ਪਾਕਿਸਤਾਨ ਕੋਲੋਂ ਮਗਰਮੱਛਾਂ ਦੇ ਬਦਲੇ ਲਈਆਂ ਜਾਣਗੀਆਂ 100 ਡੌਲਫਿਨ ਮੱਛੀਆਂ - 5 ਅਹਿਮ ਖ਼ਬਰਾਂ

ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਹਰੀਕੇ ਵੈਟਲੈਂਡ 'ਚ ਕਰੀਬ 100 ਡੌਲਫਿਨ ਛੱਡਣ ਦੀ ਯੋਜਨਾ ਹੈ। ਇਹ ਮੱਛੀਆਂ ਪਾਕਿਸਤਾਨ ਤੋਂ ਲਿਆਂਦੀਆਂ ਜਾਣਗੀਆਂ ਜਿੰਨ੍ਹਾਂ ਦੇ ਬਦਲੇ ਪਾਕਿਸਤਾਨ ਨੂੰ ਘੜਿਆਲ ਦਿੱਤੇ ਜਾਣਗੇ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਹਰੀਕੇ ਵੈਟਲੈਂਡ 'ਚ ਵਿਸ਼ਵ ਵੈਟਲੈਂਡ ਦਿਵਸ ਮੌਕੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਇਹ ਜਾਣਕਾਰੀ ਦਿੱਤੀ।

ਇਸ ਦੌਰਾਨ ਉਨ੍ਹਾਂ ਨੇ ਕਿਹਾ, "ਇਹ ਵੈਟਲੈਂਡ ਹਰ ਸਾਲ ਵੱਡੀ ਸੰਖਿਆ ਵਿੱਚ ਪਰਵਾਸੀ ਪੰਛੀਆਂ ਨੂੰ ਆਪਣੇ ਵੱਲ ਖਿੱਚਦਾ ਹੈ ਅਤੇ ਇਸ ਸਾਲ 1.25 ਲੱਖ ਪੰਛੀਆਂ ਦੀ ਗਿਣਤੀ ਦਰਜ ਹੋਈ ਹੈ।"

ਬਿਹਾਰ ਵਿੱਚ ਰੇਲ ਹਾਦਸਾ

ਬਿਹਾਰ ਦੇ ਹਾਜੀਪੁਰ ਵਿੱਚ ਰੇਲ ਹਾਦਸਾ ਵਾਪਰਿਆ ਹੈ। ਸੀਮਾਂਚਲ ਐਕਸਪ੍ਰੈਸ ਦੇ 9 ਡੱਬੇ ਰੇਲ ਪਟੜੀ ਤੋਂ ਉੱਤਰ ਗਏ ਹਨ। ਹਾਦਸੇ ਵਿੱਚ ਹੁਣ ਤੱਕ ਮ੍ਰਿਤਕਾਂ ਤੇ ਜ਼ਖਮੀਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਹੋਈ ਹੈ।

ਇਹ ਟਰੇਨ ਦਿੱਲੀ ਦੇ ਆਨੰਦ ਵਿਹਾਰ ਰੇਲਵੇ ਸਟੇਸ਼ਨ ਆ ਰਹੀ ਸੀ।

ਹਾਦਸਾ ਮਹਨਾਰ ਅਤੇ ਸਹਿਦੋਈ ਰੇਲਵੇ ਸਟੇਸ਼ਨ ਦੇ ਵਿਚਾਲੇ ਹੋਇਆ। ਹਾਦਸਾ ਤੜਕੇ 4 ਵਜੇ ਦੇ ਕਰੀਬ ਹੋਇਆ, ਹਨੇਰਾ ਹੋਣ ਕਾਰਨ ਬਚਾਅ ਕਾਰਜ ਵਿੱਚ ਪ੍ਰੇਸ਼ਾਨੀ ਆ ਰਹੀ ਹੈ।

ਸੀਪੀਆਰਓ ਰਾਜੇਸ਼ ਕੁਮਾਰ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ ਸੀਮਾਂਚਲ ਐਕਸਪ੍ਰੈਸ ਹਾਦਸਾਗ੍ਰਸਤ ਹੋਈ ਹੈ।

ਰੇਲਵੇ ਨੇ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਇਹ ਨੰਬਰ ਹਨ, ਬਰੌਨੀ-06279232222, ਸੋਨਪੁਰ- 06158221645, ਹਾਜੀਪੁਰ- 06224272230

ਇਹ ਵੀ ਪੜ੍ਹੋ-

ਰਿਸ਼ੀ ਕੁਮਾਰ ਸ਼ੁਕਲਾ ਸੀਬੀਆਈ ਦੇ ਨਵੇਂ ਚੀਫ਼, ਵਿਰੋਧੀ ਧਿਰ ਅਸਹਿਮਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਚੋਣ ਕਮੇਟੀ ਨੇ ਰਿਸ਼ੀ ਕੁਮਾਰ ਸ਼ੁਕਲਾ ਨੂੰ ਸੀਬੀਆਈ ਦਾ ਨਵਾਂ ਨਿਰਦੇਸ਼ਕ ਨਿਯੁਕਤ ਕੀਤਾ ਹੈ।

ਇਸੇ ਕਮੇਟੀ ਵਿੱਚ ਲੋਕ ਸਭਾ 'ਚ ਵਿਰੋਧੀ ਧਿਰ ਦੇ ਮੁੱਖ ਆਗੂ ਅਤੇ ਕਾਂਗਰਸ ਦੇ ਨੇਤਾ ਮਲਿਕਾਰਜੁਨ ਖੜਗੇ ਵੀ ਸ਼ਾਮਿਲ ਸਨ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਇਸ ਨਿਯੁਕਤੀ ਨੂੰ ਲੈ ਕੇ ਆਪਣੀ ਅਸਹਿਮਤੀ ਜਤਾਈ ਹੈ।

ਉਨ੍ਹਾਂ ਨੇ ਸ਼ੁਕਲਾ ਦੀ ਨਿਯੁਕਤੀ 'ਤੇ ਕਿਹਾ ਕਿ ਉਨ੍ਹਾਂ ਕੋਲ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਹੱਲ ਕਰਨ ਦਾ ਕੋਈ ਤਜਰਬਾ ਨਹੀਂ ਹੈ। ਇਸ ਲਈ ਉਨ੍ਹਾਂ ਨੂੰ ਨਿਰਦੇਸ਼ਕ ਨਾ ਬਣਾਇਆ ਜਾਵੇ। ਕੌਣ ਹਨ ਸ਼ੁਕਲਾ ਅਤੇ ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

ਇਹ ਵੀ ਪੜ੍ਹੋ-

ਯਲਗਾਰ ਪਰੀਸ਼ਦ- ਅਦਾਲਤ ਨੇ ਦੱਸਿਆ ਤੇਲਤੁੰਬੜੇ ਦੀ ਗ੍ਰਿਫ਼ਤਾਰੀ ਗ਼ੈਰ-ਕਾਨੂੰਨੀ ਤੇ ਕੀਤਾ ਰਿਹਾਅ

ਪੁਣੇ ਅਦਾਲਤ ਨੇ ਦਲਿਤ ਸਕਾਲਰ ਅਤੇ ਸਮਾਜਕ ਕਾਰਕੁਨ ਆਨੰਦ ਤੇਲਤੁਬੰੜੇ ਨੂੰ ਰਾਹਤ ਦਿੰਦਿਆਂ ਉਨ੍ਹਾਂ ਦੀ ਰਿਹਾਈ ਦੇ ਆਦੇਸ਼ ਦਿੱਤੇ ਹਨ ਅਤੇ ਕਿਹਾ ਹੈ ਕਿ ਇਹ ਗ੍ਰਿਫ਼ਤਾਰੀ ਗ਼ੈਰ-ਕਾਨੂੰਨੀ ਹੈ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਪੁਲਿਸ ਨੇ ਆਨੰਦ ਤੇਲਤੁੰਬੜੇ ਨੂੰ ਸ਼ਨਿੱਚਵਾਰ ਸਵੇਰੇ ਮੁੰਬਈ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਸੀ।

ਇਸ ਤੋਂ ਬਾਅਦ ਰਸਮੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਸ਼ਨਿੱਚਵਾਰ ਦੀ ਸ਼ਾਮ ਨੂੰ ਹੀ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਅਦਾਲਤ ਨੇ ਕਿਹਾ ਸੁਪਰੀਮ ਕੋਰਟ ਨੂੰ ਉਨ੍ਹਾਂ ਦੀ ਗ਼ੈਰ ਕਾਨੂੰਨੀ ਗ੍ਰਿਫ਼ਤਾਰੀ ਬਾਰੇ ਸੂਚਿਤ ਕੀਤਾ ਜਾਵੇਗਾ।

ਮਿਸਰ 'ਚ ਮਿਲੀਆਂ ਨਵੀਆਂ ਕਬਰਾਂ ਤੇ ਮਮੀਜ਼

ਪੁਰਾਤਤਵ ਮੰਤਰਾਲੇ ਮੁਤਾਬਕ ਮਿਸਰ 'ਚ ਟੋਲੇਮੈਕ ਯੁੱਗ (305-30ਬੀਸੀ) ਦੀਆਂ ਕਰੀਬ 50 ਮਮੀਜ਼ ਮਿਲੀਆਂ ਹਨ।

ਇਹ ਰਾਜਧਾਨੀ ਕੈਰੋ ਦੇ ਦੱਖਣ 'ਚ ਟੂਨਾ ਈਐਲ-ਗੇਬੇਲ ਸਾਈਟ 'ਚ 30 ਫੁੱਟ ਡੂੰਘੀਆਂ ਕਬਰਾਂ 'ਚ ਮਿਲੀਆਂ। ਇਨ੍ਹਾਂ ਵਿੱਚ 12 ਬੱਚਿਆਂ ਦੀ ਮਮੀਜ਼ ਦੱਸੀਆਂ ਜਾ ਰਹੀਆਂ ਹਨ।

ਕਿਤੇ-ਕਿਤੇ ਇਹ ਲੀਨਨ ਕੱਪੜੇ ਵਿੱਚ ਲਪੇਟੀਆਂ ਹੋਈਆਂ ਤੇ ਕਿਤੇ ਪੱਥਰ ਜਾਂ ਲੱਕੜ ਦੇ ਤਾਬੂਤਾਂ 'ਚ ਹਨ।

ਇਨ੍ਹਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਆਪਣੇ ਵੇਲੇ ਦੇ ਮਹੱਤਵਪੂਰਨ ਅਹੁਦਿਆਂ 'ਤੇ ਸ਼ੁਮਾਰ ਲੋਕਾਂ 'ਚੋਂ ਹੋ ਸਕਦੇ ਹਨ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)