ਨਜ਼ਰੀਆ: 'ਅੱਜ ਬਿੱਲਾ ਫੇਰ ਆਇਆ' ਦਲਿਤਾਂ ਦੀ ਨਸਲਕੁਸ਼ੀ ਲਈ

    • ਲੇਖਕ, ਦੇਸਰਾਜ ਕਾਲੀ
    • ਰੋਲ, ਸੀਨੀਅਰ ਪੱਤਰਕਾਰ

ਪੰਜਾਬ ਦੇ ਦਲਿਤਾਂ ਦੀ ਬਦਲਦੀ ਤਸਵੀਰ ਨੂੰ ਪੁਨਰ ਮੁਲਾਂਕਣ ਕਰਨ ਲਈ ਸਾਨੂੰ ਸਾਹਿਤ ਕੋਲ ਜਾਣਾ ਪਵੇਗਾ।

ਬਹੁਤਾ ਦੂਰ ਜਾਣ ਦੀ ਵੀ ਲੋੜ ਨਹੀਂ, ਹਰੀ ਕ੍ਰਾਂਤੀ ਤੋਂ ਬਾਅਦ ਇੱਕ ਵੱਢ ਮਾਰਵਾਂ ਬਦਲਾਅ ਅਸੀਂ ਪੰਜਾਬੀ ਸਮਾਜ ਵਿੱਚ ਦੇਖਦੇ ਹਾਂ, ਦਲਿਤ ਵੀ ਜਿਸ ਤੋਂ ਅਭਿੱਜ ਨਹੀਂ ਹਨ।

ਇਸ ਬਦਲਾਅ ਦੀ ਕਨਸੋਅ ਸਾਨੂੰ ਗੁਰਦਿਆਲ ਸਿੰਘ ਹੁਰਾਂ ਦੇ ਨਾਵਲ 'ਮੜ੍ਹੀ ਦਾ ਦੀਵਾ' ਵਿੱਚੋਂ ਮਿਲਦੀ ਹੈ। ਜਿੱਥੇ ਸੀਰੀ ਉਜਰਤੀ ਕਾਮੇ ਵਿੱਚ ਤਬਦੀਲ ਹੋ ਰਿਹਾ ਹੈ।

(ਇਹ ਲੇਖ ਬੀਬੀਸੀ ਵੱਲੋਂ ਦਲਿਤਾਂ ਅਤੇ ਮੁਸਲਮਾਨਾਂ 'ਤੇ ਚਲਾਈ ਜਾ ਰਹੀ ਵਿਸ਼ੇਸ਼ ਲੜੀ ਦਾ ਹਿੱਸਾ ਹੈ)

ਉਹ ਬੰਧਨ ਮੁਕਤ ਹੋ ਰਿਹਾ ਹੈ। ਉਸ ਦੀਆਂ ਪੀੜ੍ਹੀਆਂ ਦਾ ਸੰਤਾਪ ਛਿੰਡ ਰਿਹਾ ਹੈ। ਪੂੰਜੀਵਾਦ ਦਾ ਪਾਸਾਰ ਹੋ ਰਿਹਾ ਹੈ। ਸਾਮੰਤੀ ਕਦਰਾਂ ਟੁੱਟ ਰਹੀਆਂ ਨੇ। ਦਲਿਤ ਰਤਾ ਕੁ ਅਕੜੇਵਾਂ ਭੰਨ ਰਿਹਾ ਹੈ।

ਇਹ ਸਾਰੀ ਹਲਚਲ ਗੁਰਦਿਆਲ ਸਿੰਘ ਹੁੰਦੀ/ਵਾਪਰਦੀ ਦੇਖ ਰਿਹਾ ਹੈ ਤੇ ਸਾਡੇ ਸਾਹਮਣੇ ਰੱਖ ਰਿਹਾ ਹੈ। ਉਸਦਾ ਜਗਸੀਰ ਪਾਤਰ ਇਸ ਬਦਲਾਅ ਦਾ ਵਾਹਕ ਬਣ ਰਿਹਾ ਹੈ। ਪ੍ਰਤੱਖ ਦ੍ਰਸ਼ਟਾ ਗੁਰਦਿਆਲ ਸਿੰਘ ਹੈ।

ਇਹ ਬਦਲਾਅ ਮਾਲਵੇ ਦੀ ਧਰਤੀ ਉੱਪਰ ਬਹੁਤ ਸ਼ਿੱਦਤ ਨਾਲ ਵਾਪਰਦਾ ਮਹਿਸੂਸ ਕੀਤਾ ਗਿਆ। ਖੇਤ ਮਜ਼ਦੂਰ ਦਾ ਹਾਸ਼ੀਏ ਉੱਤੇ ਚਲੇ ਜਾਣਾ, ਉਸਨੂੰ ਉਜਰਤੀ ਕਾਮੇ ਵਿੱਚ ਤਬਦੀਲ ਕਰ ਦਿੰਦਾ ਹੈ। ਕਿਉਂਕਿ ਪੰਜਾਬ ਤਾਜ਼ਾ-ਤਾਜ਼ਾ ਖੁਸ਼ਹਾਲ ਹੋਇਆ ਹੈ।

ਪੰਜਾਬ ਉਸਰ ਰਿਹਾ ਹੈ

ਨਿਓ ਰਿੱਚ ਪੇਜ਼ੇਂਟਰੀ ਜੋ ਹੈ, ਨਵੀਂ-ਨਵੀਂ ਉੱਠੀ ਧਨੀ ਕਿਸਾਨੀ ਜੋ ਹੈ, ਉਹ ਹੁਲਾਰੇ ਵਿੱਚ ਹੈ। ਪੰਜਾਬ ਉੱਸਰ ਰਿਹਾ ਹੈ। ਮੈਰਿਜ ਪੈਲੇਸ ਹੋਰ ਵੱਡੇ-ਵੱਡੇ ਤੇ ਲਗਜ਼ਰੀ ਹੋ ਰਹੇ ਨੇ। ਖੁਸ਼ਬੂਆਂ ਉੱਡ ਰਹੀਆਂ ਨੇ।

ਦਲਿਤ ਨੂੰ ਕੰਮ ਮਿਲ ਰਿਹਾ ਹੈ। ਉਹ ਦਸਤਕਾਰੀ 'ਚ ਵੀ ਤਬਦੀਲ ਹੋ ਰਿਹਾ ਹੈ। ਰਾਜ ਮਿਸਤਰੀ ਬਣ ਗਿਆ ਹੈ। ਲੱਕੜੀ ਦਾ ਕੰਮ ਸਿੱਖ ਗਿਆ ਹੈ। ਪਲੰਬਰ ਬਣ ਗਿਆ ਹੈ। ਹੋਰ ਕਈ ਕਾਰਜਾਂ ਵਿੱਚ ਨਿਪੁੰਨਤਾ ਪਾ ਲਈ ਹੈ। ਉਹਦਾ ਰੁਜ਼ਗਾਰ ਤੁਰ ਪਿਆ ਹੈ।

ਦੁਬਈ ਉਹਦੀ ਠਾਹਰ ਬਣ ਰਹੀ ਹੈ। ਅਰਬ ਦੇਸ਼ ਉਹਦੀ ਪਨਾਹਗਾਹ। ਦੋਆਬੇ ਵਿੱਚੋਂ ਖਾਸ ਕਰਕੇ ਦਲਿਤ ਅਰਬ ਜਾਂਦਾ ਹੈ ਤੇ ਪਿੰਡਾਂ ਦੇ ਪਿੰਡ, ਪਰਿਵਾਰਾਂ ਦੇ ਪਰਿਵਾਰ ਰੱਜ ਕੇ ਰੋਟੀ ਖਾਣ ਲੱਗਦੇ ਨੇ। ਇਹ ਦੋ ਦਹਾਕੇ ਚੱਲਦਾ ਹੈ।

ਪੰਜਾਬ ਹੌਲੀ-ਹੌਲੀ ਅੱਤਵਾਦ ਦੇ ਟੇਟੇ ਚੜ੍ਹਦਾ ਹੈ ਤੇ ਹਰੀ ਕ੍ਰਾਂਤੀ ਦੇ ਦੂਰਰਸ ਸਿੱਟੇ ਛੋਟੀ ਕਿਸਾਨੀ ਦੇ ਨਾਲ-ਨਾਲ ਦਰਮਿਆਨੀ ਨੂੰ ਵੀ ਨਿਗਲ ਜਾਂਦੇ ਨੇ। ਇਹ ਹੋਣਾ ਹੀ ਸੀ, ਤਹਿ ਸੀ।

ਇਹਦੇ ਨਾਲ ਹੀ ਦਲਿਤ ਦੀ ਹੋਣੀ ਜੁੜੀ ਹੋਈ ਸੀ, ਉਹ ਵੀ ਪਿਸਦਾ ਹੈ। ਉਹ ਜ਼ਿਆਦਾ ਪਿਸਦਾ ਹੈ। ਗਰੀਬੀ ਹੋਰ ਮੂੰਹ ਵਿਕਰਾਲ ਕਰ ਲੈਂਦੀ ਹੈ। ਉਸਦੇ ਬੱਚੇ ਸਿੱਖਿਆ ਤੇ ਸਿਹਤ ਦੋਵਾਂ 'ਚੋਂ ਗਿਰਦੇ ਨੇ।

ਹਰੀ ਕ੍ਰਾਂਤੀ ਦੇ ਪ੍ਰਭਾਵ ਦਲਿਤਾਂ ਲਈ ਖਤਰਨਾਕ

ਹਰੀ ਕ੍ਰਾਂਤੀ ਇੱਕ ਭਰਮ ਸੀ। ਕਾਰਪੋਰੇਟ ਜਗਤ ਦੇ ਸਿੱਧੇ ਪੈਕੇਜ ਦੇ ਰੂਪ ਵਿੱਚ ਬੀਜਾਂ ਦੇ ਨਾਲ ਹੀ ਪੈਸਟੀਸਾਈਡ, ਇੰਸੈਕਟੀਸਾਈਡ ਤੇ ਫਰਟੀਲਾਈਜ਼ਰ ਦੇ ਨਾਲ-ਨਾਲ ਬਿਮਾਰੀਆਂ। ਨਾਲ-ਨਾਲ ਕੈਂਸਰ ਤੇ ਨਾਲ ਹੀ ਆਪਣੀਆਂ ਲੈਬਾਂ ਤੇ ਦਵਾਈਆਂ।

ਪੰਜਾਬ ਇਸ ਸੰਤਾਪ ਵਿੱਚੋਂ ਗੁਜਰਦਾ ਹੈ। ਦਲਿਤ ਜ਼ਿਆਦਾ ਦਰੜਿਆ ਜਾਂਦਾ ਹੈ। ਤੁਸੀਂ ਕਿਸੇ ਵੀ ਵਰਤਾਰੇ ਨੂੰ ਆਈਸੋਲੇਸ਼ਨ ਵਿੱਚ ਰੱਖ ਕੇ ਨਹੀਂ ਦੇਖ ਸਕਦੇ। ਇਸ ਵਾਸਤੇ ਹਰੀ ਕ੍ਰਾਂਤੀ ਦੇ ਕੁ-ਪ੍ਰਭਾਵ ਦਲਿਤਾਂ ਲਈ ਵੱਧ ਖਤਰਨਾਕ ਰਹੇ ਹਨ।

ਫਿਰ ਨੱਬੇਵਿਆਂ 'ਚ ਜਾ ਕੇ ਜਦੋਂ ਨਿਊ ਇਕਨਾਮਿਕ ਪਾਲੀਸਿਜ਼ ਆਉਂਦੀਆਂ ਨੇ, ਤਾਂ ਦਲਿਤ ਦਾ, ਖਾਸ ਕਰਕੇ ਸ਼ਹਿਰੀ ਦਲਿਤ ਦਾ, ਜੋ ਦਸਤਕਾਰ ਹੈ, ਬਹੁਤ ਬੁਰਾ ਹਾਲ ਹੁੰਦਾ ਹੈ। ਉਹ ਕਾਰੀਗਿਰੀ ਤੋਂ ਧੱਕ ਕੇ ਬਾਹਰ ਕਰ ਦਿੱਤਾ ਜਾਂਦਾ ਹੈ। ਖੇਡਾਂ ਦਾ ਸਮਾਨ ਬਨਾਉਣ ਵਾਲੇ ਬੇਰੋਜ਼ਗਾਰ ਹੋ ਜਾਂਦੇ ਨੇ। ਸਰਜੀਕਲ ਇੰਸਟਰੂਮੈਂਟਸ ਬਨਾਉਣ ਵਾਲੇ ਵਿਹਲੇ। ਲੱਖਾਂ ਦੀ ਤਦਾਦ 'ਚ ਬੇਰੋਜ਼ਗਾਰ।

ਜਿਨ੍ਹਾਂ ਸ਼ਹਿਰੀ ਥਾਵਾਂ 'ਤੇ ਇਹ ਲੋਕ ਕਾਰੀਗਿਰੀ ਕਾਰਣ, ਔਰਤਾਂ ਵੀ ਤੇ ਮਰਦ ਵੀ, ਜਾਣੇ ਜਾਂਦੇ ਸਨ, ਉਹਨਾਂ ਥਾਵਾਂ ਉੱਤੇ ਔਰਤਾਂ ਨੂੰ ਵੇਸਵਾਵ੍ਰਿਤੀ ਵੱਲ ਧੱਕੇ ਜਾਂਦੇ ਦੇਖਿਆ ਗਿਆ ਤੇ ਮਰਦ ਲੁੰਪੇਨ ਬਣ ਕੇ ਨਸ਼ੇ ਵੇਚਣ ਜਾਂ ਚੋਰੀਆਂ ਚਕਾਰੀਆਂ ਕਰਨ ਲਈ ਮਜਬੂਰ ਹੋ ਗਿਆ।

ਬੇਰੁਜ਼ਗਾਰ ਦਲਿਤਾਂ ਦਾ ਪਰਵਾਸ

ਉਧਰੋਂ ਖੇਤਾਂ ਤੋਂ ਹਾਸ਼ੀਏ ਉੱਤੇ ਧੱਕ ਦਿੱਤੀ ਗਈ ਬੇਰੋਜ਼ਗਾਰ ਦਲਿਤ ਵਸੋਂ ਨੇ ਸ਼ਹਿਰਾਂ ਵੱਲ ਮਾਈਗ੍ਰੇਟ ਕਰਨਾ ਸ਼ੁਰੂ ਕੀਤਾ ਤਾਂ ਸ਼ਹਿਰਾਂ ਵਿੱਚ ਤਰਥੱਲੀ ਮੱਚ ਗਈ। ਕਸਬਿਆਂ ਵਿੱਚ ਰੌਲਾ ਪੈ ਗਿਆ।

ਨਵਾਂ ਅੰਤਰਵਿਰੋਧ ਸਮਾਜ ਵਿੱਚ ਖੜ੍ਹਾ ਹੋ ਗਿਆ ਹੈ। ਇਹਦੀ ਬਹੁਤ ਹੀ ਮਾਰਮਿਕ ਤਸਵੀਰ ਲਾਲ ਸਿੰਘ ਦਿਲ ਨੇ ਆਪਣੀ ਲੰਬੀ ਕਵਿਤਾ 'ਅੱਜ ਬਿੱਲਾ ਫੇਰ ਆਇਆ' ਵਿੱਚ ਪੇਸ਼ ਕੀਤੀ। ਉਹ ਇਸਨੂੰ ਟੈਰੇਰਿਜ਼ਮ ਕਹਿੰਦਾ ਹੈ।

ਹੁਣ ਇਸ ਟੈਰੇਰਿਜ਼ਮ ਦੀ ਨਿਸ਼ਾਨਦੇਹੀ ਦਿਲ ਆਪਣੀ ਇਸ ਕਵਿਤਾ ਦੇ ਪਹਿਲੇ ਬੰਦ ਤੋਂ ਹੀ ਸ਼ੁਰੂ ਕਰ ਦਿੰਦਾ ਹੈ ਅਤੇ ਇਹ ਪੁਸਤਕ ਦੇ ਆਖ਼ਰੀ ਬੰਦ ਤੱਕ ਕਾਇਮ ਰਹਿੰਦੀ ਹੈ।

'ਦਿਲ' ਇਸਨੂੰ ਸਹਿਮ ਦਾ ਨਾਮ ਦਿੰਦਾ ਹੈ। ਇਹ ਸਹਿਮ ਇਸ ਕਵਿਤਾ ਦਾ ਕੇਂਦਰੀ ਧੁਰਾ ਹੈ। ਇੱਕ ਅਜਿਹੀ ਸਾਜ਼ਿਸ਼ ਦੀ ਨਿਸ਼ਾਨਦੇਹੀ ਹੈ, ਜਿਸਨੂੰ ਸਰਕਾਰੀ ਸ਼ਹਿ ਪ੍ਰਾਪਤ ਹੈ। ਇਹ ਸਾਜ਼ਿਸ਼ ਇਤਿਹਾਸ ਵਿੱਚ ਕਿਸੇ ਸ਼ਾਇਰ ਦੀ ਜ਼ਬਾਨ ਕੱਟ ਦਿੰਦੀ ਹੈ ਅਤੇ ਅੱਜ ਟੇਢੇ ਢੰਗ ਨਾਲ ਵਾਰ ਕਰ ਰਹੀ ਹੈ, ਜਿਸਨੂੰ ਦਿਲ ਵਾਰ-ਵਾਰ 'ਦਲਿਤਾਂ ਦੀ ਨਸਲਕੁਸ਼ੀ' ਕਹਿੰਦਾ ਹੈ।

ਦਿਲ ਦੇ ਇਸ ਵਿਚਾਰ ਨੂੰ ਸਮਝਣ ਲਈ ਉਸਦੇ ਪਾਤਰਾਂ ਦੇ ਵਿਹਾਰ, ਉਹਨਾਂ ਦੇ ਜੀਵਨ ਅਤੇ ਸਹਿਮ ਦੇ ਵਾਤਾਵਰਨ ਨੂੰ ਸਮਝਣ ਦੀ ਲੋੜ ਹੈ। ਪੂਰੀ ਕਵਿਤਾ ਵਿੱਚ ਸਹਿਮ ਦਾ ਮਾਹੌਲ ਕਾਇਮ ਹੈ। ਬਿੱਲੇ ਦਾ ਨਿਰਦੋਸ਼ ਭਰਾ ਜੇਲ੍ਹ 'ਚ ਸੜ ਰਿਹਾ ਹੈ, ਕਿਸੇ ਗਹਿਰੀ ਸਾਜ਼ਿਸ਼ ਦਾ ਸ਼ਿਕਾਰ ਹੋ ਕੇ। ਉਸ ਬਾਰੇ ਸੋਚਦੇ ਹਾਂ, ਜਾਂ ਮੌਜੂਦਾ ਨਿਜਾਮ ਨਾਲ ਕੋ-ਰੀਲੇਟ ਕਰਕੇ ਵੇਖਦੇ ਹਾਂ ਤਾਂ ਪਾਠਕ ਦੇ ਮਨ ਵਿੱਚ ਵੀ ਇੱਕ ਦਹਿਲ ਘਰ ਕਰ ਜਾਂਦਾ ਹੈ।

ਦਿਲ ਇਹੀ ਕਰਨਾ ਚਾਹੁੰਦਾ ਹੈ। ਉਹ ਅਹਿਸਾਸ ਜਗਾਉਣਾ ਚਾਹੁੰਦਾ ਹੈ। ਇਹ ਉਸਦੀ ਸਟਰੈਟੇਜੀ ਹੈ। ਉਹ ਇਸ ਵਿੱਚ ਕਾਮਯਾਬ ਆਪਣੀ ਕਾਵਿ-ਜੁਗਤ ਕਰਕੇ ਵੀ ਹੁੰਦਾ ਹੈ, ਜਿਸਦੇ ਇਸ਼ਾਰੇ ਉਹ ਵਾਰ-ਵਾਰ ਕਰਦਾ ਹੈ।

ਉਸਦੇ ਦਲਿਤ ਪਾਤਰ ਜਿੰਨੇ ਵੀ ਹਨ, ਸਕਿੱਲਡ ਲੇਬਰ ਹੈ। ਸਭ ਆਈਟੀਆਈ ਪਾਸ ਹਨ, ਜਾਂ ਫੌਜੀ ਹਨ, ਜਿਹਨਾਂ ਨੇ ਸਾਰੀ ਜ਼ਿੰਦਗੀ ਦੇਸ਼ ਵੀ ਸੇਵਾ ਕੀਤੀ ਅਤੇ ਹੁਣ ਆਖਿਰੀ ਵਰ੍ਹੇ ਆਪਣੇ ਨਸ਼ਈ ਕਰ ਦਿੱਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਝੂਰਦਿਆਂ ਜਾਂ ਹੋਰ ਸਾਜ਼ਿਸ਼ਾਂ ਦੇ ਸ਼ਿਕਾਰ ਹੋਣਾ ਪੈ ਰਿਹਾ ਹੈ।

ਫਿਰ ਉਹ ਇਸਦੀ ਨਿਸ਼ਾਨਦੇਹੀ ਕਰਦਿਆਂ ਸਮਾਜਿਕ ਯਥਾਰਥ ਤੋਂ ਮੂੰਹ ਨਹੀਂ ਮੋੜਦਾ। ਉਹ ਇਸ ਸਭ ਕੁਝ ਦੇ ਕਾਰਣ ਤਲਾਸ਼ ਕਰਦਾ ਹੈ। ਤਦੇ ਉਹ ਪੰਜਾਬ ਅੰਦਰ ਹਰੀ ਕ੍ਰਾਂਤੀ ਦੇ ਸਰਮਾਏਦਾਰ ਮਾਡਲ ਨੂੰ ਕਾਂਟੇ ਹੇਠ ਲੈ ਆਉਂਦਾ ਹੈ।

ਪਿਛਲੇ ਪੰਜ-ਸੱਤ ਸਾਲਾਂ ਵਿੱਚ ਪੰਜਾਬੀ ਸਮਾਜ ਨੇ ਫਿਰ ਕਰਵਟ ਲਈ, ਆਰਥਿਕ ਵੀ ਤੇ ਸਮਾਜਿਕ ਵੀ। ਇਸੇ ਕਰਵਟ 'ਚ ਦਲਿਤ ਫੇਰ ਦਰੜਿਆ ਗਿਆ। ਇਹ ਕਰਵਟ ਹੁਣ ਤੱਕ ਲੜਾਈ/ਸੰਘਰਸ਼ ਵਿੱਚ ਵੀ ਤਬਦੀਲ ਹੋ ਚੁੱਕੀ ਸੀ। ਇਹ ਸੰਘਰਸ਼ ਸੀ ਖੇਤੀਯੋਗ ਪੰਚਾਇਤੀ ਜ਼ਮੀਨ ਵਿੱਚੋਂ ਦਲਿਤਾਂ ਦੀ ਬਣਦੀ ਹਿੱਸੇਦਾਰੀ, ਜੋ ਉਹ ਠੇਕੇ ਉੱਤੇ ਲੈ ਸਕਣ।

ਜੱਟ ਕਿਸਾਨ ਪਹਿਲਾਂ ਉਹਨਾਂ ਵਿੱਚੋਂ ਹੀ ਕਿਸੇ ਦੇ ਨਾਮ ਉੱਤੇ ਉਸਦਾ ਬਣਦਾ ਫੀਸਦ ਹਿੱਸਾ ਲੈ ਲੈਂਦਾ ਤੇ ਵਾਹੀ ਆਪ ਕਰਦਾ। ਹੁਣ ਦਲਿਤ ਜਾਗ ਗਿਆ। ਬੇਰੋਜ਼ਗਾਰੀ ਨੇ ਉਹਦੇ ਪਾਸੇ ਭੰਨ ਦਿੱਤੇ। ਉਹਨੇ ਆਪਣਾ ਹਿੱਸਾ ਮੰਗਿਆ ਪੰਚਾਇਤ ਕੋਲੋਂ, ਤਾਂ ਸਮਾਜ ਇੱਕ ਵਾਰ ਫਿਰ ਦੋਫਾੜ ਹੋ ਗਿਆ। ਪਰ ਉਹ ਸੰਘਰਸ਼ ਸ਼ੁਰੂ ਕਰ ਚੁੱਕਾ ਸੀ। ਬਰਨਾਲਾ, ਮਾਨਸਾ, ਬਠਿੰਡਾ, ਅਬੋਹਰ ਬਲ਼ ਉੱਠੇ। ਸੰਘਰਸ਼ ਤੇਜ਼ ਹੋਇਆ।

ਬਲਦ ਕਲਾਂ ਕਾਂਡ ਨੇ ਬਾਕੀ ਪੰਜਾਬੀ ਦਲਿਤ ਵੀ ਜਗਾ ਦਿੱਤਾ, ਇਹਨਾਂ ਜ਼ਮੀਨਾਂ ਦੇ ਠੇਕਿਆਂ ਪ੍ਰਤੀ। ਦਲਿਤ ਨੇ ਅੰਗੜਾਈ ਲਈ। ਕਈ ਜਗ੍ਹਾ ਸਮਾਜਿਕ ਬਾਈਕਾਟ ਦਾ ਸਾਹਮਣਾ ਕਰਨਾ ਪਿਆ। ਬਹੁਤੀ ਥਾਈਂ ਜਿੱਤ ਹੋਈ। ਹੁਣ ਵੀ ਪੰਜਾਬ ਦਾ ਦਲਿਤ ਇਸ ਸੰਘਰਸ਼ ਵਿੱਚ ਹੈ ਤੇ ਜ਼ਮੀਨ ਪ੍ਰਾਪਤੀ ਮੁਹਿੰਮ ਸਿਖਰ ਛੋਹ ਰਹੀ ਹੈ।

ਇਹਨਾਂ ਸਮਿਆਂ ਦੌਰਾਨ ਹੀ ਇੱਕ ਬਹੁਤ ਸਾਰਥਕ ਦਲਿਤ ਮੁਹਿੰਮ ਸ਼ੁਰੂ ਹੋਈ, ਉਹ ਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਦਲਿਤ ਵਿਦਿਆਰਥੀਆਂ ਦੀ ਸਿੱਖਿਆ ਦੀ। ਪੰਜ ਕੁ ਸਾਲ ਪਹਿਲਾਂ ਸ਼ੁਰੂ ਹੋਈ ਇਹ ਮੁਹਿੰਮ ਦਿਨਾਂ 'ਚ ਹੀ ਜ਼ੋਰ ਫੜ ਗਈ। ਸਿਖਿਆ ਦੀ ਲਲਕ ਲਈ ਬੈਠੇ ਨੌਜਵਾਨਾਂ ਨੂੰ ਰਾਹਤ ਮਿਲੀ।

ਉਹਨੇ ਹਰ ਹੀਲੇ ਆਪਣਾ ਬਣਦਾ ਹਿੱਸਾ ਲੈਣਾ ਚਾਹਿਆ ਤੇ ਲੈ ਕੇ ਹਟਿਆ। ਵਰ੍ਹੇ 2015-16 ਦੀ ਸਰਕਾਰੀ ਡਾਇਰੀ ਵਿੱਚ ਪੰਜਾਬ ਸਰਕਾਰ ਨੇ ਇਹ ਐਲਾਨ ਕੀਤਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ 3 ਲੱਖ 34 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ ਲਾਭ ਲਿਆ ਹੈ। ਇਸ ਸਕੀਮ ਤਹਿਤ ਪੜ੍ਹਨ ਵਾਲਿਆਂ ਵਿੱਚ ਆਮ ਵਿਦਿਆਰਥੀਆਂ ਤੋਂ ਇਲਾਵਾ ਐੱਮਬੀਬੀਐੱਸ ਤੋਂ ਲੈ ਕੇ ਪਾਇਲਟ ਦੀ ਸਿੱਖਿਆ ਤੱਕ ਲੈਣ ਵਾਲੇ ਵਿਦਿਆਰਥੀ ਸ਼ਾਮਿਲ ਹਨ।

ਇਹਨਾਂ ਵਿਦਿਆਰਥੀਆਂ ਦੀ ਗਿਣਤੀ ਤੇ ਸੰਘਰਸ਼ ਐਨਾ ਵੱਧ ਗਿਆ ਹੈ ਕਿ ਅੱਜ ਸਥਾਨਕ ਵਿਧਾਇਕਾਂ ਜਾਂ ਮੰਤਰੀਆਂ ਤੱਕ ਨੂੰ ਕਾਲਜਾਂ ਵਿੱਚ ਜਾ ਕੇ ਦਾਖਲਿਆਂ ਸੰਬੰਧੀ ਕਾਰਵਾਈ ਕਰਨ ਲਈ ਮਜਬੂਰ ਹੋਣਾ ਪੈ ਗਿਆ ਹੈ।

ਐਥਨਿਕ ਪਛਾਣਾਂ ਦੀ ਸਿਆਸਤ ਦਾ ਸ਼ਿਕਾਰ

ਹਾਲਾਂਕਿ ਸਰਕਾਰ ਭਾਵੇਂ ਏਨੀ ਸੁਚਾਰੂ ਤਰੀਕੇ ਨਾਲ ਇਹ ਸਕੀਮ ਲਾਗੂ ਨਹੀਂ ਕਰ ਰਹੀ, ਪਰ ਫੇਰ ਵੀ ਵਿਦਿਆਰਥੀ ਇਸ ਸਕੀਮ ਤੋਂ ਆਸਵੰਦ ਬਹੁਤ ਨੇ। ਇਸ ਸਕੀਮ ਕਾਰਣ ਪੜ੍ਹ ਲਿਖ ਜਾਣ ਕਰਕੇ ਦਲਿਤ ਵਿਦਿਆਰਥੀ ਵਿੱਚ ਕਾਨਫੀਡੈਂਸ ਵੀ ਵਧਿਆ ਹੈ ਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਵਾਲਾ ਅਹਿਸਾਸ ਵੀ।

ਇੱਕ ਹੋਰ ਵੱਡੀ ਸੱਚਾਈ ਜੋ ਹੈ, ਉਹ ਹੈ ਐਥਨਿਕ ਪਹਿਚਾਣਾਂ ਵਿੱਚ ਗ੍ਰਸੇ ਜਾ ਰਹੇ ਦਲਿਤ ਸਮਾਜ ਦੀ। ਕਦੇ 1925 ਦੇ ਕਰੀਬ ਚੱਲ ਰਹੀ ਆਦਿ ਧਰਮ ਮੰਡਲ ਮੂਵਮੈਂਟ ਬਾਰੇ ਲਿਖਦਿਆਂ ਸ਼ਹੀਦ ਭਗਤ ਸਿੰਘ ਹੁਰਾਂ ਨੇ ਕਿਹਾ ਸੀ ਕਿ ਦਲਿਤ ਨਾਲ ਹੁੰਦੇ ਅਨਿਆਂ ਤੇ ਛੂਤ-ਛਾਤ ਦਾ ਸਾਨੂੰ ਖਿਆਲ ਹੈ, ਪਰ ਇਹ ਨਾ ਹੋਵੇ ਕਿ ਇਹਨਾਂ ਦਾ ਸੰਘਰਸ਼ ਐਥਨਿਕ ਪਹਿਚਾਣਾਂ ਦੀ ਰਾਜਨੀਤੀ ਦਾ ਸ਼ਿਕਾਰ ਹੋ ਜਾਵੇ।

ਉਹਨਾਂ ਦਾ ਕਹਿਣਾ ਜਾਂ ਸਮਝਣਾ ਬਿਲਕੁੱਲ ਠੀਕ ਸੀ। ਉਸ ਸਮੇਂ ਦੀ ਅੰਗ੍ਰੇਜ਼ ਦੀ ਸਿਆਸਤ ਅੱਜ ਫਿਰ ਜ਼ੋਰ ਫੜ ਗਈ ਹੈ। ਇਹ ਸਮਾਜ ਬੁਰੀ ਤਰ੍ਹਾਂ ਨਾਲ ਇਹਨਾਂ ਪਹਿਚਾਣਾਂ ਦੀ ਗ੍ਰਿਫਤ 'ਚ ਹੈ। ਇਹ ਆਪਸ ਵਿੱਚ ਮਿਲ ਨਹੀਂ ਬੈਠ ਪਾ ਰਹੇ। ਅੱਡੋ-ਅੱਡ ਖੜ੍ਹੇ ਨੇ, ਆਪੋ-ਆਪਣੀ ਜਾਤ ਦੇ ਪੈਂਤੜਿਆਂ ਉੱਤੇ। ਤਦੇ ਵਡਿੱਕਾ ਸਮਾਜ ਇਹਨਾਂ ਉੱਤੇ ਭਾਰੀ ਪੈ ਰਿਹਾ ਹੈ।

ਇਸ ਪਹਿਚਾਣਾਂ ਦੀ ਰਾਜਨੀਤੀ ਨੇ ਇਹਨਾਂ ਨੂੰ ਫਿਰ ਕਮਜ਼ੋਰ ਕੀਤਾ ਹੈ, ਪਰ ਉਹ ਮੰਨਣ ਨੂੰ ਤਿਆਰ ਹੀ ਨਹੀਂ। ਛੋਟੇ-ਛੋਟੇ ਗਰੁੱਪ ਇਹਨਾਂ ਪਹਿਚਾਣਾਂ ਲਈ ਆਤੁਰ ਰਹਿੰਦੇ ਨੇ ਤੇ ਫਿਰ ਜਿਵੇਂ ਪਿਛਲੇ ਦਿਨੀਂ ਫਗਵਾੜਾ ਵਿੱਚ ਹੋਇਆ, ਅਜਿਹੇ ਕਾਂਡ ਵਾਪਰਦੇ ਰਹਿੰਦੇ ਨੇ। ਇਹਨਾਂ ਕਾਂਡਾਂ ਵਿੱਚ ਦਲਿਤ ਦਾ ਕੁੱਝ ਸੰਵਰਦਾ ਤਾਂ ਹੈ ਨਹੀਂ, ਉਸਨੂੰ ਜਾਨਾਂ ਗਵਾਉਣੀਆਂ ਪੈ ਰਹੀਆਂ ਨੇ।

(ਲੇਖਕ ਪੰਜਾਬੀ ਦੇ ਜਾਣੇ-ਪਛਾਣੇ ਕਹਾਣੀਕਾਰ ਤੇ ਦਲਿਤ ਮਾਮਲਿਆਂ ਦੇ ਟਿੱਪਣੀਕਾਰ ਹਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)