ਇਸ ਦਲਿਤ ਵਿਦਿਆਰਥੀ ਦਾ ਪਿੱਛਾ ਜਾਤੀਵਾਦ ਨੇ ਅਮਰੀਕਾ ਵਿੱਚ ਵੀ ਨਹੀਂ ਛੱਡਿਆ

    • ਲੇਖਕ, ਅਭਿਜੀਤ ਕਾਂਬਲੇ
    • ਰੋਲ, ਬੀਬੀਸੀ ਪੱਤਰਕਾਰ

ਮੁੰਬਈ ਦੇ ਇੱਕ ਮੈਡੀਕਲ ਕਾਲਜ ਵਿੱਚ ਸੀਨੀਅਰ ਰੈਜ਼ੀਡੈਂਟ ਡਾਕਟਰ ਤੇ ਵਿਦਿਆਰਥੀ ਡਾ਼ ਪਾਇਲ ਤੜਵੀ ਦੀ ਖ਼ੁਦਕੁਸ਼ੀ ਨੇ ਦਲਿਤ ਵਿਦਿਆਰਥੀਆਂ ਨੂੰ ਸਤਾਏ ਜਾਣ ਦੀ ਬਹਿਸ ਨੂੰ ਇੱਕ ਵਾਰ ਫਿਰ ਹਵਾ ਦੇ ਦਿੱਤੀ ਹੈ।

ਇਸ ਨਾਲ ਵਿਦੇਸ਼ਾਂ ਵਿੱਚ ਪੜ੍ਹਣ ਵਾਲੇ ਦਲਿਤ ਵਿਦਿਆਰਥੀਆਂ ਦੀ ਜਾਤੀ ਨਾਲ ਜੁੜੀਆਂ ਦਿੱਕਤਾਂ ਵੱਲ ਵੀ ਧਿਆਨ ਖਿੱਚਿਆ।

ਸੂਰਜ ਯੰਗਦੇ ਇੰਗਲੈਂਡ ਅਤੇ ਦੱਖਣੀ ਅਫ਼ਰੀਕਾ ਵਿਚ ਪੜ੍ਹਦੇ ਰਹੇ ਹਨ। ਅੱਜ ਕੱਲ ਉਹ ਅਮਰੀਕਾ ਦੀ ਹਾਰਵਡ ਯੂਨੀਵਰਸਿਟੀ ਵਿਚ ਬਤੌਰ ਖੋਜਾਰਥੀ ਕੰਮ ਕਰ ਰਹੇ ਹਨ।

ਉਹ ਵਿਦੇਸ਼ਾਂ ਵਿੱਚ ਹੋਣ ਵਾਲੇ ਜਾਤੀਵਾਦੀ ਵਿਤਕਰੇ ਨਾਲ ਜੁੜੇ ਮੁੱਦਿਆਂ ਬਾਰੇ ਗੱਲ ਕਰਦੇ ਹਨ।

ਇਹ ਵੀ ਪੜ੍ਹੋ:

ਉਹ ਮਹਾਰਾਸ਼ਟਰ ਦੇ ਨਾਂਦੇੜ ਇਲਾਕੇ ਤੋਂ ਹਨ ਅਤੇ ਇੰਗਲੈਂਡ ਅਤੇ ਦੱਖਣੀ ਅਫ਼ਰੀਕਾ ਵਿੱਚ ਕਾਨੂੰਨ ਪੜ੍ਹ ਚੁੱਕੇ ਹਨ।

ਇਸ ਸਮੇਂ ਉਹ ਅਮਰੀਕਾ ਦੀ ਹਰਵਰਡ ਯੂਨੀਵਰਸਿਟੀ ਵਿੱਚ ਪੋਸਟ ਡਾਕਟੋਰਲ ਫੈਲੋ ਹਨ।

ਉਹ ਸਵੀਕਾਰ ਕਰਦੇ ਹਨ ਕਿ ਉਨ੍ਹਾਂ ਵਰਗੇ ਕਈ ਵਿਦਿਆਰਥੀ ਭਾਰਤ ਤੋਂ ਦੂਰ ਰਹਿਣ ਦੇ ਬਾਵਜੂਦ, ਉੱਥੋਂ ਵਰਗੇ ਹੀ ਵਿਤਕਰੇ ਦਾ ਸਾਹਮਣਾ ਕਰਦੇ ਹਨ।

ਬੀਬੀਸੀ ਮਰਾਠੀ ਸੇਵਾ ਨੇ ਸੂਰਜ ਨਾਲ ਇਸ ਵਿਸ਼ੇ ਤੇ ਚਰਚਾ ਕੀਤੀ। ਪੇਸ਼ ਹਨ ਇਸ ਗੱਲਬਾਤ ਦੇ ਮੁੱਖ ਅੰਸ਼-

ਇੱਕ ਦਲਿਤ ਵਿਦਿਆਰਥੀ ਵਜੋਂ ਵਿਦੇਸ਼ਾਂ ਵਿੱਚ ਤੁਹਾਡੇ ਕਿਹੋ-ਜਿਹੇ ਅਨੁਭਵ ਰਹੇ ਹਨ?

ਜਦੋਂ ਮੈਂ ਉਚੇਰੀ ਪੜ੍ਹਾਈ ਲਈ ਵਿਦੇਸ਼ ਗਿਆ, ਮੈਂ ਇੰਗਲੈਂਡ ਦੀ ਯੂਨੀਵਰਿਸਟੀ ਵਿੱਚ ਮਨੁੱਖੀ ਹੱਕਾਂ ਬਾਰੇ ਕੌਮਾਂਤਰੀ ਕਾਨੂੰਨ ਦੀ ਪੜ੍ਹਾਈ ਨੂੰ ਚੁਣਿਆ।

ਮੈਂ ਪਹਿਲਾਂ ਸੋਚਦਾ ਸੀ ਕਿ ਉੱਚ ਸਿੱਖਿਆ ਹਾਸਲ ਕਰਾਂਗਾ, ਬਾਬਾ ਸਾਹਿਬ ਅੰਬੇਦਕਰ ਵਾਂਗ ਡਿਗਰੀ ਲਵਾਂਗਾ ਤੇ ਦੇਸ਼ ਦੀ ਸੇਵਾ ਕਰਾਂਗਾ। ਮੈਂ ਇਸੇ ਇਰਾਦੇ ਨਾਲ ਉੱਥੇ ਗਿਆ ਸੀ। ਮੈਂ ਇਹ ਵੀ ਸੋਚਿਆ ਸੀ ਕਿ ਭਾਰਤ ਦੇ ਹੋਰ ਸੂਬਿਆਂ ਦੇ ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲੇਗਾ।

ਕਿਉਂਕਿ ਨਾਂਦੇੜ ਵਿੱਚ ਰਹਿੰਦਿਆਂ ਮੈਂ ਉਨ੍ਹਾਂ ਸੂਬਿਆਂ ਵਿੱਚ ਨਹੀਂ ਜਾ ਸਕਿਆ ਸੀ।

ਜਦੋਂ ਮੈਂ ਇੰਗਲੈਂਡ ਆਇਆ ਤਾਂ ਉੱਥੇ ਕਈ ਭਾਰਤੀ ਵਿਦਿਆਰੀਥੀ ਸਨ ਜੋ ਐੱਲਐੱਲਐੱਮ, ਐੱਮਬੀਏ ਵਰਗੇ ਕੋਰਸ ਕਰ ਰਹੇ ਸਨ।

ਸ਼ੁਰੂ ਵਿੱਚ ਇੰਗਲੈਂਡ ਵਿੱਚ ਰਹਿਣਾ ਮੇਰੇ ਲਈ ਸੱਭਿਆਚਾਰਕ ਸਦਮੇ ਵਰਗਾ ਸੀ। ਮੈਂ ਇਕੱਲਾ ਮਹਿਸੂਸ ਕਰਦਾ ਸੀ।

ਇਸੇ ਦੌਰਾਨ ਮੇਰੀ ਭਾਰਤੀ ਵਿਦਿਆਰਥੀਆਂ ਨਾਲ ਦੋਸਤੀ ਹੋ ਗਈ। ਇੱਕ ਦੋ ਮਹੀਨੇ ਵਿੱਚ ਹੀ ਉਨ੍ਹਾਂ ਨਾਲ ਗੂੜ੍ਹੀ ਦੋਸਤੀ ਹੋ ਗਈ। ਜਦੋਂ ਮੇਰੇ ਫੇਸਬੁੱਕ ਪੰਨੇ ਤੋਂ ਉਨ੍ਹਾਂ ਨੂੰ ਮੇਰੀ ਜਾਤ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਦਾ ਵਤੀਰਾ ਬਦਲ ਗਿਆ।

ਉਨ੍ਹਾਂ ਨੇ ਇੱਕ ਤਰ੍ਹਾਂ ਨਾਲ ਮੇਰਾ ਬਾਈਕਾਟ ਕਰ ਦਿੱਤਾ। ਉਨ੍ਹਾਂ ਨੇ ਮੈਨੂੰ ਸਾਂਝੇ ਪ੍ਰੋਗਰਾਮਾਂ ਵਿੱਚ ਸੱਦਣਾ ਬੰਦ ਕਰ ਦਿੱਤਾ।

ਦੋ ਮਹੀਨੇ ਪਹਿਲਾਂ ਤੱਕ ਅਸੀਂ ਇਕੱਠੇ ਘੁੰਮੇ, ਇਕੱਠਿਆਂ ਖਾਧਾ। ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ।

ਫਿਰ ਜਦੋਂ ਮੇਰੇ ਸਵਰਨ ਦੋਸਤਾਂ ਨੂੰ ਪਤਾ ਲੱਗਿਆ ਕਿ ਮੈਂ ਆਪਣੇ ਭਾਈਚਾਰੇ ਬਾਰੇ ਫੇਸਬੁੱਕ 'ਤੇ ਲਿਖਦਾ ਹਾਂ ਤੇ ਆਪਣੇ ਭਾਈਚਾਰੇ ਦੇ ਸ਼ੋਸ਼ਣ ਬਾਰੇ ਆਪਣੀ ਰਾਇ ਰੱਖਦਾ ਹਾਂ ਤਾਂ ਉਨ੍ਹਾਂ ਨੇ ਪੰਸਦ ਨਹੀਂ ਆਇਆ। ਉਨ੍ਹਾਂ ਨੇ ਮੇਰੀ ਜਾਤ ਤੇ ਰਾਖਵੇਂਕਰਨ ਬਾਰੇ ਤਾਅਨੇ ਦੇਣੇ ਸ਼ੁਰੂ ਕਰ ਦਿੱਤੇ।

ਇੱਕ ਵਾਰ ਮੈਂ ਜਾਤ ਤੇ ਲਿੰਗ ਬਾਰੇ ਇੱਕ ਪੇਸ਼ਕਾਰੀ ਤਿਆਰ ਕੀਤੀ। ਉਸ ਵਿੱਚ ਮੈਂ ਖੈਰਲਾਂਜੀ ਕਤਲੇਆਮ ਦੀ ਪੀੜਤ ਸੁਰੇਖਾ ਭੂਤਮਾਂਗੇ ਦਾ ਜ਼ਿਕਰ ਕੀਤਾ ਸੀ।

ਮੇਰੇ ਦੋਸਤਾਂ ਨੇ ਸੁਰੇਖਾ ਬਾਰੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਤੇ ਮੈਨੂੰ ਵੀ ਨਿਸ਼ਾਨਾ ਬਣਾਇਆ। ਉਨ੍ਹਾਂ ਤਾਅਨਾ ਦਿੱਤਾ ਕਿ ਤੂੰ ਤਾਂ ਵਜੀਫ਼ੇ ਵਾਲਾ ਬੱਚਾ ਹੈਂ, ਤੇਰੇ ਕੋਲ ਕੋਈ ਯੋਗਤਾ ਨਹੀਂ ਹੈ ਤੇ ਤੁਸੀਂ ਤਾਂ ਰਾਖਵੇਂਕਰਨ ਵਾਲੇ ਲੋਕ ਹੋ। ਇਹ ਤਜਰਬਾ ਮੇਰੀ ਸੁਤੰਤਰ ਸੋਚ ਅਤੇ ਊਰਜਾ ਨੂੰ ਦਬਾਏਗਾ।

ਕੀ ਤੁਹਾਨੂੰ ਕਦੇ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ? ਉਸ ਸਮੇਂ ਤੁਹਾਡੀ ਪ੍ਰਤੀਕਿਰਿਆ ਕਿਹੋ-ਜਿਹੀ ਸੀ?

ਮੈਂ ਅਜਿਹੇ ਦਲਿਤ ਇਲਾਕੇ ਤੋਂ ਆਉਂਦਾ ਹਾਂ ਜਿੱਥੇ ਸਵਰਣਾਂ ਦਾ ਗੋਤ ਤੱਕ ਨਹੀਂ ਸੀ ਸੁਣਿਆ।

ਸਾਨੂੰ ਉੱਚੀ ਜਾਤ ਵਾਲਿਆਂ ਤੋਂ ਦੂਰ ਰਹਿਣ ਨੂੰ ਹਮੇਸ਼ਾ ਕਿਹਾ ਜਾਂਦਾ ਸੀ ਅਤੇ ਇਸ ਗੱਲ ਨੇ ਮੇਰੇ ਉੱਪਰ ਕੁਝ ਅਸਰ ਵੀ ਪਾਇਆ। ਇਸ ਲਈ ਮੈਂ ਤੈਅ ਕੀਤਾ ਹੈ ਕਿ ਬੇਇੱਜ਼ਤੀ ਦੇ ਬਾਵਜੂਦ ਇਸ ਵਿਸ਼ੇ ਨੂੰ ਜ਼ਿਆਦਾ ਨਾ ਖਿੱਚਾਂ।

ਫਿਰ ਵੀ ਆਖ਼ਰਕਾਰ ਇਹ ਮੇਰੇ ਲਈ ਬਹੁਤ ਅਜੀਬ ਅਤੇ ਨਿੱਜੀ ਮਸਲਾ ਬਣ ਗਿਆ। ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਿਆ। ਜਦੋਂ ਮੈਂ ਨਹੀਂ ਹੁੰਦਾ ਸੀ ਤਾਂ ਉਹ ਮੇਰੇ ਬਾਰੇ ਘੰਟਿਆਂ ਤੱਕ ਗੱਲਾਂ ਕਰਦੇ ਰਹਿੰਦੇ ਸਨ।

ਇਹ ਵੀ ਪੜ੍ਹੋ:

ਮੈਂ ਇਹ ਵੀ ਸੋਚਦਾ ਰਹਿੰਦਾ ਸੀ ਕਿ ਚੁੱਪ-ਚਾਪ ਪੜ੍ਹਾਈ ਪੂਰੀ ਕਰਨੀ ਚਾਹੀਦੀ ਹੈ। ਇਹ ਵੀ ਖ਼ਿਆਲ ਆਇਆ ਹੈ ਕਿ ਮੈਂ ਵਕੀਲ ਹਾਂ ਤੇ ਮੈਂ ਉਸ ਭਾਈਚਾਰੇ ਤੋਂ ਆਇਆ ਹਾਂ ਜਿੱਥੇ ਮੇਰੇ ਵਰਗੇ ਮੁੰਡੇ-ਕੁੜੀਆਂ ਇਸ ਤਰ੍ਹਾਂ ਦਾ ਸ਼ੋਸ਼ਣ ਹਰ-ਰੋਜ਼ ਸਹਿੰਦੇ ਹਨ। ਕਦੋਂ ਤੱਕ ਚੁੱਪ ਰਹਿ ਸਕਦਾ ਹਾਂ ਫਿਰ ਮੇਰੀ ਸਿੱਖਿਆ ਦਾ ਕੀ ਫ਼ਾਇਦਾ ਹੋਇਆ।

ਇਸ ਲਈ ਜਦੋਂ ਮੇਰੇ ਕਮਰੇ ਵਿੱਚ ਰਹਿਣ ਵਾਲੇ ਉੱਤਰ ਭਾਰਤੀ ਬ੍ਰਾਹਮਣ ਵਿਦਿਆਰਥੀ ਨੇ ਮੇਰੇ 'ਤੇ ਹੱਥ ਚੁੱਕਿਆ ਤਾਂ ਪੁਲਿਸ ਕੋਲ ਸ਼ਿਕਾਇਤ ਕੀਤੀ।

ਪੁਲਿਸ ਨੇ ਮੇਰੀ ਗੱਲ ਸੁਣੀ ਤੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਦਾ ਕਹਿਣਾ ਸੀ ਕਿ ਜੇ ਕੋਈ ਕਾਰਵਾਈ ਕੀਤੀ ਤਾਂ ਉਸ ਵਿਦਿਆਰਥੀ ਦੇ ਵੀਜ਼ੇ ਵਿੱਚ ਦਿੱਕਤ ਹੋ ਸਕਦੀ ਹੈ। ਇਸ ਕੋਰਸ ਦੇ ਪੂਰਾ ਹੋਣ ਵਿੱਚ ਸਿਰਫ਼ ਕੁਝ ਹੀ ਮਹੀਨੇ ਰਹਿੰਦੇ ਹਨ।

ਪੁਲਿਸ ਨੇ ਕਿਹਾ ਕਿ ਬਿਹਤਰ ਹੋਵੇਗਾ ਕਿ ਮੈਂ ਉਸ ਤੋਂ ਦੂਰ ਰਹਾਂ। ਇਸ ਮਸ਼ਵਰੇ ਤੋਂ ਬਾਅਦ ਮੈਂ ਅੱਗੇ ਕੋਈ ਕਾਰਵਾਈ ਨਹੀਂ ਕੀਤੀ।

ਅਜਿਹਾ ਹੀ ਅਸੀਂ ਪਾਇਲ ਦੇ ਮਾਮਲੇ ਵਿੱਚ ਦੇਖਿਆ। ਉਨ੍ਹਾਂ ਦੀ ਮਾਂ ਨੇ ਦੱਸਿਆ ਕਿ ਉਹ ਸ਼ਿਕਾਇਤ ਕਰਨਾ ਚਾਹੁੰਦੇ ਸਨ ਪਰ ਪਾਇਲ ਨੇ ਮਨ੍ਹਾਂ ਕਰ ਦਿੱਤਾ ਕਿਉਂਕਿ ਪਾਇਲ ਨੂੰ ਸ਼ੋਸ਼ਣ ਹੋਰ ਵਧਣ ਦਾ ਡਰ ਸਤਾ ਰਿਹਾ ਸੀ।

ਉਨ੍ਹਾਂ ਨੇ ਸੋਚਿਆ ਕਿ ਉਨ੍ਹਾਂ ਕੁੜੀਆਂ ਦਾ ਭਵਿੱਖ ਕਿਉਂ ਖ਼ਤਮ ਕੀਤਾ ਜਾਵੇ? ਇਸੇ ਤਰ੍ਹਾਂ ਮੈਂ ਸੋਚਿਆ ਕਿ ਉਨ੍ਹਾਂ ਮੁੰਡਿਆਂ ਦਾ ਭਵਿੱਖ ਕਿਉਂ ਖ਼ਰਾਬ ਕੀਤਾ ਜਾਵੇ?

ਲੇਕਿਨ ਮੇਰੇ ਦਿਲ ਵਿੱਚ ਜ਼ਖ਼ਮ ਬਣ ਗਿਆ। ਮੇਰਾ ਸ਼ੋਸ਼ਣ ਖ਼ਤਮ ਨਹੀਂ ਹੋਇਆ। ਮੇਰੇ ਅਸਲੀ ਸਰਟੀਫਿਕੇਟਾਂ ਵਾਲੀ ਫਾਈਲ ਉਨ੍ਹਾਂ ਨੇ ਚੁੱਕ ਲਈ।

ਅਜਿਹੇ ਅਨੁਭਵ ਹਮੇਸ਼ਾ ਹਤਾਸ਼ ਕਰਨ ਵਾਲੇ ਹੁੰਦੇ ਹਨ। ਮੇਰਾ ਕੋਈ ਸਪੋਰਟ ਗਰੁੱਪ ਨਹੀਂ ਸੀ। ਉਨ੍ਹਾਂ ਦਿਨਾਂ ਵਿੱਚ ਨਾਂਦੇੜ ਦੇ ਇੱਕ ਦੋਸਤ ਨੇ ਮੈਨੂੰ ਸਹਾਰਾ ਦਿੱਤਾ।

ਅਜਿਹੀ ਘਟਨਾ ਸਿਰਫ਼ ਤੁਹਾਡੇ ਨਾਲ ਹੀ ਹੋਈ ਜਾਂ ਕਿਸੇ ਹੋਰ ਐੱਸਸੀ-ਐੱਸਟੀ ਵਿਦਿਆਰਥੀ ਨਾਲ ਵੀ ਅਜਿਹਾ ਕੁਝ ਹੋਇਆ ਹੈ?

ਜਦੋਂ ਮੈਂ ਵਿਦਿਆਰਥੀਆਂ ਨੂੰ ਜੋੜਨਾ ਸ਼ੁਰੂ ਕੀਤਾ ਤਾਂ ਬਹੁਤ ਸਾਰੇ ਵਿਦਿਆਰਥੀਆਂ ਨੇ ਆਪਣੇ ਤਜ਼ੁਰਬੇ ਮੇਰੇ ਨਾਲ ਸਾਂਝੇ ਕੀਤੇ।

ਬਹੁਤਿਆਂ ਨੂੰ ਅਜਿਹੇ ਹੀ ਹਾਲਾਤ ਨਾਲ ਦੋ-ਚਾਰ ਹੋਣਾ ਪਿਆ ਸੀ। ਉੱਚੀ ਜਾਤ ਦੇ ਵਿਦਿਆਰਥੀ ਪਿਛੋਕੜ ਬਾਰੇ ਜਾਣ ਜਾਂਦੇ ਤੇ ਫਿਰ ਤਾਅਨੇ ਮਾਰਦੇ।

ਦਲਿਤ ਕੁੜੀਆਂ ਦੇ ਤਜਰਬੇ ਤਾਂ ਹੋਰ ਵੀ ਦਰਦਨਾਕ ਹਨ। ਉਨ੍ਹਾਂ ਨੂੰ ਹਮੇਸ਼ਾ ਡਰ ਦੇ ਪਰਛਾਵੇਂ ਹੇਠ ਰਹਿਣਾ ਪੈਂਦਾ ਹੈ। ਉਹ ਤਾਂ ਦਲਿਤ ਕੁੜੀਆਂ ਨਾਲ ਵੀ ਰਾਬਤਾ ਨਹੀਂ ਕਰਦੀਆਂ।

ਭਵਿੱਖ ਵਿੱਚ ਪਾਇਲ ਤਡਵੀ ਵਰਗੇ ਮਾਮਲੇ ਮੁੜ ਨਾ ਹੋਣ, ਇਨ੍ਹਾਂ ਨੂੰ ਰੋਕਣ ਲਈ ਕੀ ਕੀਤਾ ਜਾਣਾ ਚਾਹੀਦਾ ਹੈ?

ਭਾਰਤ ਵਿੱਚ ਅੱਜ ਵੀ ਲੋਕਾਂ ਨੂੰ ਉਨ੍ਹਾਂ ਦੀ ਜਾਤ ਦੇ ਆਧਾਰ ਤੇ ਦੇਖਿਆ ਜਾਂਦਾ ਹੈ ਤੇ ਇਸੇ ਬੁਨਿਆਦ 'ਤੇ ਉਨ੍ਹਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ।

ਪਾਇਲ ਤੜਵੀ ਦੀ ਮੌਤ ਇੱਕ ਗੈਰ-ਮਨੁੱਖੀ ਤੇ ਗੈਰ-ਸੰਵਿਧਾਨਕ ਘਟਨਾ ਹੈ। ਅਗਲੇ ਡੇਢ ਦਹਾਕੇ ਵਿੱਚ ਭਾਰਤ ਸਭ ਤੋਂ ਨੌਜਵਾਨ ਦੇਸ਼ ਬਣ ਜਾਵੇਗਾ। ਜੇ ਇਹ ਨੌਜਵਾਨ ਦੇਸ਼ ਜਾਤੀਵਾਦੀ ਦੇਸ਼ ਬਣਨ ਜਾ ਰਿਹਾ ਹੈ ਤਾਂ ਇਨ੍ਹਾਂ ਨੌਜਵਾਨਾਂ ਦੀ ਊਰਜਾ ਕਿਸ ਕੰਮ ਦੀ।

ਭਾਰਤ ਵਿੱਚ ਉਚੇਰੀ ਸਿੱਖਿਆ ਸੰਸਥਾਵਾਂ ਦਾ ਫੌਰੀ ਸਰਵੇ ਕੀਤਾ ਜਾਣਾ ਚਾਹੀਦਾ ਹੈ ਤੇ ਸਾਨੂੰ ਉਸ ਵਿਸ਼ੇ ਤੇ ਇੱਕ ਡਾਇਵਰਸਿਟੀ ਇੰਡੈਕਸ (ਵਿਭਿੰਨਤਾ ਸਾਰਣੀ) ਬਣਾਉਣਾ ਚਾਹੀਦਾ ਹੈ।

ਇਸ ਸਾਰਣੀ ਤੋਂ ਹੀ ਸਾਨੂੰ ਪਤਾ ਲਗੇਗਾ ਕਿ ਸਾਡੀਆਂ ਸਿੱਖਿਆ ਸੰਸਥਾਵਾਂ ਕਿੰਨੀਆਂ ਕੁ ਸੰਮਿਲਨ-ਮੁਖੀ ਹਨ।

ਇਨ੍ਹਾਂ ਵਿੱਚ ਕਿੰਨੇ ਐੱਸਸੀ, ਐੱਸਟੀ,ਓਬੀਸੀ ਤੇ ਔਰਤਾਂ ਪੜ੍ਹਦੀਆਂ ਹਨ। ਇਸ ਤਰ੍ਹਾਂ ਦੀ ਸਾਰਣੀ ਬਣਾਉਣਾ ਬਹੁਤ ਅਹਿਮ ਹੈ।

ਮਨੁੱਖੀ ਸਰੋਤ ਵਿਕਾਸ ਮੰਤਰਾਲਾ ਮੁਤਾਬਕ ਭਾਰਤੀ ਯੂਨੀਵਰਸਿਟੀਆਂ ਵਿੱਚ 76 ਫੀਸਦੀ ਪ੍ਰੋਫੈਸਰ ਸਵਰਨ ਹਨ।

ਇੱਕ ਫੀਸਦੀ ਤੋਂ ਵੀ ਘੱਟ ਮੁਸਲਿਮ ਔਰਤਾਂ ਪ੍ਰੋਫੈਸਰ ਹਨ ਅਤੇ ਐੱਸਸੀ ਪਿਛੋਕੜ ਵਾਲੀਆਂ ਔਰਤਾਂ ਦੀ ਫੀਸਦ ਤਾਂ ਦੋ ਫੀਸਦੀ ਤੋਂ ਵੀ ਘੱਟ ਹੈ।

ਨੁਮਾਇੰਦਗੀ ਦਾ ਮੁੱਦਾ ਬੜਾ ਮਹੱਤਵਪੂਰਨ ਹੈ। ਜਿਸ ਤਰ੍ਹਾਂ ਪਾਇਲ ਦੇ ਮਾਮਲੇ ਵਿੱਚ ਦਿਖਦਾ ਹੈ ਕਿ ਉਨ੍ਹਾਂ ਨੂੰ ਕੋਈ ਰਸਮੀ ਜਾਂ ਗੈਰ-ਰਸਮੀ ਸਹਾਰਾ ਨਹੀਂ ਮਿਲਿਆ ਜੋ ਐੱਸਸੀ ਕੇ ਐੱਸਟੀ ਵਿਦਿਆਰਥੀਆਂ ਲਈ ਜ਼ਰੂਰੀ ਹੁੰਦਾ ਹੈ।

ਇਹ ਵੀ ਪੜ੍ਹੋ:

ਅਮੀਰੀਕੀ ਸਿੱਖਿਆ ਸੰਸਥਾਵਾਂ ਵਿੱਚ ਇੱਕ ਵਿਭਿੰਨਤਾ ਦਫ਼ਤਰ ਹੁੰਦਾ ਹੈ। ਜੋ ਉਨ੍ਹਾਂ ਵਿਦਿਆਰਥੀਆਂ ਦੀ ਮਦਦ ਕਰਦਾ ਹੈ ਜੋ ਅਜਿਹੇ ਵਰਗਾਂ ਤੋਂ ਆਉਂਦੇ ਹਨ ਜਿਹੜੇ ਕਈ ਕਾਰਨਾਂ ਕਰਕੇ ਇਤਿਹਾਸਕ ਰੂਪ ਵਿੱਚ ਕਮਜ਼ੋਰ ਰਹੇ ਹਨ।

ਸਾਡੇ ਦੇਸ਼ ਵਿੱਚ ਐੱਸਸੀ-ਐੱਸਟੀ ਵਿਦਿਆਰਥੀਆਂ ਦੀ ਮਦਦ ਲਈ ਵਿਦਿਆਰਥੀ ਡਾਇਰੈਕਟੋਰੇਟ ਦਾ ਇੱਕ ਅਹੁਦਾ ਹੈ। ਲੇਕਿਨ ਐੱਸਸੀ-ਐੱਸਟੀ ਵਿਦਿਆਰਥੀਆਂ ਨੂੰ ਇਸ ਅਹੁਦੇ ਤੇ ਬੈਠੇ ਲੋਕਾਂ ਤੋਂ ਕਿੰਨੀ ਮਦਦ ਮਿਲਦੀ ਹੋਵੇਗੀ, ਇਹ ਇੱਕ ਰਹੱਸ ਹੈ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)