146 ਅਤੇ ਟੈਕਸਾਸ ਵਿੱਚ 150 ਵਿਅਕਤੀ ਇੱਕ ਟਰੇਲਰ ਬਣਾਉਣ ਵਾਲੀ ਫਰਮ ਤੋਂ ਹਿਰਾਸਤ ਵਿਚ ਲਏ ਸਨ।
ਇਹ ਵੀ ਪੜ੍ਹੋ: