ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤ ਵਿੱਚ ਦੰਗੇ ਹੋ ਸਕਦੇ ਹਨ : ਅਮਰੀਕੀ ਰਿਪੋਰਟ

ਅਮਰੀਕੀ ਖੁਫ਼ੀਆ ਏਜੰਸੀਆਂ ਦੀ ਰਿਪੋਰਟ ਵਿੱਚ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤ ਵਿਚ ਫਿਰਕੂ ਦੰਗੇ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ।

ਵਰਲਡ ਵਾਇਡ ਥਰੈੱਟ ਅਸੈਸਮੈਂਟ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ, ''ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਭਾਰਤੀ ਜਨਤਾ ਪਾਰਟੀ ਆਪਣੇ ਹਿੰਦੂਤਵੀ ਏਜੰਡੇ ਨੂੰ ਲਾਗੂ ਕਰਨ ਲਈ ਜ਼ੋਰ ਲਾਈ ਰੱਖਦੀ ਹੈ ਤਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁਲਕ ਵਿਚ ਫਿਰਕੂ ਹਿੰਸਾ ਹੋ ਸਕਦੀ ਹੈ।''

ਅਮਰੀਕਾ ਦੇ ਖੁਫ਼ੀਆ ਤੰਤਰ ਦੇ ਕੌਮੀ ਮੁਖੀ ਡਾਨ ਕੌਟਸ ਤੇ ਦੂਜੀਆਂ ਸੁਰੱਖਿਆ ਏਜੰਸੀਆਂ ਦੇ ਮੁਖੀਆਂ ਨੇ ਬੀਤੇ ਮੰਗਲਵਾਰ ਨੂੰ ਇਹ ਰਿਪੋਰਟ ਸੈਨੇਟ ਅੱਗੇ ਪੇਸ਼ ਕੀਤੀ ਸੀ।

ਭਾਜਪਾ ਨੇ ਇਸ ਰਿਪੋਰਟ ਬਾਰੇ ਅਜੇ ਤਕ ਕੋਈ ਪ੍ਰਤਿਕਿਰਿਆ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ:

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੋਦੀ ਸਰਕਾਰ ਵੇਲੇ ਭਾਜਪਾ ਸ਼ਾਸਿਤ ਸੂਬਿਆਂ ਵਿੱਚ ਫਿਰਕੂ ਤਣਾਅ ਵਧਿਆ ਹੈ। ਇਸ ਮਾਹੌਲ ਵਿੱਚ ਹਿੰਦੂਤਵੀ ਆਗੂ ਆਪਣੇ ਹਮਾਇਤੀਆਂ ਦਾ ਉਤਸ਼ਾਹ ਵਧਾਉਣ ਲਈ ਛੋਟੇ ਪੱਧਰ ਦੀਆਂ ਹਿੰਸਕ ਘਟਨਾਵਾਂ ਕਰਵਾ ਸਕਦੇ ਹਨ।

ਇਸ ਦੇ ਨਾਲ ਹੀ ਰਿਪੋਰਟ ਵਿਚ ਮੁਸਲਮਾਨਾਂ ਖ਼ਿਲਾਫ਼ ਹਿੰਸਕ ਘਟਨਾਵਾਂ ਨੂੰ ਕੱਟੜਵਾਦੀ ਸੰਗਠਨਾਂ ਲਈ ਜ਼ਮੀਨ ਤਿਆਰ ਕਰਨੀ ਵਾਲੀਆਂ ਕਿਹਾ ਗਿਆ ਹੈ।

ਭਾਰਤ-ਪਾਕ ਸਬੰਧ

ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਪਾਕਿਸਤਾਨ ਦੇ ਸਬੰਧਾਂ ਵਿੱਚ ਤਣਾਅ ਵਧ ਸਕਦਾ ਹੈ।

ਤਣਾਅ ਵਧਣ ਦਾ ਕਾਰਨ ਸਰਹੱਦ ਪਾਰਲੇ ਅੱਤਵਾਦ, ਅਸਲ ਕੰਟਰੋਲ ਰੇਖਾ ਉੱਤੇ ਗੋਲੀਬਾਰੀ, ਅਮਰੀਕਾ ਦੇ ਭਾਰਤ ਨਾਲ ਰਿਸ਼ਤਿਆਂ ਬਾਰੇ ਪਾਕਿਸਤਾਨ ਦੀ ਧਾਰਨਾ ਅਤੇ ਭਾਰਤ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਹਨ।

ਇਹ ਤਣਾਅ ਮਈ -2019 ਜਾਂ ਉਸ ਤੋਂ ਬਾਅਦ ਵੀ ਚੱਲ ਸਕਦਾ ਹੈ। ਰਿਪੋਰਟ ਵਿੱਚ ਭਾਰਤ ਦੀਆਂ ਆਮ ਚੋਣਾਂ ਤੋਂ ਬਾਅਦ ਹੀ ਕੋਈ ਸਿਆਸੀ ਪਹਿਲ ਕਦਮੀ ਹੋਣ ਦੀ ਗੱਲ ਕੀਤੀ ਗਈ ਹੈ।

ਭਾਰਤ -ਚੀਨ ਕਸ਼ੀਦਗੀ

ਇਸ ਰਿਪੋਰਟ ਨੇ ਦਾਅਵਾ ਕੀਤਾ ਹੈ ਕਿ ਦੋਵਾਂ ਧਿਰਾਂ ਦੀ ਕੋਸ਼ਿਸ਼ ਦੇ ਬਾਵਜੂਦ ਭਾਰਤ ਅਤੇ ਚੀਨ ਵਿਚਾਲੇ 2017 ਤੋਂ ਚੱਲਿਆ ਆ ਰਿਹਾ ਤਣਾਅ ਬਣਿਆ ਰਹੇਗਾ।

ਰਿਪੋਰਟ ਵਿਚ ਲਿਖਿਆ ਗਿਆ ਹੈ ਕਿ ਅਪ੍ਰੈਲ 2018 ਵਿਚ ਚੀਨੀ ਰਾਸ਼ਟਰਪਤੀ ਸ਼ੀ ਜੀਪਿੰਗ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ਼ੈਰ - ਰਸਮੀ ਬੈਠਕ ਕਰਕੇ ਤਣਾਅ ਘੱਟ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਸਫ਼ਲ ਨਹੀਂ ਹੋਏ।

ਇਸ ਰਿਪੋਰਟ ਵਿੱਚ ਉੱਤਰ ਕੋਰੀਆ ਦੇ ਪਰਮਾਣੂ ਹਥਿਆਰਾਂ ਨੂੰ ਖ਼ਤਮ ਕਰਨ ਦੇ ਵਾਅਦੇ ਬਾਰੇ ਵੀ ਖਦਸ਼ੇ ਪ੍ਰਗਟ ਕੀਤੇ ਗਏ ਹਨ।

ਰਿਪੋਰਟ ਵਿੱਚ ਦੱਸਿਆ ਗਿਆ ਹੈ, ''ਉੱਤਰੀ ਕੋਰੀਆ ਆਪਣੇ ਪਰਮਾਣੂ ਹਥਿਆਰਾਂ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਰਿਹਾ।''

ਅਮਰੀਕਾ ਦਾ ਟਰੰਪ ਪ੍ਰਸਾਸ਼ਨ ਭਾਵੇਂ ਆਸ ਲਾਈ ਬੈਠਾ ਹੈ ਪਰ ਅਮਰੀਕੀ ਖੁਫ਼ੀਆ ਏਜੰਸੀਆਂ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ।

ਵਰਲਡ ਵਾਇਡ ਥਰੈੱਟ ਅਸੈਸਮੈਂਟ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਈਰਾਨ ਹੁਣ ਪਰਮਾਣੂ ਹਥਿਆਰ ਨਹੀਂ ਬਣਾ ਰਿਹਾ ਪਰ ਚੀਨ ਅਤੇ ਰੂਸ ਤੋਂ ਵਧਦਾ ਸਾਇਬਰ ਖ਼ਤਰਾ ਚਿੰਤਾ ਦਾ ਮੁੱਦਾ ਹੈ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)