You’re viewing a text-only version of this website that uses less data. View the main version of the website including all images and videos.
ਅਮਰੀਕੀ ਯੂਨੀਵਰਸਿਟੀ 'ਚ ਪੜ੍ਹਨ ਗਏ ਵਿਦਿਆਰਥੀ ਫਸੇ, ਭਾਰਤ ਵੱਲੋਂ ਵਿਦਿਆਰਥੀਆਂ ਦੀ ਮਦਦ ਦਾ ਭਰੋਸਾ
ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਬਾਰੇ ਭਾਰਤ ਨੇ ਸ਼ਨਿੱਚਰਵਾਰ ਨੂੰ ਭਾਰਤ ਵਿੱਚ ਅਮਰੀਕੀ ਸਫ਼ੀਰ ਕੋਲ ਆਪਣੀ ਫਿਕਰਮੰਦੀ ਜ਼ਾਹਰ ਕੀਤੀ।
ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ ਇਹ ਹਾਲਾਤ ਕੁਝ ਭਾਰਤੀ ਵਿਦਿਆਰਥੀਆਂ ਵੱਲੋਂ ’ਜਾਅਲੀ ਯੂਨੀਵਰਸਿਟੀ’ ਵਿੱਚ ਦਾਖਲਾ ਲੈਣ ਕਰਕੇ ਬਣੇ ਹਨ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਭਾਰਤ ਨੇ ਉਨ੍ਹਾਂ ਵਿਦਿਆਰਥੀਆਂ ਨੂੰ ਫੌਰੀ ਮਦਦ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਉਹ ਇਸ ਮਾਮਲੇ 'ਤੇ ਗੰਭੀਰਤਾ ਨਾਲ ਨਜ਼ਰ ਰੱਖ ਰਿਹਾ ਹੈ।
ਇਹ ਵੀ ਪੜ੍ਹੋ:
ਭਾਰਤ ਵਿਦੇਸ਼ ਮੰਤਰਾਲੇ ਨੇ ਕਿਹਾ ਹੈ, ‘‘ਹਿਰਾਸਤ ਵਿੱਚ ਲਏ ਗਏ ਵਿਦਿਆਰਥੀਆਂ ਨੂੰ ਕੌਂਸਲਰਾਂ ਦੀ ਮਦਦ ਪਹੁੰਚਾਉਣ ਲਈ ਸਾਡੇ ਮਿਸ਼ਨ ਤੇ ਕੌਂਸਲੇਟਾਂ ਨੇ ਅਮਰੀਕਾ ਵਿੱਚ ਬਹੁਤ ਸਾਰੇ ਡਿਟੈਸ਼ਨ ਸੈਂਟਰਾਂ ਦੇ ਦੌਰੇ ਕੀਤੇ ਹਨ।’’
‘‘ਹੁਣ ਤੱਕ ਸਾਡੇ ਅਧਿਕਾਰੀਆਂ ਵੱਲੋਂ 30 ਵਿਦਿਆਰਥੀਆਂ ਨਾਲ ਸੰਪਰਕ ਕੀਤਾ ਗਿਆ ਹੈ। ਬਾਕੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਜਾਰੀ ਹੈ।’’
“ਹਿਰਾਸਤ ਵਿੱਚ ਲਏ ਵਿਦਿਆਰਥੀਆਂ ਬਾਰੇ ਹੋਰ ਜਾਣਕਾਰੀ ਲੈਣ ਲਈ ਸਾਡੇ ਮਿਸ਼ਨ ਅਤੇ ਕੌਂਸਲੇਟ ਭਾਰਤੀ ਭਾਈਚਾਰੇ ਅਤੇ ਉਨ੍ਹਾਂ ਦੀਆਂ ਐਸੋਸੀਏਸ਼ਨਾਂ ਦੇ ਸੰਪਰਕ ਵਿੱਚ ਹਨ।”
ਅਮਰੀਕਾ ਨੇ ਕੀ ਕਿਹਾ?
ਅਮਰੀਕੀ ਸਫ਼ਾਰਤਖਾਨੇ ਦੇ ਇੱਕ ਨੁਮਾਇੰਦੇ ਨੇ ਭਾਰਤ ਦੇ ਦਾਅਵੇ ਬਾਰੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ, " ਸਾਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਬਾਰੇ ਸੁਚਿਤ ਕੀਤਾ ਹੈ। ਸਾਥੋਂ ਉਨ੍ਹਾਂ ਵਿਦਿਆਰਥੀਆਂ ਨੂੰ ਕਾਨੂੰਨੀ ਮਦਦ ਦੇਣ ਦੀ ਮੰਗ ਕੀਤੀ ਗਈ ਹੈ।"
ਭਾਰਤੀ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਭਾਰਤੀ ਵਿਦਿਆਰਥੀਆਂ ਨਾਲ ਪੰਜੀਕਰਣ ਦੇ ਨਾਂ ’ਤੇ ਠੱਗੀ ਹੋਈ ਹੈ ਅਤੇ ਇਸ ਮਾਮਲੇ ਨੂੰ ਇਸੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ, "ਅਸੀਂ ਅਮਰੀਕਾ ਨੂੰ ਬੇਨਤੀ ਕੀਤੀ ਹੈ ਕਿ ਮਾਮਲੇ ਦੀ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇ। ਸਾਨੂੰ ਲਗਾਤਾਰ ਇਸ ਮਾਮਲੇ ਬਾਰੇ ਦੱਸਿਆ ਜਾਵੇ। ਸਾਡੇ ਵਕੀਲਾਂ ਨੂੰ ਪੀੜਤਾਂ ਨਾਲ ਰਾਬਤਾ ਕੀਤਾ ਹੈ ਤਾਂ ਕਿ ਉਨ੍ਹਾਂ ਤੱਕ ਮਦਦ ਪਹੁੰਚਾਈ ਜਾ ਸਕੇ।"
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ ਹੈ ਕਿ ਹੁਣ ਤੱਕ 30 ਵਿਦਿਆਰਥੀਆਂ ਨੇ ਸਾਡੇ ਵਕੀਲਾਂ ਨਾਲ ਸੰਪਰਕ ਕੀਤਾ ਹੈ। ਸਾਡੀ ਕੋਸ਼ਿਸ਼ ਹੈ ਕਿ ਬਾਕੀਆਂ ਨਾਲ ਵੀ ਸੰਪਰਕ ਹੋ ਸਕੇ।
ਵਿਦੇਸ਼ ਮੰਤਰਾਲੇ ਨੇ ਵਾਸ਼ਿੰਗਟਨ ਵਿਚਲੇ ਭਾਰਤੀ ਸਫ਼ਾਰਤਖ਼ਾਨੇ ਵਿੱਚ ਇੱਕ ਹੈਲਪ-ਲਾਈਨ ਨੰਬਰ ਵੀ ਜਾਰੀ ਕੀਤਾ ਹੈ।
ਹੈਲਪ-ਲਾਈਨ ਨੰਬਰ +1-202-322-1190 ਅਤੇ +1-202-340-2590 ਈਮੇਲ-[email protected]
ਇਸ ਦੇ ਨਾਲ ਹੀ ਯੂਨੀਵਰਸਿਟੀ ਦੀ ਵੈਬਸਾਈਟ ਵੀ ਆਫਲਾਈਨ ਹੋ ਗਈ ਹੈ। ਸਾਈਟ ’ਤੇ ਲਿਖਿਆ ਹੈ ਕਿ ਯੂਨੀਵਰਸਿਟੀ ਆਫ ਫਾਰਮਿੰਗਟਨ ਨੂੰ ਹੋਮਲੈਂਡ ਸਿਕਿਓਰਿਟੀ, ਯੂਐੱਸ ਇਮੀਗਰੇਸ਼ਨ ਅਤੇ ਕਸਟਮ ਇਨਫੌਰਸਮੈਂਟ ਵੱਲੋਂ ਬੰਦ ਕਰ ਦਿੱਤਾ ਗਿਆ ਹੈ।
ਅਮਰੀਕਾ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਦੀ ਪ੍ਰਤੀਕਿਰਿਆ
ਭਾਰਤੀ ਮੂਲ ਦੇ ਅਮਰੀਕੀਆਂ ਅਤੇ ਕੁਝ ਮੀਡੀਆ ਅਧਾਰਿਆਂ ਨੇ ਅਮਰੀਕੀ ਸਰਕਾਰ ਦੀ ਇਸ ਮੋਡਸ-ਔਪਰੈਂਡੀ ਉੱਪਰ ਸਵਾਲ ਖੜ੍ਹੇ ਕੀਤੇ ਹਨ।
ਆਂਧਰਾ ਪ੍ਰਦੇਸ਼ ਸਟੇਟ ਨਾਨ-ਰੈਜ਼ੀਡੈਂਟ ਤੈਲੁਗੂ ਸੋਸਾਈਟੀ ਦੇ ਗਲੋਬਲ ਸਲਾਹਕਾਰ ਸਤੀਸ਼ ਮੰਦੁਵਾ, ਇਨ੍ਹਾਂ ਵਿਦਿਆਰਥੀਆਂ ਲਈ ਕਾਨੂੰਨੀ ਮਦਦ ਵੀ ਜੁਟਾ ਰਹੇ ਹਨ। ਉਨ੍ਹਾਂ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ, ਬਹੁਤ ਸਾਰੇ ਵਿਦਿਆਰਥੀ ਭਾਰਤ ਜਾਣ ਲਈ ਤਿਆਰ ਸਨ। "ਉਹ ਕਾਨੂੰਨੀ ਤਰੀਕੇ ਨਾਲ ਅਮਰੀਕਾ ਆਏ ਸਨ। ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਅਮਰੀਕਾ ਦੀ ਸਰਕਾਰ ਹੀ ਉਨ੍ਹਾਂ ਨੂੰ ਫਸਾ ਰਹੀ ਹੈ।"
ਇਹ ਵੀ ਪੜ੍ਹੋ: