ਸਮਲਿੰਗੀ ਕੁੜੀ ’ਤੇ ਬਣੀ ‘ਏਕ ਲੜਕੀ ਕੋ ਦੇਖਾ...’ ਵਿੱਚ ਅਗਾਂਹਵਧੂ ਸੋਚ ਨੇ ਪਾਈ ਜਾਨ: ਫਿਲਮ ਰਿਵਿਊ

ਜਦੋਂ 1990 ਦੇ ਦਹਾਕੇ ਵਿੱਚ ਅਨਿਲ ਕਪੂਰ ਨੇ ‘ਏਕ ਲੜਕੀ ਕੋ ਦੇਖਾ ਤੋ ਕੈਸਾ ਲਗਾ’ (1942: ਏ ਲਵ ਸਟੋਰੀ) ਗਾਣੇ ਵਿੱਚ ਅਦਾਕਾਰੀ ਕੀਤੀ ਤਾਂ ਕਿੰਝ ਲੱਗਾ, ਇਹ ਤਾਂ ਬਹੁਤ ਲੋਕ ਜਾਂਦੇ ਹਨ।

ਹੁਣ 2019 ਹੈ ਅਤੇ ਇਸ ਵਾਰ ਉਨ੍ਹਾਂ ਦੀ ਧੀ ਸੋਨਮ ਕਪੂਰ ਦੱਸ ਰਹੀ ਹੈ ਕਿ ‘ਏਕ ਲੜਕੀ ਕੋ ਦੇਖਾ ਤੋ ਕੈਸਾ ਲਗਾ’। ਅਸੀਂ ਸ਼ੁਕਰਵਾਰ ਰਿਲੀਜ਼ ਹੋਈ ਸਮਲਿੰਗੀ ਪਿਆਰ ’ਤੇ ਆਧਾਰਿਤ ਫਿਲਮ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਦੀ ਗੱਲ ਕਰ ਰਹੇ ਹਾਂ।

ਕਹਾਣੀ ਹੈ ਸਵੀਟੀ ਦੀ ਜਿਸ ਦੇ ਘਰਵਾਲੇ ਉਸ ਦਾ ਵਿਆਹ ਕਰਵਾਉਣਾ ਚਾਹੁੰਦੇ ਹਨ, ਪਰ ਉਸ ਦਾ ਅਸਲ ਪਿਆਰ ਇੱਕ ਕੁੜੀ ਹੀ ਹੈ। ਇਸ ਸੱਚ ਦਾ ਸਾਹਮਣਾ ਪਰਿਵਾਰ ਕਿਵੇਂ ਕਰਦਾ ਹੈ ਅਤੇ ਉਹ ਖੁਦ ਆਪਣੀਆਂ ਭਾਵਨਾਵਾਂ ਨਾਲ ਜੂਝਦੀ ਹੈ, ਇਹੀ ਹੈ ਫਿਲਮ ਦੀ ਕਹਾਣੀ।

NDTV- 4 STARS

ਐਨਡੀਟੀਵੀ ਦੇ ਸਾਈਬਲ ਚੈਟਰਜੀ ਨੇ ਫਿਲਮ ਨੂੰ ਦਿੱਤੇ ਹਨ 4 ਸਟਾਰ। ਉਹ ਲਿਖਦੇ ਹਨ ਕਿ ਬਾਲੀਵੁੱਡ ਵਿੱਚ ਅਕਸਰ ਐਲ.ਜੀ.ਬੀ.ਟੀ. ਹੱਕਾਂ ਨੂੰ ਸਹੀ ਢੰਗ ਨਾਲ ਨਹੀਂ ਵਿਖਾਇਆ ਜਾਂਦਾ, ਉਸ ਹਿਸਾਬ ਨਾਲ ਇਹ ਫਿਲਮ ਕਾਫੀ ਤਾਜ਼ਾ ਲਗਦੀ ਹੈ।

ਉਨ੍ਹਾਂ ਮੁਤਾਬਕ ਇਸ ਵਿੱਚ ਉਹ ਸਭ ਕੁਝ ਹੈ ਜੋ ਕਿ ਇੱਕ ਮਸਾਲਾ ਐਨਟਰਟੇਨਮੈਂਟ ਫਿਲਮ ਵਿੱਚ ਹੁੰਦਾ ਹੈ। “ਫਿਲਮ ਦੇ ਸਾਰੇ ਕਲਾਕਾਰਾਂ ਨੇ ਕਮਾਲ ਦਾ ਕੰਮ ਕੀਤਾ ਹੈ।”

ਇਹ ਵੀ ਪੜ੍ਹੋ:

Times of India- 3.5 STARS

ਟਾਈਮਜ਼ ਆਫ ਇੰਡੀਆ ਦੇ ਰਚਿਤ ਗੁਪਤਾ ਨੇ ਇਸ ਫਿਲਮ ਨੂੰ 3.5 ਸਟਾਰ ਦਿੱਤੇ ਹਨ ਅਤੇ ਉਨ੍ਹਾਂ ਮੁਤਾਬਕ ਕਹਾਣੀ ਵਿੱਚ ਕੋਈ ਚਮਕ ਨਹੀਂ ਹੈ ਪਰ ਫਿਲਮ ਦੀ ਅਗਾਂਹਵਧੂ ਸੋਚ ਫਿਲਮ 'ਚ ਜਾਨ ਪਾ ਦਿੰਦੀ ਹੈ।

“ਪਹਿਲੇ ਹਿੱਸੇ ਵਿੱਚ ਮੁੰਡਾ ਅਤੇ ਕੁੜੀ ਵਿਚਾਲੇ ਰੋਮਾਂਸ ਵਿਖਾਇਆ ਗਿਆ ਹੈ। ਦੂਜੇ ਹਾਫ ਵਿੱਚ ਇੱਕ ਕੁੜੀ ਦੀਆਂ ਭਾਵਨਾਵਾਂ ਦੀ ਖੂਬਸੂਰਤ ਕਹਾਣੀ ਦਿੱਸਦੀ ਹੈ।”

ਉਨ੍ਹਾਂ ਮੁਤਾਬਕ ਇੱਕ ਪਿਤਾ ਕਿਸ ਤਰ੍ਹਾਂ ਆਪਣੀ ਬੇਟੀ ਦੀਆਂ ਦੱਬੀਆਂ ਹੋਈਆਂ ਭਾਵਨਾਵਾਂ ਅਤੇ ਸੈਕਸ਼ੁਐਲਿਟੀ ਨੂੰ ਸਵੀਕਾਰਦਾ ਹੈ, ਇਹ ਸਭ ਤੋਂ ਭਾਵੁੱਕ ਪਲ ਹਨ।

“ਸਾਰਿਆਂ ਨੇ ਵਧੀਆ ਕੰਮ ਕੀਤਾ ਹੈ ਪਰ ਰਾਜਕੁਮਾਰ ਰਾਓ ਅਤੇ ਅਨਿਲ ਕਪੂਰ ਦਾ ਕੰਮ ਫਿਲਮ ਨੂੰ ਚਾਰ ਚੰਨ ਲਗਾ ਦਿੰਦਾ ਹੈ।”

INDIAN EXPRESS- 1.5 STARS

ਇੰਡੀਅਨ ਐੱਕਸਪ੍ਰੈੱਸ ਦੀ ਸ਼ੁੱਭਰਾ ਗੁਪਤਾ ਨੇ ਇਸ ਫਿਲਮ ਨੂੰ ਦਿੱਤੇ ਹਨ 1.5 ਸਟਾਰਸ। ਉਨ੍ਹਾਂ ਮੁਤਾਬਕ ਕਹਾਣੀ ਦਾ ਖਿਆਲ ਜ਼ਬਰਦਸਤ ਹੈ ਅਤੇ ਅਦਾਕਾਰਾਂ ਦਾ ਕੰਮ ਵੀ ਕਮਾਲ ਹੈ ਪਰ ਢਿੱਲੀ ਸਕ੍ਰਿਪਟ ਫਿਲਮ ਦੇ ਆਈਡੀਆ ਅਤੇ ਉਸ ਦੀ ਕੋਸ਼ਿਸ਼ 'ਤੇ ਪਾਣੀ ਫੇਰ ਦਿੰਦੀ ਹੈ।

ਇਹ ਵੀ ਪੜ੍ਹੋ:

MUMBAI MIRROR-3 STARS

ਮੁੰਬਈ ਮਿਰਰ ਦੇ ਕੁਨਾਲ ਗੁਹਾ ਨੇ ਫਿਲਮ ਨੂੰ ਦਿੱਤੇ ਹਨ 3 ਸਟਾਰ, ਉਹ ਕਹਿੰਦੇ ਹਨ ਕਿ ਪਹਿਲਾਂ ਤੋਂ ਹੀ ਪਤਾ ਹੋਣਾ ਕਿ ਸਵੀਟੀ ਨੂੰ ਮੁੰਡਿਆਂ ਵਿੱਚ ਦਿਲਚਸਪੀ ਨਹੀਂ ਹੈ, ਇਹ ਗੱਲ ਫਿਲਮ ਨੂੰ ਨੁਕਸਾਨ ਪਹੁੰਚਾਉਂਦੀ ਹੈ।

“ਫਿਲਮ ਵਿੱਚ ਇਹ ਗੱਲ ਨਹੀਂ ਦਿਖਾਈ ਗਈ ਕਿ ਆਖਿਰ ਸਵੀਟੀ ਅਤੇ ਉਸਦਾ ਪਿਆਰ ਕਿੱਥੇ ਮਿਲੇ ਅਤੇ ਦੋਹਾਂ ਵਿੱਚ ਇੰਨਾ ਪਿਆਰ ਹੋਇਆ ਕਿਵੇਂ।”

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)