ਸੁਰਜੇਵਾਲਾ ਨੂੰ ਇੱਕ ‘ਗ਼ੈਰ-ਤਜਰਬੇਕਾਰ ਭਾਜਪਾ ਪ੍ਰਚਾਰਕ’ ਨੇ ਇੰਝ ਢਾਹਿਆ : ਨਜ਼ਰੀਆ

    • ਲੇਖਕ, ਬਲਵੰਤ ਤਕਸ਼ਕ
    • ਰੋਲ, ਸੀਨੀਅਰ ਪੱਤਰਕਾਰ

ਹਰਿਆਣਾ ਵਿੱਚ ਭਾਜਪਾ ਨੇ ਆਪਣੇ ਪੈਰ ਜਮਾ ਲਏ ਹਨ? ਜੀਂਦ ਜ਼ਿਮਨੀ ਚੋਣ ਦੇ ਨਤੀਜੇ ਨੇ ਭਾਜਪਾ ਦੀ ਸੂਬੇ ਵਿੱਚ ਮਜ਼ਬੂਤ ਹੁੰਦੀ ਸਥਿਤੀ ਵੱਲ ਧਿਆਨ ਖਿੱਚਿਆ ਹੈ।

ਇਸ ਨਾਲ ਇਹ ਵੀ ਸਾਫ਼ ਹੋ ਗਿਆ ਹੈ ਕਿ ਆਉਣ ਵਾਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵਿਰੋਧੀ ਧਿਰਾਂ ਲਈ ਭਾਜਪਾ ਨੂੰ ਗੰਭੀਰ ਨਾ ਲੈਣਾ ਖ਼ਤਰਨਾਕ ਹੋ ਸਕਦਾ ਹੈ। ਸੱਚ ਤਾਂ ਇਹ ਹੈ ਕਿ ਸੂਬੇ ਵਿੱਚ ਭਾਜਪਾ ਗ਼ੈਰ-ਜਾਟ ਵੋਟਰਾਂ ਨੂੰ ਲੁਭਾਉਣ ਵਿੱਚ ਕਾਮਯਾਬ ਰਹੀ ਹੈ।

ਜੀਂਦ ਦੀ ਜਿੱਤ ਤੋਂ ਇਹ ਵੀ ਸਾਬਿਤ ਹੋ ਗਿਆ ਹੈ ਕਿ ਪਹਿਲੀ ਵਾਰ ਹਰਿਆਣਾ ਵਿੱਚ ਆਪਣੇ ਬਲਬੂਤੇ 'ਤੇ ਬਣੀ ਭਾਜਪਾ ਸਰਕਾਰ ਦੇ ਕੰਮਕਾਜ ਨੂੰ ਲੋਕ ਪਸੰਦ ਕਰ ਰਹੇ ਹਨ।

ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਕਿਸੇ ਸਰਕਾਰ ਦੇ ਸਾਢੇ ਚਾਰ ਦਾ ਕਾਰਜਕਾਲ ਪੂਰਾ ਹੁੰਦੇ-ਹੰਦੇ ਲੋਕਾਂ ਵਿੱਚ ਉਸਦੇ ਪ੍ਰਤੀ ਨਾਰਾਜ਼ਗੀ ਵਧਣ ਲਗਦੀ ਹੈ।

ਜੇਕਰ ਇਸ ਦੌਰਾਨ ਕੋਈ ਜ਼ਿਮਨੀ ਚੋਣ ਆ ਜਾਵੇ ਤਾਂ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਨੂੰ ਕਿਨਾਰੇ ਕਰਕੇ ਲੋਕ ਆਪਣੀ ਨਾਰਾਜ਼ਗੀ ਦਾ ਇਜ਼ਹਾਰ ਵੀ ਕਰ ਦਿੰਦੇ ਹਨ, ਪਰ ਜੀਂਦ ਵਿੱਚ ਅਜਿਹਾ ਕੁਝ ਨਹੀਂ ਸੀ।

ਇਹ ਵੀ ਪੜ੍ਹੋ:

ਲੋਕਾਂ ਨੇ ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਛੱਡ ਕੇ ਜ਼ਿਮਨੀ ਚੋਣ ਤੋਂ ਠੀਕ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ ਕ੍ਰਿਸ਼ਨ ਮਿੱਡਾ ਨੂੰ ਕਰੀਬ 13 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਜਿੱਤਾ ਦਿੱਤਾ।

ਜੀਂਦ ਉਪ ਚੋਣ ਨੇ ਬਹੁਤ ਕੁਝ ਸਾਫ਼ ਕਰ ਦਿੱਤਾ ਹੈ। ਪਹਿਲਾਂ ਇਹ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ, ਉਮੀਦਵਾਰ ਦੇ ਤੌਰ 'ਤੇ ਡਾ. ਮਿੱਡਾ ਦੀ ਪਸੰਦ 'ਤੇ ਲੋਕਾਂ ਵੱਲੋਂ ਕੋਈ ਸਵਾਲ ਨਹੀਂ ਖੜ੍ਹੇ ਕੀਤੇ ਗਏ। ਜਦਕਿ ਮਿੱਡਾ ਆਪਣੀ ਪਾਰਟੀ ਛੱਡ ਭਾਜਪਾ ਵਿੱਚ ਸ਼ਾਮਲ ਹੋਏ ਸਨ।

ਖੱਟਰ ਅਤੇ ਬਰਾਲਾ ਦੋਵੇਂ ਟੈਸਟ ਵਿੱਚ ਹੋਏ ਪਾਸ

ਮਿੱਡਾ ਨੂੰ ਮਿਲੇ 50 ਹਜ਼ਾਰ 566 ਵੋਟਾਂ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਭਾਜਪਾ ਨੇ ਹੁਣ ਸ਼ਹਿਰਾਂ ਤੋਂ ਇਲਾਵਾ ਪਿੰਡਾਂ ਵਿੱਚ ਵੀ ਆਪਣੇ ਪੈਰ ਜਮਾ ਲਏ ਹਨ।

ਮੁੱਖ ਮੰਤਰੀ ਬਣਨ ਤੋਂ ਬਾਅਦ ਖੱਟਰ ਦੇ ਸਾਹਮਣੇ ਪਹਿਲੀ ਵਾਰ ਖ਼ੁਦ ਨੂੰ ਜੀਂਦ ਜ਼ਿਮਨੀ ਚੋਣ ਜ਼ਰੀਏ ਨੇਤਾ ਸਾਬਿਤ ਕਰਨ ਦਾ ਮੌਕਾ ਮਿਲਿਆ ਸੀ ਅਤੇ ਇਸ ਪਰੀਖਿਆ ਵਿੱਚ ਉਹ ਸਫਲ ਰਹੇ।

ਭਾਜਪਾ ਦੀ ਹਰਿਆਣਾ ਇਕਾਈ ਦੀ ਕਮਾਨ ਸੰਭਾਲਣ ਤੋਂ ਬਾਅਦ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਦਾ ਵੀ ਇਹ ਪਹਿਲੀ ਟੈਸਟ ਸੀ, ਜਿਸ ਵਿੱਚ ਉਹ ਚੰਗੀ ਤਰ੍ਹਾਂ ਪਾਸ ਹੋ ਗਏ।

ਕਾਂਗਰਸ ਨੇ ਪਾਰਟੀ ਦੇ ਕੌਮੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੂੰ ਜੀਂਦ ਤੋਂ ਮੈਦਾਨ ਵਿੱਚ ਉਤਾਰ ਕੇ ਵੱਡਾ ਦਾਅ ਖੇਡਿਆ ਸੀ।

ਜੇਕਰ ਸੁਰਜੇਵਾਲਾ ਜਿੱਤ ਜਾਂਦੇ ਤਾਂ ਨਾ ਸਿਰਫ਼ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀਆਂ ਨਜ਼ਰਾਂ ਵਿੱਚ ਉਨ੍ਹਾਂ ਦਾ ਸਿਆਸੀ ਕੱਦ ਹੋਰ ਉੱਚਾ ਹੋ ਜਾਂਦਾ ਸਗੋਂ ਉਹ ਹਰਿਆਣਾ ਵਿੱਚ ਕਾਂਗਰਸ ਦੇ ਸੱਤਾ 'ਚ ਆਉਣ ਦੀ ਸੂਰਤ ਵਿੱਚ ਮੁੱਖ ਮੰਤਰੀ ਅਹੁਦੇ ਦੀ ਦੌੜ ਵਿੱਚ ਸਭ ਤੋਂ ਅੱਗੇ ਹੋ ਜਾਂਦੇ।

ਸੁਰਜੇਵਾਲਾ ਦੇ ਕੈਥਲ ਖੇਤਰ ਤੋਂ ਵਿਧਾਇਕ ਰਹਿੰਦੇ ਹੋਏ ਜੀਂਦ ਤੋਂ ਉਪ ਚੋਣ ਲੜਨ ਦੇ ਫ਼ੈਸਲੇ ਨੂੰ ਲੋਕ ਹਜਮ ਨਹੀਂ ਕਰ ਸਕੇ।

ਉਨ੍ਹਾਂ ਨੇ ਕਿਹਾ ਵੀ ਕਿ ਉਹ ਵਿਧਾਇਕ ਬਣਨ ਲਈ ਨਹੀਂ ਸਗੋਂ ਜੀਂਦ ਖੇਤਰ ਦੀ ਕਿਸਮਤ ਬਦਲਣ ਲਈ ਚੋਣ ਲੜ ਰਹੇ ਹਨ।

ਉਨ੍ਹਾਂ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਆਮ ਚੋਣਾਂ ਵਿੱਚ ਕਾਂਗਰਸ ਦੇ ਸੱਤਾ ਵਿੱਚ ਆਉਣ 'ਤੇ ਉਹ ਮੁੱਖ ਮੰਤਰੀ ਹੋ ਸਕਦੇ ਹਨ, ਪਰ ਵੋਟਰਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ। ਉਹ 22 ਹਜ਼ਾਰ 740 ਵੋਟਾਂ ਹਾਸਲ ਕਰਕੇ ਬੜੀ ਮੁਸ਼ਕਿਲ ਨਾਲ ਆਪਣੀ ਜ਼ਮਾਨਤ ਜ਼ਬਤ ਹੋਣ ਤੋਂ ਬਚ ਸਕੇ।

ਕਈ ਧੜਿਆਂ ਵਿੱਚ ਵੰਡੇ ਕਾਂਗਰਸ ਨੇਤਾਵਾਂ ਦੇ ਇਸ ਜ਼ਿਮਨੀ ਚੋਣ ਵਿੱਚ ਇਕਜੁੱਟ ਹੋਣ ਨਾਲ ਵੀ ਸੁਰਜੇਵਾਲਾ ਦੇ 'ਪੰਜੇ' ਨੂੰ ਮਜ਼ਬੂਤੀ ਨਹੀਂ ਮਿਲ ਸਕੀ।

ਜੀਂਦ ਉਪ ਚੋਣ ਨੇ ਇਹ ਵੀ ਸਾਬਿਤ ਕਰ ਦਿੱਤਾ ਹੈ ਕਿ ਇਨੈਲੋ ਦੇ ਦੋ ਫਾੜ ਹੋਣ ਦਾ ਵਿਰੋਧੀ ਧਿਰ ਦੇ ਨੇਤਾ ਅਭੈ ਚੌਟਾਲਾ ਨੂੰ ਵੱਡਾ ਖਾਮਿਆਜ਼ਾ ਭੁਗਤਣਾ ਪਿਆ ਹੈ। ਚੌਟਾਲਾ ਵੱਲੋਂ ਖੜ੍ਹੇ ਕੀਤੇ ਗਏ ਉਮੀਦਵਾਰ ਉਮੇਦ ਸਿੰਘ ਰੇੜੂ ਨੂੰ ਲੋਕਾਂ ਨੇ ਬਿਲਕੁੱਲ ਵੀ ਗੰਭੀਰਤਾ ਨਾਲ ਨਹੀਂ ਲਿਆ।

ਇਹ ਵੀ ਪੜ੍ਹੋ:

ਰੇੜੂ ਨੂੰ ਕੁੱਲ 3 ਹਜ਼ਾਰ 454 ਵੋਟ ਮਿਲੇ ਅਤੇ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ। ਇਹ ਹਾਲਾਤ ਉਦੋਂ ਪੈਦਾ ਹੋਏ, ਜਦੋਂ ਕਿ ਬਹੁਜਨ ਸਮਾਜਵਾਦੀ ਪਾਰਟੀ ਨੇ ਉਨ੍ਹਾਂ ਨੂੰ ਸਮਰਥਨ ਦਿੱਤਾ ਹੋਇਆ ਸੀ।

ਇਸ ਵਿਚਾਲੇ ਚੌਟਾਲਾ ਸਰਕਾਰ ਦੌਰਾਨ ਸਾਲ 2002 ਵਿੱਚ ਕੰਡੇਲਾ ਪਿੰਡ 'ਚ ਪੁਲਿਸ ਗੋਲੀਕਾਂਡ ਵਿੱਚ ਨੌਂ ਲੋਕਾਂ ਦੀ ਮੌਤ 'ਤੇ ਅਭੈ ਚੌਟਾਲਾ ਨੇ ਕਰੀਬ 17 ਸਾਲ ਬਾਅਦ ਮਾਫ਼ੀ ਵੀ ਮੰਗੀ।

ਫਿਰ ਵੀ ਪੇਂਡੂ ਖੇਤਰਾਂ ਵਿੱਚ ਰੇੜੂ ਨੂੰ ਸਮਰਥਨ ਨਹੀਂ ਮਿਲਿਆ, ਜਦਕਿ ਇਸ ਤੋਂ ਪਹਿਲਾਂ ਇਨੈਲੋ ਨੇ ਜੀਂਦ ਤੋਂ ਲਗਾਤਾਰ ਦੋ ਚੋਣਾਂ ਜਿੱਤੀਆਂ ਸਨ।

ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਰੇੜੂ ਦੇ ਹੱਕ ਵਿੱਚ ਵੋਟਾਂ ਲਈ ਜੇਲ੍ਹ ਤੋਂ ਲਿਖੀ ਗਈ ਚਿੱਠੀ ਦਾ ਵੀ ਵੋਟਰਾਂ 'ਤੇ ਕੋਈ ਅਸਰ ਨਹੀਂ ਪਿਆ।

ਇਨੈਲੋ ਤੋਂ ਵੱਖ ਹੋ ਕੇ ਚੌਟਾਲਾ ਦੇ ਪੋਤੇ ਸਾਂਸਦ ਦੁਸ਼ਯੰਤ ਚੌਟਾਲਾ ਨੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦਾ ਗਠਨ ਕੀਤਾ ਸੀ।

ਜ਼ਿਮਨੀ ਚੋਣ ਵਿੱਚ ਆਪਣੇ ਛੋਟੇ ਭਰਾ ਦਿਗਵਿਜੈ ਸਿੰਘ ਚੌਟਾਲਾ ਨੂੰ ਮੈਦਾਨ ਵਿੱਚ ਉਤਾਰਨ ਵੇਲੇ ਦੁਸ਼ਯੰਤ ਨੇ ਉਮੀਦ ਜ਼ਾਹਰ ਕੀਤੀ ਸੀ ਕਿ ਉਨ੍ਹਾਂ ਨੂੰ ਜੀਂਦ ਦੀ ਜਨਤਾ ਦਾ ਆਸ਼ੀਰਵਾਦ ਜ਼ਰੂਰ ਮਿਲੇਗਾ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਵੀ ਉਨ੍ਹਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ, ਇਸਦੇ ਬਾਵਜੂਦ ਦਿਗਵਿਜੈ ਸਿੰਘ ਜਿੱਤ ਨਹੀਂ ਸਕੇ।

ਹਾਲਾਂਕਿ, ਉਨ੍ਹਾਂ ਦੀ ਪਾਰਟੀ ਨਵੀਂ ਸੀ ਫਿਰ ਵੀ ਉਨ੍ਹਾਂ ਨੇ 37,631 ਵੋਟਾਂ ਹਾਸਲ ਕਰਕੇ ਆਪਣੀ ਮਜ਼ਬੂਤੀ ਦਾਅਵੇਦਾਰੀ ਦਾ ਅਹਿਸਾਸ ਜ਼ਰੂਰ ਕਰਵਾਇਆ।

ਲੋਕਾਂ ਨੇ ਭਾਜਪਾ ਸਾਂਸਦ ਰਾਜ ਕੁਮਾਰ ਸੈਣੀ ਨੂੰ ਵੀ ਜ਼ਿਮਨੀ ਚੋਣ ਵਿੱਚ ਕੋਈ ਖਾਸ ਅਹਿਮੀਅਤ ਨਹੀਂ ਦਿੱਤੀ।

ਭਾਜਪਾ ਦੇ ਖ਼ਿਲਾਫ਼ ਪਿਛਲੇ 4 ਸਾਲ ਤੋਂ ਬਾਗੀ ਸੁਰ ਅਪਣਾ ਰਹੇ ਸੈਣੀ ਨੇ 'ਲੋਕਤੰਤਰ ਸੁਰਕਸ਼ਾ ਪਾਰਟੀ' (ਲੋਸਪਾ) ਦਾ ਗਠਨ ਕਰਕੇ ਪਵਨ ਆਕਸ਼ੀ 'ਤੇ ਦਾਅ ਖੇਡਿਆ ਸੀ।

ਇਹ ਵੀ ਪੜ੍ਹੋ:

ਉਨ੍ਹਾਂ ਨੂੰ ਸੈਣੀ ਵੋਟਰਾਂ ਤੋਂ ਇਲਾਵਾ ਪਿੱਛੜੇ ਵਰਗ ਦੇ ਵੋਟਰਾਂ 'ਤੇ ਵੀ ਭਰੋਸਾ ਸੀ। ਆਕਸ਼ੀ ਨੂੰ ਬਾਹਮਣ ਵੋਟ ਮਿਲਣ ਦੀ ਆਸ ਸੀ, ਪਰ 13,582 ਵੋਟਾਂ ਹਾਸਲ ਕਰਕੇ ਉਹ ਆਪਣੀ ਜ਼ਮਾਨਤ ਜ਼ਬਤ ਕਰਵਾ ਬੈਠੇ।

ਇੱਕ ਤਰ੍ਹਾਂ ਨਾਲ ਸਾਂਸਦ ਸੈਣੀ ਦੀ ਸ਼ੁਰੂਆਤ ਹੀ ਖਰਾਬ ਰਹੀ। ਭਾਜਪਾ ਹੁਣ ਸ਼ਾਇਦ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਬਹੁਤੀ ਤਰਜੀਹ ਵੀ ਨਹੀਂ ਦੇਵੇਗੀ।

ਜੀਂਦ ਦੀ ਜਿੱਤ ਨੂੰ ਦੇਖਦੇ ਹੋਏ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਵੀ ਲੋਕ ਸਭਾ ਦੇ ਨਾਲ ਹੀ ਕਰਵਾਈਆਂ ਜਾ ਸਕਦੀਆਂ ਹਨ।

ਆਉਣ ਵਾਲੀਆਂ ਚੋਣਾਂ ਵਿੱਚ ਗ਼ੈਰ-ਜਾਟ ਦੀ ਸਿਆਸਤ ਭਾਜਪਾ ਲਈ ਮੁੜ ਫਾਇਦੇਮੰਦ ਹੋ ਸਕਦੀ ਹੈ

ਜਾਟਾਂ ਦੇ ਵੋਟ ਕਾਂਗਰਸ, ਜੇਜੇਪੀ ਅਤੇ ਇਨੈਲੋ ਵਿੱਚ ਵੰਡੇ ਜਾਣਗੇ। ਇਸ ਨਾਲ ਭਾਜਪਾ ਦੇ ਲਾਭ ਦੀ ਸਥਿਤੀ ਵਿੱਚ ਰਹਿਣ ਦੀ ਸੰਭਾਵਨਾ ਬਣੀ ਰਹੇਗੀ।

ਜ਼ਾਹਰ ਹੈ ਕਿ ਸੁਰਜੇਵਾਲਾ ਵਰਗੇ ਵੱਡੇ ਚਿਹਰੇ 'ਤੇ ਦਾਅ ਲਾਉਣ ਦੇ ਬਾਵਜੂਦ ਜੀਂਦ ਵਿੱਚ ਹਾਰ ਦਾ ਮੂੰਹ ਦੇਖਣ ਨੂੰ ਮਜਬੂਰ ਹੋਈ ਕਾਂਗਰਸ ਨੂੰ ਆਤਮ-ਮੰਥਨ ਕਰਨਾ ਹੋਵੇਗਾ। ਦੇਖਣਾ ਇਹ ਹੋਵੇਗਾ ਕਿ ਭਾਜਪਾ ਦੇ ਮੁਕਾਬਲੇ ਆਉਣ ਵਾਲੇ ਦਿਨਾਂ ਵਿੱਚ ਹੁਣ ਕਾਂਗਰਸ ਕੀ ਰਣਨੀਤੀ ਅਪਣਾਉਂਦੀ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)