ਹਰਿਆਣਾ 'ਚ ਖਿਡਾਰੀਆਂ ਦੀ ਕਮਾਈ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ 'ਦੰਗਲ'

    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਪੰਜਾਬੀ ਲਈ

ਹਰਿਆਣਾ ਸਰਕਾਰ ਵੱਲੋਂ ਸੂਬੇ ਦੇ ਖਿਡਾਰੀਆਂ ਲਈ ਇੱਕ ਫਰਮਾਨ ਜਾਰੀ ਹੋਇਆ ਜੋ ਉਨ੍ਹਾਂ ਨੂੰ ਨਾਗਾਵਾਰਾ ਜਾਪ ਰਿਹਾ ਹੈ। ਇਹੀ ਕਾਰਨ ਹੈ ਕਿ ਮੁੱਖ ਮੰਤਰੀ ਖੱਟਰ ਨੇ ਹੁਣ ਇਹ ਫੈਸਲਾ ਵਾਪਸ ਲੈ ਲਿਆ ਹੈ।

ਮੁੱਖ ਮੰਤਰੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਖੇਡ ਮੰਤਰਾਲੇ ਤੋਂ ਸਬੰਧਤ ਫਾਈਲ ਦੀ ਮੰਗ ਕੀਤੀ ਹੈ ਅਤੇ ਅਗਲੇ ਹੁਕਮਾਂ ਤੱਕ 30 ਅਪ੍ਰੈਲ ਨੂੰ ਜਾਰੀ ਕੀਤਾ ਨੋਟਿਸ ਮੁਲਤਵੀ ਕਰ ਦਿੱਤਾ ਹੈ।

ਹੁਣ ਤੁਹਾਨੂੰ ਦੱਸਦੇ ਹਾਂ ਕਿ ਮੁੱਖ ਮੰਤਰੀ ਨੂੰ ਇਹ ਟਵੀਟ ਕਰਨਾ ਹੀ ਕਿਉਂ ਪਿਆ। ਦਰਅਸਲ ਖੇਡ ਵਿਭਾਗ ਦੇ ਮੁੱਖ ਸਕੱਤਰ ਅਸ਼ੋਕ ਖੇਮਕਾ ਵੱਲੋਂ ਇੱਕ ਸਰਕੁਲਰ ਜਾਰੀ ਹੋਇਆ।

ਇਸ ਵਿੱਚ ਕਿਹਾ ਗਿਆ ਸੀ ਕਿ ਖਿਡਾਰੀ ਵੱਲੋਂ ਪ੍ਰੋਫੈਸਨਲ ਖੇਡਾਂ ਜਾਂ ਵਿਗਿਆਪਨਾਂ ਰਾਹੀਂ ਹੋਈ ਕਮਾਈ ਦਾ ਇੱਕ-ਤਿਹਾਈ ਹਿੱਸਾ ਹਰਿਆਣਾ ਸਟੇਟ ਸਪੋਰਟਜ਼ ਕੌਂਸਲ ਨੂੰ ਜਮ੍ਹਾ ਕਰਵਾਉਣਾ ਪਵੇਗਾ।

ਜਿਸ ਤੋਂ ਬਾਅਦ ਹਰਿਆਣਾ ਦੇ ਖਿਡਾਰੀਆਂ ਨੇ ਸੋਸ਼ਲ ਮੀਡੀਆ 'ਤੇ ਇਤਰਾਜ਼ ਜ਼ਾਹਿਰ ਕੀਤਾ। ਕਾਮਨਵੈਲਥ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲੀ ਗੀਤਾ ਫੋਗਾਟ ਇਸ ਵੇਲੇ ਡੀਐੱਸਪੀ ਦੇ ਅਹੁਦੇ 'ਤੇ ਤੈਨਾਤ ਹੈ।

ਉਨ੍ਹਾਂ ਇੱਕ ਨਿੱਜੀ ਟੀਵੀ ਚੈਨਲ ਨੂੰ ਕਿਹਾ, "ਕ੍ਰਿਕਟਰ ਕਰੋੜਾਂ ਰੁਪਏ ਕਮਾਉਂਦੇ ਹਨ। ਜੇ ਉਹ ਆਪਣੀ ਕਮਾਈ ਦਾ ਇੱਕ-ਤਿਹਾਈ ਹਿੱਸਾ ਦੇ ਦੇਣ ਤਾਂ ਉਹ ਆਪਣੇ ਹੋਰਨਾਂ ਖਰਚੇ ਵੀ ਚੁੱਕ ਸਕਦੇ ਹਨ ਜਦੋਂਕਿ ਰੈਸਲਿੰਗ ਅਤੇ ਕਬੱਡੀ ਵਰਗੀਆਂ ਖੇਡਾਂ ਤੋਂ ਇੰਨੀ ਕਮਾਈ ਨਹੀਂ ਹੁੰਦੀ ਕਿ ਸਰਕਾਰ ਨੂੰ ਵੀ ਹਿੱਸਾ ਦਿੱਤਾ ਜਾ ਸਕੇ।"

ਗੀਤਾ ਦੀ ਛੋਟੀ ਭੈਣ ਅਤੇ ਕਾਮਨਵੈਲਥ ਵਿੱਚ ਤਮਗਾ ਜਿੱਤਣ ਵਾਲੀ ਬਬਿਤਾ ਫੋਗਾਟ ਨੇ ਟਵੀਟ ਕਰਕੇ ਗੁੱਸਾ ਜ਼ਾਹਿਰ ਕੀਤਾ ਅਤੇ ਕਿਹਾ ਕਿ ਇੰਝ ਲਗਦਾ ਹੈ ਖਿਡਾਰੀ ਹਰਿਆਣਾ ਦਾ ਸਨਮਾਨ ਨਹੀਂ ਬੋਝ ਬਣ ਗਏ ਹਨ।

ਓਲੰਪਿਕ ਵਿੱਚ ਕਾਂਸੀ ਦਾ ਤਮਗਾ ਜੇਤੂ ਯਗੇਸ਼ਵਰ ਦੱਤ ਨੇ ਅਸ਼ੋਕ ਖੇਮਕਾ 'ਤੇ ਹੀ ਨਿਸ਼ਾਨਾ ਲਾਉਂਦੇ ਹੋਏ ਕਿਹਾ, "ਖੇਡ ਦੇ ਖੇਤਰ ਵਿੱਚ ਤੁਹਾਡਾ ਯੋਗਦਾਨ ਸਿਫ਼ਰ ਹੈ ਪਰ ਇਸ ਦੇ ਪਤਨ ਵਿੱਚ ਪੂਰੀ ਹਿੱਸੇਦਾਰੀ ਹੈ। ਹੁਣ ਹਰਿਆਣਾ ਦੇ ਨਵੇਂ ਖਿਡਾਰੀ ਬਾਹਰ ਪਲਾਇਨ ਕਰਣਗੇ ਅਤੇ ਇਸ ਲਈ ਤੁਸੀਂ ਜ਼ਿੰਮੇਵਾਰ ਹੋਵੋਗੇ।"

ਜਿਸ 'ਤੇ ਅਸ਼ੋਕ ਖੇਮਕਾ ਨੇ ਟਵੀਟ ਕਰਕੇ ਮਰਿਆਦਾ ਵਿੱਚ ਰਹਿਣ ਲਈ ਕਿਹਾ ਅਤੇ ਦੱਸਿਆ ਕਿ ਕਮਰਸ਼ੀਅਲ ਵਿਗਿਆਪਨ ਅਤੇ ਕਮਰਸ਼ੀਅਲ ਖੇਡਾਂ ਵਿੱਚ ਸਰਕਾਰੀ ਮੁਲਾਜ਼ਮਾਂ ਨੂੰ ਮਨਾਹੀ ਹੈ।

ਦੋ ਵਾਰ ਓਲੰਪਿਕ ਮੈਡਲ ਜਿੱਤਣ ਵਾਲੇ ਪਹਿਲਵਾਨ ਸੁਸ਼ੀਲ ਕੁਮਾਰ ਵੀ ਖਿਡਾਰੀਆਂ ਦੇ ਹੱਕ ਵਿੱਚ ਨਿੱਤਰ ਆਏ।

ਉਨ੍ਹਾਂ ਕਿਹਾ, "ਸਭ ਤੋਂ ਵੱਧ ਮੈਡਲ ਹਰਿਆਣਾ ਦੇ ਆਏ ਹਨ ਅਤੇ ਬਾਕੀ ਸੂਬੇ ਵੀ ਹਰਿਆਣਾ ਦੀ ਤਰਜ 'ਤੇ ਨੀਤੀਆਂ ਬਣਾ ਰਹੇ ਹਨ। ਸਰਕਾਰ ਨੂੰ ਧਿਆਨ ਰੱਖਣਾ ਚਾਹੀਦਾ ਹੈ।"

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਦਿਨਾਂ ਵਿੱਚ ਇਹ ਦੂਜੀ ਵਾਰੀ ਹੈ ਜਦੋਂ ਸਰਕਾਰ ਨੂੰ ਖਿਡਾਰੀਆਂ ਦੀ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

26 ਅਪ੍ਰੈਲ ਨੂੰ ਪੰਚਕੂਲਾ ਵਿੱਚ ਕਾਮਨਵੈਲਥ ਖੇਡਾਂ ਵਿੱਚ ਜੇਤੂ ਖਿਡਾਰੀਆਂ ਨੂੰ ਸਨਮਾਨ ਦੇਣ ਲਈ ਹੋਣ ਵਾਲਾ ਪ੍ਰੋਗਰਾਮ ਸੂਬਾ ਸਰਕਾਰ ਨੂੰ ਰੱਦ ਕਰਨਾ ਪਿਆ ਸੀ ਕਿਉਂਕਿ ਖਿਡਾਰੀਆਂ ਨੇ ਬਾਈਕਾਟ ਦੀ ਧਮਕੀ ਦਿੱਤੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)