You’re viewing a text-only version of this website that uses less data. View the main version of the website including all images and videos.
ਜੀਂਦ ਚੋਣ: ਰਣਦੀਪ ਸੁਰਜੇਵਾਲਾ ਨੇ ਹਾਰ ਤੋਂ ਬਾਅਦ ਕੀ ਕਿਹਾ
ਹਰਿਆਣਾ ਦੇ ਜੀਂਦ ਵਿੱਚ 28 ਜਨਵਰੀ ਨੂੰ ਹੋਏ ਜ਼ਿਮਨੀ ਚੋਣ ਦੇ ਨਤੀਜੇ ਅੱਜ ਐਲਾਨੇ ਜਾਣਗੇ। ਚੋਣਾ ਦੌਰਾਨ 75.77 ਫੀਸਦ ਵੋਟਿੰਗ ਹੋਈ ਸੀ।
ਬੀਬੀਸੀ ਪੰਜਾਬੀ ਦੇ ਸਹਿਯੋਗੀ ਸਤ ਸਿੰਘ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਦਾ ਅਮਲ ਪੂਰਾ ਹੋ ਗਿਆ ਹੈ।
ਨਤੀਜੇ ਮੁਤਾਬਕ ਭਾਜਪਾ ਦੇ ਕ੍ਰਿਸ਼ਨ ਲਾਲ ਮਿੱਡਾ ਨੂੰ 50566 ਵੋਟਾਂ ਮਿਲਿਆਂ ਹਨ ਅਤੇ ਉਹ 12935 ਤੋਂ ਵਧ ਵੋਟਾਂ ਦੇ ਫਰਕ ਨਾਲ ਜਿੱਤੇ ਹਨ।
ਜਨਨਾਇਕ ਜਨਤਾ ਪਾਰਟੀ ਦੇ ਉਮੀਦਵਾਰ ਦਿਗਵਿਜੈ ਚੌਟਾਲਾ 37631 ਵੋਟਾਂ ਨਾਲ ਦੂਜੇ ਨੰਬਰ 'ਤੇ ਰਹੇ ਅਤੇ ਰਣਦੀਪ ਸਿੰਘ ਸੁਰਜੇਵਾਲਾ 22740 ਵੋਟਾਂ ਨਾਲ ਤੀਜੇ ਨੰਬਰ 'ਤੇ।
ਕ੍ਰਿਸ਼ਨ ਮਿੱਡਾ ਨੂੰ ਵਧਾਈ: ਸੂਰਜੇਵਾਲਾ
"ਪਾਰਟੀ ਨੇ ਮੈਨੂੰ ਇੱਕ ਜ਼ਿੰਮੇਵਾਰੀ ਦਿੱਤੀ। ਮੈਂ ਆਪਣੀ ਜ਼ਿੰਮੇਵਾਰੀ ਪੂਰੀ ਤਾਕਤ ਲਾ ਕੇ ਨਿਭਾਈ। ਜੀਂਦ ਦੇ ਲੋਕਾਂ ਨੇ ਭਾਜਪਾ ਦੇ ਕ੍ਰਿਸ਼ਨ ਮਿੱਡਾ ਨੂੰ ਚੁਣਿਆ, ਮੈਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਕਿ ਜੀਂਦ ਨੂੰ ਵਿਕਾਸ ਦੇ ਰਾਹ 'ਤੇ ਲਿਜਾਣ।"
"ਬਹੁਤ ਸਾਰੀਆਂ ਈਵੀਐਮ ਮਸ਼ੀਨਾਂ ਵਿੱਚ ਫਰਕ ਦੇਖਿਆ ਗਿਆ ਪਰ ਮੇਰਾ ਮੰਨਣਾ ਹੈ ਕਿ ਜੀਂਦ ਨੂੰ ਵਿਧਾਇਕ ਅਤੇ ਤਰੱਕੀ ਦੀ ਲੋੜ ਹੈ।"
ਜਿੰਨੀਆਂ ਵੋਟਾਂ ਪਈਆਂ ਲੋਕਾਂ ਦੇ ਪਿਆਰ ਦਾ ਸਬੂਤ: ਦਿਗਵਿਜੈ
"ਚੋਣ ਵਿੱਚ ਹਾਰ ਅਤੇ ਜਿੱਤ ਇੱਕ ਵੱਖਰਾ ਵਿਸ਼ਾ ਹੁੰਦਾ ਹੈ। ਮੇਰੇ ਲਈ ਇੱਥੋਂ ਦਾ ਇੱਕ-ਇੱਕ ਵੋਟ ਇੱਕ ਲੱਖ ਵੋਟ ਦੇ ਬਰਾਬਰ ਹੈ। ਜੀਂਦ ਦੇ ਪਿੰਡ, ਸ਼ਹਿਰ ਦੀ ਆਵਾਜ਼ ਮੈਨੂੰ ਜਿਸ ਵੀ ਪਲੇਟਫਾਰਮ 'ਤੇ ਚੁੱਕਣ ਦਾ ਮੌਕਾ ਮਿਲੇਗਾ ਮੈਂ ਚੁੱਕਾਂਗਾ।"
"ਮੈਂ ਪਿੱਛੇ ਨਹੀਂ ਹਟਾਂਗਾ। ਸਾਡੀ ਪਾਰਟੀ ਦੀ ਇਹ ਪਹਿਲੀ ਚੋਣ ਸੀ। ਵੋਟਾਂ ਦੇ ਅੰਕੜੇ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਅਸੀਂ ਬੇਹੱਦ ਮਜ਼ਬੂਤੀ ਨਾਲ ਚੋਣ ਲੜੀ ਹੈ। 37631 ਵੋਟ ਇਸ ਗੱਲ ਦਾ ਸਬੂਤ ਹਨ ਕਿ ਜੀਂਦ ਦੇ ਲੋਕਾਂ ਨੇ ਮੈਨੂੰ ਕਿੰਨਾ ਪਿਆਰ ਕੀਤਾ ਹੈ।"
ਈਵੀਐਮ 'ਚ ਗੜਬੜੀ ਦੇ ਇਲਜ਼ਾਮ
ਕਾਂਗਰਸ ਅਤੇ ਜੇਜੇਪੀ ਨੇ ਇਲਜ਼ਾਮ ਲਗਾਏ ਹਨ ਕਿ ਈਵੀਐਮ ਮਸ਼ੀਨਾ ਵਿੱਚ ਗੜਬੜ ਹੋਈ ਹੈ। ਇਸ ਕਾਰਨ ਕਾਂਊਂਟਿੰਗ ਸੈਂਟਰ 'ਚ ਹੰਗਾਮਾ ਹੋਇਆ। ਵੋਟਾਂ ਦੀ ਗਿਣਤੀ ਕੁਝ ਸਮੇਂ ਲਈ ਰੁਕ ਗਈ ਸੀ।
ਹਰਿਆਣਾ ਕਾਂਗਰਸ ਦੇ ਪ੍ਰਧਾਨ ਅਸ਼ੋਕ ਤੰਵਰ ਨੇ ਕਿਹਾ ਕਿ ਮਸ਼ੀਨਾ ਵਿੱਚ ਗੜਬੜੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਮਸ਼ੀਨਾਂ ਹੀ ਠੀਕ ਨਹੀਂ ਤਾਂ ਨਤੀਜਾ ਕੁਝ ਵੀ ਹੋ ਸਕਦਾ ਹੈ।
ਆਮ ਤੌਰ 'ਤੇ ਪਾਰਟੀਆਂ ਜ਼ਿਮਨੀ ਚੋਣਾਂ ਨੂੰ ਵਧੇਰੇ ਗੰਭੀਰਤਾ ਨਾਲ ਨਹੀਂ ਲੈਂਦੀਆਂ ਹਨ ਕਿਉਂਕਿ ਵੋਟਰ ਮੌਜੂਦਾ ਸਰਕਾਰ ਦੇ ਉਮੀਦਵਾਰ ਨੂੰ ਤਰਜੀਹ ਦਿੰਦੇ ਹਨ।
ਪਰ ਜੀਂਦ ਜ਼ਿਮਨੀ ਚੋਣ ਦੋ ਮੁੱਖ ਮੰਤਰੀਆਂ - ਮਨੋਹਰ ਲਾਲ ਖੱਟਰ ਅਤੇ ਅਰਵਿੰਦ ਕੇਜਰੀਵਾਲ - ਲਈ ਮਹੱਤਵਪੂਰਨ ਦਿਖਾਈ ਦੇ ਰਹੀ ਹੈ ਕਿਉਂਕਿ ਦੋਵਾਂ ਨੇ ਆਪੋ-ਆਪਣੇ ਉਮੀਦਵਾਰਾਂ ਲਈ ਖਾਸਾ ਚੋਣ ਪ੍ਰਚਾਰ ਕੀਤਾ ਹੈ।
ਦੋ ਵਾਰ ਇਨੈਲੋ ਦੇ ਵਿਧਾਇਕ ਰਹਿ ਚੁੱਕੇ ਹਰੀ ਚੰਦ ਮਿੱਡਾ ਦੇ ਦੇਹਾਂਤ ਤੋਂ ਬਾਅਦ ਜੀਂਦ ਵਿੱਚ ਜ਼ਿਮਨੀ ਚੋਣ ਕਰਵਾਈ ਗਈ। ਹਰੀ ਚੰਦ ਮਿੱਡਾ ਦੀ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਮੌਤ ਹੋਈ ਸੀ।
ਇਹ ਵੀ ਪੜ੍ਹੋ:
ਹਰਿਆਣਾ ਮੁੱਖ ਮੰਤਰੀ ਨੇ ਕੀ ਕਿਹਾ
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਲੋਕਤੰਤਰ ਵਿੱਚ ਜਮਨਤ ਨੂੰ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ, "ਜੀਂਦ ਚੋਣਾਂ ਵਿੱਚ ਵਿਰੋਧੀ ਧਿਰ ਨੇ ਜਾਤੀ-ਪਾਤੀ ਦੀ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਪਰ ਜਨਤਾ ਨੇ ਉਸ ਤੋਂ ਉੱਤੇ ਉੱਠ ਕੇ ਵੋਟ ਪਾਈ ਹੈ।"
"ਅਸੀਂ ਹਰਿਆਣਾ ਇੱਕ ਹਰਿਆਣਵੀ ਇੱਕ ਦੀ ਗੱਲ ਕੀਤੀ ਸੀ। ਜੀਂਦ ਵਿੱਚ ਲਾਠੀਚਾਰਜ ਸਬੰਧੀ ਕਿਹਾ ਚੋਣ ਕਮਿਸ਼ਨ ਉਸ ਨਾਲ ਨਿਪਟੇਗਾ।"
ਹਰਿਆਣਾ ਵਿੱਚ ਵਿਧਾਨ ਸਭਾ ਚੋਣ ਲੋਕ ਸਭਾ ਦੇ ਨਾਲ ਕਰਵਾਉਣ ਬਾਰੇ ਉਨ੍ਹਾਂ ਨੇ ਕਿਹਾ ਕਿ ਅਜੇ ਤਕ ਇਸ ਬਾਰੇ ਕੋਈ ਵਿਚਾਰ ਨਹੀਂ ਕੀਤਾ ਗਿਆ।
ਕੌਣ ਹਨ ਉਮੀਦਵਾਰ?
ਇਸ ਜ਼ਿਮਨੀ ਚੋਣ ਲਈ ਚਾਰ ਮੁੱਖ ਪਾਰਟੀਆਂ ਨੇ ਆਪੋ-ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਸਨ।
ਹਾਲ ਹੀ ਵਿੱਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਪੰਜ ਥਾਵਾਂ 'ਤੇ ਹਾਰਨ ਤੋਂ ਬਾਅਦ ਕਾਂਗਰਸ ਨੇ ਰਣਦੀਪ ਸਿੰਘ ਸੁਰਜੇਵਾਲਾ ਨੂੰ ਟਿਕਟ ਦਿੱਤੀ। ਸੁਰਜੇਵਾਲਾ ਕੌਮੀ ਸਿਆਸਤ ਵਿੱਚ ਸਰਗਰਮ ਹਨ।
ਭਾਜਪਾ ਨੇ ਨਗਰ ਨਿਗਮ ਦੀਆਂ ਚੋਣਾਂ ਵਿੱਚ ਜਿੱਤ ਦਰਜ ਕੀਤੀ ਸੀ।
ਭਾਜਪਾ ਨੇ ਆਪਣੀ ਪਾਰਟੀ ਦੇ ਲੀਡਰਾਂ ਦੇ ਨਾਮ ਰੱਦ ਕਰਕੇ ਮਰਹੂਮ ਵਿਧਾਇਕ ਹਰੀ ਚੰਦ ਮਿੱਡਾ ਦੇ ਮੁੰਡੇ ਕ੍ਰਿਸ਼ਨ ਮਿੱਡਾ ਨੂੰ ਟਿਕਟ ਦਿੱਤੀ ਹੈ ਜੋ ਇਨੈਲੋ ਛੱਡ ਭਾਜਪਾ ਵਿੱਚ ਸ਼ਾਮਲ ਹੋਏ ਹਨ।
ਇੱਕ ਮੁੱਖ ਪਾਰਟੀ ਇਨੈਲੋ ਲਈ ਇਹ ਇੱਕ ਬਹੁਤ ਵੱਡਾ ਝਟਕਾ ਹੈ ਜੋ ਆਪਣੇ ਮਰਹੂਮ ਵਿਧਾਇਕ ਹਰੀ ਚੰਦ ਮਿੱਡਾ ਦੇ ਨਾਮ 'ਤੇ ਵੋਟਾਂ ਲੈਣ ਦੀ ਯੋਜਨਾ ਬਣਾ ਰਹੇ ਸਨ।
ਆਪਣੇ ਉਮੀਦਵਾਰ ਦਾ ਨਾਂ ਐਲਾਨਣ ਵਿੱਚ ਪ੍ਰਮੁੱਖ ਸਿਆਸੀ ਪਾਰਟੀ ਇਨੈਲੋ ਸਭ ਤੋਂ ਪਿੱਛੇ ਸੀ ਜਿਸ ਨੇ ਉਮੇਦ ਰੇੜੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ। ਜ਼ਿਲ੍ਹੇ ਵਿੱਚ ਜਾਟ ਗੋਤਰ 'ਚ ਇਸ ਜਾਟ ਲੀਡਰ ਦਾ ਕਾਫ਼ੀ ਅਸਰ ਹੈ।
ਨਵੀਂ ਪਾਰਟੀ ਜਨਨਾਇਕ ਜਨਤਾ ਪਾਰਟੀ ਦਾ ਇਹ ਸਿਆਸੀ ਟੈਸਟ ਹੈ ਜਿਹੜੀ ਕਿ ਪਿਛਲੇ ਮਹੀਨੇ ਹੀ ਬਣੀ ਹੈ। ਉਸ ਵੱਲੋਂ ਆਪਣਾ ਬਿਹਤਰ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਚੌਟਾਲਾ ਪਰਿਵਾਰ ਦੇ ਪੁੱਤਰ ਦਿਗਵਿਜੈ ਚੌਟਾਲਾ ਇਸ ਸੀਟ ਤੋਂ ਜ਼ਿਮਨੀ ਚੋਣ ਲੜ ਰਹੇ ਹਨ।
ਦੁਸ਼ਯੰਤ ਚੌਟਾਲਾ ਜਨਨਾਇਕ ਜਨਤਾ ਪਾਰਟੀ ਦੇ ਕੌਮੀ ਚੀਫ਼ ਹਨ। ਦੁਸ਼ਯੰਤ ਚੌਟਾਲਾ ਦਿਗਵਿਜੈ ਦੇ ਵੱਡੇ ਭਰਾ ਵੀ ਹਨ।
ਚੋਣ ਹਾਈ ਪ੍ਰੋਫਾਈਲ ਕਿਉਂ ਹੈ?
ਜੀਂਦ ਵਿੱਚ ਉਪ ਚੋਣਾਂ ਹੋਣ ਤੋਂ ਕੁਝ ਸਮਾਂ ਬਾਅਦ ਹੀ 2019 ਦੀਆਂ ਲੋਕ ਸਭਾ ਚੋਣਾਂ ਹੋਣਗੀਆਂ ਅਤੇ ਇਸੇ ਸਾਲ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਵੀ ਹੋਣਗੀਆਂ।
ਸਿਆਸੀ ਪਾਰਟੀਆਂ ਮੰਨਦੀਆਂ ਹਨ ਕਿ ਇਹ ਚੋਣ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਹੈ।
ਇਹ ਵੀ ਪੜ੍ਹੋ:-
ਜੀਂਦ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ,''ਵਿਧਾਨ ਸਭਾ ਵਿੱਚ ਸਾਨੂੰ ਬਹੁਮਤ ਹੈ, ਇੱਕ ਸੀਟ ਸਾਡੀ ਪਾਰਟੀ ਨੂੰ ਬਣਾ ਜਾਂ ਤੋੜ ਨਹੀਂ ਸਕਦੀ ਪਰ ਇਹ ਸੀਟ ਭਾਜਪਾ ਲਈ ਖ਼ਾਸ ਹੈ ਕਿਉਂਕਿ ਇਹ ਦਰਸਾਉਂਦੀ ਹੈ ਕਿ ਜਨਤਾ ਕਿਸ ਨੂੰ ਚਾਹੁੰਦੀ ਹੈ।''
ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ ਜਨਤਾ ਨੂੰ ਸੰਦੇਸ਼ ਦੇਣ ਲਈ ਚੋਣ ਮੈਦਾਨ ਵਿੱਚ ਉਤਾਰਿਆ ਹੈ ਕਾਂਗਰਸ ਮੌਜੂਦਾ ਵੇਲੇ ਹਰਿਆਣਾ ਵਿੱਚ ਮਹੱਤਵਪੂਰਨ ਪਾਰਟੀ ਹੈ ਤੇ ਜੀਂਦ ਉਪ ਚੋਣ ਇਹ ਸਾਬਿਤ ਕਰ ਦੇਵੇਗੀ।
ਜਨਨਾਇਕ ਜਨਤਾ ਪਾਰਟੀ ਦੇ ਚੀਫ਼ ਦੁਸ਼ਯੰਤ ਚੌਟਾਲਾ ਲਈ ਪਾਰਟੀ ਬਣਾਉਣ ਤੋਂ ਬਾਅਦ ਇਹ ਪਹਿਲਾ ਸਿਆਸੀ ਟੈਸਟ ਹੈ ਅਤੇ ਉਨ੍ਹਾਂ ਲਈ ਇਹ ਸਾਬਿਤ ਕਰਨਾ ਜ਼ਰੂਰੀ ਹੈ ਕਿ ਉਨ੍ਹਾਂ ਨੇ ਇਨੈਲੋ ਤੋਂ ਵੱਖ ਹੋ ਕੇ ਕੋਈ ਗ਼ਲਤੀ ਨਹੀਂ ਕੀਤੀ।
ਇਨੈਲੋ ਪਿਛਲੇ 15 ਸਾਲਾਂ ਤੋਂ ਹਰਿਆਣਾ ਵਿੱਚ ਸੱਤਾ 'ਚ ਨਹੀਂ ਹੈ। ਸੱਤਾ ਵਿੱਚ ਆਉਣ ਲਈ ਬੇਤਾਬ ਇਨੈਲੋ ਇੱਕ ਵਾਰ ਮੁੜ ਉਸ ਸੀਟ 'ਤੇ ਜਿੱਤ ਹਾਸਲ ਕਰਨਾ ਚਾਹੁੰਦੀ ਹੈ ਜਿੱਥੋਂ ਉਹ ਪਹਿਲਾਂ ਹੀ ਦੋ ਵਾਰ ਜਿੱਤ ਚੁੱਕੀ ਹੈ।
ਜਾਟ ਫੈਕਟਰ
ਜੀਂਦ ਵਿੱਚ ਜਾਟ ਵੋਟਰਾਂ ਦਾ ਵੱਡਾ ਹਿੱਸਾ (28%) ਹੈ। ਉਸ ਤੋਂ ਬਾਅਦ ਬਾਣੀਆ ਅਤੇ ਪੰਜਾਬੀ ਵੋਟਾਂ ਹਨ ਜਿਨ੍ਹਾਂ ਨੇ ਪਿਛਲੀਆਂ ਚੋਣਾਂ ਵਿੱਚ ਇਨੈਲੋ ਦੇ ਹੱਕ 'ਚ ਵੋਟਾਂ ਪਾਈਆਂ ਸਨ।
ਹਰੀ ਚੰਦ ਮਿੱਡਾ ਪੰਜਾਬੀ ਲੀਡਰ ਸਨ ਜਿਹੜੇ ਸ਼ਹਿਰੀ ਅਤੇ ਪੇਂਡੂ ਦੋਵੇਂ ਵੋਟ ਹਾਸਲ ਕਰਨ ਵਿੱਚ ਕਾਮਯਾਬ ਰਹੇ ਸਨ।
ਜਾਟ ਵੋਟ ਉਸ ਵੇਲੇ ਉਲਝਣ ਦੀ ਸਥਿਤੀ ਵਿੱਚ ਸਨ ਕਿਉਂਕਿ ਤਿੰਨ ਵੱਡੀਆਂ ਪਾਰਟੀਆਂ (ਕਾਂਗਰਸ, ਭਾਜਪਾ ਅਤੇ ਜੇਜੇਪੀ) ਤਿੰਨਾਂ ਦੇ ਉਮੀਦਵਾਰ ਜਾਟ ਸਨ।
ਇਹ ਵੀ ਪੜ੍ਹੋ:
ਭਾਜਪਾ ਨੇ ਗ਼ੈਰ-ਜਾਟ ਉਮੀਦਵਾਰ ਕ੍ਰਿਸ਼ਨ ਮਿੱਡਾ ਜੋ ਕਿ ਪੰਜਾਬੀ ਹਨ ਉਨ੍ਹਾਂ ਨੂੰ ਟਿਕਟ ਦਿੱਤਾ ਹੈ ਜਿਨ੍ਹਾਂ ਨੂੰ ਸੂਬੇ ਵਿੱਚ ਚੱਲ ਰਹੇ ਜਾਟ ਬਨਾਮ ਗ਼ੈਰ - ਜਾਟ ਫੈਕਟਰ ਦਾ ਲਾਭ ਮਿਲ ਸਕਦਾ ਹੈ।
ਹਾਲਾਂਕਿ ਭਾਜਪਾ ਦੇ ਬ਼ਾਗੀ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਦੀ ਲੋਕਤੰਤਰ ਸੁਰਕਸ਼ਾ ਪਾਰਟੀ ਵੀ ਚੋਣ ਲੜ ਰਹੀ ਹੈ ਜੋ ਭਾਜਪਾ ਦੇ ਹੱਕ ਵਿੱਚ ਗ਼ੈਰ - ਜਾਟ ਵੋਟਰਾਂ ਨੂੰ ਖਰਾਬ ਕਰ ਸਕਦਾ ਹੈ। ਰਾਜ ਕੁਮਾਰ ਸੈਣੀ ਨੇ ਵਿਨੋਦ ਅਸਰੀ ਨੂੰ ਟਿਕਟ ਦਿੱਤੀ ਹੈ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ