ਗੂਗਲ ਭਾਰਤੀ ਛੜਿਆਂ ਤੋਂ ਕਿਉਂ ਤੰਗ ਆਇਆ ਤੇ ਪੁੱਛਿਆ ਇਹ ਸਵਾਲ

ਗੂਗਲ ਇੰਡੀਆ ਨੇ ਟਵੀਟ ਕਰਕੇ ਲੋਕਾਂ ਨੂੰ ਪੁੱਛਿਆ ਹੈ ਕਿ ਉਹ ਗੂਗਲ ਅਸਿਸਟੈਂਟ ਨੂੰ ਵਿਆਹ ਬਾਰੇ ਕਿਉਂ ਪੁੱਛਦੇ ਰਹਿੰਦੇ ਹਨ।

ਰੋਜ਼ ਦੇ ਕੰਮਾਂ ਨੂੰ ਸੁਖਾਲਾ ਬਣਾਉਣ ਲਈ ਅੱਜ ਕੱਲ੍ਹ ਬਹੁਤ ਸਾਰੇ ਐਪ ਉਪਲੱਬਧ ਹਨ। ਇਹ ਐਪ ਬਿਨ੍ਹਾਂ ਕੋਈ ਬਟਨ ਦਬਾਏ ਸਿਰਫ਼ ਤੁਹਾਡੇ ਸ਼ਬਦਾਂ ਦੇ ਇਸ਼ਾਰੇ 'ਤੇ ਹੀ ਕੰਮ ਕਰਦੇ ਹਨ।

ਗਾਣੇ ਵਜਾਉਣ ਦੇ ਆਦੇਸ਼ ਮੰਨਣ ਤੋਂ ਲੈ ਕੇ, ਮੌਸਮ ਦਾ ਹਾਲ ਦੱਸਣ ਅਤੇ ਸਵਾਲਾਂ ਦੇ ਜਵਾਬ ਦੇਣ ਤੱਕ ਸਭ ਕੁਝ ਤੁਹਾਡੀ ਇੱਕ ਅਵਾਜ਼ ਦੇ ਇਸ਼ਾਰੇ 'ਤੇ ਹੋ ਜਾਂਦਾ ਹੈ।

ਪਰ ਕਈ ਵਾਰ ਵਿਹਲੇ ਸਮੇਂ ਵਿੱਚ ਜਾਂ ਫਿਰ ਮਨੋਰੰਜਨ ਲਈ ਲੋਕ ਇਨ੍ਹਾਂ ਯੰਤਰਾਂ ਨੂੰ ਅਟਪਟੇ ਸਵਾਲ ਵੀ ਪੁੱਛ ਲੈਂਦੇ ਹਨ। ਕੁਝ ਸਵਾਲ ਵਿਅੰਗ ਨਾਲ ਭਰਪੂਰ ਵੀ ਹੁੰਦੇ ਹਨ।

ਇਹ ਵੀ ਪੜ੍ਹੋ :

ਇਨ੍ਹਾਂ ਵਿਚੋਂ ਇੱਕ ਸਵਾਲ 'ਤੇ ਆਪਣੀ ਰੂਚੀ ਦਿਖਾਉਂਦਿਆਂ ਗੂਗਲ ਇੰਡੀਆ ਨੇ ਲੋਕਾਂ ਨਾਲ ਟਵੀਟ ਰਾਹੀਂ ਰਾਬਤਾ ਕਾਇਮ ਕੀਤਾ।

ਇਹ ਸਰਚ ਇੰਜਨ ਆਪਣੇ ਭਾਰਤੀ ਟਵਿੱਟਰ ਹੈਂਡਲ ਤੋਂ ਟਵੀਟ ਕਰਕੇ ਪੁੱਛਦਾ ਹੈ ਕਿ, "ਅਸੀਂ ਅਸਲ ਵਿਚ ਜਾਨਣਾ ਚਾਹੁੰਦੇ ਹਾਂ ਕਿ ਤੁਸੀਂ ਲੋਕ ਗੂਗਲ ਅਸਿਸਟੈਂਟ ਨੂੰ ਵਿਆਹ ਕਰਵਾਉਣ ਲਈ ਕਿਓਂ ਪੁੱਛਦੇ ਰਹਿੰਦੇ ਹੋ?"

ਗੂਗਲ ਦੇ ਇਸ ਸਵਾਲ 'ਤੇ ਲੋਕਾਂ ਨੇ ਵੀ ਆਪਣੀ ਵਿਅੰਗ ਨਾਲ ਭਰਪੂਰ ਪ੍ਰਤੀਕਿਰਿਆ ਦਿੱਤੀ।

ਸਵਾਲ ਦੇ ਤਰੀਕੇ ਵਿੱਚ ਹੀ ਜਵਾਬ ਦਿੰਦਿਆਂ ਸਟਾਰਕ ਨਾਮੀ ਟਵਿੱਟਰ ਹੈਂਡਲਰ ਲਿਖਦੇ ਹਨ ਕਿ, "ਅਸੀਂ ਮੁਆਫ਼ੀ ਮੰਗਦੇ ਹਾਂ ਕਿ ਤੁਹਾਨੂੰ ਸਾਡੇ ਵਰਗੇ ਛੜਿਆਂ ਨੂੰ ਝੱਲਣਾ ਪੈਂਦਾ ਹੈ।"

ਕੁਝ ਲੋਕਾਂ ਨੇ ਤਾਂ ਗੂਗਲ ਅਸਿਸਟੈਂਟ ਨੂੰ ਇਹੀ ਸਵਾਲ ਪੁੱਛਦਿਆਂ ਸਕ੍ਰੀਨਸ਼ੌਟ ਦੇ ਨਾਲ ਟਵੀਟ ਦਾ ਜਵਾਬ ਦਿੱਤਾ। ਸਾਰਕਾਸਟੋ ਨਾਮੀ ਟਵਿੱਟਰ ਹੈਂਡਲਰ ਨੇ ਇਸੇ ਤਰ੍ਹਾਂ ਦਾ ਸਕ੍ਰੀਨਸ਼ੌਟ ਪੋਸਟ ਕਰਦਿਆਂ ਕਿਹਾ ਕਿ ਉਹ ਵਿਆਹ ਕਰਵਾ ਰਹੇ ਹਨ।

ਅਕਾਂਕਸ਼ਾ ਸ੍ਰੀਵਾਸਤਵ ਨਾਮੀ ਟਵਿੱਟਰ ਹੈਂਡਲਰ ਨੇ ਸਵਾਲ ਦੇ ਢੰਗ ਵਿੱਚ ਹੀ ਲਿਖਦਿਆਂ ਕਿਹਾ ਕਿ ਉਹ ਜਾਣਨਾ ਚਾਹੁੰਦੀ ਹੈ ਕਿ ਗੂਗਲ ਉਸਦੀ ਲੋਕੇਸ਼ਨ ਕਿਉਂ ਪੁੱਛਦਾ ਰਹਿੰਦਾ ਹੈ?

ਟਵਿੱਟਰ ਯੂਜ਼ਰ ਮੁਹੰਮਦ ਇਰਸ਼ਾਦ ਟਵੀਟ ਦਾ ਜਵਾਬ ਦਿੰਦਿਆਂ ਲਿਖਦੇ ਹਨ ਕਿ, "ਇਸਦਾ ਕਾਰਨ ਇਹ ਹੈ ਕਿ ਦੇਸ ਦੇ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋਣ ਦੇ ਨਾਲ ਨਾਲ ਛੜੇ ਵੀ ਹਨ।"

ਫ਼ਬਿਨ ਰਾਸ਼ੀਦ ਨਾਮੀ ਯੂਜ਼ਰ ਨੇ ਇਸ ਟਵੀਟ 'ਤੇ ਚਿੰਤਾ ਵੀ ਜ਼ਾਹਿਰ ਕੀਤੀ ਕਿ ਇਨ੍ਹਾਂ ਯੰਤਰਾਂ ਨੂੰ ਦਿੱਤੇ ਜਾਂਦੇ ਆਦੇਸ਼ ਦਰਜ ਕੀਤੇ ਜਾਂਦੇ ਹਨ।

ਟਵਿੱਟਰ ਯੂਜ਼ਰ ਅਰਜੁਨ ਗੋਪਕੁਮਾਰ ਨੇ ਵੀ ਕੁਝ ਇਸੇ ਤਰ੍ਹਾਂ ਦੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ "ਤਸੀਂ ਘੱਟੋ-ਘੱਟ ਇਹ ਗੱਲ ਤਾਂ ਲੁਕੋ ਲੈਂਦੇ ਕਿ ਤੁਸੀਂ ਲੋਕਾਂ ਦਾ ਡਾਟਾ ਚੋਰੀ ਕਰਦੇ ਹੋ।"

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)